ਕੀ ਮੇਕਅਪ ਕਰਨ ਵਾਲੀਆਂ ਔਰਤਾਂ ਕਾਬਲ ਨਹੀਂ?

ਮੇਕਅਪ Image copyright NICKY J SIMS/GETTY IMAGES

"ਮੈਂ ਬਚਪਨ 'ਚ ਕਦੇ ਮੇਕਅਪ ਨਹੀਂ ਕੀਤਾ ਸੀ, ਇਸ ਲਈ ਜਦੋਂ ਪਹਿਲੀ ਲਾਲ ਲਿਪਸਟਿਕ ਖ਼ਰੀਦੀ ਤਾਂ ਅਗਲੇ ਦਿਨ ਆਫ਼ਿਸ ਲਾ ਕੇ ਗਈ।"

"ਆਫ਼ਿਸ 'ਚ ਮੁੰਡੇ ਅਤੇ ਕੁੜੀਆਂ ਨੇ ਇਸ ਤਰ੍ਹਾਂ ਵੇਖਿਆ ਜਿਵੇਂ ਮੈਂ ਏਲਿਅਨ ਹਾਂ। ਅਗਲੇ ਕੁਝ ਦਿਨ ਵੀ ਇਹੀ ਚੱਲਦਾ ਰਿਹਾ ਤਾਂ ਮੈਂ ਲਿਪਸਟਿਕ ਰੱਖ ਦਿੱਤੀ। ਕੀ ਫ਼ਾਇਦਾ ਕੁਝ ਅਜਿਹਾ ਕਰਨ ਦਾ ਜਿਸ ਉੱਤੇ ਲੋਕ ਰੋਜ਼ ਅਸੁਖਾਵਾਂ ਮਹਿਸੂਸ ਕਰਵਾਉਣ।"

ਦਿੱਲੀ ਵਿੱਚ ਬਤੌਰ ਕੰਟੈਂਟ ਕਿਊਰੇਟਰ ਕੰਮ ਕਰਨ ਵਾਲੀ ਪ੍ਰਤਿਭਾ ਮਿਸ਼ਰਾ ਨੇ ਇੱਕੋ ਸਾਹ ਵਿੱਚ ਇਹ ਕਹਿ ਦਿੱਤਾ।

ਕੀ ਦਫ਼ਤਰ ਵਿੱਚ ਮੇਕਅਪ ਕਰ ਕੇ ਆਉਣ ਵਾਲੀਆਂ ਔਰਤਾਂ ਨੂੰ ਲੋਕਾਂ ਦੇ ਰਵੱਈਏ ਵਿੱਚ ਕੋਈ ਫ਼ਰਕ ਮਹਿਸੂਸ ਹੁੰਦਾ ਹੈ?

ਇਹ ਸਵਾਲ ਸਕਾਟਲੈਂਡ ਵਿੱਚ ਹੋਈ ਇੱਕ ਰਿਸਰਚ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਰਿਸਰਚ ਮੁਤਾਬਕ, ਮੇਕਅਪ ਕਰਨ ਵਾਲੀਆਂ ਔਰਤਾਂ ਖ਼ਰਾਬ ਮੈਨੇਜਰ ਹੁੰਦੀਆਂ ਹਨ।

168 ਲੋਕਾਂ ਉੱਤੇ ਕੀਤੀ ਗਈ ਇਸ ਖੋਜ ਦੌਰਾਨ ਕਈ ਔਰਤਾਂ ਦੇ ਮੇਕਅਪ ਅਤੇ ਬਿਨਾਂ ਮੇਕਅਪ ਵਾਲੇ ਚਿਹਰੇ ਦਿਖਾ ਕੇ ਪੁੱਛਿਆ ਗਿਆ ਕਿ ਲੋਕਾਂ ਨੂੰ ਕਿਹੜਾ ਚਿਹਰਾ ਬਿਹਤਰ ਮੈਨੇਜਰ ਦਾ ਲਗਦਾ ਹੈ?

ਰਿਸਰਚ ਮੁਤਾਬਕ, ਜ਼ਿਆਦਾਤਰ ਲੋਕਾਂ ਨੇ ਬਿਨਾਂ ਮੇਕਅਪ ਵਾਲੇ ਚਿਹਰਿਆਂ ਵਿੱਚ ਵੱਧ ਭਰੋਸਾ ਵਿਖਾਇਆ।

ਮੇਕਅਪ ਔਰਤਾਂ ਦੀ ਕਾਬਲੀਅਤ ਦੀ ਪਛਾਨ ਕਿਵੇਂ ਹੈ?

ਐਬਰਟੇ ਯੂਨੀਵਰਸਿਟੀ ਵਿੱਚ ਹੋਈ ਇਸ ਰਿਸਰਚ ਵਿੱਚ ਸ਼ਾਮਿਲ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਮੇਕਅਪ ਕਰਨ ਵਾਲੀਆਂ ਔਰਤਾਂ ਕੰਮ ਨੂੰ ਲੈ ਕੇ ਘੱਟ ਗੰਭੀਰ ਹੁੰਦੀਆਂ ਹਨ ਅਤੇ ਇਸ ਲਈ ਉਹ ਚੰਗੀ ਟੀਮ ਲੀਡਰ ਨਹੀਂ ਬਣ ਸਕਦੀਆਂ।

ਨੋਇਡਾ ਵਿੱਚ ਬਤੌਰ ਪੱਤਰਕਾਰ ਕੰਮ ਕਰਨ ਵਾਲੀ ਇੱਕ ਔਰਤ ਨੇ ਦੱਸਿਆ ਕਿ ਉਹ ਅਜਿਹਿਆਂ ਚੀਜ਼ਾਂ ਦਾ ਦਿਨ-ਰਾਤ ਸਾਹਮਣਾ ਕਰਦੀ ਹੈ।

Image copyright MIGUEL MEDINA/GETTY IMAGES

ਉਨ੍ਹਾਂ ਕਿਹਾ, "ਮੈਂ ਮੀਡੀਆ ਇੰਡਸਟਰੀ ਵਿੱਚ ਹਾਂ ਅਤੇ ਇੱਥੇ ਜੇ ਤੁਸੀਂ ਇੱਕ ਖ਼ਾਸ ਤਰੀਕੇ ਨਾਲ ਤਿਆਰ ਹੁੰਦੇ ਹੋ ਤਾਂ ਲੋਕਾਂ ਦਾ ਪਹਿਲਾ ਇੰਪ੍ਰੈਸ਼ਨ ਹੁੰਦਾ ਹੈ ਕਿ ਇਹ ਗੰਭੀਰ ਖ਼ਬਰਾਂ ਨਹੀਂ ਕਰ ਸਕੇਗੀ।"

ਨਾਮ ਨਾ ਛਾਪਣ ਦੀ ਸ਼ਰਤ ਉੱਤੇ ਉਸ ਨੇ ਅੱਗੇ ਕਿਹਾ, "ਮੇਰੇ ਇੱਕ ਸਾਥੀ ਨੇ ਇੱਕ ਵਾਰ ਮੈਨੂੰ ਕਿਹਾ ਕਿ ਮਹਿੰਗੇ ਕੱਪੜੇ ਅਤੇ ਮੇਕਅਪ ਕਰਨ ਵਾਲੀਆਂ ਔਰਤਾਂ ਘਰ ਨਹੀਂ ਵਸਾ ਸਕਦੀਆਂ। ਅਜਿਹਾ ਸਿਰਫ਼ ਆਦਮੀ ਹੀ ਨਹੀਂ ਕਰਦੇ, ਔਰਤਾਂ ਵੀ ਤੁਹਾਨੂੰ ਛੋਟਾ ਮਹਿਸੂਸ ਕਰਵਾਉਂਦੀਆਂ ਹਨ।"

ਔਰਤਾਂ ਮੇਕਅਪ ਕਰ ਕੇ ਧਿਆਨ ਖਿੱਚਣਾ ਚਾਹੁੰਦੀਆਂ ਹਨ?

ਸਕਾਟਲੈਂਡ ਤੋਂ ਆਏ ਇਹ ਨਤੀਜੇ 2016 ਵਿੱਚ ਹੋਈ ਅਜਿਹੀ ਹੀ ਇੱਕ ਹੋਰ ਰਿਸਰਚ ਤੋਂ ਬਿਲਕੁਲ ਉਲਟ ਹਨ। ਉਸ ਵਿੱਚ ਦੱਸਿਆ ਗਿਆ ਸੀ ਕਿ ਮੇਕਅਪ ਕਰਨ ਵਾਲੀਆਂ ਔਰਤਾਂ ਨੂੰ ਦਫ਼ਤਰ ਵਿੱਚ ਵੱਧ ਇੱਜ਼ਤ ਦਿੱਤੀ ਜਾਂਦੀ ਹੈ।

ਹੁਣ ਅਸੀਂ ਵੱਖ-ਵੱਖ ਉਮਰ ਦੀਆਂ ਔਰਤਾਂ ਅਤੇ ਮਰਦਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਔਰਤਾਂ ਦੀ ਕਾਬਲੀਅਤ ਉਨ੍ਹਾਂ ਦੇ ਤਿਆਰ ਹੋਣ ਦੇ ਤਰੀਕੇ ਨਾਲ ਤੈਅ ਹੋ ਸਕਦੀ ਹੈ?

Image copyright LISA MAREE WILLIAMS/GETTY IMAGES

ਸੀਨੀਅਰ ਪੱਤਰਕਾਰ ਅਤੇ ਲੇਖਿਕਾ ਵਰਤੀਕਾ ਨੰਦਾ ਕਹਿੰਦੇ ਹਨ, "ਇਸ ਤੋਂ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਮੇਕਅਪ ਕੀਤਾ ਹੈ ਜਾਂ ਨਹੀਂ। ਤੁਹਾਡੀ ਕਾਬਲੀਅਤ ਅਤੇ ਅੰਦਰੂਨੀ ਸੁੰਦਰਤਾ ਹੀ ਤੁਹਾਨੂੰ ਅੱਗੇ ਵਧਾਉਂਦੀ ਹੈ।

ਪਰ ਦਿੱਲੀ ਦੇ ਇੱਕ ਬੈਂਕ ਵਿੱਚ ਕੰਮ ਕਰਨ ਵਾਲੇ ਅਮਨਦੀਪ ਸਿੰਘ ਦੀ ਰਾਇ ਇਸ ਤੋਂ ਵੱਖਰੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਮੇਕਅਪ ਕਰਨ ਵਾਲੀਆਂ ਔਰਤਾਂ ਕੰਮ ਨੂੰ ਲੈ ਕੇ ਗੰਭੀਰ ਨਹੀਂ ਹੁੰਦੀਆਂ।

ਉਨ੍ਹਾਂ ਨੇ ਕਿਹਾ, "ਲੀਪਾਪੋਤੀ ਕਰਨ ਵਾਲੀਆਂ ਕੁੜੀਆਂ ਦਾ ਧਿਆਨ ਤਾਂ ਆਪਣੀ ਬਿੰਦੀ ਸੁਰਖੀ ਅਤੇ ਮੇਕਅਪ ਵਿੱਚ ਹੀ ਲੱਗਾ ਰਹਿੰਦਾ ਹੈ, ਕੰਮ ਕਦੋਂ ਕਰਨਗੀਆਂ?

ਗੁਰੂਗਰਾਮ ਜੈਨਪੈਕਟ ਵਿੱਚ ਸੀਨੀਅਰ ਐਨਾਲਿਸਟ ਜੁਗਲ ਕਿਸ਼ੋਰ ਨੂੰ ਲਗਦਾ ਹੈ ਕਿ ਕਿਸੇ ਔਰਤ ਦੇ ਮੇਕਅਪ ਕਰ ਕੇ ਆਫ਼ਿਸ ਆਉਣ ਵਿੱਚ ਕੋਈ ਬੁਰਾਈ ਨਹੀਂ ਕਿਉਂਕਿ ਇਸ ਦਾ ਉਸ ਦੇ ਕੰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Image copyright PATRICK BAZ/GETTY IMAGES

ਯੂਟੀਵੀ ਵਿੱਚ ਏਵੀਪੀ ਰਹੀ ਅਨੁਰਾਧਾ ਗਾਖੜ ਦੀ ਰਾਇ ਹੈ, "ਮੇਕਅਪ ਕਰਨਾ ਜਾਂ ਨਹੀਂ ਕਰਨਾ ਕਿਸੇ ਦਾ ਨਿੱਜੀ ਫ਼ੈਸਲਾ ਹੈ ਪਰ ਐਵੀਏਸ਼ਨ ਅਤੇ ਸਰਵਿਸ ਇੰਡਸਟਰੀ ਵਰਗੀ ਕੁਝ ਨੌਕਰੀਆਂ ਵਿੱਚ ਤਾਂ ਇਸ ਦੀ ਜ਼ਰੂਰਤ ਵੀ ਹੁੰਦੀ ਹੈ।''

"ਆਦਮੀ ਵੀ ਤਾਂ ਖ਼ੁਦ ਨੂੰ ਸੁਆਰਦੇ ਹਨ। ਉਨ੍ਹਾਂ ਦੀ ਇਸ ਲਈ ਤਾਰੀਫ਼ ਕੀਤੀ ਜਾਂਦੀ ਹੈ ਤਾਂ ਔਰਤਾਂ ਉੱਤੇ ਸਵਾਲ ਕਿਉਂ?"

ਫ਼ਿਲਹਾਲ ਮੁੰਬਈ ਵਿੱਚ ਟੀਵੀ ਸ਼ੋ ਲਈ ਸਕਰਿਪਟ ਲਿਖਣ ਵਾਲੀ ਅਨੁਰਾਧਾ ਅੱਗੇ ਕਹਿੰਦੀ ਹੈ, "ਖ਼ੁਦ ਕੰਪਨੀਆਂ ਵੀ ਤੁਹਾਨੂੰ ਪ੍ਰੈਜੈਂਟੇਬਲ ਦਿਸਣ ਲਈ ਕਹਿੰਦੀਆਂ ਹਨ।''

"ਮੈਂ ਕਿਸੇ ਲਈ ਕਿਆਸ ਨਹੀਂ ਲਾ ਰਹੀ ਪਰ ਜੇ ਮੈਂ ਕਿਸੇ ਅਜਿਹੇ ਇਨਸਾਨ ਨਾਲ ਮਿਲਾਂ ਜੋ ਮੀਟਿੰਗ ਵਿੱਚ ਇਸ ਤਰ੍ਹਾਂ ਆ ਜਾਵੇ ਜਿਵੇਂ ਹੁਣੇ ਸੌ ਕੇ ਉੱਠਿਆ ਜਾਂ ਉੱਠੀ ਹੋਵੇ ਤਾਂ ਮੈਨੂੰ ਉਸ ਨਾਲ ਕੰਮ ਕਰਦੇ ਹੋਏ ਮੁਸ਼ਕਲ ਹੋਵੇਗੀ।"

ਹਾਲਾਂਕਿ ਅਨੁਰਾਧਾ ਇਹ ਵੀ ਸਾਫ਼ ਕਰ ਦਿੰਦੀ ਹੈ ਕਿ ਪ੍ਰਜ਼ੈਂਟੇਬਲ ਦਿਸਣ ਦਾ ਮੇਕਅਪ ਨਾਲ ਕੋਈ ਸੰਬੰਧ ਨਹੀਂ ਹੈ।

ਖ਼ੁਦ ਦੀ ਖ਼ੁਸ਼ੀ ਲਈ ਸਜਦੀਆਂ ਹਨ ਔਰਤਾਂ

ਜੇਲ੍ਹਾਂ ਬਾਰੇ ਕੰਮ ਕਰ ਚੁੱਕੀ ਵਰਤਿਕਾ ਨੰਦਾ ਕਹਿੰਦੀ ਹੈ, "ਇਹ ਗਲਤਫਹਿਮੀ ਹੈ ਕਿ ਔਰਤਾਂ ਧਿਆਨ ਖਿੱਚਣ ਲਈ ਸਜਦੀਆਂ ਹਨ।''

"ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੇ ਮੇਕਅਪ ਦੀ ਇਜਾਜ਼ਤ ਨਹੀਂ ਹੁੰਦੀ ਪਰ ਇਸਦੇ ਬਾਅਦ ਵੀ ਕੁਝ ਔਰਤਾਂ ਚੂੜੀ ਜਾਂ ਬਿੰਦੀ ਲਾ ਲੈਂਦੀਆਂ ਹਨ।''

"ਤੁਹਾਨੂੰ ਲਗਦਾ ਹੈ ਕਿ ਜੇਲ੍ਹ ਵਿੱਚ ਬੈਠੀ ਉਹ ਔਰਤ ਕਿਸੇ ਹੋਰ ਲਈ ਅਜਿਹਾ ਕਰਦੀ ਹੈ? ਖ਼ੁਦ ਨੂੰ ਸੰਵਾਰਨਾ ਖ਼ੁਸ਼ ਰਹਿਣ ਦਾ ਇੱਕ ਤਰੀਕਾ ਹੁੰਦਾ ਹੈ।"

Image copyright MATTEO VALLE/GETTY IMAGES

ਬੈਂਗਲੁਰੂ ਦੀ ਇੱਕ ਫਿਨਟੈਕ ਕੰਪਨੀ ਵਿੱਚ ਬਤੌਰ ਕੰਟੈਂਟ ਸਪੈਸ਼ਲਿਸਟ ਕੰਮ ਕਰਨ ਵਾਲੇ ਏਅਰ ਹੇਮੰਤ ਦਾ ਕਹਿਣਾ ਹੈ ਕਿ ਕਿਸੇ ਮੈਨੇਜਰ ਦੇ ਚੰਗੇ ਜਾਂ ਭੈੜੇ ਹੋਣ ਦਾ ਉਨ੍ਹਾਂ ਦੇ ਔਰਤ ਜਾਂ ਪੁਰਸ਼ ਹੋਣ ਨਾਲ, ਮੇਕਅਪ ਕਰਨ ਜਾਂ ਨਹੀਂ ਕਰਨ ਨਾਲ ਕੋਈ ਸੰਬੰਧ ਨਹੀਂ ਹੈ। ਮੈਨੇਜਰ ਨੂੰ ਚੰਗਾ ਜਾਂ ਭੈੜਾ ਉਨ੍ਹਾਂ ਦੀ ਸ਼ਖ਼ਸੀਅਤ ਬਣਾਉਂਦਾ ਹੈ।

ਇਸ ਰਵੱਈਏ ਨਾਲ ਕਿਵੇਂ ਨਿਪਟਦੀਆਂ ਹਨ ਔਰਤਾਂ?

ਪ੍ਰਤਿਭਾ ਮਿਸ਼ਰਾ ਦੀ ਸਲਾਹ ਹੈ ਕਿ ਬੁਰਾਈ ਲੱਭਣ ਦੀ ਬਜਾਏ ਲੋਕ ਆਪਣਾ ਖ਼ਿਆਲ ਰੱਖਣ ਵਾਲੇ ਲੋਕਾਂ ਤੋਂ ਕੁਝ ਸਿੱਖ ਸਕਦੇ ਹਨ।''

''ਮੈਨੂੰ ਤਾਂ ਬਹੁਤ ਚੰਗਾ ਲੱਗਦਾ ਹੈ ਜਦੋਂ ਮੈਂ ਕਿਸੇ ਨੂੰ ਬਹੁਤ ਚੰਗੇ ਤਰ੍ਹਾਂ ਤਿਆਰ ਹੋ ਕੇ ਦਫ਼ਤਰ ਆਉਂਦੇ ਵੇਖਦੀ ਹਾਂ। ਲਗਦਾ ਹੈ ਕਿ ਦਫ਼ਤਰ ਅਤੇ ਘਰ ਵਿੱਚ ਵੀ ਉਸ ਨੇ ਆਪਣੇ ਲਈ ਇੰਨਾ ਸਮਾਂ ਕੱਢਿਆ, ਇਸ ਲਈ ਉਸ ਦੀ ਤਾਰੀਫ਼ ਕਰਨੀ ਚਾਹੀਦੀ ਹੈ।''

"ਮੈਂ ਖ਼ੁਦ ਜਾ ਕੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕਾੰਪਲੀਮੈਂਟ ਦਿੰਦੀ ਹਾਂ ਜਿਸ ਨਾਲ ਉਹ ਵੀ ਸੁਖਾਵਾਂ ਮਹਿਸੂਸ ਕਰਨ।''

ਅਜਿਹੇ ਵਿੱਚ ਜਦੋਂ ਬਾਕੀ ਲੋਕ ਇੰਨੀ ਸਮਝਦਾਰੀ ਨਹੀਂ ਦਿਖਾਉਂਦੇ ਤਾਂ ਔਰਤਾਂ ਕੀ ਕਰਦੀਆਂ ਹਨ?

ਪ੍ਰਤਿਭਾ ਦਾ ਜਵਾਬ ਸਾਫ਼ ਹੈ, "ਜੇ ਮੇਰੇ ਤਿਆਰ ਹੋਣ ਦੇ ਤਰੀਕੇ ਨਾਲ ਕਿਸੇ ਦਾ ਧਿਆਨ ਖਿੱਚਿਆ ਜਾਂਦਾ ਹੈ ਤਾਂ ਇਹ ਉਸ ਦੀ ਸਮੱਸਿਆ ਹੈ।''

ਉੱਥੇ ਹੀ ਨੋਇਡਾ ਵਾਲੀ ਪੱਤਰਕਾਰ ਕਹਿੰਦੀ ਹੈ, "ਕਦੇ-ਕਦੇ ਲਗਦਾ ਹੈ ਰੋਜ਼ ਸਵਾਲੀਆ ਨਜ਼ਰਾਂ ਝੱਲਣ ਤੋਂ ਬਿਹਤਰ ਹੈ ਕਿ ਖ਼ੁਦ ਵਿੱਚ ਹੀ ਥੋੜ੍ਹਾ ਬਦਲਾਅ ਕਰ ਲਵਾਂ, ਫਿਰ ਲਗਦਾ ਹੈ ਕਿ ਹਰ ਚੀਜ਼ ਵਿੱਚ ਐਡਜਸਟ ਕਰ ਰਹੀ ਹਾਂ, ਇਸ ਵਿੱਚ ਕੀ ਕਰਾਂ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)