#Women'sDay: ਬੀਤੇ ਇੱਕ ਸਾਲ 'ਚ ਕਿੰਨੀ ਬਦਲੀ ਵਰਣਿਕਾ ਕੁੰਡੂ ਦੀ ਜ਼ਿੰਦਗੀ ?

ਵਰਣਿਕਾ ਕੁੰਡੂ Image copyright varnika kundu/facebook

ਵਾਲਾਂ ਦੇ ਸਟਾਈਲ 'ਤੇ ਉਨ੍ਹਾਂ ਦੇ ਰੰਗ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਵਰਣਿਕਾ ਕੁੰਡੂ ਦਾ ਫੈਸ਼ਨ ਸਟੇਟਮੈਂਟ ਕਿੰਨਾ ਬੋਲਡ ਹੈ।

ਸਿਰਫ਼ ਫੈਸ਼ਨ ਸਟੇਟਮੈਂਟ ਹੀ ਨਹੀਂ, ਵਰਣਿਕਾ ਖੁਦ ਵੀ ਕਾਫ਼ੀ ਬੋਲਡ ਹਨ। ਤੁਹਾਨੂੰ ਵਰਣਿਕਾ ਕੁੰਡ਼ੂ ਯਾਦ ਹੈ ਨਾ?

ਉਹੀ ਵਰਣਿਕਾ ਕੁੰਡੂ, ਜਿਨ੍ਹਾਂ ਦੀ ਗੱਡੀ ਦਾ ਪਿਛਲੇ ਸਾਲ ਅਗਸਤ ਵਿੱਚ ਕੁਝ ਮੁੰਡਿਆਂ ਨੇ ਅੱਧੀ ਰਾਤ ਨੂੰ ਪਿੱਛਾ ਕੀਤਾ ਸੀ ਅਤੇ ਉਨ੍ਹਾਂ ਦੇ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਇਹ ਉਸ ਵੇਲੇ ਵਾਪਰਿਆ ਜਦੋਂ ਵਰਣਿਕਾ ਕੁੰਡੂ ਆਪਣੇ ਘਰ ਤੋਂ ਕੁਝ ਹੀ ਕਿਲੋਮੀਟਰ ਦੂਰ ਸਨ। ਉਨ੍ਹਾਂ ਦਾ ਪਿੱਛਾ ਕਰਨ ਵਿੱਚ ਕਥਿਤ ਤੌਰ 'ਤੇ ਹਰਿਆਣਾ ਭਾਜਪਾ ਮੁਖੀ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਵੀ ਸ਼ਾਮਿਲ ਸੀ।

ਵਰਣਿਕਾ ਨੇ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਆਪਣੇ ਨਾਲ ਹੋਈ ਡਰਾਉਣੀ ਘਟਨਾ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਸੀ ਅਤੇ ਇਹ ਮਾਮਲਾ ਕੁਝ ਹੀ ਦੇਰ ਵਿੱਚ ਸੁਰਖ਼ੀਆਂ ਵਿੱਚ ਆ ਗਿਆ ਸੀ।

ਉਸ ਰਾਤ ਇਸ ਘਟਨਾ ਨੇ ਵਰਣਿਕਾ ਦੀ ਜ਼ਿੰਦਗੀ ਕਿਵੇਂ ਬਦਲ ਕੇ ਰੱਖ ਦਿੱਤੀ। ਇਹੀ ਜਾਣਨ ਲਈ ਅਸੀਂ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਘਰ ਪਹੁੰਚੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਵਰਨਿਕਾ ਕੁੰਡੂ

ਪੇਸ਼ੇ ਵਜੋਂ ਡੀਜੇ ਵਰਣਿਕਾ ਇੱਕ ਆਈਏਐੱਸ ਅਧਿਕਾਰੀ ਦੀ ਧੀ ਹੈ ਅਤੇ ਉਨ੍ਹਾਂ ਦਾ ਖੂਬਸੂਰਤ ਘਰ ਇਸ ਗੱਲ ਦੀ ਗਵਾਹੀ ਭਰਦਾ ਹੈ।

ਉਹ ਜਿਸ ਆਤਮ ਵਿਸ਼ਵਾਸ ਨਾਲ ਬੋਲਦੀ ਹੈ, ਹੱਸਦੀ ਹੈ ਅਤੇ ਚੀਜ਼ਾਂ ਵੱਲ ਧਿਆਨ ਦਿਵਾਉਂਦੀ ਹੈ ਅਤੇ ਸਿਰ ਹਿਲਾ ਕੇ ਅਸਹਿਮਤੀ ਜਤਾਉਂਦੀ ਹੈ ਉਸ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇੱਕ ਮਜ਼ਬੂਤ ਦਿਲ ਵਾਲੀ ਕੁੜੀ ਹੈ।

ਕਿਸੇ ਦੀ ਪ੍ਰਵਾਹ ਨਹੀਂ...

ਆਪਣੇ ਦੋਸਤਾਂ ਦੇ ਵਿਚਾਲੇ ਵਰਣਿਕਾ ਦੀ ਈਮੇਜ 'ਬ੍ਰੋ' ਵਾਲੀ ਹੈ, ਮਤਲਬ ਇੱਕ ਮਸਤਮੌਲੀ, ਬਿੰਦਾਸ ਕੁੜੀ ਜੋ ਲੋਕਾਂ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਦੀ ਹੈ।

ਉਨ੍ਹਾਂ ਨੂੰ ਪਰਿਵਾਰ ਵਿੱਚ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਕੁੜੀ ਹੋਣ ਦੇ ਨਾਤੇ ਕੋਈ ਕੰਮ ਕਰਨ ਤੋਂ ਪਹਿਲਾਂ ਕੁਝ ਸੋਚਣ ਦੀ ਲੋੜ ਹੈ।

ਉਨ੍ਹਾਂ ਨੇ ਟੈਨਿਸ ਖੇਡੀ, ਥੋੜ੍ਹਾ ਬਹੁਤ ਮਾਰਸ਼ਲ ਆਰਟ ਸਿੱਖਿਆ ਅਤੇ ਖੂਬ ਸਫ਼ਰ ਕੀਤਾ। ਇਨ੍ਹਾਂ ਸਭ ਦੇ ਬਾਵਜੂਦ ਉਨ੍ਹਾਂ ਨੇ ਉਹ ਵੀ ਸਾਰੀਆਂ ਚੀਜ਼ਾਂ ਵੇਖੀਆਂ ਅਤੇ ਝੱਲੀਆਂ ਜੋ ਇੱਕ ਆਮ ਹਿੰਦੁਸਤਾਨੀ ਕੁੜੀ ਝੱਲਦੀ ਹੈ।

ਭਾਵੇਂ ਇਹ ਚੀਜ਼ਾਂ ਸ਼ਾਇਦ ਇੰਨੀਆਂ ਵੱਡੀਆਂ ਨਹੀਂ ਹਨ ਜਿਨ੍ਹਾਂ ਨਾਲ ਅਚਾਨਕ ਸਭ ਕੁਝ ਬਦਲ ਜਾਏ ਪਰ ਫਿਰ ਵੀ ਅਗਸਤ ਮਹੀਨੇ ਦੀ ਉਹ ਰਾਤ ਆਈ ਅਤੇ ਸਭ ਬਦਲ ਗਿਆ।

ਵਰਣਿਕਾ ਯਾਦ ਕਰਦੀ ਹੋਏ ਦੱਸਦੀ ਹੈ, "ਰਾਤ ਦੇ 12.30 ਵਜੇ ਤੋਂ ਪਹਿਲਾਂ ਸਭ ਕੁਝ ਰੋਜ਼ ਵਰਗਾ ਸੀ। ਮੈਂ ਇੱਕ ਦੋਸਤ ਨੂੰ ਪਿਕ ਕਰਨ ਜਾ ਰਹੀ ਸੀ ਕਿਉਂਕਿ ਅਗਲੀ ਸਵੇਰ ਮੈਂ ਬਾਹਰ ਜਾਣਾ ਸੀ।''

ਉਹ ਅੱਗੇ ਦੱਸਦੀ ਹੈ, "ਮੈਂ ਡਰਾਈਵ ਕਰ ਹੀ ਰਹੀ ਸੀ ਕਿ ਇਹ ਮੁੰਡੇ ਮੇਰੇ ਪਿੱਛੇ ਲੱਗ ਗਏ। ਉਹ ਮੇਰੀ ਗੱਡੀ ਨੂੰ ਵਾਰ-ਵਾਰ ਬਲੌਕ ਕਰ ਰਹੇ ਸੀ। ਉਤਰ ਕੇ ਥੱਲੇ ਵੀ ਆਏ...ਉਹ ਬਸ ਇਹੀ ਚਾਹੁੰਦੇ ਸੀ ਕਿ ਮੈਂ ਕਿਸੇ ਤਰ੍ਹਾਂ ਗੱਡੀ ਰੋਕ ਦੇਵਾਂ ਪਰ ਗੱਡੀ ਰੋਕਣਾ ਤਾਂ ਆਪਸ਼ਨ ਸੀ ਹੀ ਨਹੀਂ।

ਜ਼ਿੰਦਗੀ ਵਿੱਚ ਇੰਨ੍ਹਾ ਡਰ ਕਦੇ ਨਹੀਂ ਲਗਿਆ

ਵਰਣਿਕਾ ਅਨੁਸਾਰ ਉਸ ਵਕਤ ਉਹ ਇੰਨਾ ਡਰ ਗਈ ਸੀ ਜਿੰਨਾ ਜ਼ਿੰਦਗੀ ਵਿੱਚ ਪਹਿਲਾਂ ਕਦੇ ਵੀ ਨਹੀਂ ਡਰੀ ਸੀ। ਉਹ ਕਾਫ਼ੀ ਘਬਰਾ ਰਹੀ ਸੀ, ਹੱਥ ਕੰਬ ਰਹੇ ਸੀ ਅਤੇ ਉਹ ਫੋਨ ਵੀ ਡਾਇਲ ਨਹੀਂ ਕਰ ਪਾ ਰਹੀ ਸੀ।

ਉਸ ਨੇ ਕਿਹਾ, "ਉਸ ਵਕਤ ਮੈਨੂੰ ਇਹ ਵੀ ਨਹੀਂ ਮਾਲੂਮ ਸੀ ਕਿ ਮੈਂ ਘਰ ਪਹੁੰਚ ਸਕਾਂਗੀ ਜਾਂ ਨਹੀਂ। ਜੇ ਉਹ ਮੇਰੀ ਗੱਡੀ ਨੂੰ ਟੱਕਰ ਮਾਰ ਦਿੰਦੇ ਤਾਂ ਕੁਝ ਵੀ ਹੋ ਸਕਦਾ ਸੀ।''

"ਉਸ ਵਕਤ ਮੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ, ਮੈਂ ਹੀ ਜਾਣਦੀ ਹਾਂ। ਮੈਨੂੰ ਖੁਦ ਨਹੀਂ ਮਾਲੂਮ ਕਿ ਮੈਂ ਕਿਵੇਂ ਬਚੀ ਅਤੇ ਕਿਵੇਂ ਘਰ ਪਹੁੰਚੀ।''

ਵਰਣਿਕਾ ਦਾ ਕਹਿਣਾ ਹੈ ਕਿ ਫੇਸਬੁੱਕ ਪੋਸਟ ਪਾਉਣ ਦੇ ਪਿੱਛੇ ਉਨ੍ਹਾਂ ਦਾ ਮਕਸਦ ਆਪਣੇ ਦੋਸਤਾਂ ਅਤੇ ਕਰੀਬੀਆਂ ਨੂੰ ਸਾਵਧਾਨ ਕਰਨਾ ਸੀ।

ਉਨ੍ਹਾਂ ਨੇ ਕਿਹਾ, "ਜੇ ਮੇਰੇ ਵਰਗੀ ਕੁੜੀ ਜੋ ਇੱਕ ਹਾਈ ਪ੍ਰੋਫਾਈਲ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਸ ਨਾਲ ਅਜਿਹਾ ਵਾਪਰਿਆ ਤਾਂ ਪੈਦਲ ਚੱਲਣ ਵਾਲੀਆਂ ਕੁੜੀਆਂ ਲਈ ਕਿੰਨੇ ਖ਼ਤਰੇ ਹਨ।

ਵਰਣਿਕਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜੋ ਵੀ ਕੁੜੀ ਉਸ ਨੂੰ ਮਿਲੀ ਉਸ ਨੇ ਆਪਣੇ ਨਾਲ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਬਾਰੇ ਵਰਣਿਕਾ ਨੂੰ ਦੱਸਿਆ।

ਅਗਸਤ ਤੋਂ ਹੁਣ ਤੱਕ ਕੀ ਬਦਲਿਆ?

ਇਸ ਦੇ ਜਵਾਬ ਵਿੱਚ ਵਰਣਿਕਾ ਹੱਸਦੀ ਹੋਈ ਕਹਿੰਦੀ ਹੈ, "ਮੈਂ ਤਾਂ ਹੁਣ ਵੀ ਉਹੀ ਵਰਣਿਕਾ ਹਾਂ। ਹੁਣ ਵੀ ਮੈਨੂੰ ਸਵੇਰੇ ਉੱਠਣ ਵਿੱਚ ਦਿੱਕਤ ਹੁੰਦੀ ਹੈ ਅਤੇ ਫਿਰ ਡਾਂਟ ਪੈਂਦੀ ਹੈ।''

"ਹਾਂ ਮੇਰੀ ਜ਼ਿੰਦਗੀ ਜ਼ਰੂਰ ਬਦਲ ਗਈ ਹੈ। ਹੁਣ ਮੇਰੇ 'ਤੇ ਇੱਕ ਜ਼ਿੰਮੇਵਾਰੀ ਹੈ, ਜੋ ਲੜਾਈ ਮੈਂ ਸ਼ੁਰੂ ਕੀਤੀ ਹੈ ਉਸ ਨੂੰ ਜਾਰੀ ਰੱਖਣ ਦੀ ਜ਼ਿੰਮੇਵਾਰੀ।''

Image copyright varnika kundu/facebook

ਵਰਣਿਕਾ ਨੂੰ ਇਹ ਵੀ ਲੱਗਦਾ ਹੈ ਕਿ ਇਸ ਸਾਰੀ ਘਟਨਾ ਤੋਂ ਬਾਅਦ ਉਸ ਨੇ ਆਪਣੀ ਪ੍ਰਾਈਵੇਸੀ ਕਿਤੇ ਨਾ ਕਿਤੇ ਗੁਆ ਦਿੱਤੀ ਹੈ।

ਵਰਣਿਕਾ ਨੇ ਕਿਹਾ, "ਹੁਣ ਲੋਕ ਮੈਨੂੰ ਪਛਾਣਦੇ ਹਨ। ਮੈਂ ਹੁਣ ਨਾਈਟ ਸੂਟ ਪਾ ਕੇ ਬਾਜ਼ਾਰ ਨਹੀਂ ਜਾ ਸਕਦੀ ਅਤੇ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਕਿਉਂਕਿ ਲੋਕ ਹੁਣ ਮੈਨੂੰ ਪਛਾਨਣ ਲੱਗੇ ਹਨ।''

ਕੀ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਡਰ ਹੈ?

ਵਰਣਿਕਾ ਦੀ ਮੰਨੀਏ ਤਾਂ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਡਰ ਤਾਂ ਨਹੀਂ ਲੱਗਦਾ ਪਰ ਉਹ ਥੋੜ੍ਹਾ ਸਾਵਧਾਨ ਜ਼ਰੂਰ ਰਹਿੰਦੇ ਹਨ।

ਉਨ੍ਹਾਂ ਦੇ ਇੱਕ ਦੋਸਤ ਨੂੰ ਜਿਸ ਤਰ੍ਹਾਂ ਵਿਕਾਸ ਬਰਾਲਾ ਦੱਸ ਕੇ ਸੋਸ਼ਲ ਮੀਡੀਆ 'ਤੇ ਪੇਸ਼ ਕੀਤਾ ਗਿਆ ਅਤੇ ਇਹ ਝੂਠ ਫੈਲਾਇਆ ਗਿਆ ਕਿ ਉਹ ਵਿਕਾਸ ਨੂੰ ਪਹਿਲਾਂ ਤੋਂ ਜਾਣਦੀ ਸੀ। ਇਸ 'ਤੇ ਵਰਣਿਕਾ ਨੂੰ ਹਾਸਾ ਆਉਂਦਾ ਹੈ।

ਉਸ ਨੇ ਕਿਹਾ, "ਉਹ ਫੋਟੋ ਚਾਰ-ਪੰਜ ਸਾਲ ਪਹਿਲਾਂ ਦੀ ਹੈ ਅਤੇ ਉਹ ਚੰਡੀਗੜ੍ਹ ਵਿੱਚ ਵੀ ਨਹੀਂ ਲਈ ਗਈ ਸੀ। ਫੋਟੋ ਵੇਖ ਕੇ ਕੋਈ ਵੀ ਦੱਸ ਦੇਵੇਗਾ ਕਿ ਉਹ ਵਿਕਾਸ ਬਰਾਲਾ ਨਹੀਂ ਹੈ।''

ਉਹ ਜੇ ਮੇਰਾ ਦੋਸਤ ਹੁੰਦਾ ਵੀ ਜਾਂ ਮੈਂ ਉਸ ਨੂੰ ਪਹਿਲਾਂ ਤੋਂ ਜਾਣਦੀ ਵੀ ਹੁੰਦੀ ਤਾਂ ਕੀ ਉਹ ਮੇਰੇ ਨਾਲ ਜੋ ਚਾਹੇ, ਉਹ ਕਰਨ ਦਾ ਹੱਕ ਰੱਖਦਾ?

Image copyright varnika/facebook

ਵਰਣਿਕਾ ਦੱਸਦੀ ਹੈ, "ਜੇ ਅੱਜ ਵਿਕਾਸ ਅਤੇ ਬਾਕੀ ਮੁੰਡੇ ਮੇਰੇ ਸਾਹਮਣੇ ਹੋਣ ਤਾਂ ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗੀ ਕਿ ਕੁੜੀ ਕੋਈ ਚੀਜ਼ ਨਹੀਂ ਹੈ ਜਿਸ ਨੂੰ ਉਹ ਜਿੱਥੇ ਚਾਹੁਣ ਉੱਥੇ ਚੁੱਕ ਕੇ ਲੈ ਜਾ ਸਕਦੇ ਹਨ। ਤੁਸੀਂ ਕਿਸੇ ਚੀਜ਼ ਨੂੰ ਚੁੱਕਦੇ ਹੋ ਜਾਂ ਚੋਰੀ ਕਰਦੇ ਹੋ ਤਾਂ ਉਸ ਦੀ ਸਜ਼ਾ ਹੁੰਦੀ ਹੈ।''

"ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਕਿ ਕੁੜੀ ਉਨ੍ਹਾਂ ਤੋਂ ਕਮਜ਼ੋਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਤੋਂ ਵੱਖ ਹੈ, ਕੁੜੀ ਵੀ ਉਨ੍ਹਾਂ ਵਰਗੀ ਇਨਸਾਨ ਹੈ।''

ਵਰਣਿਕਾ ਅੱਗੇ ਦੱਸਦੀ ਹੈ, "ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਉਨ੍ਹਾਂ ਨੇ ਮੇਰੇ ਨਾਲ ਅਜਿਹਾ ਕੀਤਾ, ਉਹ ਕੀ ਸੋਚ ਰਹੇ ਸੀ? ਉਨ੍ਹਾਂ ਦੇ ਦਿਮਾਗ ਵਿੱਚ ਕੀ ਸੀ?''

ਉਹ ਪੁੱਛਦੀ ਹੈ, "ਮੈਨੂੰ ਅਜੇ ਤੱਕ ਪਤਾ ਨਹੀਂ ਕਿੰਨੇ ਲੋਕਾਂ ਨੇ ਪੁੱਛਿਆ ਕਿ ਮੈਂ ਅੱਧੀ ਰਾਤ ਵਿੱਚ ਇਕੱਲੇ ਬਾਹਰ ਕਿਉਂ ਸੀ। ਉਨ੍ਹਾਂ ਮੁੰਡਿਆਂ ਨੂੰ ਤਾਂ ਅਜੇ ਤੱਕ ਕਿਸੇ ਨੇ ਇਹ ਸਵਾਲ ਨਹੀਂ ਕੀਤਾ।''

"ਕੁਝ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਤਾਂ ਡੀਜੇ ਹੈ, ਇਸ ਦੇ ਆਲੇ-ਦੁਆਲੇ ਸ਼ਰਾਬ ਪੀਂਦੇ ਲੋਕ ਹੁੰਦੇ ਹੋਣਗੇ, ਇਹ ਕੁੜੀ ਹੋਵੇਗੀ ਵੀ ਅਜਿਹੀ। ਕੀ ਕਿਸੇ ਮਰਦ ਡੀਜੇ ਬਾਰੇ ਵੀ ਅਜਿਹੀਆਂ ਗੱਲਾਂ ਸੋਚੀਆਂ ਜਾਂਦੀਆਂ ਹਨ?''

ਤਾਂ ਕੀ ਹੁਣ ਵੀ ਵਰਣਿਕਾ ਦੇਰ ਰਾਤ ਬਾਹਰ ਰਹਿੰਦੀ ਹੈ?

ਵਰਣਿਕਾ ਬਿਨਾਂ ਸੋਚੇ ਬੋਲਦੀ ਹੈ, "ਹਾਂ ਬਿਲਕੁਲ ਮੈਂ ਖੁਦ ਨੂੰ ਕਿਉਂ ਬਦਲਾਂਗੀ? ਬਦਲਣਾ ਤਾਂ ਉਨ੍ਹਾਂ ਮੁੰਡਿਆਂ ਨੂੰ ਚਾਹੀਦਾ ਹੈ, ਬਦਲਣਾ ਤਾਂ ਸਿਸਟਮ ਨੂੰ ਚਾਹੀਦਾ ਹੈ। ਮੈਂ ਹੁਣ ਵੀ ਰਾਤ ਵਿੱਚ ਇਕੱਲੇ ਬਾਹਰ ਜਾਂਦੀ ਹਾਂ।

ਜੇ ਕੁੜੀਆਂ ਮੁੰਡਿਆਂ ਦਾ ਪਿੱਛਾ ਕਰਨ ਤਾਂ..

ਫਿਲਹਾਲ ਵਿਕਾਸ ਬਰਾਲਾ ਅਤੇ ਦੂਜਾ ਮੁਲਜ਼ਮ ਆਸ਼ੀਸ਼ ਜ਼ਮਾਨਤ 'ਤੇ ਹੈ। ਮਾਮਲੇ ਦੀ ਸੁਣਵਾਈ ਹਰਿਆਣਾ ਦੀ ਇੱਕ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਹੈ।

ਵਰਣਿਕਾ ਦੱਸਦੀ ਹੈ, "ਕਈ ਵਾਰ ਮੈਂ ਅਦਾਲਤੀ ਝੰਜਟ ਤੋਂ ਪ੍ਰੇਸ਼ਾਨ ਵੀ ਹੁੰਦੀ ਹਾਂ, ਥੱਕ ਜਾਂਦੀ ਹਾਂ...ਪਰ ਹੁਣ ਇਹ ਲੜਾਈ ਸਿਰਫ਼ ਮੇਰੀ ਨਹੀਂ ਹੈ।''

"ਇਹ ਉਨ੍ਹਾਂ ਤਮਾਮ ਕੁੜੀਆਂ ਦੀ ਲੜਾਈ ਹੈ ਜੋ ਅਜਿਹੀਆਂ ਛੇੜਖਾਨੀਆਂ, ,ਸਟੌਕਿੰਗ, ਸ਼ੋਸ਼ਣ ਅਤੇ ਹਮਲਿਆਂ ਦਾ ਸ਼ਿਕਾਰ ਹੁੰਦੀਆਂ ਹਨ। ਇਸ ਲੜਾਈ ਨੂੰ ਮੈਂ ਅਧੂਰੀ ਨਹੀਂ ਛੱਡ ਸਕਦੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)