ਬਲਾਗ: ਮੀਡੀਆ ਨੂੰ ਕਿਸਾਨਾਂ ਦੇ ਪੈਰਾਂ ਦੇ ਛਾਲੇ ਕਿਉਂ ਨਜ਼ਰ ਨਹੀਂ ਆਏ ?

ਕਿਸਾਨਾਂ ਦਾ ਪ੍ਰਦਰਸ਼ਨ Image copyright AFP

ਕਿਸਾਨ ਸ਼ਹਿਰੀ ਮੱਧ ਵਰਗ ਲਈ 'ਗ਼ੈਰ' ਹੈ, 'ਪਰਾਇਆ' ਹੈ। ਪੜ੍ਹੇ ਲਿਖੇ ਨਗਰ ਵਾਸੀਆਂ ਦੀ ਗੱਲਬਾਤ ਵਿੱਚ ਕਿਸਾਨ ਸ਼ਬਦ ਕਿੰਨੀ ਵਾਰ ਸੁਣਾਈ ਦਿੰਦਾ ਹੈ?

ਸ਼ਾਇਦ ਤੁਹਾਨੂੰ ਯਾਦ ਹੋਵੇਗਾ, ਟੀਵੀ ਦੇ ਸ਼ੁਰੂਆਤੀ ਦਿਨਾਂ ਵਿੱਚ ਦੂਰਦਰਸ਼ਨ 'ਤੇ 'ਖੇਤੀ ਦਰਸ਼ਨ' ਦੇਖਣ ਵਾਲੇ ਸ਼ਹਿਰੀਆਂ ਦਾ ਕਾਫੀ ਮਜ਼ਾਕ ਉਡਾਇਆ ਜਾਂਦਾ ਸੀ।

ਉਸ ਮਜ਼ਾਕ ਦੀ ਜੜ੍ਹ ਵਿੱਚ ਇਹ ਧਾਰਨਾ ਸੀ ਕਿ ਖੇਤੀ ਅਨਪੜ੍ਹਾਂ ਅਤੇ ਪਿਛੜੇ ਹੋਏ ਲੋਕਾਂ ਦਾ ਕੰਮ ਹੈ। ਅਜਿਹੇ ਲੋਕਾਂ ਦੀ ਜ਼ਿੰਦਗੀ ਵਿੱਚ ਸ਼ਹਿਰੀਆਂ ਨੂੰ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ?

'ਭਾਰਤ ਇੱਕ ਖੇਤੀ ਪ੍ਰਧਾਨ ਦੇਸ ਹੈ', ਸਕੂਲ ਵਿੱਚ ਰਟਿਆ ਹੋਇਆ ਇਹ ਸ਼ਬਦ ਉਨ੍ਹਾਂ ਲੋਕਾਂ ਬਾਰੇ ਕੁਝ ਨਹੀਂ ਦੱਸਦਾ ਜੋ ਭਾਰਤ ਨੂੰ ਖੇਤੀ ਪ੍ਰਧਾਨ ਬਣਾਉਂਦੇ ਹਨ।

ਟੀਵੀ ਚੈਨਲਾਂ 'ਤੇ 180 ਕਿੱਲੋਮੀਟਰ ਪੈਦਲ ਚੱਲ ਕੇ ਆਉਣ ਵਾਲੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਚਰਚਾ ਆਖ਼ਰੀ ਦਿਨ ਹੋਣ ਦੇ ਕਈ ਕਾਰਨ ਹਨ, ਪਰ ਇੱਕ ਕਾਰਨ ਇਹ ਵੀ ਹੈ ਕਿ ਨਿਊਜ਼-ਰੂਮ ਵਿੱਚ ਫੈਸਲਾ ਲੈਣ ਵਾਲੇ ਸਾਰੇ ਲੋਕ ਮੰਨਦੇ ਹਨ ਕਿ ਸ਼ਹਿਰੀ ਟੀਵੀ ਦਰਸ਼ਕ ਕਿਸਾਨਾਂ ਨੂੰ ਨਹੀਂ, ਸੈਲੀਬ੍ਰਿਟੀਜ਼ ਨੂੰ ਦੇਖਦੇ ਹਨ।

'ਸ਼ਮੀ ਦੇ ਘਰ ਦਾ ਕਲੇਸ਼ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਵੱਧ ਅਹਿਮ'

ਹਰ ਸਾਲ ਕਈ ਹਜ਼ਾਰ ਕਿਸਾਨ ਖੁਦਕੁਸ਼ੀ ਕਰਦੇ ਰਹੇ ਪਰ ਟੀਵੀ ਚੈਨਲਾਂ ਜਾਂ ਜਿਸਨੂੰ 'ਮੇਨਸਟ੍ਰੀਮ ਮੀਡੀਆ' ਕਿਹਾ ਜਾਂਦਾ ਹੈ ਉਸਦੇ ਲਈ ਇਹ ਕੋਈ ਵੱਡੀ ਗੱਲ ਨਹੀਂ ਰਹੀ ਕਿਉਂਕਿ ਇਹ ਮੰਨ ਲਿਆ ਗਿਆ ਹੈ ਕਿ ਕਿਸਾਨਾਂ ਦੇ ਮਰਨ ਨਾਲ ਟੀਵੀ ਦੇਖਣ ਵਾਲਾ ਕੋਈ ਦਰਸ਼ਕ ਦੁਖੀ ਨਹੀਂ ਹੁੰਦਾ।

Image copyright Getty Images

ਕਿਸਾਨ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਆਧਾਰ ਹਨ ਅਤੇ ਉਨ੍ਹਾਂ ਦੇ ਬਰਬਾਦ ਹੋਣ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ।

ਪੀਣ ਵਾਲਾ ਪਾਣੀ ਸਾਫ਼ ਮਿਲਣਾ ਮੁਹਾਲ ਹੋ ਰਿਹਾ ਹੈ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ।

ਸਾਹ ਲੈਣਾ ਔਖਾ ਹੈ ਪਰ ਮੀਡੀਆ ਤਾਂ ਬਸ ਸਾਡਾ ਦਿਲ ਬਹਿਲਾਏ। ਕੀ ਸ਼ਹਿਰੀ ਮੱਧ ਵਰਗ ਐਨਾ ਮੂਰਖ ਹੈ ਕਿ ਆਪਣਾ ਭਲਾ-ਬੁਰਾ ਨਹੀਂ ਸਮਝਦਾ ਜਾਂ ਫੇਰ ਉਸ ਨੂੰ ਮੂਰਖ ਬਣਾਇਆ ਜਾ ਰਿਹਾ ਹੈ?

ਇਹ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੁਹਮੰਦ ਸ਼ਮੀ ਦਾ ਪਰਿਵਾਰਕ ਕਲੇਸ਼, ਹਜ਼ਾਰਾਂ ਲੱਖਾਂ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਅਹਿਮ ਕਿਵੇਂ ਹੋ ਗਿਆ?

'ਕਿਸਾਨ ਨਪੁੰਸਕਤਾ ਦੇ ਕਾਰਨ ਖੁਦਕੁਸ਼ੀ ਕਰ ਰਹੇ ਹਨ' ਜਾਂ 'ਕਿਸਾਨ ਮੰਤਰ ਪੜ੍ਹ ਕੇ ਬੀਜ ਬੀਜਣ ਤਾਂ ਫ਼ਸਲ ਬਿਹਤਰ ਹੋਵੇਗੀ' ਵਰਗੀਆਂ ਬੇਤੁਕੀਆਂ ਗੱਲਾਂ ਕਹਿ ਕੇ ਜ਼ਿੰਮੇਦਾਰ ਮੰਤਰੀ ਅੱਗੇ ਵਧ ਜਾਂਦੇ ਹਨ ਪਰ ਇਸ ਸ਼ਹਿਰੀ ਮੀਡੀਆ ਵਿੱਚ ਕਦੇ ਉਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ।

ਇਸਦਾ ਕਾਰਨ ਇਹੀ ਹੈ ਕਿ ਸ਼ਹਿਰ ਵਿੱਚ ਰਹਿਣ ਵਾਲੇ 30 ਫ਼ੀਸਦ ਮੱਧ ਵਰਗੀ ਲੋਕਾਂ ਨੇ ਖ਼ੁਦ ਨੂੰ 'ਮੇਨਸਟ੍ਰੀਮ' ਸਮਝ ਲਿਆ ਅਤੇ ਬਾਕੀ ਅਬਾਦੀ ਨੂੰ ਹਾਸ਼ੀਏ 'ਤੇ ਧੱਕ ਦਿੱਤਾ।

Image copyright Getty Images

ਟੀਵੀ ਚੈਨਲਾਂ ਨੂੰ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਸ਼ਾਇਦ ਹੀ ਕੋਈ ਚਿਹਰਾ ਦਿਖੇਗਾ ਜਿਸਦਾ ਸਬੰਧ ਦੇਸ ਦੀ 70 ਫ਼ੀਸਦ ਅਬਾਦੀ ਨਾਲ ਹੋਵੇ, ਜਿਸਦਾ ਕਿਸਾਨ ਵੱਡਾ ਹਿੱਸਾ ਹੈ।

'ਖ਼ਬਰਾਂ ਹੀ ਨਹੀਂ ਸੀਰੀਅਲ ਤੋਂ ਵੀ ਗਾਇਬ'

ਗੱਲ ਸਿਰਫ਼ ਖ਼ਬਰਾਂ ਵਾਲੇ ਚੈਨਲਾਂ ਦੀ ਨਹੀਂ ਹੈ। ਤੁਸੀਂ ਕਿਹੜਾ ਨਾਟਕ ਦੇਖਿਆ ਜਿਸ ਵਿੱਚ ਤੁਹਾਨੂੰ ਪਿੰਡ ਦਿਖਾਈ ਦਿੰਦਾ ਹੈ?

ਪਿੰਡ ਵੱਲ ਦੇਖਣ 'ਤੇ ਅਜਿਹਾ ਮੰਨਿਆ ਜਾਂਦਾ ਹੈ ਉੱਧਰ ਨਾ ਦੇਖੋ ਪੱਛੜੇ ਹੋਏ ਸਮਝ ਲਏ ਜਾਓਗੇ। ਕੀ ਪਿੰਡ ਵਿੱਚ ਦੁਖ-ਦਰਦ, ਖੁਸ਼ੀ ਅਤੇ ਡਰਾਮਾ ਨਹੀਂ ਹੈ ਜਿਸ ਨੂੰ ਟੀਵੀ 'ਤੇ ਦਿਖਾਇਆ ਜਾ ਸਕੇ।

ਸਾਰੇ ਨਾਟਕ ਅਮੀਰ ਪਰਿਵਾਰਾਂ ਦੇ ਸੱਸ-ਨੂੰਹ ਦੇ ਝਗੜੇ ਦਿਖਾ ਰਹੇ ਹਨ, ਇਹੀ ਮੇਨਸਟ੍ਰੀਮ ਹੈ, ਬਾਕੀ 70 ਫ਼ੀਸਦ ਨਹੀਂ।

ਜਿਸਦੇ ਪਿਓ-ਦਾਦਾ ਪਿੰਡ ਤੋਂ ਹੀ ਸ਼ਹਿਰ ਆਏ ਸੀ ਅਤੇ ਖੇਤੀ ਹੀ ਕਰਦੇ ਸੀ ਉਨ੍ਹਾਂ ਦੀ ਦੂਜੀ-ਤੀਜੀ ਪੀੜ੍ਹੀ ਕਿਸਾਨਾਂ ਨੂੰ ਗ਼ੈਰ ਸਮਝਣ ਲੱਗੀ ਹੈ।

Image copyright PRASHANT NANAWARE

ਗ਼ੈਰ ਦੇ ਦਰਦ ਨਾਲ ਉਨ੍ਹਾਂ ਨੂੰ ਤਕਲੀਫ਼ ਨਹੀਂ ਹੁੰਦੀ। ਮੁੰਬਈ ਪਹੁੰਚੇ ਕਿਸਾਨਾਂ ਦੇ ਪੈਰਾਂ ਦੇ ਛਾਲੇ ਦੂਜੇ ਲੋਕਾਂ ਦੇ ਪੈਰਾਂ ਦੇ ਛਾਲੇ ਹਨ, ਆਪਣੇ ਲੋਕਾਂ ਦੇ ਪੈਰਾਂ ਦੇ ਛਾਲੇ ਹੁੰਦੇ ਤਾਂ ਵਾਧੂ ਤਕਲੀਫ਼ ਹੁੰਦੀ।

ਇੱਕ ਸਕੂਲ ਵਿੱਚ ਬੱਚੇ ਦੀ ਹੱਤਿਆ ਦੁਖਦਾਈ ਹੈ, ਦਿੱਲੀ ਵਿੱਚ ਜਦੋਂ ਅਜਿਹਾ ਹੋਇਆ ਤਾਂ ਲੱਗਿਆ ਕਿ ਪੂਰਾ ਦੇਸ ਹਿੱਲ ਗਿਆ।

ਟੀਵੀ ਚੈਨਲਾਂ 'ਤੇ ਲਾਈਵ ਅਪਡੇਟ ਆਉਂਦੇ ਰਹੇ। ਇਹੀ ਬੱਚਾ ਜੇਕਰ ਪਿੰਡ ਦੇ ਸਕੂਲ ਵਿੱਚ ਮਰਿਆ ਹੁੰਦਾ ਤਾਂ ਕਿਸੇ ਨੂੰ ਫ਼ਰਕ ਨਹੀਂ ਸੀ ਪੈਣਾ, ਕਿਉਂਕਿ ਉਹ ਤੁਹਾਡੀਆਂ ਨਜ਼ਰਾਂ ਵਿੱਚ 'ਪਰਾਏ' ਤੇ 'ਗ਼ੈਰ' ਬਣਾ ਦਿੱਤੇ ਗਏ ਹਨ।

ਪਿਛਲੇ 20 ਸਾਲਾਂ ਵਿੱਚ ਸ਼ਹਿਰ ਅਤੇ ਪਿੰਡਾਂ ਵਿੱਚ ਰਹਿਣ ਵਾਲਿਆਂ 'ਚ ਦੂਰੀਆਂ ਬਹੁਤ ਵਧ ਗਈਆਂ ਹਨ ਇਸਦੇ ਕਈ ਕਾਰਨ ਹਨ। ਪਰ ਆਮ ਤੌਰ 'ਤੇ ਦੋਵੇਂ ਇੱਕ ਦੂਜੇ ਲਈ ਅਜਨਬੀ ਹੋ ਚੁੱਕੇ ਹਨ।

Image copyright PRASHANT NANAWARE

ਖ਼ੁਦ ਨੂੰ ਅਪਰਮਾਰਕੀਟ ਸਮਝਣ ਵਾਲੇ ਸ਼ਹਿਰੀ ਮੀਡੀਆ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਹ ਸਿਰਫ਼ 'ਫੀਲਗੁ਼ੱਡ' ਵੇਚਣਾ ਚਾਹੁੰਦੇ ਹਨ।

ਹੁਣ ਅਸੀਂ ਉੱਥੇ ਤੱਕ ਪਹੁੰਚ ਗਏ ਹਾਂ ਜਿੱਥੇ ਸ਼ਹਿਰ ਦੀ ਨੌਜਵਾਨ ਪੀੜ੍ਹੀ ਹਾਲੀਵੁੱਡ ਨਾਲ ਰਿਲੇਟ ਕਰ ਸਕਦੀ ਹੈ ਪਰ ਕਿਸਾਨ ਜਾਂ ਆਦਿਵਾਸੀਆਂ ਨਾਲ ਨਹੀਂ।

ਖੇਤੀ ਪ੍ਰਧਾਨ ਦੇਸ ਦੇ ਅੰਨਦਾਤਾ ਕਿਸਾਨਾਂ ਦੇ ਨਜ਼ਰਅੰਦਾਜ਼ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਜਾਤਾਂ ਵਿੱਚ, ਸੂਬਿਆਂ ਵਿੱਚ, ਖੇਤਰਾਂ ਵਿੱਚ ਵੰਡੇ ਹਨ।

ਉਨ੍ਹਾਂ ਦੀਆਂ ਵੋਟਾਂ ਦੀ ਫਿਕਰ ਉਸ ਤਰ੍ਹਾਂ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਦੀ ਫਿਕਰ ਰਾਜਸਥਾਨ ਦੀਆਂ ਰਾਜਪੂਤ ਵੋਟਾਂ, ਹਰਿਆਣਾ ਦੀਆਂ ਜਾਟ ਵੋਟਾਂ ਜਾਂ ਕਰਨਾਟਕ ਦੇ ਲਿੰਗ ਆਧਾਰਤ ਵੋਟਾਂ ਦੀ ਕੀਤੀ ਜਾਂਦੀ ਹੈ।

ਚੋਣਾਂ ਵਿੱਚ ਕਿਸਾਨ ਦੀ ਗੱਲ

ਅਜਿਹਾ ਨਹੀਂ ਹੈ ਕਿ ਨੇਤਾ ਕਿਸਾਨਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੇ ਹਨ। ਕਿਸਾਨਾਂ ਦੀ ਜਿੰਨੀ ਵੀ ਗੱਲ ਹੁੰਦੀ ਹੈ, ਉਹ ਨੇਤਾ ਹੀ ਕਰਦੇ ਹਨ।

ਚੋਣਾਂ ਤੋਂ ਠੀਕ ਪਹਿਲਾਂ ਕਰਦੇ ਹਨ, ਉਨ੍ਹਾਂ ਦੇ ਕਰਜ਼ੇ ਵੀ ਮੁਆਫ ਕੀਤੇ ਗਏ ਹਨ ਕਿਉਂਕਿ ਬਹੁਤ ਸਾਰੇ ਚੋਣ ਖੇਤਰ ਪੇਂਡੂ ਹਨ।

ਪਿੰਡਾਂ ਨੂੰ ਅਣਦੇਖਾ ਕਰਨ ਦਾ ਅਸਰ ਗੁਜਰਾਤ ਚੋਣਾਂ ਵਿੱਚ ਸਾਹਮਣੇ ਆਇਆ ਹੈ ਜਿੱਥੇ ਭਾਜਪਾ ਨੂੰ ਪੇਂਡੂ ਇਲਾਕਿਆਂ ਦੀਆਂ ਸੀਟਾਂ ਗੁਆਉਣੀਆਂ ਪਈਆਂ।

Image copyright SHRIRANG SWARGE-BBC

ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਹਨ, ਕਿਸਾਨ ਚੈਨਲ 'ਤੇ ਉਨ੍ਹਾਂ ਨੂੰ ਹਰੇ-ਭਰੇ ਭਵਿੱਖ ਦੀ ਝਲਕ ਦਿਖਾਈ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਦੱਸਿਆ ਜਾਂਦਾ ਹੈ ਪਰ ਕਿਸਾਨ ਦੇਸ ਦੇ ਸ਼ਹਿਰੀ ਮੱਧ-ਵਰਗ-ਸਿੱਖਿਅਤ ਵਿਅਕਤੀ ਦੀ ਚੇਤਨਾ ਵਿੱਚ ਕਿੱਥੇ ਹਨ?

ਮੁੰਬਈ ਦੇ ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ 'ਚ ਆਦਿਵਾਸੀ ਹਨ, ਜਿਹੜੇ ਜੰਗਲ 'ਤੇ ਅਧਿਕਾਰ ਦੀ ਮੰਗ ਕਰ ਰਹੇ ਹਨ, ਆਦਿਵਾਸੀ ਕਿਸਾਨਾਂ ਦੇ ਮੁਕਾਬਲੇ ਹੋਰ ਵੀ ਵੱਧ ਪਰਾਏ ਹਨ।

ਉਨ੍ਹਾਂ ਦਾ ਨਾਂ ਲੈਂਦੇ ਹੀ ਕੁਝ ਲੋਕਾਂ ਦੇ ਦਿਮਾਗ ਵਿੱਚ ਜਿਹੜੀ ਤਸਵੀਰ ਉਭਰਦੀ ਹੈ ਉਹ ਅਜੀਬ ਕੱਪੜੇ ਪਾ ਕੇ 'ਝਿੰਗਾ ਲਾ ਲਾ ਹੁਰ' ਵਰਗੇ ਗਾਣੇ ਗਾਉਂਦੇ ਲੋਕ। ਆਦਿਵਾਸੀਆਂ ਦੇ ਬਾਰੇ ਦੇਸ ਦੇ ਲੋਕ ਬਹੁਤਾ ਨਹੀਂ ਜਾਣਦੇ ਅਤੇ ਅਜਿਹਾ ਲਗਦਾ ਹੈ ਕਿ ਉਹ ਜਾਣਨਾ ਵੀ ਨਹੀਂ ਚਾਹੁੰਦੇ।

Image copyright Getty Images

ਅਜਿਹੇ ਦੌਰ ਵਿੱਚ ਮੁੰਬਈ ਦੇ ਆਮ ਲੋਕਾਂ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਜਿੰਨਾ ਆਪਣਾਪਨ ਦਿਖਾਇਆ ਹੈ ਉਹ ਰਾਹਤ ਦੀ ਗੱਲ ਹੈ, ਹਾਲਾਂਕਿ ਇਸਦਾ ਵੱਡਾ ਕਾਰਨ ਪ੍ਰਦਰਸ਼ਨਕਾਰੀਆਂ ਦਾ ਅਦਭੁੱਤ ਹੌਸਲਾ ਅਤੇ ਸ਼ਾਂਤੀਪੂਰਨ ਰਵੱਈਆ ਹੈ, ਜਿਨ੍ਹਾਂ ਨੇ ਮੁੰਬਈ ਦੇ ਜਨ-ਜੀਵਨ ਵਿੱਚ ਘੱਟ ਤੋਂ ਘੱਟ ਰੁਕਾਵਟ ਪੈਦਾ ਹੋ ਸਕੇ ਇਸ ਲਈ ਰਾਤ ਨੂੰ ਚੱਲਣ ਵਰਗਾ ਫ਼ੈਸਲਾ ਲਿਆ।

ਤੁਸੀਂ ਲੋਕਾਂ ਨੂੰ ਜਾਣੋਗੇ-ਸਮਝੋਗੇ ਤਾਂ ਇਹ ਵੀ ਸਮਝ ਸਕੋਗੇ ਕਿ ਉਨ੍ਹਾਂ ਦੇ ਪੈਰਾਂ ਵਿੱਚ ਪਏ ਛਾਲੇ ਉਂਝ ਹੀ ਦੁਖਦੇ ਹਨ ਜਿਵੇਂ ਤੁਹਾਡੇ। ਪਰ ਇਹ ਜਾਣਨਾ ਸਮਝਣਾ ਫਿਲਹਾਲ ਟੀਵੀ ਦੇਖ ਕੇ ਤਾਂ ਨਹੀਂ ਹੋ ਸਕੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)