Wadali Brothers: '...ਏਕ ਸ਼ਖ਼ਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਯਾ'

ਵਡਾਲੀ ਬ੍ਰਦਰਜ਼ Image copyright Getty Images
ਫੋਟੋ ਕੈਪਸ਼ਨ ਇੱਕ ਪ੍ਰੋਗਰਾਮ ਦੌਰਾਨ ਸੱਜੇ ਪਾਸੇ ਬੈਠੇ ਪਿਆਰੇ ਲਾਲ ਵਡਾਲੀ

'ਬਿਛੜਾ ਕੁਛ ਇਸ ਤਰਹ ਸੇ ਕਿ ਰੁੱਤ ਹੀ ਬਦਲ ਗਈ, ਏਕ ਸ਼ਖ਼ਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਯਾ।'

ਮਸ਼ਹੂਰ ਗਾਇਕ ਪਿਆਰੇ ਲਾਲ ਵਡਾਲੀ ਦੇ ਦੇਹਾਂਤ 'ਤੇ ਇੰਨ੍ਹਾਂ ਸ਼ਬਦਾਂ ਰਾਹੀਂ ਸੀਨੀਅਰ ਪੱਤਰਕਾਰ ਐੱਸਡੀ ਸ਼ਰਮਾ ਨੇ ਦੁੱਖ ਜ਼ਾਹਿਰ ਕੀਤਾ।

ਵਡਾਲੀ ਭਰਾਵਾਂ ਨਾਲ ਕਈ ਵਾਰੀ ਮੁਲਾਕਾਤ ਕਰ ਚੁੱਕੇ ਸੀਨੀਅਰ ਪੱਤਰਕਾਰ ਐੱਸਡੀ ਸ਼ਰਮਾ ਨਾਲ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ, "ਪਿਆਰੇ ਲਾਲ ਵਡਾਲੀ ਬਹੁਤ ਹੀ ਮਿਲਾਪੜੇ ਸੁਭਾਅ ਵਾਲੇ ਸ਼ਖ਼ਸ ਸਨ ਅਤੇ ਰਿਆਜ਼ ਦੇ ਪੱਕੇ ਸਨ। ਹਰ ਇੱਕ ਬੰਦਿਸ਼ ਜੋ ਉਨ੍ਹਾਂ ਨੇ ਗਾਈ ਹੈ ਹਰ ਵਾਰੀ ਵੱਖਰੀ ਹੁੰਦੀ ਸੀ। ਇਹ ਰਿਆਜ਼ ਦਾ ਕਮਾਲ ਸੀ। ਦੋਹਾਂ ਦੀ ਜੋੜੀ ਬੇਜੋੜ ਸੀ।"

Image copyright WADALIBROTHERS.NET

" ਜਦੋਂ ਉਨ੍ਹਾਂ ਨੂੰ ਦੋਹਾਂ ਭਰਾਵਾਂ ਦੇ ਰਿਸ਼ਤੇ ਵਿੱਚ ਖਟਾਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵੱਡੇ ਭਰਾ ਪੂਰਨ ਚੰਦ ਵਡਾਲੀ ਦੇ ਪੁੱਤਰ ਗਾਇਕੀ ਵਿੱਚ ਚੰਗਾ ਕੰਮ ਕਰ ਰਹੇ ਹਨ ਇਸ ਕਰਕੇ ਵੀ ਥੋੜ੍ਹੀ ਖਿੱਝ ਸੀ।"

ਸ਼ਰਮਾ ਮੁਤਾਬਕ ਜਦੋਂ ਪਦਮਸ਼੍ਰੀ ਸਿਰਫ਼ ਵੱਡੇ ਭਰਾ ਨੂੰ ਮਿਲਿਆ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ।

ਇੱਕ ਦੂਜੇ ਦੇ ਪੂਰਕ

ਐੱਸ ਡੀ ਸ਼ਰਮਾ ਨੇ ਕਿਹਾ, "ਪਿਆਰੇ ਲਾਲ ਵਡਾਲੀ ਦੂਜੇ ਨੰਬਰ ਦੇ ਨਹੀਂ ਸਗੋਂ ਦੋਵੇਂ ਭਰਾ ਇੱਕ ਦੂਜੇ ਦੇ ਪੂਰਕ ਸਨ। ਇਕੱਲਿਆਂ ਗਾਉਣ ਵਿੱਚ ਉਹ ਰੰਗਤ ਨਹੀਂ ਆਉਂਦੀ ਸੀ ਜੋ ਇਕੱਠੇ ਆਉਂਦੀ ਸੀ। ਉਨ੍ਹਾਂ ਦਾ ਬਚਪਨ ਵਿੱਚ ਭਜਨ ਗਾਇਕੀ ਤੇ ਸੂਫ਼ੀ ਗਾਇਕੀ ਵਿੱਚ ਸੁਮੇਲ ਬੇਜੋੜ ਸੀ।"

ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਗੁਰੂ ਕੀ ਵਡਾਲੀ ਤੋਂ ਉੱਠ ਕੇ ਦੋਹਾਂ ਭਰਾਵਾਂ ਨੇ ਕਮਾਲ ਕਰ ਦਿੱਤੀ।

Image copyright WADALIBROTHERS.NET

ਐੱਸਡੀ ਸ਼ਰਮਾ ਅੱਗੇ ਦੱਸਦੇ ਹਨ, "ਉਨ੍ਹਾਂ ਵਿੱਚ ਖਾਸ ਗੱਲ ਸੀ ਕਿ ਉਹ ਕਿਸੇ ਨਾਲ ਈਰਖਾ ਨਹੀਂ ਕਰਦੇ ਸੀ। ਦੋਵੇਂ ਭਰਾ ਆਪਣੇ ਆਪ ਵਿੱਚ ਮਗਨ ਰਹਿੰਦੇ ਸਨ। ਪਿਆਰੇ ਲਾਲ ਬਹੁਤ ਹੀ ਪ੍ਰੇਮੀ, ਦਿਲਬਰ ਸੁਭਾਅ ਦੇ ਸਨ ਅਤੇ ਚੁਟਕੁਲੇ ਬਹੁਤ ਸੁਣਾਉਂਦੇ ਸਨ।"

ਖਾਣ- ਪੀਣ ਦਾ ਸ਼ੌਂਕ

ਐੱਸਡੀ ਸ਼ਰਮਾ ਮੁਤਾਬਕ ਦੋਵੇਂ ਭਰਾ ਖਾਣ-ਪੀਣ ਦੇ ਕਾਫ਼ੀ ਸ਼ੌਕੀਨ ਸਨ।ਦੋਵੇਂ ਭਰਾ ਇਕੱਠੇ ਖਾਂਦੇ-ਪੀਂਦੇ ਸਨ।

ਹਰ ਤਰ੍ਹਾਂ ਦਾ ਖਾਣਾ ਪਸੰਦ ਸੀ। ਪੰਜਾਬੀ ਖਾਣਾ ਉਨ੍ਹਾਂ ਨੂੰ ਕਾਫ਼ੀ ਪਸੰਦ ਸੀ।

ਪਿਤਾ ਚਾਹੁੰਦੇ ਸੀ ਭਲਵਾਨ ਬਣਾਉਣਾ

ਐੱਸਡੀ ਸ਼ਰਮਾ ਨੇ ਕਿਹਾ, "ਉਨ੍ਹਾਂ ਦੇ ਪਿਤਾ ਦੋਹਾਂ ਭਰਾਵਾਂ ਨੂੰ ਭਲਵਾਨ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਕਾਫ਼ੀ ਦੇਰ ਭਲਵਾਨੀ ਦੀ ਸਿੱਖਿਆ ਵੀ ਲਈ।"

"ਪੂਰਨਚੰਦ ਦੱਸਦੇ ਸੀ ਕਿ ਉਹ ਜ਼ਬਰਦਸਤੀ ਗਾਇਕ ਬਣ ਗਏ। ਫਿਰ ਜਦੋਂ ਨਾਮ ਹੋਇਆ ਤਾਂ ਪਿਤਾ ਵੀ ਖੁਸ਼ ਹੋ ਗਏ।"

Image copyright TWITTER/ SUKHBIR BADAL

ਦੋਹਾਂ ਭਰਾਵਾਂ ਦੀ ਜੋੜੀ ਨੇ ਬਾਲੀਵੁੱਡ ਨੂੰ ਵੀ ਮੋਹ ਲਿਆ। 'ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ' ਹਰ ਕਿਸੇ ਦੀ ਜ਼ੁਬਾਨ 'ਤੇ ਹੈ।

ਉਨ੍ਹਾਂ ਬਾਬਾ ਫ਼ਰੀਦ, ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੈਫ਼ ਉੱਲ-ਮਲੂਕ, ਸ਼ਿਵ ਕੁਮਾਰ ਬਟਾਲਵੀ, ਦੀਆਂ ਰਚਨਾਵਾਂ ਨੂੰ ਸੰਗੀਤਕ ਰੰਗ ਦਿੱਤਾ।

ਪਹਿਲੀ ਰੇਡੀਓ ਪੇਸ਼ਕਾਰੀ

ਪਹਿਲੀ ਵਾਰ ਦੋਵੇਂ ਭਰਾ ਜਲੰਧਰ ਦੇ ਹਰਵੱਲਭ ਸੰਗੀਤ ਸੰਮੇਲਨ ਵਿੱਚ ਪੇਸ਼ਕਾਰੀ ਲਈ ਗਏ ਸਨ।

ਉਨ੍ਹਾਂ ਨੂੰ ਉਨ੍ਹਾਂ ਦੀ ਦਿੱਖ ਕਰ ਕੇ ਪੇਸ਼ਕਾਰੀ ਤੋਂ ਮਨ੍ਹਾਂ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਆਲ ਇੰਡੀਆ ਰੇਡੀਓ ਦੇ ਇੱਕ ਅਫ਼ਸਰ ਨੇ ਉਨ੍ਹਾਂ ਦਾ ਸੰਗੀਤ ਸੁਣਿਆ ਅਤੇ ਜਲੰਧਰ ਰੇਡੀਓ 'ਤੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਦਿੱਤਾ।

ਵਡਾਲੀ ਭਰਾਵਾਂ ਨੇ ਪਹਿਲੀ ਰਿਕਾਰਡਿੰਗ ਜਲੰਧਰ ਰੇਡੀਓ ਸਟੇਸ਼ਨ 'ਤੇ ਹੀ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)