ਭਾਰਤ 'ਚ ਵਿਚਰਦੇ ਨਾਗਾਲੈਂਡ ਦੇ ਵਾਸੀਆਂ ਨੂੰ ਕਿਹੋ ਜਿਹੇ ਸਵਾਲ ਪੁੱਛੇ ਜਾਂਦੇ ਹਨ?

ਏਲੇ ਮਹਿਤਾ
ਫੋਟੋ ਕੈਪਸ਼ਨ ਏਲੇ ਨੇ ਭਾਰਤ ਦੇ ਕਈ ਹਿੱਸਿਆਂ 'ਚ ਕੰਮ ਕੀਤਾ ਹੈ।

ਭਾਰਤ ਦੇ ਉੱਤਰ ਪੂਰਬੀ ਸੂਬੇ ਨਾਗਾਲੈਂਡ ਵਿੱਚ ਮੰਗਲਵਾਰ ਨੂੰ ਚੋਣਾਂ ਤੋਂ ਬਾਅਦ ਉਸ ਦੇ ਨਤੀਜੇ ਵੀ ਆ ਗਏ। ਬੀਬੀਸੀ ਦੀ ਟੀਮ ਇਸ ਸੂਬੇ ਵਿੱਚ ਗਈ ਅਤੇ ਲੋਕਾਂ ਨੂੰ ਪੁੱਛਿਆ ਕਿ ਉਨ੍ਹਾਂ ਲਈ ਭਾਰਤੀ ਹੋਣ ਦਾ ਮਤਲਬ ਕੀ ਹੈ।

ਇਸ ਖੇਤਰ ਦੇ ਲੋਕਾਂ ਦੀਆਂ ਇਹੀ ਸ਼ਿਕਾਇਤਾਂ ਹਨ ਕਿ ਭਾਰਤ ਦੇ ਬਾਕੀ ਲੋਕਾਂ ਦੀ ਉਨ੍ਹਾਂ ਲਈ ਰੂੜੀਵਾਦੀ ਧਾਰਨਾ ਰਹਿੰਦੀ ਹੈ ਅਤੇ ਉਨ੍ਹਾਂ ਨਾਲ ਭੇਦਭਾਵ ਹੁੰਦਾ ਹੈ।

ਏਲੇ ਮਹਿਤਾ, 35

ਮੈਂ ਭਾਰਤ ਦੇ ਕਈ ਹਿੱਸਿਆਂ ਵਿੱਚ ਸਾਲਾਂ ਤੱਕ ਕੰਮ ਕੀਤਾ ਹੈ। ਜਦੋਂ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਮੈਂ ਨਾਗਾਲੈਂਡ ਤੋਂ ਹਾਂ ਤਾਂ ਉਹ ਪੁੱਛਦੇ ਸਨ, ਓਹ! ਤੂੰ ਤਾਂ ਕੁੱਤੇ ਵੀ ਖਾਂਦੀ ਹੋਵੇਗੀ, ਸੱਪ ਵੀ ਖਾਂਦੀ ਹੋਵੇਗੀ।

ਇਸ ਤੋਂ ਬਾਅਦ ਉਹ ਕਹਿੰਦੇ ਸਨ ਇਹ ਤਾਂ ਬਹੁਤ ਅਸੱਭਿਆ ਹੈ। ਉਹ ਪੁੱਛਦੇ ਸਨ, "ਤੂੰ ਸੂਰ ਕਿਵੇਂ ਖਾ ਸਕਦੀ ਏਂ? ਉਹ ਬਹੁਤ ਗੰਦੇ ਹੁੰਦੇ ਹਨ!''

ਮੈਂ ਇਸ ਚੀਜ਼ ਤੋਂ ਕਦੇ ਇਨਕਾਰ ਨਹੀਂ ਕੀਤਾ ਕਿ ਅਸੀਂ ਸੂਰ ਦਾ ਮਾਸ ਖਾਂਦੇ ਹਾਂ। ਸੂਰ ਦਾ ਮਾਸ ਸਵਾਦ ਹੁੰਦਾ ਹੈ!

ਮੈਨੂੰ ਅਹਿਸਾਸ ਹੋਇਆ ਕਿ ਇਹ ਕੇਵਲ ਅਗਿਆਨਤਾ ਦੀ ਵਜ੍ਹਾ ਕਾਰਨ ਸੀ। ਇਸ ਲਈ ਮੈਂ ਉਨ੍ਹਾਂ ਨੂੰ ਸਾਡੀ ਜ਼ਿੰਦਗੀ ਅਤੇ ਸੱਭਿਆਚਾਰ ਬਾਰੇ ਦੱਸਣਾ ਸ਼ੁਰੂ ਕੀਤਾ।

ਮੈਂ ਕਹਿੰਦੀ ਹਾਂ, "ਉਂਜ ਮੈਂ ਕੁੱਤਾ ਨਹੀਂ ਖਾਂਦੀ। ਖਾਣ ਤੋਂ ਜ਼ਿਆਦਾ ਮੈਂ ਉਨ੍ਹਾਂ ਨਾਲ ਪਿਆਰ ਕਰਦੀ ਹਾਂ।"

ਕੁਝ ਲੋਕ ਦੂਜਿਆਂ ਦੇ ਸੱਭਿਆਚਾਰ ਬਾਰੇ ਦਿਲਚਸਪੀ ਰੱਖਦੇ ਹਨ, ਉਹ ਤਜਰਬਾ ਕਰਨ ਲਈ ਤਿਆਰ ਰਹਿੰਦੇ ਹਨ। ਕੁਝ ਭਾਰਤੀ ਉੱਤਰ ਪੂਰਬੀ ਸੂਬੇ ਵੀ ਘੁੰਮਣ ਆਉਂਦੇ ਹਨ।

"ਮੈਂ ਆਪਣੇ ਬਾਰੇ ਵਿੱਚ ਅਜਿਹਾ ਕਦੇ ਨਹੀਂ ਸੋਚਿਆ ਕਿ ਮੈਂ ਭਾਰਤੀ ਨਹੀਂ ਹਾਂ। ਨਾਗਾਲੈਂਡ ਭਾਰਤ ਦੇ ਨਕਸ਼ੇ ਉੱਤੇ ਹੈ।"

"ਹਾਂ, ਮੈਂ ਨਾਗਾ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਭਾਰਤੀ ਨਹੀਂ ਹਾਂ ਜਾਂ ਭਾਰਤ ਦੇ ਕਿਸੇ ਹਿੱਸੇ ਵਿੱਚ ਰਹਿਣ ਵਾਲੇ ਨਾਗਰਿਕ ਤੋਂ ਘੱਟ ਭਾਰਤੀ ਹਾਂ।"

ਯਕੂਜਾ ਸੋਲੋ, 31

ਮੈਂ ਕੋਲਕਾਤਾ ਦੇ ਪੂਰਬੀ ਇਲਾਕੇ ਵਿੱਚ ਅੱਠ ਸਾਲ ਤੱਕ ਰਿਹਾ ਅਤੇ ਮੈਂ ਕਦੇ ਵੀ ਕਿਸੇ ਭੇਦਭਾਵ ਦਾ ਸਾਹਮਣਾ ਨਹੀਂ ਕੀਤਾ।

ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਸਨ ਕਿ ਮੈਂ ਕੁਝ ਮਾਮਲਿਆਂ 'ਤੇ ਉਨ੍ਹਾਂ ਤੋਂ ਵੱਖ ਹਾਂ। ਅਤੇ ਉਹ ਵੀ ਕੁਝ ਮਾਮਲਿਆਂ ਵਿੱਚ ਮੇਰੇ ਤੋਂ ਅੱਡਰੇ ਹਨ।

ਸ਼ਿਏ ਯੰਗ, 74

ਮੈਂ ਇੱਕ ਕਿਸਾਨ ਹਾਂ ਅਤੇ ਮੇਰੇ ਛੇ ਬੱਚੇ ਹਨ। ਮੈਂ ਨਾਗਾਲੈਂਡ ਤੋਂ ਬਾਹਰ ਕਦੇ ਨਹੀਂ ਗਿਆ।

ਮੇਰਾ ਪਰਿਵਾਰ ਅਤੇ ਮੈਂ ਹਮੇਸ਼ਾ ਨਾਗਾਲੈਂਡ ਵਿੱਚ ਰਹੇ। ਨਾਗਾਲੈਂਡ ਤੋਂ ਬਾਹਰ ਮੈਂ ਭਾਰਤ ਬਾਰੇ ਕੁਝ ਵੀ ਨਹੀਂ ਜਾਣਦਾ। ਮੈਂ ਆਪਣੇ ਬੱਚਿਆਂ ਨੂੰ ਨਾਗਾਲੈਂਡ ਤੋਂ ਬਾਹਰ ਨਹੀਂ ਭੇਜਣਾ ਚਾਹੁੰਦਾ ਕਿਉਂਕਿ ਮੈਨੂੰ ਡਰ ਹੈ ਕਿ ਉਨ੍ਹਾਂ ਦੇ ਨਾਲ ਉੱਥੇ ਬੂਰਾ ਸਲੂਕ ਹੋ ਸਕਦਾ ਹੈ।

ਮੇਰੀ ਭਾਰਤੀ ਅਤੇ ਨਾਗਾ ਪਛਾਣ ਵਿੱਚ ਕੁਝ ਵੀ ਵੱਖ ਨਹੀਂ ਹੈ। ਮੈਂ ਆਪਣੀ ਜ਼ਿੰਦਗੀ ਤੋਂ ਖ਼ੁਸ਼ ਹਾਂ ਅਤੇ ਹੁਣ ਮੈਂ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ ਜਦੋਂ ਮੇਰੀ ਮੌਤ ਹੋਵੇਗੀ।

ਸ਼ਿਏ ਰਿਚਾ, 30

ਮੈਂ ਦੱਖਣੀ ਭਾਰਤ ਵਿੱਚ ਕਰਨਾਟਕ ਦੇ ਇੱਕ ਮੈਡੀਕਲ ਸਕੂਲ ਵਿੱਚ ਮੈਂ ਪੜਾਈ ਕੀਤੀ ਅਤੇ ਮੈਂ ਛੇ-ਸੱਤ ਸਾਲਾਂ ਤੱਕ ਉੱਥੇ ਰਿਹਾ। ਮੈਂ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਵੀ ਗਿਆ ਹਾਂ।

ਭਾਰਤੀ ਹੋਣ ਦੇ ਨਾਤੇ ਜਦੋਂ ਮੈਂ ਦੇਸ ਤੋਂ ਬਾਹਰ ਜਾਂਦਾ ਹਾਂ ਤਾਂ ਇਹ ਮੇਰੀ ਕੌਮੀਅਤ ਹੈ, ਮੇਰੀ ਪਛਾਣ ਹੈ। ਨਾਗਾ ਹੋਣ ਦੇ ਨਾਤੇ ਇਹ ਮੇਰਾ ਖ਼ੂਨ ਹੈ, ਖ਼ਾਨਦਾਨ ਹੈ ਅਤੇ ਇਹ ਵੀ ਮੇਰੀ ਪਛਾਣ ਹੈ।

ਮੈਂ ਦੇਸ ਦੇ ਬਾਕੀ ਹਿੱਸਿਆਂ ਵਿੱਚ ਕਦੇ ਵੀ ਵੱਖ ਮਹਿਸੂਸ ਨਹੀਂ ਕੀਤਾ। ਪਰ ਮੈਨੂੰ ਉਸ ਵੇਲੇ ਦੁੱਖ ਹੁੰਦਾ ਹੈ ਜਦੋਂ ਮੈਂ ਆਪਣੇ ਲੋਕਾਂ ਨਾਲ ਭੇਦਭਾਵ ਦੀਆਂ ਕਹਾਣੀਆਂ ਸੁਣਦਾ ਹਾਂ।

ਬੈਂਗਲੁਰੂ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਮੇਰੇ ਬਹੁਤ ਸਾਰੇ ਦੋਸਤ ਹਨ ਅਤੇ ਅਸੀਂ ਅਕਸਰ ਇੱਕ-ਦੂਜੇ ਨਾਲ ਮਿਲਦੇ ਰਹਿੰਦੇ ਹਾਂ।

ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਜੋ ਸਾਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਮਝ ਦੀ ਕਮੀ ਦੇ ਕਾਰਨ ਹੈ।

ਅਸੀਂ ਵੱਖ ਦਿਸਦੇ ਹਾਂ। ਜ਼ਿਆਦਾਤਰ ਲੋਕ ਨਾਗਾਲੈਂਡ ਜਾਂ ਇਸ ਦੇ ਸੱਭਿਆਚਾਰ ਨੂੰ ਨਹੀਂ ਸਮਝਦੇ। ਸਕੂਲ ਦੀਆਂ ਕਿਤਾਬਾਂ ਵੀ ਦੇਸ ਦੇ ਇਸ ਹਿੱਸੇ ਦੇ ਬਾਰੇ ਵਿੱਚ ਕੁਝ ਨਹੀਂ ਦੱਸਦੀਆਂ।

ਅਖੁਈ, 80

ਮੈਂ ਮਿਰਚ, ਸੰਤਰੇ, ਫਲੀਆਂ ਅਤੇ ਕੇਲੇ ਵੇਚਦੀ ਹਾਂ। ਮੈਂ ਆਪਣੀ ਜ਼ਿੰਦਗੀ ਤੋਂ ਖ਼ੁਸ਼ ਹਾਂ। ਮੇਰੀ 100 ਸਾਲ ਦੀ ਉਮਰ ਪੂਰੀ ਹੋਣ ਵਿੱਚ ਸਿਰਫ਼ 20 ਸਾਲ ਬਚੇ ਹਨ।

ਤੁਸੀਂ ਜਦੋਂ ਵੀ ਕਦੇ ਨਾਗਾਲੈਂਡ ਆਓਗੇ, ਮੈਂ ਤੁਹਾਨੂੰ ਇਸੇ ਥਾਂ 'ਤੇ ਮਿਲਾਂਗੀ। ਮੈਂ ਨਾਗਾਲੈਂਡ ਤੋਂ ਬਾਹਰ ਕਦੇ ਨਹੀਂ ਗਈ। ਅਸਲ ਵਿੱਚ ਮੈਂ ਆਪਣੇ ਪਿੰਡ ਫੋਮਚਿੰਗ ਤੋਂ ਬਾਹਰ ਕਦੇ ਨਹੀਂ ਗਈ। ਮੇਰੇ ਪਿੰਡ ਵਿੱਚ ਸਾਰੇ ਅਨਪੜ੍ਹ ਹਨ।

ਮੈਂ ਇੱਥੇ ਇਸ ਲਈ ਰਹਿੰਦੀ ਹਾਂ ਕਿਉਂਕਿ ਮੈਂ ਇੱਥੇ ਖ਼ੁਸ਼ ਹਾਂ। ਮੈਂ ਇੱਥੋਂ ਬਾਹਰ ਨਹੀਂ ਜਾਣਾ ਚਾਹੁੰਦੀ। ਮੈਂ ਬਾਕੀ ਭਾਰਤ ਬਾਰੇ ਕੁਝ ਵੀ ਨਹੀਂ ਜਾਣਦੀ।

ਮੈਂ ਸਿਰਫ਼ ਨਾਗਾ ਲੋਕਾਂ ਨੂੰ ਹੀ ਜਾਣਦੀ ਹਾਂ। ਭਾਰਤੀ ਹੋਣ ਦਾ ਕੀ ਮਤਲਬ ਹੈ, ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਦੀ। ਮੈਂ ਆਪਣੇ ਸਧਾਰਨ ਜੀਵਨ ਤੋਂ ਖ਼ੁਸ਼ ਹਾਂ।

ਏਫਾਨ, 80

ਮੈਂ ਭਾਰਤ ਬਾਰੇ ਕੁਝ ਵੀ ਨਹੀਂ ਜਾਣਦਾ ਹਾਂ। ਮੇਰੇ ਪਰਿਵਾਰ ਦਾ ਕੋਈ ਵੀ ਵਿਅਕਤੀ ਨਾਗਾਲੈਂਡ ਤੋਂ ਬਾਹਰ ਨਹੀਂ ਗਿਆ। ਮੈਂ ਆਪਣੇ ਬੱਚਿਆਂ ਨੂੰ ਨਾਗਾਲੈਂਡ ਤੋਂ ਬਾਹਰ ਨਹੀਂ ਭੇਜਣਾ ਚਾਹੁੰਦਾ ਹਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਮਰਾਂ ਤਾਂ ਉਹ ਇੱਥੇ ਰਹਿਣ। ਉਹ ਸ਼ਹਿਰ ਤੋਂ ਬਾਹਰ ਗਏ ਤਾਂ ਉਹ ਸਮੇਂ ਸਿਰ ਨਹੀਂ ਆਉਣਗੇ।

ਭਾਰਤ, ਨਾਗਾਲੈਂਡ, ਬਰਮਾ ਸਭ ਬਰਾਬਰ ਹਨ। (ਏਫਾਨ ਲੁੰਗਵਾ ਪਿੰਡ ਵਿੱਚ ਰਹਿੰਦੇ ਹਨ ਜਿਸ ਦੀ ਹੱਦ ਬਰਮਾ ਨਾਲ ਲਗਦੀ ਹੈ।

ਇਹ ਟੈਟੂ ਮੈਂ ਕਈ ਸਾਲ ਪਹਿਲਾਂ ਬਣਵਾਇਆ ਸੀ ਜਦੋਂ ਮੇਰੇ ਭਾਈਚਾਰੇ ਨੇ ਲੜਾਈ ਜਿੱਤੀ ਸੀ।

ਮੇਰਾ ਇੱਕ ਸੁਖੀ ਜੀਵਨ ਰਿਹਾ ਹੈ। ਮੈਂ ਖਾਂਦਾ ਹਾਂ, ਪੀਂਦਾ ਹਾਂ, ਸੰਗੀਤ ਸੁਣਦਾ ਹਾਂ, ਗਾਉਂਦਾ ਹਾਂ ਅਤੇ ਜਵਾਨੀ ਦੇ ਦਿਨਾਂ ਵਿੱਚ ਮੈਂ ਔਰਤਾਂ ਦੇ ਸੁਫ਼ਨੇ ਵੇਖਦਾ ਹੁੰਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)