ਗੁਰਪ੍ਰੀਤ ਦਿਓ ਵੱਲੋਂ ਖੰਡਨ: ਪੰਜਾਬ ਪੁਲਿਸ 'ਚ ਜਿਨਸੀ ਸ਼ੋਸ਼ਣ ਦੀਆਂ ਸਿਰਫ਼ ਤਿੰਨ ਸ਼ਿਕਾਇਤਾਂ

ਪੰਜਾਬ ਪੁਲਿਸ Image copyright SHAMMI MEHRA/AFP/GETTY IMAGES
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਅੰਗਰੇਜ਼ੀ ਅਖ਼ਬਾਰ ਦਿ ਟ੍ਰਿਬਿਊਨ 'ਚ ਛਪੀ ਪੰਜਾਬ ਪੁਲਿਸ ਵਿੱਚ ਕਥਿਤ ਤੌਰ 'ਤੇ ਔਰਤਾਂ ਦੇ ਹੁੰਦੇ ਜਿਨਸੀ ਸ਼ੋਸ਼ਣ ਵਾਲੀ ਖ਼ਬਰ ਦਾ ਪੰਜਾਬ ਪੁਲਿਸ ਦੀ ਆਲਾ ਅਫ਼ਸਰ ਗੁਰਪ੍ਰੀਤ ਦਿਓ ਨੇ ਖੰਡਨ ਕੀਤਾ ਹੈ।

ਉਨ੍ਹਾਂ ਅਖ਼ਬਾਰ ਦੇ ਸੰਪਾਦਕ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਅਜਿਹੀ ਗੱਲ ਨਹੀਂ ਕੀਤੀ।

ਦਿਓ ਨੇ ਲਿਖਿਆ, ''ਪਿਛਲੇ ਪੰਜ ਸਾਲਾਂ ਵਿੱਚ ਮਹਿਕਮੇ ਨੂੰ ਸਿਰਫ਼ ਤਿੰਨ ਸ਼ਿਕਾਇਤਾਂ ਹੀ ਪ੍ਰਾਪਤ ਹੋਈਆਂ ਹਨ।''

ਦਿਓ ਨੇ ਅੱਗੇ ਕਿਹਾ, ''ਅਖ਼ਬਾਰ ਵਿੱਚ ਲੱਗੀ ਖ਼ਬਰ ਤੋੜ-ਮਰੋੜ ਕੇ ਪੇਸ਼ ਕੀਤੀ ਗਈ ਹੈ। ਖ਼ਬਰ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਮਹਿਕਮੇ ਅੰਦਰ ਵੱਡੇ ਪੱਧਰ 'ਤੇ ਜਿਨਸੀ ਸ਼ੋਸ਼ਣ ਹੁੰਦਾ ਹੈ।''

ਗੁਰਪ੍ਰੀਤ ਦਿਓ ਮੁਤਾਬਕ ਅਖ਼ਬਾਰ ਦੇ ਕਿਸੇ ਵੀ ਪੱਤਰਕਾਰ ਨੇ ਇਸ ਸੰਬੰਧ ਵਿੱਚ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।

Image copyright Courtsey: Gurpreet Deo
ਫੋਟੋ ਕੈਪਸ਼ਨ ਅਖ਼ਬਾਰ ਦੇ ਸੰਪਾਦਕ ਨੂੰ ਲਿਖੀ ਗਈ ਗੁਰਪ੍ਰੀਤ ਦਿਓ ਵੱਲੋਂ ਖੰਡਨ ਵਾਲੀ ਚਿੱਠੀ

ਦਿਓ ਨੇ ਚਿੱਠੀ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਇਹ ਪੱਖ ਅਖ਼ਬਾਰ ਵਿੱਚ ਛਾਪਿਆ ਜਾਵੇ।

ਬੀਬੀਸੀ ਪੰਜਾਬੀ ਨੇ 9 ਮਾਰਚ ਦੇ ਆਪਣੇ ਪ੍ਰੈੱਸ ਰੀਵਿਊ ਵਿੱਚ ਦਿ ਟ੍ਰਿਬਿਊਨ 'ਚ ਛਪੀ ਖ਼ਬਰ ਲਾਈ ਸੀ।

8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਗੁਰਪ੍ਰੀਤ ਦਿਓ ਲੁਧਿਆਣਾ ਵਿੱਚ ਸੂਬਾ ਪੱਧਰੀ ਪੁਲਿਸ ਕਾਨਫਰੰਸ ਵਿੱਚ ਬੋਲ ਰਹੇ ਸਨ।

ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਦਿਓ ਨੇ ਕਿਹਾ ਸੀ, "ਇਸ ਤਰ੍ਹਾਂ ਦੇ ਮਾਮਲੇ ਪੰਜਾਬ ਪੁਲਿਸ ਵਿੱਚ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਨੂੰ ਕਾਬੂ ਕਰਨ ਲਈ ਗੰਭੀਰਤਾ ਦੀ ਲੋੜ ਹੈ।"

ਆਈਜੀ-ਪ੍ਰੋਵੀਜ਼ਨਿੰਗ ਗੁਰਪ੍ਰੀਤ ਦਿਓ ਪੰਜਾਬ ਪੁਲਿਸ 'ਚ ਜਿਨਸੀ ਸ਼ੋਸ਼ਣ ਦੀਆਂ ਅੰਦਰੂਨੀ ਸ਼ਿਕਾਇਤਾਂ ਨਾਲ ਸਬੰਧਤ ਕਮੇਟੀ ਦੇ ਮੁਖੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)