ਉਹ ਸ਼ਖ਼ਸ ਜੋ ਰੋਜ਼ ਹਵਾਈ ਜਹਾਜ਼ 'ਤੇ ਦਫ਼ਤਰ ਜਾਂਦਾ ਹੈ

Curt von Badinski

ਮਕੈਨੀਕਲ ਇੰਜੀਨੀਅਰ ਅਤੇ ਸੈਨ ਫਰਾਂਸਿਸਕੋ ਦੀ ਇੱਕ ਤਕਨੀਕੀ ਕੰਪਨੀ ਦੇ ਸਹਿ-ਸੰਸਥਾਪਕ ਕਰਟ ਵੌਨ ਬੈਡਿੰਸਕੀ ਹਰ ਰੋਜ਼ ਲਾਸ ਏਂਜਲਜ਼ ਤੋਂ 6 ਘੰਟੇ ਦਾ ਸਫ਼ਰ ਕਰਦੇ ਹਨ ਅਤੇ ਉਸ ਵਿੱਚੋਂ ਜ਼ਿਆਦਾਤਰ ਸਫ਼ਰ ਜਹਾਜ਼ ਰਾਹੀਂ ਕੀਤਾ ਜਾਂਦਾ ਹੈ।

ਲਾਸ ਐਂਜਲਜ਼ ਤੋਂ ਸੈਨ ਫਰਾਂਸਿਸਕੋ ਦੀ ਦੂਰੀ 568 ਕਿਲੋਮੀਟਰ ਹੈ। ਇਸ ਤੋਂ ਇਲਾਵਾ ਹਵਾਈ ਅੱਡੇ ਤੋਂ ਦਫ਼ਤਰ ਤੱਕ 32.19 ਕਿਲੋਮੀਟਰ ਦਾ ਸਫ਼ਰ ਹੈ।

ਵੌਨ ਨੇ ਦੱਸਿਆ, "ਜਦੋਂ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਮੈਂ ਹਰ ਰੋਜ਼ ਸੈਨ ਫ੍ਰਾਂਸਿਸਕੋ ਲਈ ਸਫ਼ਰ ਕਰਦਾ ਹਾਂ ਤਾਂ ਉਹ ਹੈਰਾਨ ਹੋ ਕੇ ਤਿੰਨ ਵਾਰੀ ਪੁੱਛਦੇ ਹਨ।"

ਕਿਸ-ਕਿਸ ਰਾਹੀਂ ਕਰਦੇ ਹਨ ਸਫ਼ਰ?

ਹਫ਼ਤੇ ਵਿੱਚ 5 ਦਿਨ ਉਹ ਪੰਜ ਵਜੇ ਉੱਠਦੇ ਹਨ ਤੇ ਬੌਬ ਹੌਪ ਬੁਰਬੈਂਕ ਹਵਾਈ ਅੱਡੇ ਤੱਕ ਜਾਣ ਲਈ 15 ਮਿਨਟ ਦਾ ਸਫ਼ਰ ਗੱਡੀ ਵਿੱਚ ਕਰਦੇ ਹਨ ਜਿੱਥੋਂ ਉਹ ਔਕਲੈਂਡ ਲਈ 90 ਮਿਨਟ ਦੀ ਉਡਾਨ ਭਰਦੇ ਹਨ।

ਉਹ ਸਰਫ਼ ਏਅਰ ਦੀ ਇਮਾਰਤ ਦੇ ਨੇੜੇ ਉਤਰਦੇ ਹਨ ਜੋ ਕਿ ਕੈਲੀਫੋਰਨੀਆ ਅਧਾਰਿਤ ਉਡਾਨ ਹੈ ਅਤੇ ਮਹੀਨੇ ਦੀ ਫੀਸ ਭਰ ਕੇ ਇਸ ਵਿੱਚ ਅਣਗਿਣਤ ਉਡਾਨਾਂ 'ਤੇ ਸਫ਼ਰ ਕੀਤਾ ਜਾ ਸਕਦਾ ਹੈ।

ਵੌਨ ਬੈਡਿੰਸਕੀ ਬੁਰਬੈਂਕ ਤੋਂ ਓਕਲੈਂਡ ਦੇ ਲਈ 2300 ਡਾਲਰ ਦੀ ਅਦਾਇਗੀ ਕਰਦੇ ਹਨ।

ਇਸ ਉਡਾਨ ਵਿੱਚ ਅੱਠ ਲੋਕ ਸਫ਼ਰ ਕਰ ਸਕਦੇ ਹਨ।

ਪਿਛੋਕੜ ਦੀ ਜਾਂਚ ਤੋਂ ਬਾਅਦ ਵੌਨ ਬੈਡਿੰਸਕੀ ਹੁਣ ਮੁੱਖ ਟਰਮੀਨਲ ਪਾਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਥਾਂ 'ਤੇ ਸੁਰੱਖਿਆ ਚੈਕਿੰਗ ਕਰਵਾਉਣ ਦੀ ਲੋੜ ਵੀ ਨਹੀਂ ਪੈਂਦੀ।

ਉਹ ਪਾਰਕਿੰਗ ਤੋਂ ਬਾਅਦ ਕੁਝ ਹੀ ਮਿਨਟਾਂ ਵਿੱਚ ਜਹਾਜ਼ ਵਿੱਚ ਸਫ਼ਰ ਕਰ ਸਕਦੇ ਹਨ।

ਸਫ਼ਰ 'ਚ ਕਿਵੇਂ ਬਿਤਾਉਂਦੇ ਹਨ ਸਮਾਂ

ਜਦੋਂ ਉਹ ਉਡਾਨ ਭਰ ਲੈਂਦੇ ਹਨ ਤਾਂ ਉਹ ਆਪਣਾ ਸਮਾਂ ਕੰਮ ਕਰਕੇ ਅਤੇ ਉਨ੍ਹਾਂ ਮੁਸਾਫ਼ਰਾਂ ਨਾਲ ਗੱਲਬਾਤ ਕਰਕੇ ਬਿਤਾਉਂਦੇ ਹਨ ਜਿਨ੍ਹਾਂ ਨਾਲ ਵਿਚਾਰ ਮਿਲਦੇ ਹਨ। ਇਨ੍ਹਾਂ ਵਿੱਚ ਸਟਾਰਟ-ਅਪ ਸੰਸਥਾਪਕ ਅਤੇ ਪੂੰਜੀ ਲਾਉਣ ਵਾਲੇ ਲੋਕ ਸ਼ੁਮਾਰ ਹਨ।

ਸੈਨ ਫਰਾਂਸਿਸਕੋ ਵਿੱਚ ਸਫ਼ਰ ਕਰਨ ਦੇ ਲਈ ਉਨ੍ਹਾਂ ਨੇ ਓਕਲੈਂਡ ਹਵਾਈ-ਅੱਡੇ 'ਤੇ ਇੱਕ ਹਾਈਬ੍ਰਿਡ ਕਾਰ ਰੱਖੀ ਹੋਈ ਹੈ।

ਅਜਿਹੇ ਖੇਤਰ ਵਿੱਚ ਇਨਾਂ ਲੰਬਾ ਸਫ਼ਰ ਕਰਨਾ ਹੋਰ ਚੁਣੌਤੀ ਭਰਿਆ ਹੋ ਜਾਂਦਾ ਹੈ ਜਿੱਥੇ ਵਾਤਾਵਰਨ ਵਿੱਚ ਵੱਡੀਆਂ ਔਕੜਾਂ ਹੋਣ।

ਲਾਸ ਐਂਜਲਜ਼ ਵਿੱਚ ਧੁੱਪ ਖਿੜੀ ਹੋ ਸਕਦੀ ਹੈ ਜਦਕਿ ਸੈਨ ਫਰਾਂਸਿਸਕੋ ਵਿੱਚ ਜ਼ਿਆਦਾ ਠੰਡ ਅਤੇ ਧੁੰਦ ਹੋ ਸਕਦੀ ਹੈ।

ਵੌਨ ਦਾ ਕਹਿਣਾ ਹੈ, "ਪਹਿਲੇ ਕੁਝ ਮਹੀਨੇ ਜਦੋਂ ਮੈਂ ਇਹ ਸਫ਼ਰ ਕਰ ਰਿਹਾ ਸੀ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਸੀ।"

ਵੌਨ ਬੈਡਿੰਸਕੀ ਸਾਢੇ 8 ਵਜੇ ਦਫ਼ਤਰ ਪਹੁੰਚਦੇ ਹਨ ਅਤੇ 5 ਵਜੇ ਨਿਕਲਦੇ ਹਨ।

ਉਨ੍ਹਾਂ ਦੀ ਉਡਾਨ ਸ਼ਾਮ ਨੂੰ 7 ਵਜੇ 15 ਮਿਨਟ 'ਤੇ ਹੁੰਦੀ ਹੈ ਪਰ ਟਰੈਫ਼ਿਕ ਨੂੰ ਦੇਖਦੇ ਹੋਏ ਉਹ ਪਹਿਲਾਂ ਹੀ ਨਿਕਲ ਜਾਂਦੇ ਹਨ।

ਉਹ ਬੁਰਬੈਂਕ ਵਿੱਚ ਤਕਰੀਬਨ 9 ਵਜੇ ਪਹੁੰਚਦੇ ਹਨ।

'ਪਰਿਵਾਰ ਨੂੰ ਸੈਨ ਫਰਾਂਸਿਕੋ ਨਹੀਂ ਲਿਆ ਸਕਦਾ'

ਵੌਨ ਦਾ ਕਹਿਣਾ ਹੈ, "ਜਿਸ ਤਰ੍ਹਾਂ ਮੈਂ 6 ਘੰਟੇ ਦਾ ਸਮਾਂ ਸਫ਼ਰ ਵਿੱਚ ਕੱਟਦਾ ਹਾਂ ਉਸ ਤੋਂ ਜ਼ਾਹਿਰ ਹੁੰਦਾ ਹੈ ਕਿ ਮੇਰੇ ਵਿੱਚ ਕਾਬਲੀਅਤ ਹੈ ਕਿ ਮੈਂ ਹਰ ਉਹ ਚੀਜ਼ ਪਾ ਲਵਾਂ ਜੋ ਮੈਂ ਚਾਹੁੰਦਾ ਹਾਂ।"

"ਮੈਂ ਕੰਪਨੀ ਵਿੱਚ ਸਮਾਂ ਬਿਤਾਉਣਾ ਚਾਹੁੰਦਾ ਹਾਂ ਤਾਕਿ ਕੰਮ ਕਰਨ ਵਾਲੇ ਲੋਕਾਂ ਦੇ ਰੂਬਰੂ ਹੋ ਸਕਾਂ ਅਤੇ ਇਹ ਯਕੀਨੀ ਬਣਾਉਂਦਾ ਹਾਂ ਕਿ ਮੈਂ ਕੰਪਨੀ ਦੀਆਂ ਲੋੜਾਂ ਪੂਰੀਆਂ ਕਰ ਸਕਾਂ। ਮੈਂ ਐੱਲਏ ਵਿੱਚ ਆਪਣੇ ਪਰਿਵਾਰ ਨਾਲ ਵੀ ਸਮਾਂ ਬਿਤਾਉਣਾ ਚਾਹੁੰਦਾ ਹਾਂ ਪਰ ਉਨ੍ਹਾਂ ਨੂੰ ਉੱਥੋਂ ਤਬਦੀਲ ਕਰਕੇ ਸੈਨ ਫਰਾਂਸਿਸਕੋ ਨਹੀਂ ਲਿਆ ਸਕਦਾ। ਮੈਂ ਆਪਣੀ ਕੰਪਨੀ ਨੂੰ ਐੱਲਏ ਵਿੱਚ ਸ਼ਿਫ਼ਟ ਨਹੀਂ ਕਰ ਸਕਦਾ।"

"ਮੈਂ ਹਰ ਰੋਜ਼ ਦਿਨ ਦੀ ਸ਼ੁਰੂਆਤ ਕਰਨ ਲਈ ਖੁਸ਼ ਹੁੰਦਾ ਹਾਂ।"

ਅਸਲ ਕਹਾਣੀ ਤੁਸੀਂ ਬੀਬੀਸੀ ਕੈਪੀਟਲ ਜਾਂ ਬੀਬੀਸੀ ਨਿਊਜ਼ 'ਤੇ ਪੜ੍ਹ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)