ਆਮਿਰ ਖ਼ਾਨ ਕਿਵੇਂ ਬਣੇ ਚੀਨ ਦੇ 'ਸੀਕਰੇਟ ਸੁਪਰਸਟਾਰ'?

ਆਮਿਰ ਖ਼ਾਨ Image copyright Getty Images

ਰਾਜ ਕਪੂਰ ਤੋਂ ਬਾਅਦ ਆਮਿਰ ਖ਼ਾਨ ਚੀਨ ਵਿੱਚ ਸਭ ਤੋਂ ਵੱਧ ਕਾਮਯਾਬ ਭਾਰਤੀ ਸਟਾਰ ਬਣ ਗਏ ਹਨ। ਮਹਿਲਾ ਫੈਂਸ ਤਾਂ ਉਨ੍ਹਾਂ ਨੂੰ ਮੇਲ ਗੌਡ ਤੱਕ ਕਹਿੰਦੀਆਂ ਹਨ।

ਮੀਡਆ ਉਨ੍ਹਾਂ ਨੂੰ ਭਾਰਤ ਨੂੰ ਰਾਹ ਦਿਖਾਉਣ ਵਾਲਾ ਫ਼ਿਲਮ ਸਟਾਰ ਕਹਿੰਦਾ ਹੈ, ਫੈਂਸ ਉਨ੍ਹਾਂ ਨੂੰ ਨਾਨ ਸ਼ੇਨ (ਮੇਲ ਗੌਡ) ਕਹਿੰਦੇ ਹਨ ਅਤੇ ਬੱਚਿਆਂ ਵਿੱਚ ਉਹ ਅੰਕਲ ਆਮਿਰ ਦੇ ਨਾਂ 'ਤੇ ਮਸ਼ਹੂਰ ਹਨ- ਇਹ ਸਾਰੇ ਨਾਮ ਆਮਿਰ ਖ਼ਾਨ ਨੂੰ ਭਾਰਤੀ ਨਹੀਂ ਬਲਕਿ ਉਨ੍ਹਾਂ ਦੇ ਚੀਨੀ ਪ੍ਰਸ਼ੰਸਕਾਂ ਨੇ ਦਿੱਤੇ ਹਨ।

ਚੀਨ ਵਰਗੇ ਦੇਸ ਵਿੱਚ ਆਮਿਰ ਖ਼ਾਨ ਦੀ ਵੱਧਦੀ ਪ੍ਰਸਿੱਧੀ ਦਾ ਇਹ ਇੱਕ ਛੋਟਾ ਜਿਹਾ ਸਬੂਤ ਹੈ- ਇੱਕ ਅਜਿਹਾ ਦੇਸ ਜਿਸਦੇ ਨਾਲ ਭਾਰਤ ਦਾ ਸੱਭਿਆਚਾਰ ਜ਼ਿਆਦਾ ਨਹੀਂ ਮਿਲਦਾ ਅਤੇ ਨਾ ਹੀ ਉਸ ਨਾਲ ਰਿਸ਼ਤੇ ਬਹੁਤੇ ਚੰਗੇ ਹਨ।

Image copyright Getty Images

14 ਮਾਰਚ ਨੂੰ ਆਮਿਰ ਆਪਣਾ ਜਨਮ ਦਿਨ ਮਨਾ ਹੀ ਰਹੇ ਹਨ, ਨਾਲ ਹੀ ਇਨੀਂ ਦਿਨੀਂ ਉਹ ਚੀਨ ਵਿੱਚ ਆਪਣੀ ਫ਼ਿਲਮ ਸੀਕਰੇਟ ਸੁਪਰਸਟਾਰ ਦੀ ਸਫ਼ਲਤਾ ਦੀ ਖੁਸ਼ੀ ਵੀ ਮਨਾਂ ਰਹੇ ਹਨ ਜਿਹੜੀ ਜਨਵਰੀ ਵਿੱਚ ਉੱਥੇ ਰਿਲੀਜ਼ ਹੋਈ। ਪਿਛਲੇ ਸਾਲ ਦੰਗਲ ਚੀਨ ਵਿੱਚ ਜ਼ਬਰਦਸਤ ਹਿੱਟ ਹੋਈ ਸੀ।

ਪੰਜ ਸਾਲ ਪਹਿਲਾਂ 2013 ਵਿੱਚ ਅਦਾਕਾਰ ਜੈਕੀ ਚੈਨ ਭਾਰਤ ਆਏ ਸੀ ਅਤੇ ਕੁਝ ਪੱਤਰਕਾਰਾਂ ਨੂੰ ਮਿਲੇ।

ਉਸ ਵਿੱਚ ਮੇਰਾ ਵੀ ਨੰਬਰ ਲੱਗ ਗਿਆ ਸੀ। ਭਾਰਤੀ ਫ਼ਿਲਮਾਂ ਬਾਰੇ ਪੁੱਛਣ 'ਤੇ ਉਨ੍ਹਾਂ ਨੂੰ ਤਿੰਨ ਚੀਜ਼ਾਂ ਪਤਾ ਸੀ-ਆਮਿਰ ਖ਼ਾਨ, ਥ੍ਰੀ ਇਡੀਅਟਸ ਅਤੇ ਬਾਲੀਵੁੱਡ ਦਾ ਡਾਂਸ।

Image copyright Getty Images

ਉਸ ਸਮੇਂ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਚੀਨ ਦਾ ਆਮਿਰ ਖ਼ਾਨ ਨਾਲ ਥੋੜ੍ਹਾ ਬਹੁਤ ਰਿਸ਼ਤਾ ਹੈ ਅਤੇ ਹੁਣ ਇਹ ਰਿਸ਼ਤਾ ਪਿਆਰ ਦੇ ਸਬੰਧਾਂ ਵਿੱਚ ਬਦਲ ਚੁੱਕਿਆ ਹੈ।

ਦੂਜੇ ਦੇਸਾਂ ਵਿੱਚ ਭਾਵੇਂ ਹੀ ਹਿੰਦੀ ਫ਼ਿਲਮਾਂ ਖ਼ੂਬ ਦੇਖੀਆਂ ਜਾਂਦੀਆਂ ਰਹੀਆਂ ਹਨ ਪਰ ਰਾਜ ਕਪੂਰ ਦੇ ਦੌਰ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਈ ਭਾਰਤੀ ਅਦਾਕਾਰ ਚੀਨ ਵਿੱਚ ਐਨਾ ਮਸ਼ਹੂਰ ਹੋਇਆ ਹੈ।

ਚੀਨ ਵਿੱਚ ਮੋਦੀ ਤੋਂ ਵੀ ਅੱਗੇ

ਆਮਿਰ ਦਾ ਚੀਨ ਦੀ ਸੋਸ਼ਲ ਨੈੱਟਵਰਕਿੰਗ ਸਾਈਟ- ਵੀਬੋ (ਉੱਥੇ ਦਾ ਟਵਿੱਟਰ) 'ਤੇ ਅਕਾਊਂਟ ਹੈ।

ਵੀਬੋ 'ਤੇ ਉਹ ਸਭ ਤੋਂ ਵੱਧ ਫੋਲੋਅਰਸ ਵਾਲੇ ਭਾਰਤੀ ਹਨ। ਵੀਬੋ 'ਤੇ ਆਮਿਰ ਖ਼ਾਨ ਦੇ ਸਾਢੇ 6 ਲੱਖ ਤੋਂ ਵੱਧ ਫੋਲੋਅਰਸ ਹਨ ਜਦਕਿ ਮੋਦੀ ਦੇ ਡੇਢ ਲੱਖ ਫੋਲੋਅਰਸ ਹਨ।

Image copyright AFP

ਆਮਿਰ ਵੀਬੋ 'ਤੇ ਲਗਾਤਾਰ ਆਪਣੇ ਚੀਨੀ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ- ਕਦੇ ਚੀਨੀ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ, ਕਦੇ ਨਵੀਂ ਫ਼ਿਲਮ ਵਿੱਚ ਆਪਣਾ ਲੁਕ ਸ਼ੇਅਰ ਕਰਦੇ ਹੋਏ, ਕਦੇ ਚੀਨੀ ਕਲਾਕਾਰਾਂ ਨੂੰ ਡਾਂਸ ਸਿਖਾਉਂਦੇ ਹੋਏ ਤਾਂ ਕਦੇ ਚੀਨੀ ਪਕਵਾਨ ਖਾਂਦੇ ਹੋਏ, ਜਿਸ ਨੂੰ ਉਹ ਆਪਣਾ ਪਸੰਦੀਦਾ ਖਾਣਾ ਕਹਿੰਦੇ ਹਨ।

ਚੀਨ ਨੇ ਆਮਿਰ ਖ਼ਾਨ ਨੂੰ 2000 ਵਿੱਚ ਆਈ ਲਗਾਨ ਦੇ ਜ਼ਰੀਏ ਜਾਣਿਆ। ਪਰ ਆਮਿਰ ਜਾਣਾ-ਪਛਾਣਿਆ ਨਾਮ ਬਣੇ ਫ਼ਿਲਮ ਥ੍ਰੀ ਇਡੀਅਟਸ ਤੋਂ ਜਦੋਂ ਉਹ ਚੀਨ ਵਿੱਚ ਰਿਲੀਜ਼ ਹੋਈ। ਜਲਦੀ ਹੀ ਧੂਮ 3, ਪੀਕੇ ਅਤੇ ਦੰਗਲ ਆਈ।

ਚੀਨੀ ਨੌਜਵਾਨ ਅਤੇ ਉਨ੍ਹਾਂ ਦੇ ਸੁਪਨੇ

ਜਿੱਥੇ ਦੂਜੇ ਫਿਲਮ ਸਟਾਰ ਸਫਲ ਨਹੀਂ ਤਾਂ ਆਮਿਰ ਕਿਵੇਂ ਕਾਮਯਾਬ ਹੋਏ?

ਜੇਕਰ ਤੁਸੀਂ ਚੀਨੀ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਨੂੰ ਖੰਗਾਲੋ ਤਾਂ ਇੱਕ ਗੱਲ ਸਭ ਵਿੱਚ ਨਿਕਲ ਕੇ ਆਉਂਦੀ ਹੈ।

ਉੱਥੇ ਦੇ ਮੀਡੀਆ ਅਤੇ ਲੋਕਾਂ ਨੂੰ ਲਗਦਾ ਹੈ ਕਿ ਆਮਿਰ ਦੀਆਂ ਫਿਲਮਾਂ ਵਿੱਚ ਅਜਿਹੇ ਮੁੱਦੇ ਹੁੰਦੇ ਹਨ ਜਿਹੜੇ ਸਿੱਧੇ ਚੀਨੀ ਨੌਜਵਾਨਾਂ ਦੇ ਦਿਲਾਂ ਨਾਲ ਜੁੜਦੇ ਹਨ।

ਕਾਲੇਜ ਵਿੱਚ ਚੰਗੇ ਨੰਬਰ ਲਿਆਉਣ ਦਾ ਦਬਾਅ, ਆਪਣੇ ਮਨ ਦੀਆਂ ਇੱਛਾਵਾਂ ਦੇ ਖ਼ਿਲਾਫ਼ ਮਾਤਾ-ਪਿਤਾ ਦੀਆਂ ਇੱਛਾਵਾਂ ਦਾ ਦਬਾਅ, ਸਿੱਖਿਆ ਸਿਸਟਮ ਦੀਆਂ ਕਮੀਆਂ-ਥ੍ਰੀ ਇਡੀਅਟਸ ਵਿੱਚ ਇਹ ਇੱਕ ਅਜਿਹਾ ਮੁੱਦਾ ਸੀ ਜਿਸ ਨਾਲ ਚੀਨੀ ਨੌਜਵਾਨਾਂ ਨੇ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕੀਤਾ।

Image copyright DISNEY

ਚੀਨ ਦੇ ਸਕੂਲ ਕਾਲਜਾਂ ਵਿੱਚ ਆਮਿਰ ਦੀ ਇਸ ਫ਼ਿਲਮ ਨੂੰ ਦਿਖਾਇਆ ਗਿਆ।

ਆਮਿਰ ਦੀਆਂ ਫਿਲਮਾਂ ਵਿੱਚ ਸਮਾਜਿਕ ਨਿਆ, ਔਰਤਾਂ ਦੀ ਬਰਾਬਰੀ, ਪਰਿਵਾਰਕ ਮੁੱਲ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਸੰਘਰਸ਼ ਦੀ ਕਹਾਣੀ ਚੀਨੀ ਲੋਕਾਂ ਦੇ ਦਿਲ ਨੂੰ ਛੂਹ ਸਕੀ ਹੈ।

ਦੰਗਲ ਦੀ ਦੀਵਾਨਗੀ

ਥ੍ਰੀ ਇਡੀਅਟਸ, ਪੀਕੇ ਅਤੇ ਧੂਮ 3 ਨੂੰ ਲੋਕਾਂ ਨੇ ਪਸੰਦ ਕੀਤਾ ਪਰ ਆਮਿਰ ਨੂੰ ਅਸਲ ਸਫਲਤਾ ਉਦੋਂ ਮਿਲੀ ਜਦੋਂ ਪਿਛਲੇ ਸਾਲ ਦੰਗਲ 9000 ਸਕ੍ਰੀਨ 'ਤੇ ਚੀਨ ਵਿੱਚ ਰਿਲੀਜ਼ ਹੋਈ।

ਦੇਖਦੇ ਹੀ ਦੇਖਦੇ ਦੰਗਲ ਚੀਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ।

Image copyright WIEBO

ਚੀਨ ਦੇ ਰਾਸ਼ਟਰਪਤੀ ਨੇ ਵੀ ਨਰਿੰਦਰ ਮੋਦੀ ਨਾਲ ਮੁਲਾਕਾਤ ਵਿੱਚ ਦੰਗਲ ਦੀ ਤਾਰੀਫ਼ ਕੀਤੀ।

ਪਿਛਲੇ ਸਾਲ ਬੀਬੀਸੀ ਨਾਲ ਗੱਲਬਾਤ ਵਿੱਚ ਕਈ ਚੀਨੀ ਦਰਸ਼ਕਾਂ ਨੇ ਦੱਸਿਆ ਸੀ ਕਿ ਦੰਗਲ ਵਿੱਚ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਝਲਕ ਦਿਖਾਈ ਦਿੱਤੀ- ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਲੜਾਈ, ਪਿਤਾ ਅਤੇ ਬੱਚਿਆਂ ਦਾ ਰਿਸ਼ਤਾ ਅਤੇ ਚੀਨ ਵਿੱਚ ਔਰਤਾਂ ਨੂੰ ਹੋਣ ਵਾਲੀਆਂ ਦਿੱਕਤਾਂ।

ਆਮਿਰ ਵੀ ਕਹਿੰਦੇ ਹਨ,'' ਮੈਨੂੰ ਚੀਨ ਜਾਣਾ ਬਹੁਤ ਪਸੰਦ ਹੈ। ਚੀਨ ਦੇ ਲੋਕ ਖੁੱਲ੍ਹੇ ਦਿਲ ਵਾਲੇ ਹਨ, ਇਹੀ ਗੱਲ ਮੈਨੂੰ ਆਕਰਸ਼ਿਤ ਕਰਦੀ ਹੈ, ਪਿਆਰ ਨਾਲ ਉਹ ਮੈਨੂੰ ਮੀਚੂ ਬੁਲਾਉਂਦੇ ਹਨ। ਮੈਂ ਵਾਰ-ਵਾਰ ਵਾਪਿਸ ਆਉਣਾ ਚਾਹੁੰਦਾ ਹਾਂ।''

ਸੱਤਿਆਮੇਵ ਜਯਤੇ ਵਰਗੇ ਟੀਵੀ ਸ਼ੋਅ ਦੇ ਕਾਰਨ ਆਮਿਰ ਦਾ ਅਕਸ ਉਸ ਵਿਅਕਤੀ ਦੀ ਤਰ੍ਹਾਂ ਬਣਿਆ ਹੈ ਜਿਹੜਾ ਸਮਾਜ ਵਿੱਚ ਲੋਕਾਂ ਨੂੰ ਸਹੀ ਰਸਤੇ 'ਤੇ ਚੱਲਣਾ ਸਿਖਾਉਂਦਾ ਹੈ।

ਇਹ ਵੀ ਚੀਨ ਵਿੱਚ ਆਮਿਰ ਦੀ ਪ੍ਰਸਿੱਧੀ ਦਾ ਇੱਕ ਕਾਰਨ ਹੈ ਕਿਉਂਕਿ ਉਨ੍ਹਾਂ ਦਾ ਇਹ ਸ਼ੋਅ ਇੱਕ ਚੀਨੀ ਵੈੱਬਸਾਈਟ 'ਤੇ ਦਿਖਾਇਆ ਗਿਆ ਹੈ।

ਹਾਲਾਂਕਿ ਭਾਰਤ ਅਤੇ ਭਾਰਤ ਤੋਂ ਬਾਹਰ ਇਸ ਸ਼ੋਅ ਨੂੰ ਲੈ ਕੇ ਆਮਿਰ ਦੀ ਆਲੋਚਨਾ ਵੀ ਹੋਈ ਹੈ। ਵਾਲ ਸਟ੍ਰੀਟ ਜਰਨਲ ਨੇ ਤਾਂ ਸੱਤਿਆਮੇਵ ਜਯਤੇ 'ਤੇ ਸਵਾਲ ਚੁੱਕਦੇ ਹੋਏ ਇੱਕ ਬਲਾਗ ਵੀ ਛਾਪਿਆ ਸੀ।

ਸੀਕਰੇਟ ਸਪਰਸਟਾਰ ਆਫ਼ ਚਾਇਨਾ

ਭਾਰਤ ਨੂੰ ਲੈ ਕੇ ਚੀਨੀ ਮੀਡੀਆ ਦਾ ਰੁਖ਼ ਆਮ ਤੌਰ 'ਤੇ ਆਕਾਰਮਕ ਰਹਿੰਦਾ ਹੈ। ਪਰ ਚੀਨ ਅਤੇ ਆਲੇ-ਦੁਆਲੇ ਦੇ ਦੇਸਾਂ ਦਾ ਮੀਡੀਆ ਆਮਿਰ ਖ਼ਾਨ ਦੀ ਤਾਰੀਫ਼ ਨਾਲ ਭਰਿਆ ਪਿਆ ਹੈ। ਸਾਊਥ ਚਾਇਨਾ ਮਾਰਨਿੰਗ ਪੋਸਟ ਨੇ ਲਿਖਿਆ ਹੈ-''ਮੀਟ ਦਿ ਸੀਕਰੇਟ ਸਪਰਸਟਾਰ ਆਫ਼ ਚਾਇਨਾ: ਆਮਿਰ ਖ਼ਾਨ।''

ਤਾਂ ਸਟ੍ਰੇਟਸਟਾਈਮਜ਼ ਨੇ ਲਿਖਿਆ ਹੈ-ਸੀਕਰੇਟ ਸੁਪਰਸਟਾਰ ਵਿੱਚ ਆਮਿਰ ਖ਼ਾਨ ਨੇ ਚੀਨ ਵਿੱਚ ਇੱਕ ਹੋਰ ਹਿੱਟ ਫਿਲਮ ਦਿੱਤੀ।

Image copyright SPICE

ਜਦਕਿ ਡਿਪਲੋਮੈਟ ਦਾ ਲੇਖ ਹੈ-ਆਮਿਰ ਚੀਨ ਵਿੱਚ ਭਾਰਤ ਦੀ ਸਾਫਟ ਪਾਵਰ

ਚੀਨ ਵਿੱਚ ਆਮਿਰ ਫਿਲਮ ਪ੍ਰੇਮੀਆ ਨਾਲ ਰਿਸ਼ਤਾ ਜੋੜਨ ਵਿੱਚ ਤਾਂ ਸਫਲ ਹੋਏ ਹਨ ਪਰ ਉਸ ਰਣਨੀਤੀ ਦਾ ਵੀ ਵੱਡਾ ਯੋਗਦਾਨ ਹੈ ਜਿਸ ਵਿੱਚ ਚੀਨ ਵਿੱਚ ਉਨ੍ਹਾਂ ਦੀਆਂ ਫ਼ਿਲਮਾਂ ਦੀ ਪਰਮੋਸ਼ਨ ਅਤੇ ਮਾਰਕਟਿੰਗ ਬਹੁਤ ਹੀ ਸਹੀ ਤਰੀਕੇ ਨਾਲ ਕੀਤੀ ਗਈ ਹੈ ਉਹ ਵੀ ਸ਼ੁਰੂਆਤੀ ਸਟੇਜ ਤੋਂ ਹੀ।

ਸ਼ਾਰਟ ਫਿਲਮ ਵਿੱਚ ਅਦਾਕਾਰੀ ਤੋਂ ਬ੍ਰਾਂਡ ਅੰਬੈਸਡਰ

ਚੀਨ ਵਿੱਚ ਹਰ ਸਾਲ ਚਾਰ ਭਾਰਤੀ ਫ਼ਿਲਮਾਂ ਹੀ ਰਿਲੀਜ਼ ਕੀਤੀਆਂ ਜਾ ਸਕਦੀਆਂ ਹਨ ਪਰ 2018 ਪਹਿਲਾ ਅਜਿਹਾ ਸਾਲ ਹੋਵੇਗਾ ਜਿੱਥੇ ਤਿੰਨ ਫਿਲਮਾਂ ਰਿਲੀਜ਼ ਹੋ ਰਹੀਆਂ ਹਨ।

ਆਮਿਰ ਖ਼ਾਨ ਦੀ ਸੀਕਰੇਟ ਸੁਪਰਸਟਾਰ ਰਿਲੀਜ਼ ਹੋਈ, ਸਲਮਾਨ ਖ਼ਾਨ ਦੀ ਬਜਰੰਗੀ ਭਾਈ ਜਾਨ ਨੂੰ ਇਸ ਸਾਲ ਚੰਗੀ ਸਫ਼ਲਤਾ ਮਿਲੀ।

ਹੁਣ ਇਰਫ਼ਾਨ ਖ਼ਾਨ ਦੀ ਹਿੰਦੀ ਮੀਡੀਅਮ ਰਿਲੀਜ਼ ਹੋ ਰਹੀ ਹੈ।

Image copyright UTV

ਆਮਿਰ ਦੀ ਸਫ਼ਲਤਾ ਦਾ ਫਾਇਦਾ ਚੀਨ ਵਿੱਚ ਦੂਜੇ ਭਾਰਤੀ ਸਿਤਾਰਿਆਂ ਨੂੰ ਵੀ ਮਿਲੇਗਾ ਇਹ ਕਹਿਣਾ ਅਜੇ ਮੁਸ਼ਕਿਲ ਹੈ ਪਰ ਆਮਿਰ ਖ਼ਾਨ ਨੇ ਜ਼ਰੂਰ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ।

ਇੱਕ ਲੰਬਾ ਸਫ਼ਰ ਜਿਹੜਾ ਸਕੂਲ ਖ਼ਤਮ ਹੋਣ ਤੋਂ ਬਾਅਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੇ 40 ਮਿੰਟ ਦੀ ਇੱਕ ਸ਼ਾਰਟ ਫਿਲਮ ਵਿੱਚ ਕੰਮ ਕੀਤਾ ਸੀ।

ਇਹ ਸ਼ਾਰਟ ਫਿਲਮ ਉਨ੍ਹਾਂ ਦੇ ਸਕੂਲ ਦੇ ਦੋਸਤ ਆਦਿੱਤਯ ਭੱਟਾਚਾਰਿਆ ਨੇ ਬਣਾਈ ਸੀ ਜੋ ਬਿਮਲ ਰਾਏ ਦੇ ਪੋਤੇ ਸੀ ਅਤੇ ਬਾਸੂ ਭੱਟਾਚਾਰਿਆ ਦੇ ਮੁੰਡੇ।

ਉਸ ਸ਼ਾਰਟ ਫਿਲਮ ਵਿੱਚ ਆਮਿਰ ਅਦਾਕਾਰ ਵੀ ਸੀ, ਸਪੌਟ ਬੋਆਏ ਵੀ, ਅਸਿਸਟੈਂਟ ਡਾਇਰੈਕਟਰ ਵੀ ਅਤੇ ਪ੍ਰੋਡਕਸ਼ਨ ਮੈਨੇਜਰ ਵੀ।

Image copyright WEIBO

ਸ਼ਾਇਦ ਇੱਕ ਐਕਟਰ, ਪ੍ਰੋਡਿਊਸਰ, ਡਾਇਰੈਕਟਰ ਬਣਨ ਦੇ ਗੁਣ ਉਨ੍ਹਾਂ ਵਿੱਚ ਉਦੋਂ ਤੋਂ ਹੀ ਮੌਜੂਦ ਸੀ। ਅੱਜ ਉਹ ਚੀਨ ਵਿੱਚ ਵੀ ਛਾਏ ਹੋਏ ਹਨ।

ਸਵਿੱਟਜ਼ਰਲੈਂਡ ਦੀਆਂ ਵਾਦੀਆਂ ਅਤੇ ਲੰਡਨ ਬ੍ਰਿਜ 'ਤੇ ਭਾਵੇਂ ਹੀ ਸ਼ਾਹਰੁਖ ਖ਼ਾਨ ਦਾ ਕਬਜ਼ਾ ਹੋਵੇ ਪਰ ਚੀਨ ਦੀ ਕੰਧ ਪਾਰ ਕਰਨ ਵਾਲੇ ਤਾਂ ਆਮਿਰ ਹੀ ਹਨ।

ਉਨ੍ਹਾਂ ਨੇ ਆਪਣੇ ਚੀਨੀ ਫੈਂਸ ਲਈ ਥੋੜ੍ਹੀ ਬਹੁਤ ਮੈਂਡਰਿਨ ਸਿੱਖਣ ਦਾ ਵਾਅਦਾ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)