ਮੈਂ ਤਾਂ ਬੋਲਾਂਗੀ- 7: ਮੈਂ ਆਪਣੀ ਧੀ ਨੂੰ ਨਾਂਹ ਕਹਿਣਾ ਸਿਖਾ ਰਹੀ ਹਾਂ- ਨੀਰੂ ਬਾਜਵਾ

ਨੀਰੂ ਬਾਜਵਾ, ਅਦਾਕਾਰਾ Image copyright STRDEL/AFP/GETTYIMAGES

ਪੰਜਾਬੀ ਫਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ।

ਨੀਰੂ ਨੇ ਕੁੜੀਆਂ ਨਾਲ ਹੁੰਦੇ ਸ਼ੋਸ਼ਣ, ਬੱਚੀਆਂ ਦੇ ਸ਼ੋਸ਼ਣ ਅਤੇ ਫ਼ਿਲਮ ਇੰਡਸਟਰੀ ਵਿੱਚ ਹੁੰਦੇ ਭੇਦ-ਭਾਵ ਬਾਰੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।

ਨੀਰੂ ਮੁਤਾਬਕ ਹਰ ਕੁੜੀ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। ਉਨ੍ਹਾਂ ਕਿਹਾ, ''ਜੇ ਮੈਂ ਕਹਾਂ ਕਿ ਮੇਰੇ ਨਾਲ ਕਦੇ ਸ਼ੋਸ਼ਣ ਨਹੀਂ ਹੋਇਆ ਤਾਂ ਮੈਂ ਗਲਤ ਹੋਵਾਂਗੀ। ਸ਼ੋਸ਼ਣ ਭਾਵੇਂ ਇੱਕ ਘੂਰ ਨਾਲ ਹੋਇਆ ਹੋਵੇ ਜਾਂ ਕਿਸੇ ਹੋਰ ਢੰਗ ਨਾਲ।''

''ਇਹ ਹਰ ਥਾਂ ਹੁੰਦਾ ਹੈ, ਮੈਂ ਆਪਣੀ ਧੀ ਨੂੰ ਵੀ ਸਿਖਾਉਂਦੀ ਹਾਂ ਕਿ ਜੇ ਕਦੇ ਅਜਿਹਾ ਹੋਵੇ ਤਾਂ ਉਸਨੂੰ ਮਨ੍ਹਾਂ ਕਰਨ ਦਾ ਹੱਕ ਹੈ। ਫਿਲਹਾਲ ਉਹ ਸਿਰਫ ਦੋ ਸਾਲ ਦੀ ਹੈ ਪਰ ਇਹ ਦੱਸਣਾ ਬਹੁਤ ਜ਼ਰੂਰੀ ਹੈ। ਇਹ ਸਿੱਖਿਆ ਸਾਨੂੰ ਕਦੇ ਸਾਡੇ ਮਾਪਿਆਂ ਨੇ ਨਹੀਂ ਦਿੱਤੀ ਪਰ ਹੁਣ ਇਹ ਸਮੇਂ ਦੀ ਲੋੜ ਹੈ।''

ਪਾਕਿਸਤਾਨ ਵਿੱਚ ਛੇ ਸਾਲਾ ਜ਼ੈਨਬ ਦੀ ਹੱਤਿਆ ਨੇ ਨੀਰੂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ। ਇਸਨੂੰ ਲੈ ਕੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਸਾਂਝੇ ਕੀਤੇ ਸਨ।

ਉਸ ਘਟਨਾ ਬਾਰੇ ਨੀਰੂ ਨੇ ਕਿਹਾ, ''ਮੈਂ ਅੱਜ ਵੀ ਸੋਚਦੀ ਹਾਂ ਤਾਂ ਹੰਝੂ ਨਿਕਲਦ ਜਾਂਦੇ ਹਨ, ਡਰ ਲਗਦਾ ਹੈ। ਮੈਂ ਉਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ।''

ਵੀਡੀਓ 'ਤੇ ਨੀਰੂ ਨੂੰ ਟ੍ਰੋਲ ਵੀ ਕੀਤਾ ਗਿਆ ਸੀ।

ਨਿੰਦਾ ਭਰੇ ਕੁਮੈਂਟਸ 'ਤੇ ਉਨ੍ਹਾਂ ਕਿਹਾ, ''ਮੈਂ ਕੁਮੈਂਟਸ ਪੜ੍ਹੇ ਹੀ ਨਹੀਂ ਅਤੇ ਨਾ ਹੀ ਪੜ੍ਹਾਂਗੀ। ਬਾਲ ਸ਼ੋਸ਼ਣ ਇੱਕ ਵੱਡੀ ਸਮੱਸਿਆ ਹੈ ਅਤੇ ਇਸ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਤਕ ਅਸੀਂ ਗੱਲ ਨਹੀਂ ਕਰਾਂਗੇ ਉਦੋਂ ਤਕ ਜਾਗਰੂਕਤਾ ਕਿਵੇਂ ਆਏਗੀ?''

ਪੰਜਾਬੀ ਫਿਲਮ ਇੰਡਸਟ੍ਰੀ ਵਿੱਚ ਸ਼ੋਸ਼ਣ

ਹਾਲੀਵੁੱਡ ਦੇ #MeToo ਕੈਂਪੇਨ ਨੂੰ ਲੈ ਕੇ ਨੀਰੂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਪੰਜਾਬੀ ਸਿਨੇਮਾ ਵਿੱਚ ਇਸ ਦਾ ਸਾਹਮਣਾ ਨਹੀਂ ਕੀਤਾ।

ਉਨ੍ਹਾਂ ਕਿਹਾ, ''ਪੰਜਾਬੀ ਫਿਲਮ ਇੰਡਸਟਰੀ ਵਿੱਚ ਨਵੇਂ ਦੌਰ ਦੀਆਂ ਫਿਲਮਾਂ ਜਦੋਂ ਸ਼ੁਰੂ ਹੋਈਆਂ ਮੈਂ ਵੀ ਉਦੋਂ ਹੀ ਇਸ ਨਾਲ ਜੁੜ ਗਈ। ਨਿਰਦੇਸ਼ਕ ਮਨਮੋਹਨ ਸਿੰਘ ਨਾਲ ਮੈਂ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਉਹ ਬਹੁਤ ਚੰਗੇ ਇੰਨਸਾਨ ਹਨ। ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਨਾਲ ਅਜਿਹਾ ਨਹੀਂ ਹੋਇਆ ਹੈ। ਸ਼ਾਇਦ ਲੋਕ ਮੇਰੇ ਤੋਂ ਡਰਦੇ ਵੀ ਸੀ।''

ਇੰਡਸਟਰੀ ਵਿੱਚ ਕੁੜੀਆਂ ਨੂੰ ਲੈ ਕੇ ਆ ਰਹੇ ਬਦਲਾਅ 'ਤੇ ਨੀਰੂ ਨੇ ਕਿਹਾ, ''ਇੰਡਸਟਰੀ ਪਹਿਲਾਂ ਵੀ ਮਰਦ ਪ੍ਰਧਾਨ ਸੀ ਅਤੇ ਅੱਜ ਵੀ ਹੈ। ਪਰ ਹੁਣ ਖੂਬਸੂਰਤੀ ਤੋਂ ਵੱਧ ਕੁੜੀਆਂ ਦਾ ਹੁਨਰ ਵੇਖਿਆ ਜਾ ਰਿਹਾ ਹੈ, ਜੋ ਇੱਕ ਚੰਗੀ ਗੱਲ ਹੈ।''

Image copyright NARINDER NANU/AFP/GETTYIMAGES

''ਲੋਕ ਕਹਿੰਦੇ ਹਨ ਕਿ ਅਦਾਕਾਰਾ ਵਿਆਹ ਕਰਾਉਂਦੀ ਹੈ ਜਾਂ ਮਾਂ ਬਣ ਜਾਂਦੀ ਹੈ ਤਾਂ ਉਸ ਦਾ ਕਰੀਅਰ ਖ਼ਤਮ ਹੋ ਜਾਂਦਾ ਹੈ, ਫੈਨ ਫੋਲੋਇੰਗ ਘੱਟ ਜਾਂਦੀ ਹੈ। ਪਰ ਅਜਿਹਾ ਕੁਝ ਨਹੀਂ ਹੈ।''

ਤਨਖਾਹ ਵਿੱਚ ਭੇਦਭਾਵ ਨੂੰ ਲੈ ਕੇ ਵੀ ਨੀਰੂ ਖੁੱਲ੍ਹ ਕੇ ਬੋਲੀ।

ਉਨ੍ਹਾਂ ਕਿਹਾ, ''ਇਹ ਚੀਜ਼ ਮੇਰੇ 'ਤੇ ਵੀ ਲਾਗੂ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਜੇ ਮਰਦ ਕਲਾਕਾਰ ਨੂੰ ਦਸ ਲੱਖ ਰੁਪਏ ਮਿਲ ਰਹੇ ਹਨ ਤਾਂ ਮੈਨੂੰ ਇੱਕ ਲੱਖ ਮਿਲੇਗਾ। ਦੁੱਖ ਹੁੰਦਾ ਹੈ ਪਰ ਮੈਨੂੰ ਫਿਰ ਵੀ ਮੇਰਾ ਹੱਕ ਮਿਲ ਜਾਂਦਾ ਹੈ।''

ਨੀਰੂ ਨੇ ਕੁੜੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜ਼ਿੰਦਗੀ ਇੱਕ ਸੰਘਰਸ਼ ਹੈ ਅਤੇ ਕੁੜੀਆਂ ਨੂੰ ਲੜਨਾ ਹੀ ਪਵੇਗਾ।

(ਐੱਨਸੀਆਰਬੀ ਮੁਤਾਬਕ, 2016 ਵਿੱਚ ਪੰਜਾਬ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ 325 ਕੇਸ ਦਰਜ ਕੀਤੇ ਗਏ। ਜਿਨਸੀ ਸ਼ੋਸ਼ਣ ਦੇ ਇਰਾਦੇ ਨਾਲ ਔਰਤਾਂ 'ਤੇ ਹਮਲੇ ਦੇ 1025 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਬਲਾਤਕਾਰ ਦੇ 838ਅਤੇ ਪਿੱਛਾ ਕਰਨ ਦੇ 99 ਕੇਸ ਦਰਜ ਕੀਤੇ ਗਏ। ਬੀਬੀਸੀ ਦੀ ਖ਼ਾਸ ਲੜੀ ਵਿੱਚ ਅਸੀਂ ਕੁਝ ਔਰਤਾਂ ਦੀਆਂ ਕਹਾਣੀਆਂ ਲੈ ਕੇ ਆਏ ਹਾਂ ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਅਤੇ ਉਨ੍ਹਾਂ ਨੇ ਡੱਟ ਕੇ ਇਸ ਦਾ ਮੁਕਾਬਲਾ ਕੀਤਾ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)