ਪ੍ਰੈਸ ਰੀਵੀਊ꞉ ਹਰਿਆਣਾ ਕੈਬਿਨਟ ਨੇ ਬਲਾਤਕਾਰੀ ਲਈ ਸਜ਼ਾ-ਏ-ਮੌਤ ਨੂੰ ਦਿੱਤੀ ਮੰਜੂਰੀ

Protest

ਤਸਵੀਰ ਸਰੋਤ, Getty Images

ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਮੁਤਾਬਕ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਉਠਦੇ ਸਵਾਲਾਂ ਦੇ ਜਵਾਬ ਵਿੱਚ ਹਰਿਆਣਾ ਸਰਕਾਰ ਨੇ ਬੱਚਿਆਂ ਤੇ ਔਰਤਾਂ ਪ੍ਰਤੀ ਜਿਨਸੀ ਜੁਰਮਾਂ ਨਾਲ ਜੁੜੇ ਕਾਨੂੰਨਾਂ ਨੂੰ ਸਖ਼ਤ ਕਰ ਦਿੱਤਾ ਹੈ।

ਸਰਕਾਰ ਨੇ ਫੈਸਲਾ ਕੀਤਾ ਹੈ ਕਿ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਦਾ ਦੋਸ ਸਾਬਤ ਹੋਣ ਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ।

ਖ਼ਬਰ ਮੁਤਾਬਕ ਇਸ ਲਈ ਭਾਰਤੀ ਦੰਡਾਵਲੀ ਦੀਆਂ ਸੰਬਧਿਤ ਧਾਰਾਵਾਂ ਵਿੱਚ ਜ਼ਰੂਰੀ ਸੋਧਾਂ ਨੂੰ ਸੂਬੇ ਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।

ਇਹ ਬਿਲ ਵਿਧਾਨ ਸਭਾ ਦੇ ਅਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਰੱਖਿਆ ਜਾਵੇਗਾ ਜਿਸ ਮਗਰੋਂ ਇਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲੋੜੀਂਦੀ ਹੋਵੇਗੀ।

ਤਸਵੀਰ ਸਰੋਤ, AFP

ਕੇਂਦਰ ਸਰਕਾਰ ਨੇ ਸਰਕਾਰੀ ਬੈਂਕਾਂ ਵਿੱਚ ਸਾਹਮਣੇ ਆਉਂਦੇ ਘੁਟਾਲਿਆਂ ਦੀ ਨਮੋਸ਼ੀ ਟਾਲਣ ਲਈ ਉਨ੍ਹਾਂ ਨੂੰ ਕਿਹਾ ਹੈ ਕਿ 50 ਕਰੋੜ ਤੋਂ ਵੱਡੇ ਸਾਰੇ ਨਾਨ ਪ੍ਰਫਾਰਮਿੰਗ ਅਸੈਟਸ ਦੀ ਜਾਂਚ ਕਰਨ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਸਰਕਾਰ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਪੰਦਰਾਂ ਦਿਨਾਂ ਵਿੱਚ ਅਜਿਹੇ ਮਾਮਲਿਆਂ ਦੀ ਜਾਣਕਾਰੀ ਸੀਬੀਆਈ ਨੂੰ ਦੇਣ।

ਖ਼ਬਰ ਮੁਤਾਬਕ ਇਸ ਫੈਸਲੇ ਦਾ ਮਕਸਦ ਬੈਂਕ ਪ੍ਰਣਾਲੀ ਨੂੰ ਇੱਕੋ ਵਾਰ ਵਿੱਚ ਸਾਫ਼ ਕਰਨਾ ਹੈ।

ਖ਼ਬਰ ਮੁਤਾਬਕ ਪੀਐਨਬੀ ਘੋਟਾਲੇ ਵਿੱਚ 1,394 ਕਰੋੜ ਰੁਪਏ ਦਾ ਹੋਰ ਇਜ਼ਾਫ਼ਾ ਹੋ ਗਿਆ ਹੈ ਤੇ ਇਸ ਨਾਲ ਇਸ ਦਾ ਕੁੱਲ ਯੋਗ 12,717 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।

ਖ਼ਬਰ ਮੁਤਾਬਕ ਪੰਜਾਹ ਕਰੋੜ ਰੁਪਏ ਕੋਈ ਵੱਡੀ ਰਕਮ ਨਹੀਂ ਹੈ ਇਸ ਲਈ ਬੈਂਕਿੰਗ ਪ੍ਰਣਾਲੀ ਲਈ ਇਹ ਨਵਾਂ ਪਿਟਾਰਾ ਖੋਲ੍ਹ ਸਕਦਾ ਹੈ।

ਤਸਵੀਰ ਸਰੋਤ, Getty Images

ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ।

ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਪਾਰਟੀ ਨੇ 95 ਵਿੱਚੋਂ 62 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ 11, ਭਾਜਪਾ ਨੇ 10 ਆਪ ਦੇ 1 ਅਤੇ 4 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਤੇ ਹਨ।

ਇਸ ਦੇ ਇਲਾਵਾ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ 7 ਵਾਰਡ ਆਪਣੇ ਨਾਮ ਕੀਤੇ ਹਨ।

ਕਾਂਗਰਸ ਦੇ ਵਧੇਰੇ ਉਮੀਦਵਾਰ ਵੱਡੇ ਫਰਕ ਨਾਲ ਜਿੱਤੇ ਹਨ ਜਦਕਿ ਮੁੱਖ ਵਿਰੋਧੀ ਅਕਾਲੀ ਦਲ ਲਈ ਇਹ ਫ਼ਰਕ ਕਈ ਥਾਂ 14-20 ਵੋਟਾਂ ਦਾ ਵੀ ਰਿਹਾ।

ਖ਼ਬਰ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਜਿੱਤ ਨੂੰ ਲੋਕਾਂ ਵੱਲੋਂ ਸਰਕਾਰੀ ਨੀਤੀਆਂ 'ਤੇ ਮੋਹਰ ਦੱਸਿਆ ਹੈ।

ਤਸਵੀਰ ਸਰੋਤ, BBC/RAVINDER SINGH ROBIN

ਚੱਢਾ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਦੋ ਔਰਤਾਂ ਸਣੇ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬੀ ਟ੍ਰਿਬਿਊਨ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮਰਹੂਮ ਇੰਦਰਪ੍ਰੀਤ ਸਿੰਘ ਚੱਢਾ ਦੇ ਭਰਾ ਹਰਜੀਤ ਸਿੰਘ ਚੱਢਾ ਸ਼ਾਮਲ ਹਨ। ਫੜੇ ਗਿਆਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਖ਼ਬਰ ਮੁਤਾਬਕ ਇਹ ਗ੍ਰਿਫ਼ਤਾਰੀਆਂ ਕਰਕੇ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਨੇ ਮੁਲਜ਼ਮਾਂ ਨੂੰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ।

ਗ਼ੌਰਤਲਬ ਹੈ ਕਿ ਚਰਨਜੀਤ ਸਿੰਘ ਚੱਢਾ ਦੀ ਇਕ ਇਤਰਾਜ਼ਯੋਗ ਵੀਡਿਓ ਪਿਛਲੇ ਸਾਲ ਦਸੰਬਰ ਦੇ ਅਖੀਰ ਵਿੱਚ ਸਾਹਮਣੇ ਆਈ ਸੀ ਜਿਸ ਕਾਰਨ ਸਿੱਖ ਜਗਤ ਵਿੱਚ ਵਿਵਾਦ ਛਿੜ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)