ਊਧਮ ਸਿੰਘ ਜਲਿਆਂਵਾਲੇ ਬਾਗ ਦੇ ਗੋਲੀਕਾਂਡ ਮੌਕੇ ਉੱਥੇ ਕਿਵੇਂ ਪਹੁੰਚੇ
- ਰਵਿੰਦਰ ਸਿੰਘ ਰੌਬਿਨ
- ਬੀਬੀਸੀ ਪੰਜਾਬੀ ਲਈ

ਤਸਵੀਰ ਸਰੋਤ, NARINDER NANU/AFP/Getty Images
ਅੰਮ੍ਰਿਤਸਰ ਦੇ ਚੀਫ਼ ਖ਼ਾਲਸਾ ਦੀਵਾਨ ਦਾ ਯਤੀਮਖਾਨਾ, ਇੱਥੇ ਊਧਮ ਸਿੰਘ ਵੀ ਰਹਿੰਦੇ ਰਹੇ ਹਨ। ਚੀਫ਼ ਖ਼ਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਊਧਮ ਸਿੰਘ ਆਪਣੇ ਭਰਾ ਮੁਕਤ ਸਿੰਘ ਕੰਬੋਜ ਨਾਲ ਆਪਣੇ ਪਿਤਾ ਟਹਿਲ ਸਿੰਘ ਦੀ ਮੌਤ ਤੋਂ ਬਾਅਦ 24 ਅਕਤੂਬਰ 1907 ਵਿੱਚ ਆਏ ਸਨ।
ਜਿਵੇਂ ਹੀ ਤੁਸੀਂ ਇਸ ਯਤੀਮਖਾਨੇ ਦੇ ਅੰਦਰ ਦਾਖਲ ਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਊਧਮ ਸਿੰਘ ਦੀ ਇੱਕ ਵੱਡੀ ਤਸਵੀਰ ਨਜ਼ਰ ਆਵੇਗੀ।
ਯਤੀਮਖਾਨੇ ਵਿੱਚ ਰਹਿੰਦੇ 19 ਸਾਲਾ ਮਨਪ੍ਰੀਤ ਨੇ ਕਿਹਾ, "ਬਾਕੀਆਂ ਲਈ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸਾਲ 'ਚ ਸਿਰਫ਼ ਇੱਕ ਵਾਰ ਹੀ ਮਨਾਇਆ ਜਾਂਦਾ ਹੈ, ਪਰ ਅਸੀਂ ਹਰ ਰੋਜ਼ ਉਨ੍ਹਾਂ ਕੋਲੋਂ ਪ੍ਰੇਰਨਾ ਲੈਂਦੇ ਹਾਂ।"
ਉਨ੍ਹਾਂ ਕਿਹਾ ਕਿ ਉਸ ਨੂੰ ਮਾਣ ਹੈ ਕਿ ਊਧਮ ਸਿੰਘ ਵੀ ਇੱਥੇ ਰਹੇ ਹਨ ਤੇ ਇੱਥੇ ਹੀ ਉਨ੍ਹਾਂ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ ਸੀ।
ਇੱਥੇ ਇੱਕ ਅਜਾਇਬ ਘਰ ਵਿੱਚ ਉਨ੍ਹਾਂ ਦੀਆਂ ਵਸਤਾਂ ਜਿਵੇਂ ਭਾਂਡੇ, ਬਿਸਤਰਾ, ਸੰਦੂਕ, ਆਦਿ ਸਾਂਭ ਕੇ ਰੱਖੇ ਹੋਏ ਹਨ।
ਊਧਮ ਸਿੰਘ ਨਾਲ ਜੁੜੀਆਂ ਅਹਿਮ ਥਾਵਾਂ
ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਦੱਸਿਆ ਕਿ 13 ਅਪ੍ਰੈਲ, 1919 ਨੂੰ ਚੀਫ਼ ਖ਼ਾਲਸਾ ਦੀਵਾਨ ਨੇ ਜਲਿਆਂਵਾਲਾ ਬਾਗ 'ਚ ਛਬੀਲ ਲਗਾਈ ਸੀ , ਜਿੱਥੇ ਊਧਮ ਸਿੰਘ ਪਾਣੀ ਪਿਆ ਰਹੇ ਸਨ।
ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦਾ ਸਾਰਾ ਸਾਕਾ ਆਪਣੇ ਅੱਖੀਂ ਵੇਖਿਆ ਸੀ। ਚੀਫ਼ ਖ਼ਾਲਸਾ ਦੀਵਾਨ ਦੇ ਸੀਨੀਅਰ ਮੈਂਬਰ, ਕੁਲਜੀਤ ਸਿੰਘ ਮੁਤਾਬਕ ਊਧਮ ਸਿੰਘ ਨੇ ਉਸੇ ਵੇਲੇ ਬਦਲਾ ਲੈਣ ਦਾ ਫ਼ੈਸਲਾ ਕੀਤਾ ਸੀ।

ਤਸਵੀਰ ਸਰੋਤ, Ravinder Sigh RObin
ਊਧਮ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ 31 ਜੁਲਾਈ 1940 ਨੂੰ ਲੰਡਨ ਦੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਫ਼ਨ ਕਰ ਦਿੱਤਾ ਗਿਆ ਸੀ।
ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਊਧਮ ਸਿੰਘ ਨੇ 13 ਮਾਰਚ 1940 ਵਿੱਚ ਮਾਈਕਲ ਫਰਾਂਸਿਸ ਓ' ਡਵਾਇਰ ਨੂੰ ਗੋਲੀ ਮਾਰ ਕੇ ਲਿਆ ਸੀ।
1974 ਵਿੱਚ ਉਨ੍ਹਾਂ ਦੀਆਂ ਅਸਥੀਆਂ ਉਨ੍ਹਾਂ ਦੇ ਜੱਦੀ ਪਿੰਡ ਸੁਨਾਮ ਵਿੱਚ ਲਿਆਂਦੀਆਂ ਗਈਆਂ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ।
'ਬੁੱਤ ਲਗਾਉਣ ਲਈ ਕਰਨਾ ਪਿਆ ਸੰਘਰਸ਼'
ਊਧਮ ਸਿੰਘ ਨੂੰ ਫਾਂਸੀ ਦੇ 78 ਸਾਲ ਬਾਅਦ, ਕੰਬੋਜ ਭਾਈਚਾਰਾ ਊਧਮ ਸਿੰਘ ਦਾ ਬੁੱਤ ਜਲਿਆਂਵਾਲਾ ਬਾਗ ਵਿੱਚ ਲਾਉਣ ਦੀ ਆਗਿਆ ਲੈਣ ਵਿੱਚ ਕਾਮਯਾਬ ਹੋਇਆ।
ਕੌਮਾਂਤਰੀ ਕੰਬੋਜ ਸਮਾਜ ਦੇ ਨੌਜਵਾਨ ਵਿੰਗ ਦੇ ਪ੍ਰਧਾਨ, ਜੋਗਿੰਦਰਪਾਲ ਸਿੰਘ ਨੇ ਮੁਤਾਬਕ ਸਰਕਾਰਾਂ ਵੱਲੋਂ ਊਧਮ ਸਿੰਘ ਨੂੰ ਬਣਦੀ ਇੱਜ਼ਤ ਨਾ ਮਿਲਣ ਕਰ ਕੇ ਉਨ੍ਹਾਂ ਵਿੱਚ ਰੋਸ ਹੈ।
ਉਨ੍ਹਾਂ ਕਿਹਾ ਇਸ ਬੁੱਤ ਨੂੰ ਲਗਾਉਣ ਲਈ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ। ਜੋਗਿੰਦਰਪਾਲ ਮੁਤਾਬਕ, "ਊਧਮ ਸਿੰਘ ਦੀ ਸ਼ਹੀਦੀ 'ਤੇ ਸਾਰੇ ਭਾਰਤੀਆਂ ਨੂੰ ਮਾਣ ਹੁੰਦਾ ਹੈ।"
(ਇਹ ਰਿਪੋਰਟ 31-07-2018 ਨੂੰ ਵੀ ਪ੍ਰਕਾਸ਼ਿਤ ਕੀਤੀ ਗਈ ਸੀ )
ਇਹ ਵੀ ਦੇਖੋ: