ਸਪੀਡ ਡੇਟਿੰਗ: 8 ਮਿੰਟਾਂ 'ਚ ਜਾਣੋ ਆਪਣੇ ਸਾਥੀ ਬਾਰੇ

  • ਸਿੰਧੂਵਾਸਿਨੀ
  • ਬੀਬੀਸੀ ਪੱਤਰਕਾਰ
ਸਪੀਡ ਡੇਟਿੰਗ

ਤਸਵੀਰ ਸਰੋਤ, Getty Images

"ਜਦੋਂ ਮੈਂ ਉੱਥੇ ਗਈ ਤਾਂ ਅਜਿਹਾ ਲੱਗਾ ਕਿ ਜਿਵੇਂ ਮੇਰਾ ਸਵੰਬਰ ਹੋਣ ਵਾਲਾ ਹੈ। ਮੇਰੇ ਸਾਹਮਣੇ ਤਕਰੀਬਨ 10 ਮੁੰਡੇ ਸਨ ਅਤੇ ਮੇਰੀ ਨਜ਼ਰਾਂ ਉਨ੍ਹਾਂ ਵਿਚੋਂ ਵਧੀਆ ਨੂੰ ਲੱਭ ਰਹੀ ਸੀ।"

29 ਸਾਲਾਂ ਦੀ ਸ਼ਰੂਤੀ ਇਹ ਦੱਸਦੇ ਹੋਏ ਬੜਾ ਹੱਸਦੀ ਹੈ। ਅਜਿਹਾ ਉਦੋਂ ਹੋਇਆ ਸੀ ਜਦੋਂ ਉਹ ਪਹਿਲੀ ਵਾਰ ਕਿਸੇ ਸਪੀਡ ਡੇਟਿੰਗ ਪ੍ਰੋਗਰਾਮ 'ਚ ਸ਼ਾਮਲ ਹੋਣ ਗਈ ਸੀ।

ਸਪੀਡ ਡੇਟਿੰਗ ਨੂੰ ਆਧੁਨਿਕ 'ਸਵੰਬਰ' ਕਹਿਣਾ ਗਲਤ ਨਹੀਂ ਹੋਵੇਗਾ। ਜਦਕਿ ਇਸ ਵਿੱਚ ਇੱਕ ਵੱਡਾ ਫਰਕ ਹੈ ਕਿ ਮੁੰਡੇ ਅਤੇ ਕੁੜੀਆਂ ਦੋਵੇਂ ਹੁੰਦੇ ਹਨ ਅਤੇ ਦੋਵਾਂ ਨੂੰ ਮਨਪਸੰਦ ਸਹਿਯੋਗੀ ਜਾਂ ਦੋਸਤ ਚੁਣਨ ਦੀ ਆਜ਼ਾਦੀ ਹੁੰਦੀ ਹੈ।

ਜੇਕਰ ਕੋਈ ਪਸੰਦ ਨਹੀਂ ਆਇਆ ਤਾਂ ਬਿਨਾਂ ਕਿਸੇ ਦਬਾਅ ਜਾਂ ਝਿਜਕ ਦੇ ਨਾਂਹ ਵੀ ਕਹੀ ਜਾ ਸਕਦੀ ਹੈ।

ਤਸਵੀਰ ਸਰੋਤ, Getty Images

ਸ਼ਰੂਤੀ ਫਿਲਹਾਲ ਸਪੀਡ ਡੇਟਿੰਗ ਰਾਹੀਂ ਮਿਲੇ ਇੱਕ ਮੁੰਡੇ ਨੂੰ ਡੇਟ ਕਰ ਰਹੀ ਹੈ।

ਕੀ ਹੈ ਸਪੀਡ ਡੇਟਿੰਗ?

ਇਸ ਦਾ ਸਿਧਾਂਤ ਵੈਸੇ ਤਾਂ ਪੱਛਮੀ ਦੇਸਾਂ ਤੋਂ ਆਇਆ ਹੈ ਪਰ ਹੁਣ ਇਹ ਭਾਰਤ ਸਣੇ ਕਈ ਦੇਸਾਂ ਵਿੱਚ ਪਸੰਦ ਕੀਤਾ ਜਾ ਰਿਹਾ ਹੈ।

ਸਪੀਡ ਡੇਟਿੰਗ ਪ੍ਰੋਗਰਾਮ 'ਚ ਸਿੰਗਲ ਮੁੰਡੇ-ਕੁੜੀਆਂ ਮਿਲਦੇ ਹਨ। ਜਿਵੇਂ ਜੇਕਰ 10 ਕੁੜੀਆਂ ਅਤੇ 10 ਮੁੰਡੇ ਹਨ ਤਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਵੱਖ ਵੱਖ ਗੱਲਬਾਤ ਕਰਨ ਦਾ ਮੌਕਾ ਮਿਲੇਗਾ।

ਇਸ ਲਈ ਉਨ੍ਹਾਂ ਨੂੰ ਕਰੀਬ 8 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਵਿੱਚ ਉਹ ਇੱਕ-ਦੂਜੇ ਨਾਲ ਆਪਣੀ ਪਸੰਦ-ਨਾਪਸੰਦ ਅਤੇ ਬੁਨਿਆਦੀ ਜਾਣਕਾਰੀ ਸਾਂਝੀ ਕਰ ਸਕਦੇ ਹਨ।

ਤਕਰੀਬਨ 80 ਮਿੰਟ (ਇੱਕ ਘੰਟਾ 20 ਮਿੰਟ) 'ਚ ਤੁਸੀਂ ਅਜਿਹੇ ਲੋਕਾਂ ਨਾਲ ਮਿਲ ਸਕਦੇ ਹੋ ਜੋ ਭਵਿੱਖ ਵਿੱਚ ਤੁਹਾਡੇ ਜੀਵਨ ਸਾਥੀ ਬਣ ਸਕਦੇ ਹਨ।

ਤਸਵੀਰ ਸਰੋਤ, Getty Images

ਇਸ 8 ਮਿੰਟ ਦੀ ਗੱਲਬਾਤ ਵਿੱਚ ਤੁਸੀਂ ਇਹ ਤੈਅ ਕਰਦੇ ਹੋ ਕਿ ਕੀ ਤੁਸੀਂ ਇਨ੍ਹਾਂ 10 ਲੋਕਾਂ 'ਚੋਂ ਕਿਸੇ ਨਾਲ ਦੁਬਾਰਾ ਮਿਲਣਾ ਚਾਹੁੰਦੇ ਹੋ ਜਾਂ ਨਹੀਂ।

ਸਪੀਡ ਡੇਟਿੰਗ ਦੇ ਲਾਭ

ਜੇਕਰ ਦੋ ਵਿਕਅਤੀ ਦੁਬਾਰਾ ਮਿਲਣ ਨੂੰ ਰਾਜ਼ੀ ਹੁੰਦੇ ਹਨ ਤਾਂ ਗੱਲ ਅੱਗੇ ਵਧਦੀ ਹੈ। ਸਪੀਡ ਡੇਟਿੰਗ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਘੱਟ ਸਮੇਂ 'ਚ ਤੁਸੀਂ ਆਪਣੇ ਵਰਗੇ ਲੋਕਾਂ ਨਾਲ ਮਿਲ ਸਕਦੇ ਹੋ।

ਜ਼ਰੂਰੀ ਨਹੀਂ ਕਿ ਇਹ ਲੋਕ ਸਿਰਫ ਪਿਆਰ ਜਾਂ ਡੇਟ ਦੀ ਭਾਲ ਵਿੱਚ ਹੁੰਦੇ ਹਨ। ਕਈ ਅਜਿਹੇ ਵੀ ਹੁੰਦੇ ਹਨ ਜੋ ਸਿਰਫ਼ ਦੋਸਤੀ ਅਤੇ ਸਾਧਾਰਨ ਗੱਲਬਾਤ ਕਰਨ ਲਈ ਸਪੀਡ ਡੇਟਿੰਗ ਚੁਣਦੇ ਹਨ।

'ਲਾਈਫ ਆਫ ਲਾਈਫ' ਇੱਕ ਅਜਿਹਾ ਫੋਰਮ ਹੈ ਜੋ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਡੇਟਿੰਗ ਸਮਾਗਮਾਂ ਦਾ ਪ੍ਰਬੰਧ ਕਰਦਾ ਹੈ। ਇਸ ਦੀ ਸ਼ੁਰੂਆਤ ਸਾਲ 2016 ਵਿੱਚ ਹੋਈ ਸੀ।

ਤਸਵੀਰ ਸਰੋਤ, Getty Images

ਇਸ ਦੇ ਪ੍ਰਬੰਧਕਾਂ 'ਚੋਂ ਇੱਕ ਪ੍ਰਤੀਕ ਨਾਂ ਦੇ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਕੋਈ ਸਪੀਡ ਡੇਟਿੰਗ ਕਰਨਾ ਚਾਹੁੰਦਾ ਹੈ ਤਾਂ ਉਹ ਸਾਡੀ ਵੈੱਬਸਾਈਟ 'ਤੇ ਰਜਿਸਟਰ ਕਰਦਾ ਹੈ ਅਤੇ ਫੇਰ ਅਸੀਂ ਉਸ ਨਾਲ ਸੰਪਰਕ ਕਰਦੇ ਹਾਂ।"

ਪ੍ਰਤੀਕ ਮੁਤਾਬਕ, ਉਨ੍ਹਾਂ ਕੋਲ ਆਮ ਤੌਰ 'ਤੇ 20-40 ਸਾਲ ਉਮਰ ਵਰਗ ਦੇ ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਕੰਮ ਤੋਂ ਫੁਰਸਤ ਨਹੀਂ ਮਿਲਦੀ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਨਵੇਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ।

ਡੇਟਿੰਗ ਕੰਪਨੀ ਬਿਨਾਂ ਕਿਸੇ ਦੀ ਸਹਿਮਤੀ ਉਸ ਦਾ ਫੋਨ ਨੰਬਰ ਜਾਂ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੀ ਹੈ।

ਸਪੀਡ ਡੇਟ.ਕਾਮ ਅਤੇ ਕਵੈਕ-ਕਵੈਕ.ਕਾਮ ਕੁਝ ਇਸ ਤਰ੍ਹਾਂ ਦੀਆਂ ਹੀ ਵੈਬਸਾਈਟਾਂ ਹਨ, ਜੋ ਸਪੀਡ ਡੇਟਿੰਗ ਦੀ ਸੁਵਿਧਾ ਦਿੰਦੀਆਂ ਹਨ।

ਤਸਵੀਰ ਸਰੋਤ, Getty Images

ਸਪੀਡ ਡੇਟਿੰਗ ਦੇ ਆਫਰ ਦੇਣ ਵਾਲੀਆਂ ਕੰਪਨੀਆਂ ਮੈਟ੍ਰੀਮੋਨੀਅਲ ਵੈਬਸਾਈਟ ਵਾਂਗ ਵਿਆਹ ਕਰਾਉਣ ਦੇ ਮਕਸਦ ਨਾਲ ਕੰਮ ਨਹੀਂ ਕਰਦੀਆਂ। ਪਰ ਡੇਟਿੰਗ ਤੋਂ ਬਾਅਦ ਗੱਲ ਵਿਆਹ ਤੱਕ ਪਹੁੰਚ ਜਾਵੇ ਅਜਿਹਾ ਕਈ ਵਾਰ ਹੁੰਦਾ ਹੈ।

ਡਾ ਗੀਤਾਂਜਲੀ ਸਕਸੈਨਾ ਇੱਕ ਰਿਲੇਸ਼ਨਸ਼ਿਪ ਐਕਸਪਰਟ ਹਨ ਅਤੇ ਉਨ੍ਹਾਂ ਕੋਲ ਆਉਣ ਵਾਲਿਆਂ ਦੀ ਵੱਡੀ ਸੰਖਿਆ ਨੌਜਵਾਨਾਂ ਦੀ ਹੈ।

ਉਹ ਕਹਿੰਦੇ ਹਨ, "ਅੱਜ ਦੇ ਮਾਹੌਲ ਨੂੰ ਦੇਖਦੇ ਹੋਏ ਮੈਨੂੰ ਲਗਦਾ ਹੈ ਕਿ ਸਪੀਡ ਡੇਟਿੰਗ ਵਿੱਚ ਕੋਈ ਬੁਰਾਈ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਨੂੰ ਪਹਿਲੀ ਨਜ਼ਰ ਵਾਲਾ ਪਿਆਰ ਹੋਵੇ। ਇਸ ਲਈ ਜੇਕਰ ਤੁਸੀਂ ਸੋਚ ਸਮਝ ਕੇ ਕਿਸੇ ਨੂੰ ਚੁਣਦੇ ਹੋ ਤਾਂ ਚੰਗਾ ਹੀ ਹੈ।"

ਦਿੱਲੀ 'ਚ ਰਹਿਣ ਵਾਲੇ ਗੌਰਵ ਵੈਦਿਆ ਇੱਕ ਆਈਟੀ ਕੰਪਨੀ 'ਚ ਕੰਮ ਕਰਦੇ ਹਨ। ਆਸਟਰੇਲੀਆ ਤੋਂ ਪਰਤੇ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਸਪੀਡ ਡੇਟਿੰਗ ਅਜ਼ਮਾਉਣ ਦੀ ਸਲਾਹ ਦਿੱਤੀ।

ਗੌਰਵ ਨੇ ਬੀਬੀਸੀ ਨੂੰ ਦੱਸਿਆ, "ਪਹਿਲੀ ਵਾਰ 'ਚ ਮੈਨੂੰ ਇੱਕ ਗੇਮ ਵਾਂਗ ਲੱਗਿਆ। ਮੈਂ ਇੱਕ ਕੁੜੀ ਨਾਲ ਗੱਲ ਕਰ ਰਿਹਾ ਸੀ ਤਾਂ ਇੱਕ ਸੀਟੀ ਵੱਜੀ ਅਤੇ ਮੈਨੂੰ ਦੂਜੇ ਟੇਬਲ 'ਤੇ ਦੂਜੀ ਕੁੜੀ ਨਾਲ ਗੱਲ ਕਰਨ ਲਈ ਕਿਹਾ ਗਿਆ।"

ਖ਼ੈਰ ਬਾਅਦ ਵਿੱਚ ਉਨ੍ਹਾਂ ਨੂੰ ਲੱਗਾ ਕਿ ਸਪੀਡ ਡੇਟਿੰਗ ਦੀ ਖ਼ਾਸੀਅਤ ਹੀ ਇਹੀ ਹੈ ਕਿ ਘੱਟ ਸਮੇਂ ਵਿੱਚ ਵੱਧ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ।

ਤਸਵੀਰ ਸਰੋਤ, Getty Images

ਉਨ੍ਹਾਂ ਨੇ ਕਿਹਾ, "ਹੁਣ ਮੈਂ ਕੁੜੀਆਂ ਨਾਲ ਗੱਲ ਕਰ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਨੂੰ ਇੱਥੇ ਮਨਪਸੰਦ ਸਾਥੀ ਮਿਲ ਜਾਵੇ।"

ਪਤਾ ਕਰੋ, ਤੁਸੀਂ ਕੀ ਚਾਹੁੰਦੇ ਹੋ?

ਪਰ ਅਜਿਹਾ ਵੀ ਨਹੀਂ ਹੈ ਕਿ ਸਪੀਡ ਡੇਟਿੰਗ ਲਾਭ ਹੀ ਲਾਭ ਹੈ ਇੱਥੇ ਪਿਆਰ ਜਾਂ ਸਾਥੀ ਮਿਲਣ ਦੀ ਗਾਰੰਟੀ ਹੈ।

ਡਾਕਟਰ ਗੀਤਾਂਜਲੀ ਮੁਤਾਬਕ, "ਜੇਕਰ ਤੁਸੀਂ ਸਪੀਡ ਡੇਟਿੰਗ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੋ ਜਿਹਾ ਸਾਥੀ ਲੱਭ ਰਹੇ ਹੋ ਕਿਉਂਕਿ ਇੱਕੋ ਵੇਲੇ ਕਈ ਲੋਕਾਂ ਨਾਲ ਮਿਲ ਕੇ ਤੁਸੀਂ ਸਹੀ ਫੈਸਲਾ ਨਹੀਂ ਲੈ ਸਕਦੇ ਹੋ।"

ਉਨ੍ਹਾਂ ਦਾ ਮੰਨਣਾ ਹੈ ਕਿ ਅਸੀਂ ਪਹਿਲੀ ਵਾਰ ਕਿਸੇ ਦੀ ਖ਼ੂਬਸੂਰਤੀ ਜਾਂ ਮੁਸਕੁਰਾਹਟ ਨਾਲ ਖਿੱਚ ਮਹਿਸੂਸ ਕਰ ਸਕਦੇ ਹਾਂ ਪਰ ਉਹ ਸਾਡੇ ਲਈ ਸਹੀ ਹੋਵੇਗਾ ਇਹ ਜ਼ਰੂਰੀ ਤਾਂ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)