ਪੰਜਾਬ ਪੁਲਿਸ ਨੇ ਵਿੱਕੀ ਗੌਂਡਰ ਦੇ ਸਾਥੀ ਕਥਿਤ ਗੈਂਗਸਟਰ ਤੀਰਥ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ

ਤੀਰਥ ਸਿੰਘ Image copyright PAL SINGH NAULI/BBC

ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਵਿੱਕੀ ਗੌਂਡਰ ਦੇ ਸਾਥੀ ਤੀਰਥ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਤੀਰਥ ਸਿੰਘ ਨੂੰ ਪੰਜਾਬ ਦੀ ਖੰਨਾ ਪੁਲਿਸ ਨੇ ਚੰਡੀਗੜ੍ਹ-ਲੁਧਿਆਣਾ ਹਾਈਵੇ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਤੀਰਥ ਸਿੰਘ ਨੂੰ 'ਏ ਕੈਟੇਗਰੀ' ਦਾ ਗੈਂਗਸਟਰ ਮੰਨਿਆ ਜਾਂਦਾ ਹੈ।

ਐੱਸਐੱਸਪੀ ਖੰਨਾ ਨਵਜੋਤ ਸਿੰਘ ਮਾਹਲ ਨੇ ਬੀਬੀਸੀ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਤੀਰਥ ਸਿੰਘ 'ਤੇ 40 ਵੱਖ-ਵੱਖ ਮੁਜ਼ਮਰਾਨਾ ਕੇਸ ਦਰਜ ਹਨ।

ਐੱਸਐੱਸਪੀ ਖੰਨਾ ਨੇ ਦਾਅਵਾ ਕੀਤਾ , "ਤੀਰਥ ਸਿੰਘ ਦੀ ਰੌਕੀ ਗੈਂਗਸਟਰ, ਸੁੱਖਾ ਕਾਹਲਵਾਂ ਦੇ ਕਤਲ ਵਿੱਚ ਅਤੇ ਲੱਖਾ ਸਿਧਾਣਾ 'ਤੇ ਹਮਲੇ ਵਿੱਚ ਵੀ ਸ਼ਮੂਲੀਅਤ ਸੀ।"

ਪੁਲਿਸ ਮੁਤਾਬਕ ਗ੍ਰਿਫ਼ਤਾਰੀ ਵੇਲੇ ਇਸ ਕੋਲੋਂ ਇੱਕ ਪਿਸਤੌਲ ਬਰਾਮਦ ਹੋਇਆ ਹੈ ਅਤੇ ਤੀਰਥ ਸਿੰਘ ਦੀ ਗ੍ਰਿਫ਼ਤਾਰੀ ਨੂੰ ਪੁਲਿਸ ਵੱਡੀ ਕਾਮਯਾਬੀ ਮੰਨਦੀ ਹੈ।

Image copyright Getty Images
ਫੋਟੋ ਕੈਪਸ਼ਨ ਪੰਜਾਬ ਪੁਲਿਸ ਦੀ ਪੁਰਾਣੀ ਤਸਵੀਰ

ਪੰਜਾਬ ਪੁਲਿਸ ਨੇ ਬੀਤੀ 30 ਜਨਵਰੀ ਨੂੰ ਦਾਅਵਾ ਕੀਤਾ ਸੀ ਕਿ ਕਥਿਤ ਗੈਂਗਸਟਰ ਵਿੱਕੀ ਗੌਂਡਰ ਤੇ ਉਸਦੇ ਸਾਥੀ ਪ੍ਰੇਮਾ ਲਾਹੌਰੀਆ ਨੂੰ ਰਾਜਸਥਾਨ-ਪੰਜਾਬ ਦੀ ਸਰਹੱਦ 'ਤੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੈ।

27 ਨਵੰਬਰ 2016 ਨੂੰ ਵਿੱਕੀ ਗੌਡਰ ਨੇ ਫ਼ਿਲਮੀ ਅੰਦਾਜ਼ 'ਚ ਨਾਭਾ ਜੇਲ੍ਹ ਬਰੇਕ ਕਾਂਡ ਨੂੰ ਅੰਜਾਮ ਦਿੱਤਾ ਗਿਆ। ਕੁਝ ਹੀ ਮਿੰਟਾਂ ਵਿੱਚ ਜੇਲ੍ਹ 'ਚ ਬੰਦ ਚਾਰ 'ਬਦਮਾਸ਼' ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਅਤੇ ਉਸਦਾ ਸਾਥੀ ਫ਼ਰਾਰ ਹੋ ਗਏ।

ਕੌਣ ਹੈ ਵਿੱਕੀ ਗੌਂਡਰ?

  • ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਦਾ ਰਹਿਣ ਵਾਲਾ ਹੈ ਵਿੱਕੀ ਗੌਂਡਰ।
  • ਗੈਂਗਸਟਰ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਚਰਚਾ 'ਚ ਆਇਆ।
  • ਫਗਵਾੜਾ ਕੋਲ ਪੇਸ਼ੀ ਤੋਂ ਪਰਤ ਰਹੇ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨ ਕੇ ਲਾਸ਼ 'ਤੇ ਸਾਥੀਆਂ ਨਾਲ ਭੰਗੜਾ ਪਾਇਆ।
  • ਡਿਸਕਸ ਥਰੋਅ ਦਾ ਚੰਗਾ ਖਿਡਾਰੀ ਸੀ ਵਿੱਕੀ ਗੌਂਡਰ।
  • ਚੰਗੇ ਪ੍ਰਦਰਸ਼ਨ ਕਾਰਨ ਜਲੰਧਰ ਸਪੋਰਟਸ ਸਕੂਲ 'ਚ ਦਾਖਲਾ ਮਿਲਿਆ।ਇੱਥੇ ਹੀ ਸੁੱਖਾ ਕਾਹਲਵਾਂ ਨਾਲ ਦੋਸਤੀ ਪਈ।
  • ਸੁੱਖਾ ਕਾਹਲਵਾਂ ਦੇ ਕਤਲ ਤੋਂ ਕਈ ਮਹੀਨੇ ਬਾਅਦ ਜ਼ਿਲ੍ਹਾ ਤਨਤਾਰਨ ਦੇ ਪੱਟੀ ਤੋਂ ਫੜਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ