'ਸ਼੍ਰੀਦੇਵੀ ਨੂੰ ਮੌਤ ਮਗਰੋਂ ਹੀ ਮਿਲੀ ਸ਼ਾਂਤੀ'

ram gopal verma

ਤਸਵੀਰ ਸਰੋਤ, @RGVZOOMIN/TWITTER

ਸ਼੍ਰੀਦੇਵੀ ਦੇ ਦੇਹਾਂਤ 'ਤੇ ਖੁੱਲ੍ਹਾ ਖਤ ਲਿੱਖ ਕੇ ਦੁੱਖ ਪ੍ਰਗਟਾਉਣ ਵਾਲੇ ਫ਼ਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਇੱਕ ਹੋਰ ਖ਼ਤ ਲਿਖਿਆ ਹੈ।

ਇਸ ਵਾਰੀ ਉਨ੍ਹਾਂ ਨੇ ਇਹ ਖ਼ਤ ਸ਼੍ਰੀਦੇਵੀ ਦੇ ਪ੍ਰਸ਼ੰਸਕਾਂ ਦੇ ਨਾਮ ਲਿਖਿਆ ਹੈ ਜਿਸ ਦਾ ਸਿਰਲੇਖ ਹੈ-'ਮਾਈ ਲਵ ਸਟੋਰੀ ਟੂ ਸ਼੍ਰੀਦੇਵੀਜ਼ ਫੈਨਜ਼' ਯਾਨਿ ਕਿ ਸ਼੍ਰੀਦੇਵੀ ਦੇ ਪ੍ਰਸ਼ੰਸਕਾਂ ਲਈ ਮੇਰਾ ਪ੍ਰੇਮ ਪੱਤਰ।

ਫੇਸਬੁੱਕ 'ਤੇ ਸ਼ੇਅਰ ਕੀਤੇ ਗਏ ਇਸ ਖ਼ੱਤ ਦੀ ਭੂਮਿਕਾ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਮੈਂ ਕਾਫ਼ੀ ਵਿਚਾਰ ਕੀਤਾ ਕਿ ਮੈਨੂੰ ਇਸ ਨੂੰ ਛਾਪਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਇਸ ਵਿੱਚ ਕੁਝ ਨਾਵਾਂ ਦਾ ਜ਼ਿਕਰ ਹੈ ਪਰ ਮੈਂ ਮੰਨਦਾ ਹਾਂ ਕਿ ਸ਼੍ਰੀਦੇਵੀ ਕਿਸੇ ਹੋਰ ਤੋਂ ਵੱਧ ਉਨ੍ਹਾਂ ਦੇ ਫੈਨਜ਼ ਦੀ ਹੈ ਅਤੇ ਉਨ੍ਹਾਂ ਨੂੰ ਸੱਚ ਪਤਾ ਹੋਣਾ ਚਾਹੀਦਾ ਹੈ।"

ਤਸਵੀਰ ਸਰੋਤ, AFP

ਦਰਅਸਲ ਇਸ ਚਿੱਠੀ ਵਿੱਚ ਰਾਮ ਗੋਪਾਲ ਵਰਮਾ ਨੇ ਸ਼੍ਰੀਦੇਵੀ ਦੇ ਜੀਵਨ ਨਾਲ ਜੁੜੀਆਂ ਕਈ ਘਟਨਾਵਾਂ 'ਤੇ ਚਾਣਨਾ ਪਾਇਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅਸਲ ਵਿੱਚ ਸ਼੍ਰੀਦੇਵੀ ਨੂੰ ਮੌਤ ਤੋਂ ਬਾਅਦ ਹੀ ਸ਼ਾਂਤੀ ਮਿਲੀ ਹੈ।

'ਕੀ ਸ਼੍ਰੀਦੇਵੀ ਖੁਸ਼ ਸੀ?'

ਰਾਮ ਗੋਪਾਲ ਵਰਮਾ ਲਿਖਦੇ ਹਨ, "ਹਾਂ, ਤੁਹਾਡੇ ਵਰਗੇ ਲੱਖਾਂ ਲੋਕਾਂ ਤਰ੍ਹਾਂ ਮੈਂ ਵੀ ਮੰਨਦਾ ਸੀ ਕਿ ਉਹ ਬੇਹੱਦ ਖੂਬਸੂਰਤ ਔਰਤ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਦੇਸ ਦੀ ਸਭ ਤੋਂ ਵੱਡੀ ਸੁਪਰਸਟਾਰ ਸੀ ਜਿਨ੍ਹਾਂ ਨੇ 20 ਸਾਲ ਤੋਂ ਵੱਧ ਸਮੇਂ ਤੱਕ ਮੁੱਖ ਅਦਾਕਾਰਾ ਦੇ ਰੂਪ ਵਿੱਚ ਪਰਦੇ 'ਤੇ ਰਾਜ ਕੀਤਾ। ਇਹ ਤਾਂ ਕਹਾਣੀ ਦਾ ਇੱਕ ਹੀ ਹਿੱਸਾ ਹੈ। ਉਨ੍ਹਾਂ ਦੇ ਦੇਹਾਂਤ ਤੋਂ ਸਾਨੂੰ ਪਤਾ ਚਲਦਾ ਹੈ ਕਿ ਜ਼ਿੰਦਗੀ ਅਤੇ ਮੌਤ ਦੋਵੇਂ ਕਿਸ ਤਰ੍ਹਾਂ ਅਣਹੋਣੇ, ਕਰੂਰ, ਨਾਜ਼ੁਕ ਅਤੇ ਰਹੱਸਮਈ ਹੋ ਸਕਦੇ ਹਨ।"

"ਉਨ੍ਹਾਂ ਦੀ ਮੌਤ ਤੋਂ ਬਾਅਦ ਕਾਫ਼ੀ ਲੋਕ ਕਹਿ ਰਹੇ ਹਨ ਕਿ ਉਹ ਕਿੰਨੀ ਸੋਹਣੀ ਸੀ, ਕਿੰਨੀ ਮਹਾਨ ਅਦਾਕਾਰਾ ਸੀ ਅਤੇ ਉਨ੍ਹਾਂ ਦੀ ਮੌਤ ਨਾਲ ਕੀ ਅਸਰ ਪਿਆ ਹੈ ਪਰ ਮੇਰੇ ਕੋਲ ਕਹਿਣ ਲਈ ਇਸ ਤੋਂ ਵੱਧ ਹੈ। ਅਜਿਹਾ ਇਸ ਲਈ ਕਿਉਂਕਿ ਮੈਨੂੰ ਆਪਣੀਆਂ ਦੋ ਫ਼ਿਲਮਾਂ 'ਕਸ਼ਨਾ ਕਸ਼ਨਮ' ਅਤੇ 'ਗੋਵਿੰਦਾ ਗੋਵਿੰਦਾ' ਦੇ ਸਿਲਸਿਲੇ ਵਿੱਚ ਉਨ੍ਹਾਂ ਦੇ ਨੇੜੇ ਰਹਿਣ ਦਾ ਮੌਕਾ ਮਿਲਿਆ।"

ਤਸਵੀਰ ਸਰੋਤ, Getty Images

ਰਾਮ ਗੋਪਾਲ ਵਰਮਾ ਮੁਤਾਬਕ ਸ਼੍ਰੀਦੇਵੀ ਦਾ ਜੀਵਨ ਇਸ ਗੱਲ ਦਾ ਸਟੀਕ ਉਦਾਹਰਣ ਹੈ ਕਿ ਕਿਸੇ ਹਸਤੀ ਦੇ ਜੀਵਨ ਬਾਰੇ ਬਾਹਰੀ ਦੁਨੀਆਂ ਦੇ ਲੋਕ ਜੋ ਕੁਝ ਸੋਚਦੇ ਹਨ ਉਸ ਹਸਤੀ ਦੀ ਨਿੱਜੀ ਜ਼ਿੰਦਗੀ ਲੋਕਾਂ ਦੀ ਧਾਰਨਾ ਤੋਂ ਬਿਲਕੁਲ ਵੱਖ ਹੁੰਦੀ ਹੈ।

ਉਹ ਲਿਖਦੇ ਹਨ, "ਕਾਫ਼ੀ ਲੋਕਾਂ ਲਈ ਸ਼੍ਰੀਦੇਵੀ ਦਾ ਜੀਵਨ ਸੰਪੂਰਨ ਸੀ। ਸੋਹਣਾ ਚੇਹਰਾ, ਕਮਾਲ ਦੀ ਪ੍ਰਤਿਭਾ ਅਤੋ ਦੋ ਧੀਆਂ ਦੇ ਨਾਲ ਸੁਖੀ ਪਰਿਵਾਰ। ਬਾਹਰੋਂ ਸਭ ਕੁਝ ਅਜਿਹਾ ਦਿਖਦਾ ਹੈ ਕਿ ਹਰ ਕੋਈ ਆਪਣੇ ਲਈ ਅਜਿਹੀ ਹੀ ਉਮੀਦ ਕਰਦਾ। ਪਰ ਸ਼੍ਰੀਦੇਵੀ ਕੀ ਬਹੁਤ ਖੁਸ਼ ਸੀ ਅਤੇ ਉਨ੍ਹਾਂ ਦਾ ਜੀਵਨ ਸੌਖਾ ਸੀ?"

ਤਸਵੀਰ ਸਰੋਤ, NARINDER NANU / AFP / GETTY IMAGES

"ਮੈਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਉਦੋਂ ਤੋਂ ਜਾਣਦਾ ਹਾਂ ਜਦੋਂ ਤੋਂ ਉਨ੍ਹਾਂ ਦੀ ਮੁਲਾਕਾਤ ਹੋਈ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਕਿਵੇਂ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਪਹਿਲਾਂ ਤੱਕ ਉਨ੍ਹਾਂ ਦੀ ਜ਼ਿੰਦਗੀ ਅਸਮਾਨ ਵਿੱਚ ਉੱਡਦੇ ਪਰਿੰਦੇ ਵਾਂਗ ਸੀ ਅਤੇ ਫਿਰ ਲੋੜ ਤੋਂ ਵੱਧ ਹੀ ਸੁਚੇਤ ਰਹਿਣ ਵਾਲੀ ਉਨ੍ਹਾਂ ਦੀ ਮਾਂ ਦੀ ਵਜ੍ਹਾ ਕਰਕੇ ਪਿੰਜਰੇ ਵਿੱਚ ਬੰਦ ਪੰਛੀ ਤਰ੍ਹਾਂ ਹੋ ਗਿਆ।"

ਇਸ ਬਾਰੇ ਫ਼ਿਲਮ ਨਿਰਦੇਸ਼ਕ ਨੇ ਲਿਖਿਆ, "ਉਦੋਂ ਟੈਕਸ ਨੂੰ ਲੈ ਕੇ ਹੋਣ ਵਾਲੀ ਛਾਪੇਮਾਰੀ ਤੋਂ ਬਚਣ ਲਈ ਅਦਾਕਾਰਾਂ ਨੂੰ ਕਾਲੇ ਧੰਨ 'ਚੋਂ ਮਿਹਨਤਾਨਾ ਦਿੱਤਾ ਜਾਂਦਾ ਸੀ। ਉਨ੍ਹਾਂ ਦੇ ਪਿਤਾ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ 'ਤੇ ਭਰੋਸਾ ਕਰਦੇ ਸੀ ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਭ ਨੇ ਸ਼੍ਰੀਦੇਵੀ ਨੂੰ ਧੋਖਾ ਦੇ ਦਿੱਤਾ।"

"ਮੁਸ਼ਕਿਲ ਉਦੋਂ ਵੱਧ ਗਈ ਜਦੋਂ ਉਨ੍ਹਾਂ ਦੀ ਨਾਸਮਝ ਮਾਂ ਨੇ ਕਾਨੂੰਨੀ ਪੇਚਾਂ ਵਿੱਚ ਫਸੀਆਂ ਜਾਇਦਾਦਾਂ ਵਿੱਚ ਨਿਵੇਸ਼ ਕੀਤਾ। ਇਨ੍ਹਾਂ ਗਲਤੀਆਂ ਕਰਕੇ ਸ਼੍ਰੀਦੇਵੀ ਉਸ ਵੇਲੇ ਤੱਕ ਕੰਗਾਲ ਹੋ ਚੁੱਕੀ ਸੀ ਜਦੋਂ ਤੱਕ ਬੋਨੀ ਕਪੂਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਏ। ਉਹ ਖੁਦ ਭਾਰੀ ਕਰਜ਼ੇ ਵਿੱਚ ਸਨ ਅਤੇ ਬਸ ਧਾਰਸ ਦੀ ਬੰਨ੍ਹ ਸਕਦੇ ਸੀ।"

ਤਸਵੀਰ ਸਰੋਤ, SRIDEVI/INSTAGRAM

"ਉਨ੍ਹਾਂ ਦੀ ਮਾਂ ਅਮਰੀਕਾ ਵਿੱਚ ਗਲਤ ਦਿਮਾਗ ਦੀ ਸਰਜਰੀ ਦੇ ਕਾਰਨ ਮਨੋਰੋਗੀ ਬਣ ਗਈ ਅਤੇ ਇਸ ਵਿਚਾਲੇ ਉਨ੍ਹਾਂ ਦੀ ਛੋਟੀ ਭੈਣ ਸ਼੍ਰੀਲਤਾ ਨੇ ਆਪਣੇ ਗੁਆਂਢੀ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ।

"ਮਾਂ ਨੇ ਮੌਤ ਤੋਂ ਪਹਿਲਾਂ ਸਾਰੀਆਂ ਜਾਇਦਾਦਾਂ ਸ਼੍ਰੀਦੇਵੀ ਦੇ ਨਾਮ ਕਰ ਦਿੱਤੀਆਂ ਸਨ ਪਰ ਭੈਣ ਨੇ ਇਹ ਕਹਿੰਦੇ ਹੋਏ ਸ਼੍ਰੀਦੇਵੀ 'ਤੇ ਕੇਸ ਕਰ ਦਿੱਤਾ ਕਿ ਵਸੀਅਤ 'ਤੇ ਹਸਤਾਖਰ ਕਰਦੇ ਵੇਲੇ ਮਾਂ ਦੀ ਮਾਨਸਿਕ ਹਾਲਤ ਸਹੀ ਨਹੀਂ ਸੀ। ਇਸ ਤਰ੍ਹਾਂ ਜਿਸ ਔਰਤ ਦੇ ਪੂਰੀ ਦੁਨੀਆਂ ਵਿੱਚ ਲੱਖਾਂ ਦੀਵਾਨੇ ਸਨ ਉਹ ਇੱਕਦਮ ਇਕੱਲੀ ਅਤੇ ਤਕਰੀਬਨ ਕੰਗਾਲ ਹੋ ਚੁੱਕੀ ਸੀ।"

ਰਾਮ ਗੋਪਾਲ ਵਰਮਾ ਲਿਖਦੇ ਹਨ, "ਬੋਨੀ ਦੀ ਮਾਂ ਨੇ ਸ਼੍ਰੀਦੇਵੀ ਨੂੰ ਘਰ ਤੋੜਨ ਵਾਲੀ ਦੇ ਤੌਰ 'ਤੇ ਪੇਸ਼ ਕੀਤਾ ਅਤੇ ਬੋਨੀ ਦੀ ਪਹਿਲੀ ਪਤਨੀ ਮੋਨਾ ਨਾਲ ਜੋ ਹੋਇਆ ਉਸ ਲਈ ਜ਼ਿੰਮੇਵਾਰ ਮੰਨਦੇ ਹੋਏ ਇੱਕ ਫਾਈਵ ਸਟਾਰ ਹੋਟਲ ਦੀ ਲਾਬੀ ਵਿੱਚ ਟਿੱਢ ਵਿੱਚ ਮੁੱਕਾ ਮਾਰ ਦਿੱਤਾ। ਇਸ ਪੂਰੇ ਦੌਰ ਵਿੱਚ ਉਹ ਨਾਖੁਸ਼ ਸੀ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਏ ਉਤਰਾਅ-ਚੜ੍ਹਾਅ ਨੇ ਉਨ੍ਹਾਂ ਦੇ ਮੰਨ 'ਤੇ ਡੂੰਘੇ ਜ਼ਖਮ ਦੇ ਨਿਸ਼ਾਨ ਛੱਡੇ ਸਨ ਅਤੇ ਉਨ੍ਹਾਂ ਨੂੰ ਕਦੇ ਵੀ ਸ਼ਾਂਤੀ ਨਸੀਬ ਨਹੀਂ ਹੋਈ।"

'ਔਰਤ ਦੇ ਸਰੀਰ ਵਿੱਚ ਬੱਚੇ ਵਰਗੀ ਸੀ ਸ਼੍ਰੀਦੇਵੀ'

ਰਾਮ ਗੋਪਾਲ ਵਰਮਾ ਨੇ ਲਿਖਿਆ ਹੈ, "ਆਪਣੀ ਜ਼ਿੰਦਗੀ ਵਿੱਚ ਇੰਨਾ ਕੁਝ ਝੱਲਣ ਕਰਕੇ ਅਤੇ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਕਰੀਅਰ ਸ਼ੁਰੂ ਹੋਣ ਤੋਂ ਬਾਅਦ ਜ਼ਿੰਦਗੀ ਨੇ ਉਨ੍ਹਾਂ ਨੂੰ ਕਦੇ ਵੀ ਆਮ ਰਫ਼ਤਾਰ ਤੋਂ ਵੱਡਾ ਹੋਣ ਦਾ ਸਮਾਂ ਨਹੀਂ ਦਿੱਤਾ।"

ਤਸਵੀਰ ਸਰੋਤ, Getty Images

"ਕਾਫ਼ੀ ਲੋਕਾਂ ਲਈ ਉਹ ਸਭ ਤੋਂ ਖੂਬਸੂਰਤ ਔਰਤ ਸੀ ਪਰ ਕੀ ਉਹ ਖੁਦ ਨੂੰ ਖੂਬਸੂਰਤ ਮੰਨਦੀ ਸੀ? ਕਈ ਸਾਲ ਤੱਕ ਉਹ ਵਿੱਚ-ਵਿੱਚ ਕਾਸਮੈਟਿਕ ਸਰਜਰੀ ਕਰਵਾਉਂਦੀ ਰਹੀ ਸੀ ਜਿਸ ਦਾ ਅਸਰ ਉਨ੍ਹਾਂ 'ਤੇ ਸਾਫ਼ ਦੇਖਿਆ ਜਾ ਸਕਦਾ ਸੀ।"

"ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਇੱਕ ਮਨੋਵਿਗਿਆਨੀ ਕੰਧ ਬਣਾਈ ਹੋਈ ਸੀ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਦੇਖੇ ਕਿ ਇਸ ਦੇ ਅੰਦਰ ਕੀ ਚੱਲ ਰਿਹਾ ਹੈ। ਉਹ ਨਹੀਂ ਚਾਹੁੰਦੀ ਸੀ ਕੋਈ ਉਨ੍ਹਾਂ ਦੀਆਂ ਅਸੁਰੱਖਿਆਵਾਂ ਬਾਰੇ ਜਾਣੇ। ਇਸ ਵਿੱਚ ਉਨ੍ਹਾਂ ਦਾ ਦੋਸ਼ ਨਹੀਂ ਸੀ ਕਿਉਂਕਿ ਘੱਟ ਉਮਰ ਵਿੱਚ ਹੀ ਉਨ੍ਹਾਂ ਨੂੰ ਪ੍ਰਸਿੱਧੀ ਮਿਲ ਗਈ ਸੀ ਅਤੇ ਉਨ੍ਹਾਂ ਨੂੰ ਆਜ਼ਾਦ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਪਰ ਉਹ ਜੋ ਚਾਹੁੰਦੀ ਸੀ ਬਣ ਸਕਦੀ ਸੀ।"

ਤਸਵੀਰ ਸਰੋਤ, TWITTER@NFAIOFFICIAL

ਤਸਵੀਰ ਕੈਪਸ਼ਨ,

ਸ਼੍ਰੀਦੇਵੀ ਦੀ ਪਹਿਲੀ ਫ਼ਿਲਮ 'ਥੁਨਾਵਾਈਨ' ਦਾ ਇੱਕ ਸੀਨ

ਰਾਮ ਗੋਪਾਲ ਵਰਮਾ ਨੇ ਅੱਗੇ ਲਿਖਿਆ ਹੈ, "ਉਨ੍ਹਾਂ ਨੂੰ ਕੈਮਰੇ ਸਾਹਮਣੇ ਆਉਣ ਲਈ ਹੀ ਮੇਕਅਪ ਨਹੀਂ ਲਾਉਣਾ ਪੈਂਦਾ ਸੀ ਸਗੋਂ ਆਪਣਾ ਅਸਲੀ ਅਕਸ ਕੈਮਰੇ ਦੇ ਸਾਹਮਣੇ ਨਾ ਆਉਣ ਦੇਣ ਲਈ ਵੀ ਮਨੋਵਿਗਿਆਨੀ ਮੇਕਅਪ ਕਰਨਾ ਪੈਂਦਾ ਸੀ।"

"ਉਹ ਲਗਾਤਾਰ ਮਾਪੇ, ਰਿਸ਼ਤੇਦਾਰਾਂ, ਪਤੀ ਅਤੇ ਕਾਫ਼ੀ ਹੱਦ ਤੱਕ ਆਪਣੇ ਬੱਚਿਆਂ ਦੇ ਕਹਿਣ 'ਤੇ ਚਲਦੀ ਰਹੀ। ਉਹ ਹੋਰਨਾਂ ਸਿਤਾਰਿਆਂ ਵਾਂਗ ਇਸ ਗੱਲ ਨੂੰ ਲੈ ਕੇ ਡਰੀ ਹੋਈ ਸੀ ਕਿ ਉਨ੍ਹਾਂ ਦੀਆਂ ਧੀਆਂ ਨੂੰ ਮਨਜ਼ੂਰ ਕੀਤਾ ਜਾਵੇਗਾ ਜਾਂ ਨਹੀਂ। ਸ਼੍ਰੀਦੇਵੀ ਦਰਅਸਲ ਔਰਤਾਂ ਦੇ ਸਰੀਰ ਵਿੱਚ ਕੈਦ ਬੱਚਾ ਸੀ।"

'ਰੈੱਸਟ ਇਨ ਪੀਸ'

ਰਾਮ ਗੋਪਾਲ ਵਰਮਾ ਲਿਖਦੇ ਹਨ ਕਿ ਆਮ ਤੌਰ 'ਤੇ ਉਹ ਕਿਸੇ ਦੇ ਦੇਹਾਂਤ 'ਤੇ ਰੈੱਸਟ ਇਨ ਪੀਸ ਨਹੀਂ ਕਹਿੰਦੇ ਪਰ ਸ਼੍ਰੀਦੇਵੀ ਦੇ ਮਾਮਲੇ ਵਿੱਚ ਅਜਿਹਾ ਕਹਿਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਰਾਏ ਵਿੱਚ ਮੌਤ ਤੋਂ ਬਾਅਦ ਉਨ੍ਹਾਂ (ਸ਼੍ਰੀਦੇਵੀ) ਨੂੰ ਪਹਿਲੀ ਵਾਰੀ ਅਸਲੀਅਤ ਵਿੱਚ ਸ਼ਾਂਤੀ ਮਿਲੀ ਹੈ।

ਤਸਵੀਰ ਸਰੋਤ, Getty Images

ਉਹ ਲਿਖਦੇ ਹਨ, "ਮੈਂ ਉਨ੍ਹਾਂ ਨੂੰ ਉਦੋਂ ਹੀ ਸ਼ਾਂਤ ਦੇਖਿਆ ਹੈ ਜਦੋਂ ਉਹ ਕੈਮਰੇ ਦੇ ਸਾਹਮਣੇ ਹੁੰਦੀ ਸੀ ਅਤੇ ਉਹ ਵੀ ਐਕਸ਼ਨ ਅਤੇ ਕੱਟ ਵਿਚਾਲੇ। ਇਸ ਲਈ ਕਿਉਂਕਿ ਉਹ ਇਸ ਦੌਰਾਨ ਕੌੜੀ ਸੱਚਾਈ ਤੋਂ ਦੂਰ ਹੋ ਕੇ ਆਪਣੀ ਕਲਪਨਾ ਦੀ ਦੁਨੀਆਂ ਵਿੱਚ ਜਾ ਸਕਦੀ ਸੀ।"

"ਇਸ ਲਈ ਹੁਣ ਮੈਨੂੰ ਭਰੋਸਾ ਹੈ ਕਿ ਉਹ ਹਮੇਸ਼ਾ ਲਈ ਸ਼ਾਂਤੀ ਵਿੱਚ ਹੋਵੇਗੀ ਕਿਉਂਕਿ ਅਖੀਰ ਉਹ ਉਸ ਸਭ ਤੋਂ ਕਾਫ਼ੀ ਦੂਰ ਹੈ ਜਿਸ ਨੇ ਉਨ੍ਹਾਂ ਨੂੰ ਇੰਨੀ ਜ਼ਿਆਦਾ ਪੀੜ ਦਿੱਤੀ। ਹੁਣ ਮੈਂ ਤੁਹਾਨੂੰ ਅੱਖਾਂ ਵਿੱਚ ਖੁਸ਼ੀ ਲਈ ਸਵਰਗ ਦੀਆਂ ਵਾਦੀਆਂ ਵਿੱਚ ਇੱਕ ਆਜ਼ਾਦ ਪਰਿੰਦੇ ਦੀ ਤਰ੍ਹਾਂ ਉੱਡਦੇ ਦੇਖਦਾ ਹਾਂ।"

ਤਸਵੀਰ ਸਰੋਤ, Getty Images

"ਮੈਂ ਪੁਨਰਜਨਮ ਵਿੱਚ ਯਕੀਨ ਨਹੀਂ ਕਰਦਾ ਪਰ ਮੈਂ ਵਾਕਈ ਇਸ 'ਤੇ ਭਰੋਸਾ ਕਰਨਾ ਚਾਹੁੰਦਾ ਹਾਂ ਕਿਉਂਕਿ ਅਸੀਂ ਫੈਨਜ਼ ਆਪਣੇ ਅਗਲੇ ਜਨਮ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੇਖਣਾ ਚਾਹਾਂਗੇ। ਇਸ ਵਾਰੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸੁਧਾਰ ਲਿਆਵਾਂਗੇ ਤਾਂਕਿ ਤੁਹਾਡੇ ਲਾਇਕ ਬਣ ਸਕੀਏ। ਸਾਨੂੰ ਇੱਕ ਹੋਰ ਮੌਕਾ ਦਿਓ ਸ਼੍ਰੀਦੇਵੀ ਕਿਉਂਕਿ ਅਸੀਂ ਸਾਰੇ ਤੁਹਾਨੂੰ ਸੱਚਾ ਪਿਆਰ ਕਰਦੇ ਹਾਂ।"

ਅਖੀਰ ਵਿੱਚ ਰਾਮ ਗੋਪਾਲ ਵਰਮਾ ਲਿਖਦੇ ਹਨ, "ਮੈਂ ਇਸੇ ਤਰ੍ਹਾਂ ਲਿਖਦਾ ਚਲਾ ਜਾ ਸਕਦਾ ਹਾਂ ਪਰ ਮੈਂ ਹੁਣ ਹੋਰ ਆਪਣੇ ਹੰਝੂ ਨਹੀਂ ਰੋਕ ਸਕਦਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)