ਕਾਮਨਵੈਲਥ ਖੇਡਾਂ: 10 ਮੀਟਰ ਏਅਰ ਪਿਸਟਲ ਵਿੱਚ ਭਾਰਤ ਨੇ ਜਿੱਤਿਆ ਗੋਲਡ ਅਤੇ ਕਾਂਸਾ

ਮੇਹੁਲੀ

17 ਸਾਲ ਦੀ ਸ਼ੂਟਰ ਮੇਹੁਲੀ ਗੋਸ਼ ਨੇ 10 ਮੀਟਰ ਵਰਗ ਏਅਰ ਰਾਈਫਲ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਇਸੇ ਮੁਕਾਬਲੇ ਵਿੱਚ ਅਪੂਰਵੀ ਚੰਦੇਲਾ ਨੇ ਬ੍ਰੌਂਜ਼ ਮੈਡਲ ਜਿੱਤਿਆ ਹੈ।

ਕਾਮਨਵੈਲਥ ਖੇਡਾਂ ਵਿੱਚ ਜੀਤੂ ਰਾਏ ਨੇ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉਸੇ ਮੁਕਾਬਲੇ ਵਿੱਚ ਓਮ ਮਿਥਰਾਵਾਲ ਨੇ ਬ੍ਰੌਂਜ਼ ਮੈਡਲ ਜਿੱਤਿਆ ਹੈ।

ਇਸ ਤੋਂ ਇਲਾਵਾ ਵੇਟਲਿਫਟਿੰਗ ਦੇ 105 ਕਿਲੋਗ੍ਰਾਮ ਵਰਗ ਵਿੱਚ ਪ੍ਰਦੀਪ ਨੇ ਸਿਲਵਰ ਮੈਡਲ ਜਿੱਤਿਆ ਹੈ। ਇਸ ਦੇ ਨਾਲ ਹੀ ਕਾਮਨਵੈਲਥ ਖੇਡਾਂ ਵਿੱਚ ਮੈਡਲਾਂ ਦੀ ਗਿਣਤੀ 15 ਹੋ ਗਈ ਹੈ।

ਭਾਰਤ ਨੂੰ ਟੇਬਲ ਟੈਨਿਸ, ਨਿਸ਼ਾਨੇਬਾਜ਼ੀ ਅਤੇ ਭਾਰ ਚੁੱਕਣ ਵਿੱਚ ਮੈਡਲ ਜਿੱਤੇ ਹਨ।

ਮਹਿਲਾ ਟੇਬਲ ਟੈਨਿਸ ਦੇ ਟੀਮ ਈਵੈਂਟ ਵਿੱਚ ਭਾਰਤ ਨੇ ਸੋਨ ਤਗਮਾ ਹਾਸਲ ਕੀਤਾ ਹੈ। ਭਾਰਤੀ ਟੀਮ ਨੇ ਸਿੰਗਾਪੁਰ ਨੂੰ 3-1 ਨਾਲ ਹਰਾਇਆ।

ਭਾਰਤ ਵੱਲੋਂ ਮਾਨਿਕਾ ਬਤਰਾ ਨੇ ਪਹਿਲਾ ਮੈਚ ਜਿੱਤ ਕੇ ਟੀਮ ਨੂੰ ਸਿੰਗਾਪੁਰ ਤੋਂ ਅੱਗੇ ਕੀਤਾ। ਮਧੂਰਿਕਾ ਪਾਟਕਰ ਦੂਜੇ ਸਿੰਗਲ ਵਿੱਚ ਆਪਣਾ ਮੈਚ ਹਾਰ ਗਏ।

ਫੇਰ ਮੌਮਾ ਦਾਸ ਅਤੇ ਮਧੂਰਿਕਾ ਪਾਟਕਰ ਦੀ ਜੋੜੀ ਨੇ ਡਬਲਜ਼ ਦਾ ਮੁਕਾਬਲਾ ਜਿੱਤ ਲਿਆ। ਇਸ ਮਗਰੋਂ ਰਿਵਰਸ ਸਿੰਗਲ ਇੱਕ ਵਾਰ ਫੇਰ ਮਾਨਿਕਾ ਬਤਰਾ ਨੇ ਜਿੱਤ ਲਿਆ।

16 ਸਾਲਾ ਮਨੂੰ ਭਾਕਰ ਨੇ ਕਾਮਨਵੈਲਥ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਲਿਆ ਹੈ। ਇਹ ਗੋਲਡ ਉਨ੍ਹਾਂ ਨੇ 10 ਮੀਟਰ ਪਿਸਟਲ ਮੁਕਾਬਲੇ ਵਿੱਚ ਜਿੱਤਿਆ ਹੈ।

ਇਸੇ ਮੁਕਾਬਲੇ ਵਿੱਚ ਭਾਰਤ ਦੀ ਹਿਨਾ ਸਿੱਧੂ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਹੈ।

ਪੂਨਮ ਨੇ ਵੀ ਜਿੱਤਿਆ ਗੋਲਡ

ਇਸ ਤੋਂ ਪਹਿਲਾਂ ਵੇਟਲਿਫਟਿੰਗ ਵਿੱਚ ਪੂਨਮ ਯਾਦਵ ਨੇ ਔਰਤਾਂ ਦੇ 69 ਕਿਲੋਗ੍ਰਾਮ ਵਰਗ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਿਆ।

ਪੂਨਮ ਯਾਦਵ ਨੇ ਸਨੈਚ ਵਿੱ ਪਹਿਲੀ ਕੋਸ਼ਿਸ਼ ਵਿੱਚ 95 ਕਿਲੋਗ੍ਰਾਮ, ਦੂਜੀ ਵਿੱਚ 98 ਕਿਲੋਗ੍ਰਾਮ ਅਤੇ ਤੀਜੀ ਕੋਸ਼ਿਸ਼ ਵਿੱਚ 100 ਕਿਲੋ ਵਜ਼ਨ ਚੁੱਕਿਆ।

ਕਲੀਨ ਐਂਡ ਜਰਕ ਵਿੱਚ ਉਨ੍ਹਾਂ ਨੇ 122 ਕਿਲੋ ਵਜ਼ਨ ਚੁੱਕਿਆ। ਇਸ ਤਰ੍ਹਾਂ ਕੁੱਲ 222 ਕਿਲੋ ਵਜ਼ਨ ਚੁੱਕ ਕੇ ਉਨ੍ਹਾਂ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ।

ਵਿਕਾਸ ਨੂੰ ਬ੍ਰਾਂਜ਼ ਮੈਡਲ

ਮਰਦਾਂ ਦੇ 94 ਕਿਲੋਗ੍ਰਾਮ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਰਤ ਦੇ ਵਿਕਾਸ ਠਾਕੁਰ ਨੇ ਕਾਂਸੀ ਦਾ ਮੈਡਲ ਜਿੱਤਿਆ। ਪਪੂਆ ਨਿਊ ਗਿਨੀ ਦੇ ਸਟੀਵਨ ਕਾਰੀ ਨੇ ਸਨੈਚ ਅਤੇ ਕਲੀਨ ਜਰਕ ਮਿਲਾ ਕੇ 370 ਕਿਲੋ ਵਜ਼ਨ ਚੁੱਕ ਕੇ ਗੋਲਡ ਮੈਡਲ ਜਿੱਤਿਆ।

ਵਿਕਾਸ ਨੇ 216 ਕਿਲੋਗ੍ਰਾਮ ਦਾ ਭਾਰ ਚੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਪਟਨੌਨ ਵਿੱਚ ਜਨਮੇ ਵਿਕਾਸ ਨੇ 24 ਸਾਲ ਦੀ ਉਮਰ ਵਿੱਚ ਇਹ ਜਿੱਤ ਹਾਸਿਲ ਕੀਤੀ।

ਇਸ ਤੋਂ ਪਹਿਲਾਂ ਮੈਕਸੀਕੋ ਵਿੱਚ ਵੀ ਕੌਮਾਂਤਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਦੇ ਮੁਕਾਬਲਿਆਂ ਵਿੱਚ ਮਨੂੰ ਭਾਕਰ ਨੇ ਭਾਰਤ ਲਈ ਦੋ ਸੋਨ ਤਗਮੇ ਜਿੱਤੇ ਸਨ।

ਉਸ ਵੇਲੇ ਬੀਬੀਸੀ ਪੱਤਰਕਾਰ ਸਰੋਜ ਸਿੰਘ ਉਨ੍ਹਾਂ ਦੇ ਪਿਤਾ ਕਿਸ਼ਨ ਭਾਕਰ ਨਾਲ ਗੱਲਬਾਤੀ ਕੀਤੀ ਸੀ।

"ਜਦੋਂ ਤੱਕ ਮਨੂੰ ਭਾਕਰ 18 ਸਾਲਾਂ ਦੀ ਹੋਵੇਗੀ, ਉਸ ਸਮੇਂ ਤੱਕ ਤਾਂ ਮੇਰੀ ਨੌਕਰੀ ਗਈ ਸਮਝੋ..."

ਮੈਕਸੀਕੋ ਵਿੱਚ ਕੌਮਾਂਤਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਵਿੱਚ ਭਾਰਤ ਲਈ ਦੋ ਸੋਨ ਤਗਮੇ ਜਿੱਤਣ ਵਾਲੀ ਮਨੂੰ ਭਾਕਰ ਦੇ ਪਿਤਾ, ਕਿਸ਼ਨ ਭਾਕਰ ਇਹ ਕਹਿ ਕੇ ਹੱਸ ਪਏ।

ਉਹ ਕਹਿੰਦੇ ਹਨ, "ਮੈਂ ਪੇਸ਼ੇ ਤੋਂ ਮੈਰੀਨ ਇੰਜੀਨੀਅਰ ਹਾਂ ਪਰ ਪਿਛਲੇ ਦੋ ਸਾਲਾਂ ਵਿੱਚ ਤਿੰਨ ਮਹੀਨਿਆਂ ਲਈ ਹੀ ਸ਼ਿਪ 'ਤੇ ਗਿਆ ਹਾਂ।"

ਉਨ੍ਹਾਂ ਦੇ ਹਾਸੇ ਵਿੱਚ ਸੰਤੁਸ਼ਟੀ ਅਤੇ ਫਖ਼ਰ ਦੀ ਟੁਣਕਾਰ ਸੀ।

ਸਭ ਤੋਂ ਘੱਟ ਉਮਰ ਦੀ ਮਹਿਲਾ ਖਿਡਾਰਨ

ਮਨੂੰ ਨੇ ਪਹਿਲਾ ਸੋਨ ਤਗਮਾ 10 ਮੀਟਰ ਏਅਰ ਪਿਸਟਲ (ਮਹਿਲਾ) ਕੈਟੇਗਰੀ ਵਿੱਚ ਜਿੱਤਿਆ ਸੀ ਤੇ ਦੂਜਾ 10 ਮੀਟਰ ਏਅਰ ਪਿਸਟਲ (ਮਿਕਸਡ ਈਵੈਂਟ)ਵਿੱਚ ਜਿੱਤਿਆ ਸੀ।

ਇੱਕ ਦਿਨ ਵਿੱਚ ਸ਼ੂਟਿੰਗ ਵਿੱਚ ਦੋ ਸੋਨ ਤਗਮੇ ਜਿੱਤਣ ਵਾਲੀ 16 ਸਾਲਾ ਮਨੂੰ ਅਜਿਹਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਮਹਿਲਾ ਖਿਡਾਰਨ ਹੈ। ਇਹ ਇੱਕ ਨਵਾਂ ਰਿਕਾਰਡ ਹੈ।

ਰਾਮ ਕਿਸ਼ਨ ਭਾਕਰ ਨੇ ਬੀਬੀਸੀ ਨੂੰ ਨੌਕਰੀ ਗਵਾਉਣ ਦਾ ਕਾਰਨ ਵੀ ਦੱਸਿਆ।

ਉਨ੍ਹਾਂ ਨੇ ਦੱਸਿਆ ਕਿ ਕਈ ਖੇਡਾਂ ਵਿੱਚ ਹੱਥ ਅਜਮਾਉਣ ਤੋਂ ਮਗਰੋਂ ਮਨੂੰ ਨੇ ਨਿਸ਼ਾਨੇਬਾਜ਼ੀ ਕਰਨਾ ਚੁਣਿਆ।

ਲਾਈਸੈਂਸੀ ਪਿਸਟਲ ਨਾਲ

ਪਹਿਲੀ ਵਾਰੀ ਸਕੂਲ ਵਿੱਚ ਉਸਨੇ ਆਪਣੇ ਸਟੀਕ ਨਿਸ਼ਾਨੇ ਨਾਲ ਅਧਿਆਪਕਾਂ ਨੂੰ ਵੀ ਹੈਰਾਨ ਕਰ ਦਿੱਤਾ।

ਫਿਰ ਕੁਝ ਅਭਿਆਸ ਨਾਲ ਮੁਕਾਬਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਦਿੱਕਤ ਇਹ ਸੀ ਕਿ ਨਾਬਾਲਗ ਹੋਣ ਕਾਰਨ ਨਾ ਤਾਂ ਲਾਈਸੈਂਸੀ ਪਿਸਤੌਲ ਨਾਲ ਪਬਲਿਕ ਟਰਾਂਸਪੋਰਟ ਵਿੱਚ ਸਫ਼ਰ ਕਰ ਸਕਦੀ ਸੀ ਤੇ ਨਾ ਹੀ ਆਪ ਗੱਡੀ ਚਲਾ ਸਕਦੀ ਸੀ।

ਇਸ ਗੱਲ ਦਾ ਤੋੜ ਰਾਮ ਕਿਸ਼ਨ ਭਾਕਰ ਨੇ ਇਹ ਕੱਢਿਆ ਕਿ ਉਨ੍ਹਾਂ ਨੇ ਧੀ ਦੇ ਸੁਫਨਿਆਂ ਲਈ ਨੌਕਰੀ ਛੱਡ ਦਿੱਤੀ।

ਪਿਛਲੇ ਡੇਢ ਸਾਲ ਤੋਂ ਉਹ ਮਨੂੰ ਨਾਲ ਹਰ ਮੁਕਾਬਲੇ ਵਿੱਚ ਨਾਲ ਜਾ ਰਹੇ ਹਨ।

ਰਾਮ ਕਿਸ਼ਨ ਭਾਕਰ ਦੱਸਦੇ ਹਨ," ਸ਼ੂਟਿੰਗ ਇੱਕ ਮਹਿੰਗੀ ਖੇਡ ਹੈ। ਇੱਕ-ਇੱਕ ਪਿਸਟਲ ਦੋ-ਦੋ ਲੱਖ ਦੀ ਆਉਂਦੀ ਹੈ। ਹੁਣ ਤੱਕ ਤਿੰਨ ਪਿਸਟਲ ਖਰੀਦ ਚੁੱਕੇ ਹਾਂ। ਸਾਲ ਵਿੱਚ ਤਕਰੀਬਨ 10 ਲੱਖ ਤਾਂ ਅਸੀਂ ਮਨੂੰ ਦੀ ਖੇਡ 'ਤੇ ਖਰਚ ਕਰਦੇ ਹਾਂ।"

ਮਨੂੰ ਦਾ ਪਰਿਵਾਰ

ਮਨੂੰ ਦੇ ਮਾਤਾ ਸਕੂਲ ਵਿੱਚ ਪੜ੍ਹਾਉਂਦੇ ਹਨ। ਪਰਿਵਾਰ ਚਲਾਉਣ ਵਿੱਚ ਉਨ੍ਹਾਂ ਦਾ ਕੁਝ ਸਾਥ ਮਿਲ ਜਾਂਦਾ ਹੈ।

ਮਨੂੰ ਦਾ ਵੱਡਾ ਭਰਾ ਆਈਆਈਟੀ ਦੀ ਤਿਆਰੀ ਕਰ ਰਿਹਾ ਹੈ। ਉਹ ਹਰਿਆਣੇ ਦੇ ਝੱਜਰ ਜ਼ਿਲ੍ਹੇ ਦੀ ਵਸਨੀਕ ਹੈ।

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮਨੂੰ ਨੇ ਜਿਸ ਪਿਸਟਲ ਨਾਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ, ਉਸਦੇ ਲਾਈਸੈਂਸ ਲਈ ਉਸਨੂੰ ਢਾਈ ਮਹੀਨੇ ਇੰਤਜ਼ਾਰ ਕਰਨਾ ਪਿਆ ਸੀ।

ਵਿਦੇਸ਼ੀ ਪਿਸਟਲ

ਆਮ ਤੌਰ 'ਤੇ ਖਿਡਾਰੀਆਂ ਨੂੰ ਇਹੀ ਲਾਈਸੈਂਸ ਇੱਕ ਹਫ਼ਤੇ ਵਿੱਚ ਮਿਲ ਜਾਂਦਾ ਹੈ। ਮਾਮਲਾ ਇਹ ਹੋਇਆ ਕਿ ਅਰਜੀ ਵਿੱਚ ਗਲਤੀ ਨਾਲ ਸੈਲਫ ਡਿਫੈਂਸ ਲਿਖ ਦਿੱਤਾ ਗਿਆ ਸੀ।

ਜਾਂਚ ਮਗਰੋਂ ਸੱਤਾਂ ਦਿਨਾਂ ਵਿੱਚ ਹੀ ਲਾਈਸੈਂਸ ਮਿਲ ਗਿਆ।

ਡਾਰਟਰ ਬਣਨ ਦਾ ਸੁਫ਼ਨਾ

ਮਨੂੰ ਸਿਰਫ ਖੇਡਾਂ ਵਿੱਚ ਹੀ ਮੋਹਰੀ ਨਹੀਂ ਬਲਕਿ ਉਸਦੀ ਪੜ੍ਹਾਈ ਵਿੱਚ ਵੀ ਪੂਰੀ ਦਿਲਚਸਪੀ ਹੈ। ਉਹ ਫਿਲਹਾਲ ਯੂਨੀਵਰਸਲ ਸਕੂਲ ਵਿੱਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ।

ਕਦੇ ਮਨੂੰ ਡਾਕਟਰ ਬਣਨਾ ਚਾਹੁੰਦੀ ਸੀ। ਦੋ ਸੋਨ ਤਗਮੇ ਜਿੱਤਣ ਮਗਰੋਂ ਮਨੂੰ ਨੂੰ ਅਹਿਸਾਸ ਹੋਇਆ ਕਿ ਖੇਡਾਂ ਤੇ ਪੜ੍ਹਾਈ ਇਕੱਠੇ ਨਹੀਂ ਚੱਲ ਸਕਦੇ।

ਆਲ ਰਾਊਂਡਰ

ਮਨੂੰ ਦੇ ਸਕੂਲੀ ਸਾਥੀ ਉਨ੍ਹਾਂ ਨੂੰ ਆਲਰਾਊਂਡਰ ਕਹਿੰਦੇ ਹਨ।

ਇਹ ਇਸ ਲਈ ਹੈ ਕਿਉਂਕਿ ਮਨੂੰ ਨੇ ਬਾਕਸਿੰਗ, ਅਥਲੈਟਿਕਸ, ਸਕੇਟਿੰਗ, ਜੂਡੋ-ਕਰਾਟੇ ਵਰਗੇ ਸਾਰੇ ਖੇਡਾਂ ਵਿੱਚ ਹੱਥ ਅਜਮਾਇਆ ਹੋਇਆ ਹੈ।

ਇਸੇ ਕਰਕੇ ਜਦੋਂ ਮਨੂੰ ਨੇ ਪਿਸਟਲ ਖਰੀਦਣ ਦੀ ਗੱਲ ਕੀਤੀ ਤਾਂ ਪਿਤਾ ਨੇ ਪੁੱਛਿਆ- ਘੱਟੋ-ਘੱਟ ਦੋ ਸਾਲਾਂ ਤੱਕ ਤਾਂ ਇਹ ਖੇਡੇਗੀ।

ਕੋਈ ਠੋਸ ਭਰੋਸਾ ਨਾ ਮਿਲਣ ਦੇ ਬਾਵਜੂਦ ਪਿਤਾ ਨੇ ਪਿਸਟਲ ਖਰੀਦ ਕੇ ਲੈ ਦਿੱਤਾ।

ਉਸ ਪਲ ਨੂੰ ਯਾਦ ਕਰਕੇ ਰਾਮ ਕਿਸ਼ਨ ਭਾਕਰ ਨੇ ਭਾਵੁਕਤਾ ਨਾਲ ਦੱਸਿਆ, ਇਸ ਸਾਲ 24 ਅਪ੍ਰੈਲ ਨੂੰ ਮਨੂੰ ਨੂੰ ਸ਼ੂਟਿੰਗ ਦੀ ਬਤੌਰ ਖੇਡ ਪ੍ਰੈਕਟਿਸ ਕਰਦੀ ਨੂੰ ਦੋ ਸਾਲ ਹੋ ਜਾਣਗੇ। ਉਸ ਤੋਂ ਪਹਿਲਾਂ ਹੀ ਬੇਟੀ ਨੇ ਐਨਾ ਨਾਮਣਾ ਕਰ ਦਿੱਤਾ ਹੈ ਕਿ ਮੈਨੂੰ ਮੇਰੇ ਸਵਾਲ ਦਾ ਜਵਾਬ ਵੀ ਮਿਲ ਗਿਆ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)