ਡਾਰਕ ਵੈੱਬ : 'ਇੱਥੇ ਨਸ਼ੇ ਦੀ ਡਲਿਵਰੀ ਫ਼ਲ ਤੇ ਸਬਜ਼ੀਆਂ ਵਾਂਗ ਹੁੰਦੀ ਹੈ'

  • ਪ੍ਰੱਗਿਆ ਮਾਨਵ
  • ਬੀਬੀਸੀ ਪੱਤਰਕਾਰ
ਡਾਰਕ ਵੈੱਬ

"ਡਾਰਕ ਵੈੱਬ ਬਾਰੇ ਮੈਂ ਪਹਿਲੀ ਵਾਰ ਸਾਲ 2010 ਵਿੱਚ ਸੁਣਿਆ ਸੀ। ਇੱਕ ਫਿਲਮ ਦੇਖੀ ਸੀ। ਸਾਲ 2014 'ਚ ਆਪਣੇ ਜਨਮ ਦਿਨ 'ਤੇ ਮੈਂ ਸੋਚਿਆ ਕੁਝ ਵੱਖਰਾ ਕੀਤਾ ਜਾਵੇ।

"ਜ਼ਿੰਦਗੀ ਬੇਸੁਆਦੀ ਹੋ ਗਈ ਸੀ। ਕੁਝ ਵੱਖਰਾ ਕਰਨਾ ਚਾਹੁੰਦੀ ਸੀ। ਬਸ, ਚੁੱਕਿਆ ਲੈਪਟਾਪ ਅਤੇ ਆਰਡਰ ਕਰ ਦਿੱਤਾ।

ਐੱਲਐੱਸਡੀ, ਮੈਥਾਫੇਟਾਮੀਨ, ਕੋਕੀਨ, ਹੈਰੋਇਨ, ਐੱਮਡੀਐੱਮਏ, ਡੀਐੱਮਟੀ ਜਾਂ ਪ੍ਰਿਸਕ੍ਰਿਪਸ਼ਨ ਡਰੱਗ, ਜੋ ਚਾਹੀਦਾ ਹੈ, ਸਭ ਘਰ ਆ ਜਾਂਦਾ ਹੈ।"

ਵੀਡੀਓ ਕੈਪਸ਼ਨ,

VIDEO: ਕੀ ਹੁੰਦਾ ਹੈ ਡਾਰਕ ਵੈੱਬ?

ਤਰੰਗ (ਬਦਲਿਆ ਨਾਂ) ਪੂਰੇ ਉਤਸ਼ਾਹ ਨਾਲ ਦੱਸ ਰਹੇ ਸੀ ਕਿ ਡਾਰਕ ਵੈੱਬ ਕਿੰਨਾ ਸੌਖਾ ਅਤੇ ਉਤਸ਼ਾਹਿਤ ਹੈ।

ਐੱਲਐੱਸਡੀ, ਮੈਥਾਫੇਟਾਮੀਨ, ਕੋਕੀਨ, ਹੈਰੋਇਨ ਵਰਗੇ ਨਸ਼ੇ ਫਲ ਅਤੇ ਸਬਜ਼ੀਆਂ ਵਾਂਗ ਘਰ 'ਚ ਡਿਲੀਵਰ ਹੋਣ ਨੂੰ ਉਹ ਇੱਕ ਸੁਵਿਧਾ ਵਾਂਗ ਦੇਖਦੇ ਹਨ।

ਉਨ੍ਹਾਂ ਨੇ ਕਿਹਾ, "ਵੈੱਬਸਾਈਟ ਨੇ ਸਾਥੋਂ ਪੁੱਛਿਆ ਕਿ ਤੁਹਾਨੂੰ ਕਿਵੇਂ ਡਲੀਵਰੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਹੀ ਸੁਝਾਇਆ ਕਿ ਖਾਣ ਵਾਲੇ ਡੱਬੇ ਵਿੱਚ ਮੰਗਵਾ ਲਓ। ਅਸੀਂ ਖਿਡੌਣਿਆਂ ਦੇ ਡੱਬੇ ਵਿੱਚ ਲਿਆਉਣ ਲਈ ਕਿਹਾ।"

ਤਰੰਗ ਦੱਸਦੇ ਹਨ, "ਗਾਰੰਟੀ ਕਾਰਡ ਅਤੇ ਰਸੀਦ ਜਿਪਲੌਕ ਲਿਫਾਫੇ 'ਚ ਪਾ ਕੇ ਭੇਜਿਆ। ਨਾ ਇੱਕ ਫੋਨ ਕੀਤਾ ਡਲਿਵਰੀ ਵਾਲੇ ਨਾਂ 'ਤੇ ਨਾ ਹੀ ਕੁਝ ਪੁੱਛਿਆ, ਬਸ ਇੱਕ ਈਮੇਲ ਆਇਆ ਡਲਿਵਰੀ ਟਾਈਮ ਪੁੱਛਣ ਲਈ। ਠੀਕ ਉਸੇ ਵੇਲੇ ਹੀ ਦਰਵਾਜ਼ਾ ਆ ਖੜਕਾਇਆ ਅਤੇ ਸਾਮਾਨ ਦੇ ਦਿੱਤਾ।"

"ਜਦੋਂ ਤੱਕ ਆਇਆ ਨਹੀਂ ਉਦੋਂ ਤੱਕ ਲੱਗ ਰਿਹਾ ਸੀ ਅਸੀਂ ਲੁੱਟੇ ਗਏ ਹਾਂ, ਕੁਝ ਨਹੀਂ ਆਉਣ ਵਾਲਾ ਜਾਂ ਫੇਰ ਪੁਲਿਸ ਫੋਨ ਕਰਨ ਵਾਲੀ ਹੈ ਪਰ ਜਦੋਂ ਆ ਗਿਆ ਤਾਂ ਅਸੀਂ ਵਾਰ ਵਾਰ ਆਰਡਰ ਕਰਨਾ ਸ਼ੁਰੂ ਕਰ ਦਿੱਤਾ।"

ਕੀ ਹੈ ਡਾਰਕ ਵੈੱਬ?

ਡਾਰਕ ਵੈੱਬ ਇੰਟਰਨੈੱਟ ਦਾ ਇਹ ਕੋਨਾ ਹੈ ਜਿੱਥੇ ਸਾਰੇ ਗ਼ੈਰ-ਕਾਨੂੰਨੀ ਧੰਦੇ ਚੱਲਦੇ ਹਨ। ਜੋ ਇੰਟਰਨੈੱਟ ਅਸੀਂ ਇਸਤੇਮਾਲ ਕਰਦੇ ਹਾਂ, ਉਹ ਵੈੱਬ ਦੀ ਦੁਨੀਆਂ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ, ਜਿਸ ਨੂੰ ਸਰਫੇਸ ਵੈੱਬ ਕਹਿੰਦੇ ਹਨ।

ਇਸ ਦੇ ਹੇਠਾਂ ਲੁਕਿਆ ਹੋਇਆ ਇੰਟਰਨੈੱਟ ਡੀਪ ਵੈੱਬ ਕਹਾਉਂਦਾ ਹੈ। ਅੰਦਾਜ਼ੇ ਮੁਤਾਬਕ, ਤਕਰੀਬਨ 90 ਫੀਸਦ ਨੈੱਟ ਲੁਕਿਆ ਹੋਇਆ (ਡੀਪ ਵੈੱਬ) ਹੈ।

ਡੀਪ ਵੈੱਬ 'ਤੇ ਉਹ ਹਰ ਪੇਜ ਆਉਂਦਾ ਹੈ, ਜਿਸ ਨੂੰ ਆਮ ਸਰਚ ਇੰਜਣ ਲੱਭ ਨਹੀਂ ਸਕਦੇ ਮਸਲਨ ਯੂਜ਼ਰ ਡੇਟਾਬੇਸ, ਸਟੇਜਿੰਗ ਪੱਧਰ ਦੀ ਵੈੱਬਸਾਈਟ ਪੇਮੈਂਟ ਗੇਟਵੇਅ ਆਦਿ।

ਡਾਰਕ ਵੈੱਬ ਇਸੇ ਡੀਪ ਵੈੱਬ ਦਾ ਉਹ ਕੋਨਾ ਹੈ, ਜਿੱਥੇ ਹਜ਼ਾਰਾਂ ਵੈੱਬਸਾਈਟਸ ਗੁੰਮਨਾਮ ਰਹਿ ਕੇ ਕਈ ਤਰ੍ਹਾਂ ਦੇ ਕਾਲੇ ਬਾਜ਼ਾਰ ਚਲਾਉਂਦੀਆਂ ਹਨ।

ਇੱਥੇ ਕਿੰਨੀਆਂ ਹੀ ਵੈੱਬਸਾਈਟ, ਕਿੰਨੇ ਡੀਲਰ ਅਤੇ ਖਰੀਦਦਾਰ ਹਨ, ਇਸ ਦਾ ਪਤਾ ਲਾਉਣਾ ਬੇਹੱਦ ਮੁਸ਼ਕਲ ਹੈ।

ਪੁਣੇ ਸਾਈਬਰ ਸੈੱਲ ਦੇ ਡੀਸੀਪੀ ਸੁਧੀਰ ਹੀਰਮੇਠ ਮੁਤਾਬਕ, ''ਕੋਈ ਵੀ ਡਾਰਕ ਵੈੱਬ ਦਾ ਆਕਾਰ ਅਤੇ ਉਸ 'ਤੇ ਚੱਲ ਰਹੇ ਧੰਦਿਆਂ ਦੇ ਸਕੇਲ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਪਰ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਜਦੋਂ ਐੱਫਬੀਆਈ ਨੇ 'ਸਿਲਕ ਰੋਡ' ਪਹਿਲੀ ਵਾਰ ਬੰਦ ਕੀਤਾ ਉਦੋਂ ਉਸ ਦਾ ਕਾਰੋਬਾਰ 120 ਕਰੋੜ ਅਮਰੀਕੀ ਡਾਲਰ ਤੱਕ ਪਹੁੰਚ ਗਿਆ।''

'ਸਿਲਕ ਰੋਡ' ਡਾਰਕ ਵੈੱਬ ਉੱਤੇ ਚੱਲਣ ਵਾਲਾ ਬਹੁਤ ਵੱਡੇ ਨਸ਼ੇ ਦਾ ਬਾਜ਼ਾਰ ਸੀ ਜਿਸ ਨੂੰ ਐੱਫਬੀਆਈ ਨੇ ਪਹਿਲੀ ਵਾਰ 2013 ਵਿੱਚ ਬੰਦ ਕੀਤਾ ਸੀ।'

ਕਦੋਂ ਸ਼ੁਰੂ ਹੋਇਆ ਡਾਰਕ ਵੈੱਬ?

ਡਾਰਕ ਵੈੱਬ ਦੀ ਸ਼ੁਰੂਆਤ 1990 ਦੇ ਦਹਾਕੇ ਵਿੱਚ ਅਮਰੀਕੀ ਸੈਨਾ ਨੇ ਕੀਤੀ ਸੀ ਤਾਂ ਜੋ ਉਹ ਆਪਣੀਆਂ ਖੁਫ਼ੀਆਂ ਜਾਣਕਾਰੀਆਂ ਸ਼ੇਅਰ ਕਰ ਸਕਣ ਅਤੇ ਕੋਈ ਉਨ੍ਹਾਂ ਤੱਕ ਪਹੁੰਚ ਨਾ ਸਕੇ।

ਉਨ੍ਹਾਂ ਦੀ ਰਣਨੀਤੀ ਸੀ ਕਿ ਉਨ੍ਹਾਂ ਦੇ ਸੰਦੇਸ਼ ਭੀੜ ਦੀ ਗੱਲਬਾਤ ਵਿੱਚ ਲੁਕ ਜਾਣ। ਇਸ ਲਈ ਉਨ੍ਹਾਂ ਨੇ ਇਸ ਨੂੰ ਆਮ ਜਨਤਾ ਵਿਚਾਲੇ ਜਾਰੀ ਕਰ ਦਿੱਤਾ।

ਡਾਰਕ ਵੈੱਬ ਰਾਹੀਂ ਸਾਇਨਾਈਡ ਵਰਗੇ ਜ਼ਹਿਰ ਅਤੇ ਖ਼ਤਰਨਾਕ ਨਸ਼ੀਲੇ ਸਾਮਾਨ ਦੀ ਵੀ ਹੋਮ ਡਲਿਵਰੀ ਹੁੰਦੀ ਹੈ।

ਡੀਸੀਪੀ ਹੀਰਮੇਠ ਦੱਸਦੇ ਹਨ, "ਇਸ ਤਰ੍ਹਾਂ ਦੇ ਹਥਿਆਰ ਅਤੇ ਕੰਟ੍ਰੈਕਟ ਕਿਲਰਜ਼ (ਭਾੜੇ ਦੇ ਕਾਤਲ) ਵੀ ਮਿਲਦੇ ਹਨ। ਵਸੂਲੀ ਕਰਨ ਅਤੇ ਮੈਲਵੇਅਰ ਭੇਜਣ ਲਈ ਵੀ ਇਸ ਦਾ ਇਸਤੇਮਾਲ ਹੁੰਦਾ ਹੈ।"

ਉਨ੍ਹਾਂ ਮੁਤਾਬਕ, "ਡਾਰਕ ਵੈੱਬ ਦਾ ਇਸਤੇਮਾਲ ਨਸ਼ਾ, ਚਾਈਲਡ ਪੋਰਨ ਅਤੇ ਪਾਇਰੇਸੀ ਲਈ ਸਭ ਤੋਂ ਵੱਧ ਹੁੰਦਾ ਹੈ।"

ਵੱਖ ਵੱਖ ਦੇਸਾਂ ਵਿੱਚ ਸਥਾਨਕ ਕਾਨੂੰਨ ਅਤੇ ਪੁਲਿਸ ਦੀ ਹੁਸ਼ਿਆਰੀ ਦਾ ਪੱਧਰ ਵੱਖ ਵੱਖ ਹੈ। ਇਸ ਲਈ ਇਨ੍ਹਾਂ ਗ਼ੈਰ-ਕਾਨੂੰਨੀ ਧੰਦਿਆਂ ਦਾ ਰਿਵਾਜ਼ ਵੀ ਦੇਸ ਦੇ ਹਿਸਾਬ ਨਾਲ ਬਦਲਦਾ ਹੈ।

ਡਾਰਕ ਵੈੱਬ ਜਾਅਲਸਾਜ਼ ਵੀ ਇਸਤੇਮਾਲ ਕਰ ਰਹੇ ਹਨ ਕਿਉਂਕਿ ਇੱਥੇ ਜਾਅਲੀ ਪਾਸਪੋਰਟ, ਡਰਾਈਵਿੰਗ ਲਾਈਸੈਂਸ ਅਤੇ ਬਾਕੀ ਸ਼ਨਾਖ਼ਤੀ ਕਾਰਡ ਮਿਲ ਸਕਦੇ ਹਨ।

ਦਹਿਸ਼ਤਗਰਦਾਂ ਦੀ ਵੀ ਦਿਲਚਸਪੀ

ਡਾਰਕ ਵੈੱਬ 'ਤੇ ਕਿਸੇ ਵੀ ਤਰ੍ਹਾਂ ਦੇ ਖੁਫ਼ੀਆਂ ਦਸਤਾਵੇਜ਼ ਚੋਰੀ ਕਰਨ ਅਤੇ ਸਰਕਾਰੀ ਡਾਟਾ ਨੂੰ ਦੇਖਣ ਦੀ ਕਵਾਇਦ ਰੱਖਣ ਵਾਲੇ ਹੈਕਰ ਵੀ ਮਿਲ ਜਾਂਦੇ ਹਨ।

ਦਹਿਸ਼ਤਗਰਦਾਂ ਦੀ ਮੌਜੂਦਗੀ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਦੱਸਿਆ ਜਾਂਦਾ ਹੈ ਕਿ ਖੁਦ ਨੂੰ ਇਸਲਾਮਿਕ ਸਟੇਟ ਕਹਿਣ ਵਾਲਾ ਸੰਗਠਨ ਡਾਰਕ ਵੈੱਬ ਰਾਹੀਂ ਹੀ ਚੰਦਾ ਇਕੱਠਾ ਕਰਦਾ ਹੈ ਅਤੇ ਸੂਚਨਾਵਾਂ ਸਾਂਝੀਆਂ ਕਰਦਾ ਹੈ।

ਜਦਕਿ, ਪੁਲਿਸ ਭਾਰਤ ਦੇ ਸੰਦਰਭ ਵਿੱਚ ਦਗਿਸ਼ਤਗਰਦੀ ਵਿੱਚ ਇਸ ਦੇ ਇਸਤੇਮਾਲ ਤੋਂ ਇਨਕਾਰ ਕਰਦੀ ਹੈ।

ਬਹੁਤ ਮੁਸ਼ਕਲ ਹੈ ਨਿਗਰਾਨੀ

ਡਾਰਕ ਵੈੱਬ ਨੂੰ ਐਕਸੈਸ ਕਰਨ ਲਈ ਖ਼ਾਸ ਬ੍ਰਾਊਜ਼ਰ ਹੁੰਦੇ ਹਨ ਜੋ ਪਿਆਜ਼ ਵਾਂਗ ਲੇਅਰਡ ਯਾਨਿ ਪਰਤ ਦਰ ਪਰਤ ਸੁਰੱਖਿਅਤ ਹੁੰਦੇ ਹਨ।

ਡੀਸੀਪੀ ਹੀਰਮੇਠ ਕਹਿੰਦੇ ਹਨ, "ਡਾਰਕ ਵੈੱਬ ਨੂੰ ਐਕਸੈਸ ਕਰਨ ਲਈ ਖ਼ਾਸ ਬ੍ਰਾਊਜ਼ਰ ਹੁੰਦੇ ਹਨ, ਜੋ ਪਿਆਜ਼ ਦੀਆਂ ਪਰਤਾਂ ਵਾਂਗ ਪਰਤ ਦਰ ਪਰਤ ਸੁਰੱਖਿਅਤ ਹੁੰਦੇ ਹਨ।"

ਅੱਗੇ ਸਮਝਾਉਂਦੇ ਹੋਏ ਡੀਸੀਪੀ ਕਹਿੰਦੇ ਹਨ, "ਓਪਨ ਇੰਟਰਨੈੱਟ ਅਤੇ ਆਮ ਸਰਚ ਇੰਜਣ 'ਤੇ ਹੋਣ ਵਾਲੇ ਕੰਮਾਂ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਗੂਗਲ ਤਾਂ ਸਾਨੂੰ ਹਰ ਥਾਂ ਉੱਤੇ ਟ੍ਰੈਕ ਕਰਦਾ ਹੈ ਪਰ ਡਾਰਕ ਵੈੱਬ ਦੀ ਜਾਸੂਸੀ ਕਰਨਾ ਬੇਹੱਦ ਮੁਸ਼ਕਲ ਹੈ।

ਡਾਰਕ ਵੈੱਬ ਇੰਤਰਨੈੱਟ ਦੀ ਵਰਤੋਂ ਤਾਂ ਕਰਦਾ ਹੈ ਪਰ ਉਨ੍ਹਾਂ ਕੋਲ ਅਜਿਹੇ ਸਾਫਟਵੇਅਰ ਹੁੰਦੇ ਹਨ ਜੋ ਕੰਪਿਊਟਰ ਦੇ ਆਈਪੀ ਐਡਰੈਸ ਨੂੰ ਲੁਕਾ ਲੈਂਦੇ ਹਨ ਅਤੇ ਇਸ ਨਾਲ ਸਾਡੀ ਨਜ਼ਰ ਵਿੱਚ ਨਹੀਂ ਆਉਂਦੇ ਤੇ ਅਸੀਂ ਅਸਲ ਯੂਜ਼ਰ ਤੱਕ ਨਹੀਂ ਪਹੁੰਚ ਪਾਉਂਦੇ।"

ਇਸ ਦਾ ਮਤਲਬ ਪੁਲਿਸ ਨਹੀਂ ਜਾਣ ਸਕਦੀ ਕਿ ਡਾਰਕ ਵੈੱਬ ਉੱਤੇ ਕੌਣ ਕਿੱਥੇ ਬੈਠ ਕੇ ਕੀ ਵੇਚ ਅਤੇ ਖਰੀਦ ਰਿਹਾ ਹੈ, ਜਾਂ ਕੀ-ਕੀ ਦੇਖ ਰਿਹਾ ਹੈ।

ਇਹੀ ਕਾਰਨ ਹੈ ਕਿ ਡਾਰਕ ਵੈੱਬ ਆਪਰਾਧੀਆਂ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਦਾ ਅੱਡਾ ਬਣਿਆ ਹੋਇਆ ਹੈ।

ਬਿਟਕੁਆਇਨ ਨਾਲ ਹੁੰਦਾ ਹੈ ਭੁਗਤਾਨ

ਡਾਰਕ ਵੈੱਬ ਆਪਣੇ ਆਪ ਵਿੱਚ ਡਿਜੀਟਲ ਮਾਰਕੀਟ ਵਾਂਗ ਹੈ ਸਿਵਾਏ ਇਸ ਦੇ ਕਿ ਇਹ ਗ਼ੈਰ-ਕਾਨੂੰਨੀ ਹੈ ਅਤੇ ਇਸ 'ਤੇ ਮਿਲਣ ਵਾਲੀਆਂ ਚੀਜ਼ਾਂ ਨੂੰ ਖਰੀਦਣਾ ਅਤੇ ਵੇਚਣਾ ਵੀ ਅਪਰਾਧ ਹੈ।

ਐਮਾਜ਼ੋਨ, ਫਲਿਪਕਾਰਟ ਵਾਂਗ ਗਾਹਕਾਂ ਨੂੰ ਲੁਭਾਉਣ ਅਤੇ ਵਾਪਸ ਬੁਲਾਉਣ ਲਈ ਆਫਰਜ਼ ਅਤੇ ਫ੍ਰੀਬੀਜ਼ ਵੀ ਦਿੱਤੇ ਜਾਂਦੇ ਹਨ, ਜਿਵੇਂ ਇੱਕ ਨਾਲ ਇੱਕ ਮੁਫ਼ਤ, ਕੁਝ ਵੱਧ ਆਦਿ।

ਤਸਵੀਰ ਸਰੋਤ, Getty Images

ਇਸ ਤੋਂ ਇਲਾਵਾ ਤੁਸੀਂ ਇੱਥੇ ਮੌਜੂਦ ਬਾਕੀ ਯੂਜ਼ਰ ਨਾਲ ਚੈੱਟ ਵੀ ਕਰ ਸਕਦੇ ਹੋ।

ਭੁਗਤਾਨ ਬਿਟਕੁਆਇਨ ਵਰਗੀਆਂ ਕ੍ਰਿਪਟੋਕਰੰਸੀ ਨਾਲ ਹੁੰਦਾ ਹੈ। ਕ੍ਰਿਪਟੋਕਰੰਸੀ ਡਿਜੀਟਲ ਰਾਸ਼ੀ ਹੈ ਇਸ ਵਿੱਚ ਨੋਟ ਜਾਂ ਸਿੱਕੇ ਦੀ ਥਾਂ ਡਿਜੀਟਲ ਕੋਡ ਮਿਲਦਾ ਹੈ।

ਕ੍ਰਿਪਟੋਕਰੰਸੀ ਦਾ ਟ੍ਰੈਕ ਰੱਖਣਾ ਵੀ ਬੜਾ ਮੁਸ਼ਕਲ ਹੈ, ਇਸ ਲਈ ਗ਼ੈਰ-ਕਾਨੂੰਨੀ ਗਤੀਵਿਧੀਆਂ 'ਚ ਇਸ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ।

ਨੌਜਵਾਨਾਂ ਨੂੰ ਕਿਉਂ ਲੁਭਾਉਂਦਾ ਡਾਰਕ ਵੈੱਬ?

ਭਾਰਤ ਵਿੱਚ 7 ਕਰੋੜ ਤੋਂ ਵੱਧ ਲੋਕ ਨਸ਼ੇ ਦੇ ਆਦੀ ਦੱਸੇ ਜਾਂਦੇ ਹਨ ਹਾਲਾਂਕਿ ਕੋਈ ਸਰਕਾਰੀ ਅੰਕੜਾ ਮੌਜੂਦ ਨਹੀਂ ਹੈ।

ਸਾਲ 2016 ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਦੱਸਿਆ ਕਿ ਸਰਕਾਰ ਏਮਜ਼ ਦੇ ਨਾਲ ਇੱਕ ਸਰਵੇਖਣ ਕਰਨ ਜਾ ਰਹੀ ਹੈ ਜਿਸ ਦੇ ਅੰਕੜੇ ਸਾਲ 2018 ਵਿੱਚ ਮਿਲਣਗੇ।

ਡਾਰਕ ਵੈੱਬ ਨੌਜਵਾਨਾਂ ਨੂੰ ਉਹ ਤਿੰਨ ਚੀਜ਼ਾਂ ਦਿੰਦਾ ਹੈ, ਜਿਨ੍ਹਾਂ ਦੀ ਭਾਲ 'ਚ ਉਹ ਰਹਿੰਦੇ ਹਨ - ਐਡਵੈਂਚਰ, ਐਨੋਨਿਮਿਟੀ ਅਤੇ ਵੈਰਾਇਟੀ (ਜੋਖ਼ਮ, ਲੁਕੇ ਰਹਿਣ ਦੀ ਸੁਵਿਧਾ ਅਤੇ ਬਦਲ)।

ਮਿਸਾਲ ਵਜੋਂ 14 ਸਾਲ ਦੀ ਉਮਰ 'ਚ ਨਸ਼ਾ ਕਰ ਰਹੇ ਤਰੰਗ ਨੂੰ ਸਾਲ 2014 ਤੋਂ ਪਹਿਲਾਂ ਵੀ ਆਸਾਨੀ ਨਾਲ ਆਪਣੀ ਪਸੰਦ ਦਾ ਨਸ਼ਾ ਮਿਲ ਜਾਂਦਾ ਸੀ।

ਉਹ ਕਹਿੰਦੇ ਹਨ, "ਡਰੱਗਜ਼ ਤਾਂ ਸਕੂਲਾਂ ਕਾਲਜਾਂ ਦੇ ਬਾਹਰ ਮਿਲਦੇ ਹਨ। ਬਸਤੀਆਂ ਵਿੱਚ ਮਿਲਦੇ ਹਨ। ਰਿਕਸ਼ੇ ਵਾਲੇ ਘਰ ਦੇ ਜਾਂਦੇ ਹਨ। ਇੱਥੋਂ ਤੱਕ ਪਾਨ ਵਾਲੇ ਵੀ ਰੋਲਿੰਗ ਪੇਪਰ ਰੱਖਦੇ ਹਨ।"

ਪਰ ਉਸ ਤੋਂ ਬਾਅਦ ਵੀ ਉਹ ਡਾਰਕ ਵੈੱਬ 'ਤੇ ਗਏ ਕਿਉਂਕਿ 'ਥ੍ਰਿਲਿੰਗ' ਲੱਗਾ।

ਡਾਰਕ ਵੈੱਬ 'ਤੇ ਨਸ਼ੇ ਦਾ ਕਾਰੋਬਾਰ 2011 ਤੋਂ ਵਧਿਆ

'ਸਿਲਕ ਰੋਡ' ਨੇ ਇਸ ਵਿੱਚ ਵੱਡੀ ਭੂਮਿਕਾ ਨਿਭਾਈ। ਪਰ ਸਾਲ 2013 ਵਿੱਚ ਇੱਕ ਵਾਰ ਬੰਦ ਹੋਣ ਤੋਂ ਬਾਅਦ ਅਗਲੇ ਸਾਲ ਤੱਕ ਇਸ ਨੇ ਫੇਰ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ।

ਸਾਲ 2014 ਵਿੱਚ ਪੂਰੀ ਤਰ੍ਹਾਂ ਖਾਤਮੇ 'ਚ ਯੂਰੋਪੋਲ ਨੇ ਵੀ ਐੱਫਬੀਆਈ ਦੀ ਮਦਦ ਕੀਤੀ।

ਪਿਛਲੇ ਸਾਲ ਜੁਲਾਈ ਵਿੱਚ ਡੱਚ ਨੈਸ਼ਨਲ ਪੁਲਿਸ, ਐੱਫਬੀਆਈ ਅਤੇ ਡੀਈਓ ਨੇ ਡਾਰਕ ਵੈੱਬ ਦੇ ਦੋ ਹੋਰ ਵੱਡੇ ਬਾਜ਼ਾਰਾਂ 'ਹੰਸਾ' ਅਤੇ 'ਐਲਫਾਬੇ' ਨੂੰ ਵੀ ਬੰਦ ਕਰਾਉਣ ਦਾ ਦਾਅਵਾ ਕੀਤਾ।

ਉਸ ਟਾਸਕ ਫੋਰਸ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਬਾਜ਼ਾਰਾਂ ਦੇ ਡਾਟਾਬੇਸ ਨਾਲ ਉਨ੍ਹਾਂ ਨੂੰ ਬਹੁਤ ਸਾਰੇ ਡੀਲਰਜ਼ ਅਤੇ ਖਰੀਦਦਾਰਾਂ ਦੇ ਸੁਰਾਗ਼ ਮਿਲੇ ਪਰ ਜਾਣਕਾਰ ਇਸ ਨਾਲ ਬਹੁਤੇ ਉਤਸ਼ਾਹਤ ਨਹੀਂ ਲਗਦੇ।

ਉਨ੍ਹਾਂ ਦੀ ਦਲੀਲ ਇਹ ਹੈ ਕਿ ਪਾਇਰੇਸੀ ਅਤੇ ਪੋਰਨ 'ਤੇ ਪਾਬੰਦੀ ਲਗਾਉਣ ਵਰਗਾ ਹੀ ਹੈ। ਦਸ ਸਾਈਟਾਂ ਬੰਦ ਕਰੋ ਤਾਂ ਵੀਹ ਹੋਰ ਖੁੱਲ੍ਹ ਜਾਂਦੀਆਂ ਹਨ।

ਮਿਸਾਲ ਵਜੋਂ ਡੀਸੀਪੀ ਹੀਰਮੇਠ ਦੱਸਦੇ ਹਨ ਕਿ 'ਸਿਲਕ ਰੋਡ ਦੀ ਵੀ ਤੀਜਾ ਵਰਸ਼ਨ' ਆਉਣ ਦੀ ਗੱਲ ਚੱਲ ਰਹੀ ਹੈ।

ਚੁਣੌਤੀ ਔਖੀ ਹੈ ਪਰ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਲੱਗੀਆਂ ਹੋਈਆਂ ਹਨ।

ਡੀਸੀਪੀ ਹੀਰਮੇਠ ਦੱਸਦੇ ਹਨ, ''ਵਿਦੇਸੀ ਏਜੰਸੀਆਂ ਇਨ੍ਹਾਂ ਕੰਮਾਂ ਲਈ ਏਜੰਟਾਂ ਦੀ ਵਰਤੋਂ ਕਰਦੀਆਂ ਹਨ ਜੋ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਪੂਰੇ ਕੰਮ ਦਾ ਹਿੱਸਾ ਬਣ ਕੇ ਜਾਣਕਾਰੀ ਹਾਸਿਲ ਕਰਦੇ ਹਨ।"

ਤਸਵੀਰ ਸਰੋਤ, Christopher Furlong/Getty Images

ਇਸ ਸਾਲ 19 ਫਰਵਰੀ ਨੂੰ ਬਰਤਾਨੀਆ 'ਚ ਡਾਰਕ ਵੈੱਬ 'ਤੇ ਬੱਚਿਆਂ ਨੂੰ ਬਲੈਕਮੇਲ ਕਰਕੇ, ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਪੀਡੋਫਾਈਲ ਨੂੰ 32 ਸਾਲ ਦੀ ਸਜ਼ਾ ਹੋਈ।

ਸਾਲਾਂ ਤੱਕ ਚਕਮਾ ਦਿੰਦੇ ਰਹੇ ਸ਼ਾਤਿਰ ਫੋਲਡਰ ਨੂੰ ਫੜਣ ਵਿੱਚ ਐੱਫਬੀਆਈ, ਅਮਰੀਕੀ ਹੋਮਲੈਂਡ ਸਕਿਓਰਿਟੀ, ਯੂਰੋਪੋਲ ਤੋਂ ਇਲਾਵਾ ਆਸਟਰੇਲੀਆ, ਨਿਊਜ਼ੀਲੈਂਡ ਅਤੇ ਇਜ਼ਰਾਈਲ ਨੇ ਵੀ ਬ੍ਰਿਟੇਨ ਦੀ ਮਦਦ ਕੀਤੀ ਸੀ।

ਭਾਰਤੀ ਪੁਲਿਸ ਕੀ ਕਰ ਰਹੀ ਹੈ?

ਸਾਡੇ ਦੇਸ ਵਿੱਚ ਡਾਰਕ ਵੈੱਬ ਨਾਲ ਨਿਪਟਣ ਲਈ ਕੋਈ ਖ਼ਾਸ ਕਾਨੂੰਨ ਨਹੀਂ ਹੈ। ਅਜਿਹੇ 'ਚ ਪੁਲਿਸ ਇਸ ਨੂੰ ਰੋਕਣ ਲਈ ਕੀ ਕਰ ਰਹੀ ਹੈ?

ਕੌਮਾਂਤਰੀ ਪਬਲਿਕ ਪਾਲਿਸੀ ਦੀ ਜਾਣਕਾਰ ਸੂਬੀ ਚਤੁਰਵੇਦੀ ਦੱਸਦੀ ਹੈ, "ਸਾਡੀ ਪੁਲਿਸ ਲਈ ਮੁਸ਼ਕਲ ਇਹ ਹੈ ਕਿ ਕਾਨੂੰਨ 'ਚ ਅਜਿਹੇ ਕੋਈ ਪ੍ਰਾਵਧਾਨ ਨਹੀਂ ਹੈ, ਜਿਸ ਦੇ ਤਹਿਤ ਉਹ ਇਨ੍ਹਾਂ ਅਪਰਾਧੀਆਂ ਨੂੰ ਲੱਭ ਸਕਣ।"

"ਜੋ ਸਾਡਾ ਰੈਗੂਲਰ ਸੀਆਰਪੀਸੀ ਜਾਂ ਆਈਟੀ ਐਕਟ ਹੈ ਉਹ ਇਨ੍ਹਾਂ 'ਤੇ ਲੱਗ ਜਾਂਦਾ ਹੈ ਪਰ ਬਿਨਾਂ ਟ੍ਰੇਸ ਕੀਤੇ ਤੁਸੀਂ ਇਹ ਨੈਟਵਰਕ ਕ੍ਰੈਕ ਕਿਵੇਂ ਕਰੋਗੇ। ਨਾਲ ਹੀ ਸਾਡੇ ਕੋਲ ਕੋਈ ਸਪੈਸ਼ਲ ਯੂਨਿਟ ਨਹੀਂ ਹੈ, ਸਿਰਫ ਨੌਂ ਸਾਈਬਰ ਸੈਲ ਹਨ। ਸਾਨੂੰ ਬਹੁਤ ਸਾਰੇ ਸੰਸਾਧਨਾਂ ਅਤੇ ਨਿਵੇਸ਼ ਦੀ ਲੋੜ ਹੈ।"

ਲੋਕਾਂ ਦੀ ਹਿੱਸੇਦਾਰੀ ਨਾ ਸਿਰਫ਼ ਇਸ ਨੂੰ ਬਚਾਉਣ ਬਲਕਿ ਨੌਜਵਾਨਾਂ ਨੂੰ ਡਾਰਕ ਵੈੱਬ ਦੇ ਜਾਲ 'ਚੋਂ ਬਚਾਉਣ ਲਈ ਵੀ ਬੇਹੱਦ ਅਹਿਮ ਹੈ।

ਸੂਬੀ ਮੁਤਾਬਕ, "ਇਹ ਬਾਜ਼ਾਰ ਆਪਣੀ ਤਕਨੀਕ ਅਤੇ ਕੋਡ ਲਗਾਤਾਰ ਅਪਗ੍ਰੇਡ ਕਰਦਾ ਰਹਿੰਦਾ ਹੈ। ਅਜਿਹੇ ਵਿੱਚ ਸਿਰਫ ਪੁਲਿਸ ਜਾਂ ਖੁਫ਼ੀਆਂ ਏਜੰਸੀਆਂ ਇਨ੍ਹਾਂ ਦਾ ਹੱਲ ਨਹੀਂ ਕੱਢ ਸਕਦੀਆਂ।''

"ਸਮਾਜ ਅਤੇ ਮਾਪਿਆਂ ਦੀ ਇਸ ਵਿੱਚ ਅਹਿਮ ਭੂਮਿਕਾ ਹੈ। ਇਹ ਅਜਿਹਾ ਕੰਮ ਹੈ ਜੋ ਘਰ 'ਚ ਹੋ ਸਕਦਾ ਹੈ। ਸਾਰੇ ਬੱਚੇ ਇੰਟਰਨੈੱਟ 'ਤੇ ਹਨ, ਆਪਣੇ ਮਾਪਿਆਂ ਨਾਲੋਂ ਵੱਧ ਤਕਨੀਕ ਜਾਣਦੇ ਹਨ। ਇਸ ਲਈ ਮਾਪਿਆਂ ਨੂੰ ਵੱਧ ਹੁਸ਼ਿਆਰ ਰਹਿਣ ਦੀ ਲੋੜ ਹੈ।"

ਵਿਸਲ ਬਲੋਅਰਸ ਵੀ ਵਰਤਦੇ ਹਨ

ਡਾਰਕ ਵੈੱਬ ਦੀ ਵਰਤੋਂ ਕੁਝ ਸਮੇਂ ਤੋਂ ਕੰਮਾਂ ਲਈ ਵੀ ਕੀਤੀ ਜਾਂਦੀ ਹੈ।

ਵੀਡੀਓ ਕੈਪਸ਼ਨ,

ਅਫ਼ਗਾਨਿਸਤਾਨ꞉ ਨੌਂ ਸਾਲ ਦੇ ਛੋਟੇ ਬੱਚੇ ਅਫ਼ੀਮ ਦੇ ਆਦੀ

ਅਮਰੀਕਾ ਦੇ ਵਿਸਲ ਬਲੋਅਰ ਐਡਵਰਡ ਸਨੋਡੈਨ ਨੇ ਡਾਰਕ ਵੈੱਬ 'ਤੇ ਹੀ ਦੱਸਿਆ ਸੀ ਕਿ ਅਮਰੀਕਾ ਦੀਆਂ ਖੁਫ਼ੀਆਂ ਏਜੰਸੀਆਂ ਕਿਵੇਂ ਨਿਗਰਾਨੀ ਦੇ ਨਾਂ 'ਤੇ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਚੋਰੀ ਕਰ ਰਹੀਆਂ ਹਨ।

ਵਿਕੀਲੀਕਸ ਵਾਲੇ ਜੂਲੀਅਨ ਅਸਾਂਜੇ ਨੇ ਵੀ ਬੀਬੀਸੀ ਨੂੰ ਜਾਣਕਾਰੀ ਦਿੱਤੀ ਕਿ ਇੱਕ ਇੰਟਰਵਿਊ 'ਚ ਮੰਨਿਆ ਸੀ ਕਿ ਉਨ੍ਹਾਂ ਦੇ ਕੰਮ ਨੂੰ ਡਾਰਕ ਵੈੱਬ ਨਾਲ ਬਹੁਤ ਮਦਦ ਮਿਲਦੀ ਹੈ।

ਮੱਧ ਪੂਰਬ ਅਤੇ ਅਫਰੀਕੀ ਦੇਸਾਂ ਦੇ ਕੁਝ ਵਰਕਰ ਵੀ ਆਪਣੇ ਦੇਸ ਬਾਰੇ ਦੱਸਣ ਲਈ ਡਾਰਕ ਵੈੱਬ ਦੀ ਵਰਤੋਂ ਕਰਦੇ ਹਨ

(ਇਹ ਰਿਪੋਰਟ ਦਿੱਲੀ 'ਚ ਕੰਮ ਕਰਨ ਵਾਲੇ ਇੱਕ ਨੌਜਵਾਨ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ 'ਡਾਰਕ ਵੈੱਬ' ਤੋਂ ਨਸ਼ਾ ਆਰਡਰ ਕਰਦੇ ਹਨ। ਅਜਿਹੇ ਨੌਜਵਾਨਾਂ ਦਾ ਸੰਖਿਆ ਕਾਫੀ ਵੱਡੀ ਹੈ। ਉਨ੍ਹਾਂ ਦੀ ਪਛਾਣ ਗੁਪਤ ਰੱਖਣ ਲਈ ਬਦਲਿਆ ਹੋਇਆ ਨਾਂ ਇਸਤੇਮਾਲ ਕੀਤਾ ਗਿਆ ਹੈ। ਇਸ ਕਹਾਣੀ ਦਾ ਮਕਸਦ ਡਾਰਕ ਵੈੱਬ, ਨਸ਼ੇ ਜਾਂ ਕਿਸੇ ਗ਼ੈਰ ਕਾਨੂੰਨੀ ਕੰਮਾਂ 'ਚ ਵਾਧਾ ਕਰਨਾ ਨਹੀਂ ਹੈ। ਸਾਡਾ ਉਦੇਸ਼ ਲੋਕਾਂ ਨੂੰ ਡਾਰਕ ਵੈੱਬ ਦੇ ਖਤਰਿਆਂ ਤੋਂ ਜਾਣੂ ਕਰਾਉਣਾ ਹੈ ਤਾਂ ਜੋ ਉਹ ਖ਼ੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾ ਸਕਣ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)