Explainer: ਕਾਰਤੀ ਚਿਦੰਬਰਮ ਦੀ ਗ੍ਰਿਫ਼ਤਾਰੀ꞉ ਕੀ ਹੈ ਪੂਰਾ ਮਾਮਲਾ?

ਕਾਰਤੀ ਚਿੰਦਬਰਮ Image copyright KARTI P CHIDAMBARAM/FACEBOOK

ਕੇਂਦਰੀ ਜਾਂਚ ਏਜੰਸੀ ਨੇ ਸਾਬਕਾ ਗ੍ਰਹਿ ਤੇ ਵਿੱਤ ਮੰਤਰੀ ਪੀ ਚਿੰਦਬਰਮ ਦੇ ਬੇਟੇ ਕਾਰਤੀ ਚਿੰਦਬਰਮ ਨੂੰ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਇਹ ਗ੍ਰਿਫ਼ਤਾਰੀ ਉਨ੍ਹਾਂ ਦੇ ਲੰਡਨ ਤੋਂ ਚੇਨਈ ਵਾਪਸ ਆਉਂਦਿਆਂ ਹੀ ਕਰ ਲਈ ਗਈ। ਇਸ ਕੇਸ ਵਿੱਚ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਸੀਏ, ਐਸ ਭਾਸਕਰ ਰਮਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਲਜ਼ਾਮ ਕੀ ਹਨ?

ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਉਨ੍ਹਾਂ ਖਿਲਾਫ਼ ਪਿਛਲੇ ਸਾਲ ਮਈ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਸੀ।

ਇਸ ਵਿੱਚ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (Foreign Investment Promotion Board) ਨੇ ਕਾਨੂੰਨੀ ਤੌਰ 'ਤੇ ਮਨਜੂਰ ਸੀਮਾ ਤੋਂ ਵਧੇਰੇ ਵਿਦੇਸ਼ੀ ਨਿਵੇਸ਼ ਹਾਸਲ ਕਰਨ ਲਈ ਆਈਨੈਕਸ ਮੀਡੀਆ ਨੂੰ ਮਨਜੂਰੀ ਵਿੱਚ ਬੇਨਿਯਮੀਆਂ ਦਾ ਇਲਜ਼ਾਮ ਲਾਇਆ ਗਿਆ ਸੀ।

Image copyright RAVEENDRAN/AFP/GETTY IMAGES

ਇਹ ਮਾਮਲਾ ਆਈਨੈਕਸ ਮੀਡੀਆ ਵਿੱਚ 300 ਕਰੋੜ ਦੇ ਵਿਦੇਸ਼ੀ ਨਿਵੇਸ਼ ਦਾ ਸੀ। ਉਸ ਸਮੇਂ ਉਨ੍ਹਾਂ ਦੇ ਪਿਤਾ ਪੀ ਚਿੰਦਬਰਮ ਵਿੱਤ ਮੰਤਰੀ ਸਨ। ਈਡੀ ਮੁਤਾਬਕ ਕਾਰਤੀ ਚਿਦੰਬਰਮ ਉੱਤੇ ਵੱਢੀ ਲੈਣ ਦਾ ਇਲਜ਼ਾਮ ਲਾਇਆ ਗਿਆ ਸੀ।

ਆਈਨੈਕਸ ਮੀਡੀਆ ਵੱਲੋਂ ਕੀਤੇ ਗਏ ਕਥਿਤ ਗੈਰ-ਕਾਨੂੰਨੀ ਭੁਗਤਾਨਾਂ ਬਾਰੇ ਜਾਣਕਾਰੀ ਦੀ ਬੁਨਿਆਦ 'ਤੇ ਸੀਬੀਆਈ ਨੇ ਉਨ੍ਹਾਂ ਤੇ ਹੋਰਾਂ ਖਿਲ਼ਾਫ਼ ਕੇਸ ਦਰਜ ਕਰ ਲਿਆ ਸੀ।

ਸੀਬੀਆਈ ਨੇ ਪੀਟਰ ਅਤੇ ਇੰਦਰਾਣੀ ਮੁਖਰਜੀ ਦੀ ਮੀਡੀਆ ਕੰਪਨੀ ਤੋਂ ਟੈਕਸ ਜਾਂਚ ਨੂੰ ਖਾਰਿਜ ਕਰਨ ਲਈ ਕਥਿਤ ਤੌਰ 'ਤੇ ਪੈਸਾ ਲੈਣ ਦੇ ਸਿਲਸਿਲੇ ਵਿੱਚ ਚਾਰ ਸ਼ਹਿਰਾਂ ਵਿੱਚ ਚਿਦੰਬਰਮ ਦੇ ਘਰਾਂ ਤੇ ਦਫ਼ਤਰਾਂ 'ਤੇ ਛਾਪੇ ਮਾਰੇ ਗਏ ਹਨ।

ਇਸ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀ ਚਿਦੰਬਰਮ ਤੋਂ ਪੁੱਛਗਿੱਛ ਕਰ ਚੁੱਕੀ ਹੈ।

ਇਸ ਤੋਂ ਇਲਾਵਾ ਸਤੰਬਰ 2017 ਵਿੱਚ ਈਡੀ ਨੇ ਕਾਰਤੀ ਚਿਦੰਬਰਮ ਦੀਆਂ ਦਿੱਲੀ ਅਤੇ ਚੇਨਈ ਵਿੱਚ ਕਈ ਜਾਇਦਾਦਾਂ ਜ਼ਬਤ ਕੀਤੀਆਂ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ਦੌਰਾਨ ਈਡੀ ਨੂੰ ਪਤਾ ਲੱਗਿਆ ਸੀ ਕਿ 2ਜੀ ਘੋਟਾਲੇ ਨਾਲ ਜੁੜੇ ਏਅਰਸੈਲ-ਮੈਕਸਿਸ ਕੇਸ ਵਿੱਚ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਦੇ ਕਾਰਜਕਾਲ ਵਿੱਚ ਦਿੱਤੀ ਗਈ ਸੀ।

ਇਸ ਦੇ ਨਾਲ ਹੀ ਪੀ ਚਿੰਦਬਰਮ ਦੀ ਭਤੀਜੀ ਦੀ ਕੰਪਨੀ ਮੈਕਸਿਸ ਗਰੁੱਪ ਤੋਂ ਕਿੱਕਬੈਕ ਮਿਲਿਆ ਸੀ।

ਖ਼ਬਰਾਂ ਮੁਤਾਬਕ ਕੇਂਦਰੀ ਜਾਂਚ ਏਜੰਸੀ ਏਅਰਸੈਲ ਮੈਕਸਿਸ ਸੌਦੇ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਦੀ ਭੂਮਿਕਾ ਦੀ ਛਾਣਬੀਣ ਕਰ ਰਹੀ ਹੈ।

Image copyright TWITTER @KARTIPC

ਸਾਲ 2006 ਵਿੱਚ ਮਲੇਸ਼ੀਆ ਦੀ ਕੰਪਨੀ ਮੈਕਸਿਸ ਵੱਲੋਂ ਏਅਰਸੈਲ ਵਿੱਚ ਸੌ ਫ਼ੀਸਦੀ ਹਿੱਸੇਦਾਰੀ ਲੈਣ ਦੇ ਮਾਮਲੇ ਵਿੱਚ ਰਜ਼ਾਮੰਦੀ ਦੇਣ ਨੂੰ ਲੈ ਕੇ ਚਿੰਦਬਰਮ ਉੱਤੇ ਗੜਬੜੀਆਂ ਕਰਨ ਦਾ ਇਲਜ਼ਾਮ ਹੈ।

ਪੀ ਚਿੰਦਬਰਮ ਨੇ ਹਮੇਸ਼ਾ ਆਪਣੇ ਅਤੇ ਆਪਣੇ ਬੇਟੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਨ੍ਹਾਂ ਮੁਤਾਬਕ ਇਹ ਸਾਰਾ ਕੁਝ ਸਿਆਸੀ ਬਦਲਾਖੋਰੀ ਹੈ।

ਕਾਰਤੀ ਚਿੰਦਬਰਮ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਸੰਸਦ ਦਾ ਇਜਲਾਸ ਸ਼ੁਰੂ ਹੋਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਵਿਰੋਧੀ ਧਿਰ ਸਰਕਾਰ ਨੂੰ ਪੀਐਨਬੀ ਕਰਜ਼ ਧੋਖਾਧੜੀ ਦੇ ਮਾਮਲੇ ਵਿੱਚ ਵੱਡੇ ਪੱਧਰ 'ਤੇ ਘੇਰਨ ਦੀ ਤਿਆਰੀ ਵਿੱਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)