ਸਮਾਜ ਨੂੰ ਚੁਣੌਤੀ ਦੇ ਕੇ ਸੁਪਰੀਮ ਕੋਰਟ ਤੋਂ ਵਿਆਹ 'ਤੇ ਮੋਹਰ ਲਗਵਾਉਣ ਵਾਲੀ ਹਦੀਆ ਕੌਣ ਹੈ?

ਹਦੀਆ Image copyright Reuters
ਫੋਟੋ ਕੈਪਸ਼ਨ ਹਦੀਆ

ਸੁਪਰੀਮ ਕੋਰਟ ਨੇ ਸ਼ਫ਼ੀਨ ਅਤੇ ਹਦੀਆ ਦੇ ਵਿਆਹ ਨੂੰ ਬਰਕਰਾਰ ਰੱਖਿਆ ਹੈ। ਦੋਵਾਂ ਦਾ ਵਿਆਹ ਪੂਰੇ ਦੇਸ ਵਿੱਚ ਚਰਚਾ 'ਚ ਰਿਹਾ ਤਾਂ ਸ਼ਫ਼ੀਨ ਨੂੰ ਇਹ ਸਵਾਲ ਪੁਛਣਾ ਬਣਦਾ ਸੀ ਕਿ ਉਨ੍ਹਾਂ ਨੇ ਹਦਿਆ ਨਾਲ ਵਿਆਹ ਕਿਉਂ ਕੀਤਾ?

ਸ਼ਫ਼ੀਨ ਨੇ ਬੀਬੀਸੀ ਨੂੰ ਕਿਹਾ,''ਅਸੀਂ ਦੋਵੇਂ ਭਾਰਤ ਵਿੱਚ ਪੈਦਾ ਹੋਏ ਹਾਂ ਅਤੇ ਸਾਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਉਣ ਦੀ ਪੂਰੀ ਆਜ਼ਾਦੀ ਹੈ। ਸਾਡਾ ਅਧਿਕਾਰ ਹੈ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨਾਲ ਵੀ ਰਹਿ ਸਕਦੇ ਹਾਂ। ਮੈਂ ਉਸਨੂੰ ਪਸੰਦ ਕਰਦਾ ਸੀ ਤੇ ਅਸੀਂ ਵਿਆਹ ਕਰਵਾ ਲਿਆ।''

ਅਖੀਲਾ ਅਸ਼ੋਕਨ ਨੇ ਆਪਣਾ ਧਰਮ ਪਰਿਵਰਤਨ ਕਰਨ ਤੋਂ ਬਾਅਦ ਸ਼ਫ਼ੀਨ ਨਾਲ ਵਿਆਹ ਕਰਵਾ ਲਿਆ ਸੀ।

ਉਦੋਂ ਤੋਂ ਹੀ ਇਹ ਸਾਰਾ ਵਿਵਾਦ ਖੜ੍ਹਾ ਹੋ ਗਿਆ। ਇਹ ਪਹਿਲੀ ਵਾਰ ਹੈ ਜਦੋਂ ਸ਼ਫ਼ੀਨ ਨੇ ਇਸ ਮਾਮਲੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।

'ਇਨਸਾਫ਼ ਮਿਲਣ ਦੀ ਖੁਸ਼ੀ ਹੋਈ'

ਹੁਣ ਤੱਕ ਹਦੀਆ ਮਜ਼ਬੂਤੀ ਨਾਲ ਆਪਣੀ ਲੜਾਈ ਲੜਦੀ ਆਈ ਹੈ। ਖ਼ਾਸ ਤੌਰ 'ਤੇ ਉਸ ਵੇਲੇ ਜਦੋਂ ਸੁਪਰੀਮ ਕੋਰਟ ਨੇ ਉਸ ਨੂੰ ਸੰਮਨ ਜਾਰੀ ਕੀਤੇ ਸੀ। ਕੋਰਟ ਸਿੱਧੇ ਤੌਰ 'ਤੇ ਉਸਦਾ ਪੱਖ ਜਾਣਨਾ ਚਾਹੁੰਦਾ ਸੀ।

Image copyright Sonu AV

ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਕੇਰਲਾ ਹਾਈਕੋਰਟ ਨੂੰ ਦੋਵਾਂ ਦੇ ਵਿਆਹ ਨੂੰ ਰੱਦ ਨਹੀਂ ਕਰਨਾ ਚਾਹੀਦਾ ਸੀ।

ਹਾਲ ਹੀ ਵਿੱਚ ਇਹ ਸਵਾਲ ਚੁੱਕਿਆ ਗਿਆ ਸੀ ਕਿ ਅਦਾਲਤਾਂ ਨੂੰ ਇਸ ਗੱਲ ਦਾ ਹੱਕ ਹੈ ਕਿ ਉਹ ਦੋ ਬਾਲਗਾਂ ਦੇ ਵਿਆਹ ਨੂੰ ਰੱਦ ਕਰ ਸਕੇ।

ਹਦੀਆ ਨੇ ਬੀਬੀਸੀ ਨੂੰ ਕਿਹਾ, ''ਮੈਂ ਬਹੁਤ ਖੁਸ਼ ਹਾਂ ਜਿਹੜਾ ਇਨਸਾਫ ਮੈਨੂੰ ਹਾਈ ਕੋਰਟ ਵਿੱਚ ਨਹੀਂ ਮਿਲਿਆ, ਉਹ ਮੈਨੂੰ ਸੁਪਰੀਮ ਕਰੋਟ ਤੋਂ ਮਿਲਿਆ ਹੈ।''

ਇਹ ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਸੀ ਜਦੋਂ ਹਦੀਆ ਦੇ ਪਿਤਾ ਨੇ ਕੇਰਲਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। ਜਦੋਂ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਉਨ੍ਹਾਂ ਦੀ ਧੀ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ।

ਹਦੀਆ ਨੇ ਕੋਰਟ ਨੂੰ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕੀਤਾ ਹੈ। ਉਸਨੇ ਕੋਰਟ ਨੂੰ ਕਿਹਾ ਸੀ ਕਿ ਉਹ ਇਸਲਾਮ ਧਰਮ ਤੋਂ ਬਹੁਤ ਪ੍ਰਭਾਵਿਤ ਹੋਈ ਸੀ।

ਕਿੱਥੋਂ ਹੋਈ ਸ਼ੁਰੂਆਤ?

ਹਦੀਆ ਦੇ ਪਿਤਾ ਕੇਐਮ ਅਸ਼ੋਕਨ ਦਾ ਕਹਿਣਾ ਸੀ ਕਿ ਉਸਦੇ ਦੋਸਤ ਦੇ ਪਿਤਾ ਅਬੂਬਕਰ ਨੇ ਉਸ ਤੋਂ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਹੈ ਜਿਸ ਕਾਰਨ ਉਸਦੇ ਪਿਤਾ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਅਬੂਬਕਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਕੁਝ ਹੀ ਦੇਰ ਬਾਅਦ ਹਦੀਆ ਲਾਪਤਾ ਹੋ ਗਈ।

Image copyright A S SATHEESH/BBC
ਫੋਟੋ ਕੈਪਸ਼ਨ ਹਦੀਆ

ਇਹ ਪਹਿਲੀ ਵਾਰ ਸੀ ਕਿ ਇਸ ਤਰ੍ਹਾਂ ਦੀ ਇੱਕ ਪਟੀਸ਼ਨ ਦਰਜ ਕੀਤੀ ਗਈ ਸੀ।

ਦੂਜੀ ਪਟੀਸ਼ਨ ਅਸੋਕਾ ਨੇ ਇਹ ਦਰਜ ਕਰਵਾਈ ਕਿ ਉਸ ਨੂੰ ਡਰ ਹੈ ਕਿ ਹਦੀਆ ਨੂੰ ਦੇਸ ਤੋਂ ਬਾਹਰ ਲਿਜਾਇਆ ਜਾ ਸਕਦਾ ਹੈ।

ਕਰੀਬ ਇੱਕ ਸਾਲ ਬਾਅਦ ਸ਼ਫ਼ੀਨ ਨੇ ਹਦੀਆ ਨਾਲ ਵਿਆਹ ਕਰਵਾ ਲਿਆ ਅਤੇ ਕੇਰਲਾ ਹਾਈਕੋਰਟ ਵਿੱਚ ਮਾਮਲੇ ਦੀ ਸੁਣਵਾਈ ਲਈ ਪੇਸ਼ ਵੀ ਹੋਏ।

ਅਡੀਸ਼ਨਲ ਸੋਲੀਸੀਟਰ ਜਨਰਲ ਮਨਿੰਦਰ ਸਿੰਘ ਨੇ ਕੋਰਟ ਨੂੰ ਕਿਹਾ ਅਜਿਹੇ ਬਹੁਤ ਸਾਰੇ ਤਥ ਹਨ ਜੋ ਇਹ ਦਰਸਾਉਂਦੇ ਹਨ ਕਿ ਕੱਟੜਪੰਥੀ ਸੰਗਠਨ ਆਈਐਸਐਸ ਨਾਲ ਮਿਲ ਕੇ ਹਿੰਦੂ ਕੁੜੀਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਉਕਸਾ ਰਹੇ ਹਨ। ਇਸ ਕਾਰਨ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ।

ਐਨਆਈਏ ਦੀ ਜਾਂਚ ਸ਼ਫ਼ੀਨ ਦੇ ਕਥਿਤ ਦਹਿਸ਼ਤਗਰਦੀਆਂ ਨਾਲ ਸਪੰਰਕ 'ਤੇ ਕੇਂਦਰਿਤ ਸੀ ਕਿਉਂਕਿ ਮਸਕਟ ਵਿੱਚ ਰੁਜ਼ਗਾਰ ਲਈ ਜਾਣ ਤੋਂ ਪਹਿਲਾਂ ਸ਼ਫ਼ੀਨ ਪੋਪੂਲਰ ਫਰੰਟ ਆਫ਼ ਇੰਡੀਆ (ਪੀਐਫਆਈ) ਦਾ ਮੈਂਬਰ ਸੀ।

ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਐਨਆਈਏ ਦੀ ਜਾਂਚ ਜਾਰੀ ਰਹੇਗੀ।

ਪੀਐਫਆਈ ਦਾ ਕੀਤਾ ਧੰਨਵਾਦ

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸ਼ਫ਼ੀਨ ਨੇ ਕੇਰਲਾ ਤੋਂ ਤਾਮਿਲਨਾਡੂ ਦਾ 500 ਕਿੱਲੋਮੀਟਰ ਦਾ ਸਫ਼ਰ ਕੀਤਾ।

ਉਹ ਆਪਣੀ ਪਤਨੀ ਨੂੰ ਹੋਮਿਊਪੈਥੀ ਕਾਲਜ ਤੋਂ ਲੈਣ ਲਈ ਗਏ ਸੀ। ਹਦੀਆ ਉੱਥੇ ਹਾਊਸ ਸਰਜੈਂਸੀ ਕੋਰਸ ਕਰ ਰਹੀ ਹੈ।

Image copyright PTI

ਫਿਰ ਉਹ 500 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਕੋਝੀਕੋਡ ਗਏ ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਕੁਝ ਸਮਾਂ ਗੁਜ਼ਾਰਿਆ।

ਕੋਝੀਕੋਡ ਪਹੁੰਚਣ ਤੋਂ ਬਾਅਦ ਉਹ ਪੀਐਫਆਈ ਜੇ ਚੇਅਰਮੈਨ ਈ.ਅਬੂਬੇਕਰ ਨੂੰ ਸੰਗਠਨ ਦੇ ਹੈੱਡਕੁਆਟਰ ਵਿੱਚ ਮਿਲੇ।

ਸ਼ਫ਼ੀਨ ਨੇ ਬੀਬੀਸੀ ਨੂੰ ਕਿਹਾ,''ਸਿਰਫ਼ ਪੀਐਫਆਈ ਹੀ ਸੀ ਜਿਸ ਨੇ ਹਮੇਸ਼ਾ ਸਾਡਾ ਸਾਥ ਦਿੱਤਾ।''

ਹਦੀਆ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਹੋਰ ਸੰਗਠਨਾਂ ਨੂੰ ਸਮਰਥ ਦੇਣ ਲਈ ਕਿਹਾ ਗਿਆ ਸੀ ਪਰ ਸਿਰਫ਼ ਪੀਐਫਆਈ ਨੇ ਹੀ ਉਨ੍ਹਾਂ ਦਾ ਸਾਥ ਦਿੱਤਾ।

ਇੱਕ ਰਿਪੋਰਟਰ ਵੱਲੋਂ ਉਨ੍ਹਾਂ 'ਤੇ ਲੱਗੇ ਗੰਭੀਰ ਇਲਜ਼ਾਮਾ ਬਾਰੇ ਸਵਾਲ ਕੀਤਾ ਗਿਆ ਤਾਂ ਹਦੀਆ ਨੇ ਕਿਹਾ,''ਕੋਈ ਵੀ ਇਲਜ਼ਾਮ ਲਗਾ ਸਕਦਾ ਹੈ। ਜੇ ਸ਼ਫ਼ੀਨ ਨਹੀਂ ਹੁੰਦੇ ਤਾਂ ਕੌਣ ਮੇਰੇ ਲਈ ਖੜ੍ਹਾ ਹੁੰਦਾ? ਬਹੁਤ ਸਾਰੇ ਲੋਕ ਹਨ, ਕਈ ਮੁਸਲਿਮ ਜਥੇਬੰਦੀਆਂ ਹਨ, ਮੈਂ ਉਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੁੰਦੀ, ਜਿਹੜੇ ਮੇਰੀ ਮਦਦ ਨਹੀਂ ਕਰਨਾ ਚਾਹੁੰਦੇ ਸੀ।''

Image copyright SONU AV

''ਕਈ ਅਜਿਹੀਆਂ ਵੀ ਜਥੇਬੰਜੀਆਂ ਹਨ ਜਿਹੜੀਆਂ ਮੇਰੀ ਮਦਦ ਕਰ ਰਹੇ ਸੰਗਠਨਾ ਦੇ ਰਸਤੇ ਵਿੱਚ ਆਏ।''

ਦੋਵੇਂ ਅਜੇ ਇਕੱਠੇ ਨਹੀਂ ਰਹਿਣਗੇ

ਪਰ, ਸੁਪਰੀਮ ਕੋਰਟ ਵੱਲੋਂ ਪਤੀ-ਪਤਨੀ ਬਰਕਰਾਰ ਰੱਖੇ ਜਾਣ ਤੋਂ ਬਾਅਦ ਵੀ ਦੋਵੇਂ ਭਵਿੱਖ ਵਿੱਚ ਇਕੱਠੇ ਰਹਿ ਸਕਣਗੇ ਅਜਿਹਾ ਨਹੀਂ ਹੈ।

ਸ਼ਫ਼ੀਨ ਨੇ ਬੀਬੀਸੀ ਨੂੰ ਦੱਸਿਆ, ''ਕਾਲਜ ਨੇ ਹਦੀਆ ਨੂੰ ਤਿੰਨ ਦਿਨ ਦੀ ਛੁੱਟੀ ਦਿੱਤੀ ਹੈ। ਤਿੰਨ ਦਿਨਾਂ ਬਾਅਦ ਉਹ ਮੁੜ ਕਾਲਜ ਚਲੀ ਜਾਵੇਗੀ।''

Image copyright PTI

ਸ਼ਫ਼ੀਨ ਨੇ ਕਿਹਾ, ''ਹਦੀਆ ਅਜੇ ਹਾਊਸ ਸਰਜੈਂਸੀ ਦਾ ਕੋਰਸ ਕਰ ਹੀ ਹੈ ਉਸ ਤੋਂ ਬਾਅਦ ਹੀ ਅਸੀਂ ਇਕੱਠੇ ਰਹਿ ਕੇ ਆਮ ਜ਼ਿੰਦਗੀ ਜਿਊਣੀ ਸ਼ੁਰੂ ਕਰਾਂਗੇ।''

''ਮੈਂ ਮਸਕਟ ਵਿੱਚ ਇੱਕ ਪ੍ਰਸ਼ਾਸਨਿਕ ਸਕੱਤਰ ਦੇ ਤੌਰ 'ਤੇ ਕੰਮ ਕਰਦਾ ਸੀ ਪਰ ਇਸ ਕੇਸ ਕਰਕੇ ਮੇਰੀ ਨੌਕਰੀ ਚਲੀ ਗਈ।''

ਐਨਆਈਏ ਦੀ ਜਾਂਚ ਬਾਰੇ ਪੁੱਛੇ ਗਏ ਸਵਾਲ 'ਤੇ ਸ਼ਫ਼ੀਨ ਨੇ ਕਿਹਾ, ''ਜਦੋਂ ਵੀ ਮੈਨੂੰ ਐਨਆਈਏ ਨੇ ਜਿੱਥੇ ਵੀ ਬੁਲਾਇਆ ਹੈ, ਮੈਂ ਉੱਥੇ ਗਿਆ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)