ਪੰਜਾਬ 'ਚ ਕਾਂਗਰਸ ਸਰਕਾਰ ਦੇ 12 ਮਹੀਨਿਆਂ ਦੌਰਾਨ ਨਸ਼ੇ ਨਾਲ 16 ਮੌਤਾਂ

ਕੈਪਟਨ ਅਮਰਿੰਦਰ ਸਿੰਘ Image copyright Getty Images

ਪੰਜਾਬ ਦੀਆਂ ਮਾਂਵਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਜਿਸ ਵਾਅਦੇ 'ਤੇ ਸਭ ਤੋਂ ਵੱਧ ਯਕੀਨ ਕੀਤਾ ਸੀ ਉਹ ਸੀ ਚਾਰ ਹਫ਼ਤਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ।

ਇਹ ਵਾਅਦਾ ਕਿੰਨਾ ਕੁ ਵਫ਼ਾ ਹੋਇਆ ਹੈ ਇਹ ਪੰਜਾਬ ਦੀਆਂ ਉਹ 16 ਮਾਂਵਾਂ ਦੱਸ ਸਕਦੀਆਂ ਹਨ ਜਿੰਨ੍ਹਾਂ ਦੇ ਲਖਤੇ ਜਿਗਰ ਮੌਤ ਦੀ ਬੁੱਕਲ ਵਿੱਚ ਸਦਾ ਲਈ ਸੌ ਗਏ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣਾ ਇੱਕ ਵਰ੍ਹਾਂ ਮੁਕੰਮਲ ਹੋਣ 'ਤੇ ਜਸ਼ਨ ਮਨਾ ਰਹੀ ਹੈ ਪਰ ਉਹ ਆਪਣੇ ਚਾਰ ਹਫਤਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਨੂੰ ਭੁਲੀ ਬੈਠੇ ਹੈ।ਕਿੰਨੀਆਂ ਮੁਟਿਆਰਾਂ ਭਰ ਜਵਾਨੀ ਵਿੱਚ ਵਿਧਵਾ ਹੋ ਗਈਆਂ ਹਨ।

ਇਹ ਅਵਾਜਾਂ ਵੀ ਉਠ ਰਹੀਆਂ ਹਨ, ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਮਾਂਵਾਂ ਦੇ ਘਰ ਜਾ ਕੇ ਹੱਥ ਜੋੜ ਕੇ ਮੁਆਫ਼ੀ ਮੰਗਣਗੇ ਕਿ ਉਹ ਹੱਥ ਵਿੱਚ ਗੁਟਕਾ ਫੜ ਕੇ ਖਾਂਧੀ ਸਹੁੰ ਨੂੰ ਨਿਭਾਅ ਨਹੀਂ ਸਕੇ।

'ਚਿੱਟਾ' ਬੰਦ ਨਹੀਂ ਮਹਿੰਗਾ ਜ਼ਰੂਰ ਹੋਇਆ

ਪੀੜ੍ਹਤ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚੋਂ 'ਚਿੱਟਾ' ਕਾਲੇ ਦਿਨਾਂ ਨੂੰ ਅਜੇ ਵੀ ਭੁਲਾ ਨਹੀਂ ਸਕਿਆ। ਪਿੰਡਾਂ ਵਿੱਚ ਲੋਕਾਂ ਦਾ ਕਹਿਣਾ ਸੀ ਕਿ 'ਚਿੱਟਾ' ਬੰਦ ਨਹੀਂ ਹੋਇਆ ਮਹਿੰਗਾ ਜ਼ਰੂਰ ਹੋ ਗਿਆ ਹੈ।

ਪੰਜਾਬ ਵਿੱਚ 16 ਮਾਰਚ 2017 ਤੋਂ 16 ਮਾਰਚ 2018 ਤੱਕ ਨਸ਼ਿਆਂ ਕਾਰਨ 16 ਨੌਜਵਾਨਾਂ ਦੀ ਮੌਤ ਹੋਈ ਹੈ।

ਇਹ ਉਹ ਅੰਕੜਾ ਹੈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਪੁਲੀਸ ਦੇ ਰਿਕਾਰਡ ਵਿੱਚ ਦਰਜ ਹੈ। ਕਿਹਾ ਇਹ ਜਾ ਰਿਹਾ ਹੈ ਕਿ ਨਸ਼ਿਆਂ ਕਾਰਨ ਮੌਤਾਂ ਦੀ ਗਿਣਤੀ ਦਾ ਅੰਕੜਾ ਜ਼ਿਆਦਾ ਹੈ ਕਿਉਂਕਿ ਕਈ ਮਾਪੇ ਆਪਣੇ ਪੁੱਤਾਂ ਦੀਆਂ ਨਸ਼ੇ ਵਾਲੀਆਂ ਆਦਤਾਂ ਜਗ ਜ਼ਾਹਿਰ ਨਹੀਂ ਕਰਨਾ ਚਾਹੁੰਦੇ।

ਕੈਪਟਨ ਅਮਰਿੰਦਰ ਸਿੰਘ ਦੇ ਨਸ਼ਾ ਮੁਕਤ ਕਰਨ ਦੇ ਵਾਅਦੇ ਤੋਂ ਬਾਅਦ ਜਿਹੜੇ 16 ਨੌਜਵਾਨ ਨਸ਼ਿਆਂ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਵਿੱਚ ਤਿੰਨ ਜਲੰਧਰ ਦੇ, ਤਿੰਨ ਹੁਸ਼ਿਆਰਪੁਰ ਦੇ, ਤਿੰਨ ਲੁਧਿਆਣਾ ਦੇ,ਚਾਰ ਮੋਗਾ ਦੇ, ਇੱਕ-ਇੱਕ ਅੰਮ੍ਰਿਤਸਰ, ਤਰਨਤਾਰਨ,ਅਤੇ ਮੰਡੀ ਗੋਬਿੰਦਗੜ੍ਹ ਦਾ ਹੈ।

ਭਾਵ ਕਿ ਮਾਝਾ,ਮਾਲਵਾ ਤੇ ਦੋਆਬਾ ਅਜੇ ਵੀ ਨਸ਼ਿਆਂ ਦੀ ਜਕੜ੍ਹ ਵਿੱਚੋਂ ਬਾਹਰ ਨਹੀਂ ਆ ਸਕੇ ਹਨ।

ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਵਿੱਢੀ ਮੁਹਿੰਮ ਠੰਡੀ ਪੈ ਗਈ ਹੈ। ਬੱਸ ਇੱਕ ਥਾਣੇਦਾਰ ਇੰਦਰਜੀਤ ਸਿੰਘ ਨੂੰ ਨੌਕਰੀਓਂ ਬਰਖਾਸਤ ਕਰਨ ਤੋਂ ਬਾਅਦ ਇੰਝ ਲੱਗ ਰਿਹਾ ਹੈ ਜਿਵੇਂ ਪੰਜਾਬ ਵਿੱਚੋਂ ਨਸ਼ਾ ਮੁੱਕ ਗਿਆ ਹੋਵੇ।

Image copyright Gurpreet chawla/bbc

ਨਸ਼ਿਆ ਕਾਰਨ ਦੁਆਬੇ ਵਿੱਚ ਮਾਰੇ ਗਏ ਨੌਜਵਾਨਾਂ ਬਾਰੇ ਬੀਬੀਸੀ ਪੰਜਾਬੀ ਨੇ ਪੰਜਾਬ ਪੁਲਿਸ ਦੇ ਰਿਕਾਰਡ ਨੂੰ ਆਧਾਰ ਬਣਾ ਕੇ ਜਾਣਕਾਰੀ ਇਕੱਠੀ ਕੀਤੀ। ਆਓ ਮਾਰਦੇ ਹਾਂ ਕੁਝ ਕੇਸਾਂ ਉੱਤੇ ਨਜ਼ਰ

ਕਮਲਦੀਪ ਉਰਫ ਵਿੱਕੀ (37 ਸਾਲਾਂ)

ਸਿੱਖਿਆ: ਪ੍ਰਾਇਮਰੀ

ਸਥਾਨ: ਹੁਸ਼ਿਆਰਪੁਰ, ਮੁਹੱਲਾ ਕਮਲਪੁਰ

ਮੌਤ:18 ਦਸੰਬਰ, 2017

ਕੇਸ: 174 ਆਈ.ਪੀ.ਸੀ ਧਾਰਾ ਤਹਿਤ ਕਾਰਵਾਈ ਕੀਤੀ ਗਈ।

ਪਰਿਵਾਰ: ਪਤਨੀ ਰਮਨ (35 ਸਾਲਾਂ), ਦੋ ਕੁੜੀਆਂ ਤਾਨੀਆ (15 ਸਾਲਾਂ) ਅਤੇ ਸਾਨਿਆ (12 ਸਾਲਾਂ) ਅਤੇ ਸੱਤ ਸਾਲਾ ਪੁੱਤਰ ਚੰਦੂ

ਪਤਨੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ 3000 ਰੁਪਏ ਪ੍ਰਤੀ ਮਹੀਨਾ ਕਮਾਉਂਦੀ ਹੈ ਤੇ ਆਪਣੇ ਬੱਚੇ ਪਾਲ ਰਹੀ ਹੈ।

ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਘਰ ਆਉਣ ਦੇ ਇੱਕ ਦਿਨ ਬਾਅਦ ਕਮਲਦੀਪ ਉਰਫ਼ ਵਿੱਕੀ ਦੀ ਮੌਤ ਹੋ ਗਈ।

Image copyright PAl singh nauli/bbc
ਫੋਟੋ ਕੈਪਸ਼ਨ ਕਮਲਦੀਪ ਉਰਫ ਵਿੱਕੀ ਦੀ ਪੁਰਾਣੀ ਤਸਵੀਰ

ਉਸਦੀ ਪਤਨੀ ਰਮਨ ਨੇ ਦੱਸਿਆ,"ਉਨ੍ਹਾਂ ਨੂੰ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਨਸ਼ਾ ਛੁਡਾਉਣ ਲਈ 21 ਦਿਨ ਦੇ ਕੋਰਸ ਤੋਂ ਬਾਅਦ ਘਰ ਆਇਆ ਸੀ ਪਰ ਨਸ਼ੇ ਦੀ ਉਵਰ ਡੋਜ਼ ਦੇ ਕਾਰਨ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਘਰੋਂ ਇਹ ਕਹਿ ਕੇ ਗਿਆ ਸੀ ਕਿ ਕਿਸੇ ਕੰਮ ਲਈ ਚੱਲਾ ਹਾਂ।''

ਵਿੱਕੀ ਦੀ ਲਾਸ਼ ਲਾਜਵਤੀ ਸਟੇਡੀਅਮ ਦੇ ਨਜ਼ਦੀਕ ਮਿਲੀ ਸੀ ਤੇ ਲਾਸ਼ ਨੇੜਿਓਂ ਦਵਾਈਆਂ ਦੇ ਇੰਜੈਕਸ਼ਨ ਅਤੇ ਕੈਪਸੂਲ ਮਿਲੇ ਸਨ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਉਸ ਨੇ ਆਪਣੇ ਆਪ ਨੂੰ ਟੀਕਾ ਲਾਇਆ ਤੇ ਫਿਰ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਥੋੜ੍ਹੇ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਵਿੱਕੀ ਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ। ਵਿੱਕੀ ਦੀ ਮੌਤ ਤਾਂ ਕਰੀਬ 3 ਵਜੇ ਹੋ ਗਈ ਸੀ ਪਰ ਉਸ ਦੀ ਪਤਨੀ ਰਮਨ ਨੂੰ ਸਾਢੇ 6 ਵਜੇ ਪੱਤਾ ਲਗਿਆ ਸੀ।

ਰਮਨ ਦੱਸਦੀ ਹੈ ਕਿ ਉਸ ਨੇ ਆਪਣੇ ਪਤੀ ਦਾ ਨਸ਼ਾ ਛਡਵਾਉਣ ਲਈ ਰਿਸ਼ਤੇਦਾਰਾਂ ਤੋਂ 30 ਹਜ਼ਾਰ ਉਧਾਰ ਲੈਏ ਸਨ। ਸੁਹਰੇ ਪਰਿਵਾਰ ਨੇ ਇੱਕੋ ਕਮਰਾ ਉਨ੍ਹਾ ਨੂੰ ਰਹਿਣ ਲਈ ਦਿੱਤਾ ਹੋਇਆ ਹੈ। ਵਿੱਕੀ ਦੇ ਦੋਸਤ ਅਮੀਰ ਸਨ ਉਨ੍ਹਾਂ ਨੇ ਹੀ ਉਸ ਨੂੰ ਨਸ਼ੇ ਦੀ ਆਦਤ ਲਾਈ ਸੀ।

ਰਮਨ ਨੇ ਕਿਹਾ, "ਵਿੱਕੀ ਬੁਰੀ ਸੰਗਤ ਵਿੱਚ ਫਸ ਗਿਆ ਸੀ ਇਸੇ ਲਈ ਉਸ ਦੀ ਜਾਨ ਚਲੀ ਗਈ ਪਰ ਹੁਣ ਤਾਂ ਸਰਕਾਰ ਨੂੰ ਜਾਗਣਾ ਚਾਹੀਦਾ ਹੈ। ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।''

''ਉਨ੍ਹਾਂ ਨੂੰ ਫੜਨਾ ਚਾਹੀਦਾ ਹੈ ਤਾਂ ਜੋ ਹੋਰ ਬੱਚੇ ਯਤੀਮ ਨਾ ਹੋਣ ਅਤੇ ਨਾ ਕੋਈ ਮੇਰੇ ਵਾਂਗ ਭਰ ਜਵਾਨੀ ਵਿੱਚ ਵਿਧਵਾ ਹੋਵੇ।''

Image copyright Gurpreet chawla/bbc

ਪੁਲਿਸ ਅਨੁਸਾਰ ਪੋਸਟ ਮਾਰਟਮ ਰਿਪੋਰਟ ਵਿੱਚ ਇਹੀ ਆਇਆ ਹੈ ਕਿ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਵਿੱਕੀ ਦੀ ਮੌਤ ਹੋਈ ਹੈ।

ਸ਼ਾਮ ਨੂੰ ਘਰੋਂ ਗਿਆ ਪਰ ਕਦੇਂ ਨਾ ਮੁੜਿਆ

27 ਸਾਲਾ ਗੁਰਮੰਗਤ ਪਾਲ ਸਿੰਘ

ਸਿੱਖਿਆ:10 + 2

ਪਿੰਡ: ਜੌੜਾ ਟਾਂਡਾ, ਜ਼ਿਲ੍ਹਾਂ ਹੁਸ਼ਿਆਰਪੁਰ

ਮੌਤ: 13 ਫਰਵਰੀ 2018 ਸਿਵਲ ਹਸਪਤਾਲ ਐਬੂਲੈਂਸ ਰਾਹੀਂ ਹੁਸ਼ਿਆਰਪੁਰ ਲੈ ਜਾਂਦਿਆ ਰਸਤੇ ਵਿੱਚ ਹੋਈ

ਕੇਸ: ਦੋ ਨੌਜਵਾਨਾਂ ਦੇ ਵਿਰੁੱਧ ਆਈ ਪੀ ਸੀ ਦੀ ਧਾਰਾ 302 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ - ਇਕੋ ਪਿੰਡ ਦਾ ਟੀਟਾ ਅਤੇ ਇੱਕ ਹੋਰ ਅਣਪਛਾਤਾ।

ਗੁਰਮੰਗਤਪਾਲ ਸਿੰਘ ਦੀ 9 ਮਹੀਨਿਆਂ ਦੀ ਬੱਚੀ ਉਸ ਦੀ ਮੌਤ ਨਾਲ ਹੀ ਯਤੀਮ ਹੋ ਗਈ। ਬੁੱਢੇ ਮਾਪੇ ਪੈਨਸ਼ਨ ਦੇ ਸਹਾਰੇ ਹੀ ਜੀਵਨ ਬਤੀਤ ਕਰ ਰਹੇ ਹਨ।

ਫੌਜ ਵਿੱਚੋਂ ਸੇਵਾ ਮੁਕਤ ਹੋਏ ਉਸ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪੜ੍ਹਾਈ ਕਰਨ ਲਈ ਇੰਗਲੈਂਡ ਵੀ ਗਿਆ ਸੀ।

ਰਣਜੀਤ ਸਿੰਘ ਨੇ ਦੱਸਿਆ, "ਦੋ ਸਾਲ ਬਾਅਦ ਵਾਪਸ ਆ ਗਿਆ। ਉਸ ਦਾ ਵਿਆਹ ਕਰ ਦਿੱਤਾ ਗਿਆ। ਕਦੇਂ ਸੋਚਿਆ ਨਹੀਂ ਸੀ ਇੰਨੇ ਸ਼ਾਂਤ ਸੁਭਾਅ ਦਾ ਉਨ੍ਹਾ ਦਾ ਮੁੰਡਾ ਨਸ਼ਿਆਂ ਕਾਰਨ ਮਰ ਜਾਵੇਗਾ। ਉਹ ਪੰਜਾਂ ਭੈਣਾਂ ਦਾ ਇਕਲੌਤਾ ਵੀਰ ਸੀ।''

ਉਨ੍ਹਾਂ ਦੱਸਿਆ, "13 ਫਰਵਰੀ ਨੂੰ ਕਰੀਬ 7 ਵਜੇ ਰਾਤ ਨੂੰ ਪਿੰਡ ਦਾ ਇੱਕ ਮਿੱਤਰ ਟੀਟਾ ਉਸ ਨੂੰ ਬੁਲਾਉਣ ਲਈ ਆਇਆ ਸੀ ਜੋ ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤਿਆ ਸੀ।''

ਟੀਟਾ ਉਸ ਨੂੰ ਆਪਣੀ ਕਾਰ ਵਿਚ ਲੈ ਗਿਆ ਅਤੇ ਫਿਰ 10 ਵਜੇ ਸਾਨੂੰ ਟੀਟਾ ਨੇ ਫੋਨ ਕਰਕੇ ਕਿਹਾ ਕਿ ਗੁਰਮੰਗਤ ਬੇਹੋਸ਼ ਹੋ ਗਿਆ ਹੈ ਉਸ ਨੂੰ ਹਸਪਤਾਲ ਵਾਲੇ ਦਾਖਲ ਨਹੀਂ ਕਰਦੇ ਤੁਸੀਂ ਜਲਦੀ ਪਹੁੰਚੋ।''

ਗੁਰਮੰਗਤ ਦੀ ਭੈਣ ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਉਸ ਦਾ ਭਰਾ ਤਾਂ ਕੋਈ ਨਸ਼ਾ ਨਹੀਂ ਕਰਦਾ ਸੀ ਉਸ ਨੂੰ ਟੀਟੇ ਨੇ ਹੀ ਟੀਕੇ ਲਾਏ ਸਨ ਤਾਂ ਜੋ ਉਹ ਇਸ ਦਾ ਆਦਿ ਹੋ ਜਾਵੇ।''

Image copyright Getty Images

ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਐਬੂੰਲੈਂਸ ਵਿੱਚ ਹੀ ਹੋ ਗਈ ਸੀ ਜਦੋਂ ਉਸ ਨੂੰ ਸਿਵਲ ਹਸਤਪਤਾਲ ਹੁਸ਼ਿਆਰਪੁਰ ਲੈ ਕੇ ਜਾ ਰਹੇ ਸੀ।

ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਜੇ ਸਰਕਾਰ ਟੀਟੇ ਵਰਗੇ ਵਿਅਕਤੀਆਂ ਨੂੰ ਪਹਿਲਾ ਹੀ ਗ੍ਰਿਫ਼ਤਾਰ ਕਰ ਲੈਂਦੀ ਤਾਂ ਅੱਜ ਸਾਡਾ ਮੁੰਡਾ ਜੀਉਂਦਾ ਹੋਣਾ ਸੀ। ਨੌਂ ਮਹੀਨਿਆਂ ਪਹਿਲਾਂ ਹੀ ਉਸ ਨੇ ਕੁਵੈਤ ਜਾਣ ਲਈ ਮੈਡੀਕਲ ਕਰਵਾਇਆ ਸੀ ਅਤੇ ਹਰ ਚੀਜ਼ ਆਮ ਸੀ। ਉਹ ਬਿਲਕੁਲ ਤੰਦਰੁਸਤ ਸੀ।

ਪਰਿਵਾਰ ਦਾ ਕਹਿਣਾ ਸੀ ਕਿ ਨਸ਼ੇ ਵੇਚਣ ਵਾਲੇ ਪੁਲਿਸ ਵਾਲਿਆਂ ਨਾਲ ਰਲੇ ਹੋਏ ਹਨ। ਪੁਲਿਸ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਹੜੇ ਪਿੰਡ ਵਿੱਚ ਕੌਣ-ਕੌਣ ਨਸ਼ਾ ਕਰਦਾ ਹੈ ਤੇ ਕੌਣ ਉਨ੍ਹਾਂ ਨੂੰ ਦਿੰਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਟੀਟੇ ਨੇ ਉਸ ਨੂੰ ਨਸ਼ੇ ਦੀ ਜ਼ਿਆਦਾ ਡੋਜ਼ ਦੇ ਦਿੱਤੀ ਸੀ ਇਸੇ ਕਰਕੇ ਗੁਰਮੰਗਤਪਾਲ ਦੀ ਮੌਤ ਹੋਈ ਹੈ।

ਓਵਰਡੋਜ਼ ਨੇ ਖੋਹ ਲਿਆ ਮਾਂ ਦਾ ਆਸਰਾ

ਗੁਰਪ੍ਰੀਤ ਸਿੰਘ ਉਰਫ ਗੋਪੀ (27)

ਸਿੱਖਿਆ: 10 + 2

ਪਿੰਡ: ਬਿਧੀਪੁਰ, ਜਿਲ੍ਹਾ ਜਲੰਧਰ

ਮੌਤ: 16 ਮਈ, 2017

ਕੇਸ: 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ

ਗੁਰਪ੍ਰੀਤ ਉਰਫ ਗੋਪੀ ਦੀ 50 ਸਾਲਾ ਮਾਤਾ ਸੁਰਜੀਤ ਕੌਰ ਦੱਸਦੀ ਹੈ ਕਿ ਉਸ ਦਾ ਪਤੀ 18 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ। ਉਦੋਂ ਉਸ ਦਾ ਪੁੱਤਰ ਗੋਪੀ ਸਿਰਫ਼ 13 ਸਾਲਾਂ ਦਾ ਸੀ ਜਦੋਂ ਉਸ ਦਾ ਪਿਤਾ ਇੰਗਲੈਂਡ ਚਲਾ ਗਿਆ ਸੀ। ਉਸ ਦਾ ਪਤੀ ਇੱਕ ਵਾਰ ਵੀ ਇਧਰ ਨਹੀਂ ਆਇਆ।

ਗੋਪੀ ਦੀ 25 ਸਾਲਾਂ ਪਤਨੀ ਜੋਤੀ ਉਸ ਦੀ ਮੌਤ ਤੋਂ ਬਾਅਦ ਹੀ ਆਪਣੇ ਮਾਪਿਆਂ ਕੋਲ ਚਲੇ ਗਈ ਸੀ।

Image copyright PAl singh nauli/bbc
ਫੋਟੋ ਕੈਪਸ਼ਨ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਤਸਵੀਰ ਹੱਥ 'ਚ ਲੈ ਕੇ ਬੈਠੀ ਉਸਦੀ ਮਾਂ

ਪੁਲਿਸ ਅਨੁਸਾਰ ਉਹ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀਆਈਐਮਐਸ) ਦੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੋਇਆ ਸੀ ਪਰ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਉਥੋਂ ਕਿਸੇ ਤਰ੍ਹਾਂ ਨਾਲ ਨਿਕਲ ਗਿਆ ਸੀ। ਪੁਲਿਸ ਥਾਣਾ ਦੇ ਰਿਕਾਰਡ ਅਨੁਸਾਰ ਗੋਪੀ ਦੀ ਮੌਤ ਵਾਧੂ ਨਸ਼ਾ ਲੈਣ ਕਾਰਨ ਹੋਈ ਹੈ।

ਸੁਰਜੀਤ ਕੌਰ ਨੇ ਦੱਸਿਆ, "ਗੋਪੀ ਘਰੋਂ ਇਹ ਕਹਿ ਕੇ ਚਲਾ ਗਿਆ ਉਹ ਬੈਂਕ ਵਿੱਚੋਂ ਹੋ ਕੇ ਡੇਢ ਘੰਟੇ ਤੱਕ ਘਰ ਆ ਜਾਵੇਗਾ ਪਰ ਉਹ ਫਿਰ ਕਦੇ ਵੀ ਘਰ ਨਹੀਂ ਮੁੜਿਆ।

ਦੇਰ ਰਾਤ ਤੱਕ ਨਾ ਪਰਤਿਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਅਗਲੇ ਦਿਨ ਉਸ ਦੀ ਲਾਸ਼ ਪਿੰਡ ਵਰਿਆਣਾ ਦੇ ਖੇਤਾਂ ਵਿੱਚੋਂ ਮਿਲੀ ਸੀ। ਉਸ ਦੀ ਲਾਸ਼ ਨੇੜਿਓਂ ਹੀ ਨਸ਼ੀਲੀਆਂ ਦਵਾਈਆਂ ਮਿਲੀਆਂ ਸਨ।

ਇੱਕਲੀ ਰਹਿ ਰਹੀ ਸੁਰਜੀਤ ਕੌਰ ਦਾ ਕਹਿਣਾ ਸੀ ਕਿ ਨਸ਼ਾ ਵੇਚਣ ਵਾਲੇ ਤਸਕਰ ਅਤੇ ਪੁਲਿਸ ਰਲੀ ਹੋਈ ਹੈ। ਮਾਂਵਾਂ ਦੇ ਪੁੱਤ ਇਸੇ ਤਰ੍ਹਾਂ ਨਸ਼ਿਆਂ ਦੀ ਭੇਂਟ ਚੜ੍ਹਦੇ ਰਹੇ ਤਾਂ ਫਿਰ ਪੰਜਾਬ ਦਾ ਕੀ ਬਣੇਗਾ?

Image copyright Getty Images

ਇਕੱਲੇ ਮੋਗਾ ਤੇ ਲੁਧਿਆਣਾ ਵਿੱਚ 8 ਮੌਤਾਂ

ਪੁਲਿਸ ਰਿਕਾਰਡ ਮੁਤਾਬਕ ਮੋਗਾ ਜ਼ਿਲ੍ਹੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਨਸ਼ਿਆਂ ਕਾਰਨ ਹੋਈ ਮੰਡੀ ਗੋਬਿੰਦਗੜ੍ਹ ਵਿੱਚ ਪੜ੍ਹਦਾ 24 ਸਾਲਾਂ ਗੁਰਲਾਲ ਸਿੰਘ ਬੀ.ਐਸ.ਸੀ ਫਾਈਨਲ ਯੀਅਰ ਦਾ ਵਿਦਿਆਰਥੀ ਸੀ।

ਜਿਲ੍ਹਾਂ ਮੋਗਾ ਦਾ ਰਹਿਣ ਵਾਲਾ ਗੁਰਲਾਲ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਮੋਗੇ ਦੇ ਪਿੰਡ ਦੌਲੇਵਾਲ ਦੇ ਨਿਸ਼ਾਨ ਸਿੰਘ (35) ਦੀ 10 ਅਕਤੂਬਰ 2017 ਨੂੰ ਟੀਕੇ ਲਗਾਉਣ ਨਾਲ ਮੌਤ ਹੋ ਗਈ।

ਦੌਲੇਵਾਲ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਦਿਆਲ ਸਿੰਘ ਦੀ ਮੌਤ ਵੀ ਨਸ਼ਿਆਂ ਕਾਰਨ ਹੋਈ ਉਸ ਦੀ ਉਮਰ ਮਹਿਜ 35 ਸਾਲ ਦੀ ਸੀ।

ਪੁਲਿਸ ਰਿਕਾਰਡ ਮੁਤਾਬਕ ਧਰਮਕੋਟ ਦੇ 34 ਸਾਲ ਦੇ ਕੁਲਦੀਪ ਸਿੰਘ ਦੀ ਮੌਤ 17 ਜਨਵਰੀ 2018 ਨੂੰ ਘਰ ਵਿੱਚ ਟੀਕੇ ਲਗਾਉਣ ਕਾਰਨ ਹੋਈ ਸੀ।ਮੋਗਾ ਜਿਲ੍ਹੇ ਦੇ ਰਹਿਣ ਵਾਲੇ ਸੁਖਦੇਵ ਸਿੰਘ (50) ਦੀ ਮੌਤ 25 ਫਰਵਰੀ 2018 ਨੂੰ ਹੋਈ ਸੀ।

Image copyright Getty Images

ਲੁਧਿਆਣਾ ਦਾ ਹਰਦੀਪ ਸਿੰਘ (32) ਆਟੋ ਰਿਕਸ਼ਾ ਡ੍ਰਾਈਵਰ ਸੀ।ਉਸ ਦੀ ਲਾਸ਼ ਲੌਡੋਵਾਲ ਇਲਾਕੇ ਵਿੱਚੋਂ ਮਿਲੀ ਸੀ।ਲੁਧਿਆਣੇ ਦੇ 31 ਸਾਲਾਂ ਕੁਲਦੀਪ ਸਿੰਘ ਦੀ ਨਸ਼ੇ ਦੀ ਉਵਰ ਡੋਜ਼ ਕਾਰਨ 21 ਦਸੰਬਰ 2017 ਨੂੰ ਮੌਤ ਹੋ ਗਈ ਸੀ।

ਲੁਧਿਆਣਾ ਦੇ ਨਵਜੋਤ ਸਿੰਘ (28 ) ਦੀ ਮੌਤ 23 ਫਰਵਰੀ 2018 ਨੂੰ ਹੋਈ ਸੀ। ਉਸ ਦੀ ਲਾਸ਼ 24 ਫਰਵਰੀ ਨੂੰ ਕਾਰ ਵਿੱਚੋਂ ਮਿਲੀ ਸੀ।

ਅੰਮ੍ਰਿਤਸਰ ਦੇ ਰਹਿਣ ਵਾਲੇ ਕਰਨਬੀਰ ਸਿੰਘ (22) ਦੀ ਮੌਤ 5 ਫਰਵਰੀ 2018 ਨੂੰ ਹੋਈ। ਮਾਪਿਆਂ ਨੇ ਉਸ ਦੀ ਲਾਸ਼ ਬੈਡਰੂਮ ਵਿੱਚ ਹੀ ਮਿਲੀ ਸੀ। ਉਸ ਦੀ ਮੌਤ ਦਾ ਕਾਰਨ ਉਵਰ ਡੋਜ਼ ਹੀ ਦੱਸੀ ਗਈ ਹੈ।

ਪੁਲਿਸ ਰਿਕਾਰਡ ਮੁਤਾਬਕ ਤਰਨਤਾਰਨ ਦੇ ਪੱਟੀ ਇਲਾਕੇ ਦੇ 22 ਸਾਲਾਂ ਵਿੱਕੀ ਸਿੰਘ ਦੀ ਮੌਤ 22 ਜਨਵਰੀ 2018 ਨੂੰ ਹੋਈ ਸੀ।ਚੇਨਈ ਵਿੱਚ ਉਸ ਦਾ ਚੰਗਾ ਕੰਮਕਾਜ ਸੀ ਪਰ ਪੰਜਾਬ ਆ ਕੇ ਉਹ ਨਸ਼ੇ ਕਰਨ ਲੱਗ ਪਿਆ ਸੀ।

ਜਲੰਧਰ ਦੇ ਪਿੰਡ ਢੱਡਾ ਦੇ 25 ਸਾਲਾ ਹਰਪ੍ਰੀਤ ਸਿੰਘ ਦੀ ਮੌਤ 6 ਅਗਸਤ 2017 ਨੂੰ ਨਸ਼ੇ ਦੀ ਉਵਰ ਡੋਜ਼ ਨਾਲ ਹੋਈ।

ਜਲੰਧਰ ਛਾਉਣੀ ਦੇ ਨਾਲ ਲਗਦੇ ਪਿੰਡ ਧੀਣਾ ਦੇ ਰਵੀ ਕੁਮਾਰ ਦੀ ਮੌਤ 29 ਅਪ੍ਰੈਲ 2017 ਨੂੰ ਸਿਵਲ ਹਸਪਤਾਲ ਹੋਈ ਸੀ।ਉਸ ਦੀ ਉਮਰ 19 ਸਾਲ ਸੀ।ਉਹ ਘਰੋਂ 25 ਅਪ੍ਰੈਲ ਨੂੰ ਦੋਸਤਾਂ ਨਾਲ ਗਿਆ ਸੀ ਤੇ ਚਾਰ ਦਿਨਾਂ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਘਰ ਪਰਤਿਆ ਸੀ।

ਪੁਲਿਸ ਰਿਕਾਰਡ ਮੁਤਾਬਕ ਉਸ ਦੀ ਮਾਂ ਨੇ ਦੋਸ਼ ਲਾਇਆ ਸੀ ਕਿ ਉਸ ਦੇ ਦੋਸਤਾਂ ਨੇ ਧੱਕੇ ਨਾਲ ਨਸ਼ੇ ਦੇ ਟੀਕੇ ਰਵੀ ਦੇ ਲਾਏ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।ਉਸ ਦੀ ਲਾਸ਼ 12 ਅਗਸਤ ਨੂੰ ਚਿੱਟੀ ਵੇਈਂ ਵਿੱਚੋਂ ਮਿਲੀ ਸੀ।

ਹੁਸ਼ਿਆਰਪੁਰ ਦੇ ਰਹਿਣਵਾਲੇ 24 ਸਾਲਾਂ ਨਸ਼ਿਆਂ ਦੇ ਆਦੀ ਨਿਤੀਸ਼ ਕੁਮਾਰ ਦੀ ਮੌਤ 23 ਜੁਲਾਈ 2017 ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਹੋਈ ਸੀ।

ਮੁੱਖ ਮੰਤਰੀ ਦੀ ਨੈਤਕਿਤਾ ਉੱਤੇ ਸਵਾਲ

ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ, "ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਏ ਹਨ।''

"ਉਨ੍ਹਾਂ ਨੂੰ ਨੈਤਿਕਤਾ ਦੇ ਤੌਰ 'ਤੇ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਜਿੰਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਹ ਨੇ ਵਾਅਦਾ ਨਹੀਂ ਨਿਭਾਇਆ।''

ਯੂਥ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਹੈ ਕਿ ਉਹ ਇੱਕ ਸਾਲ ਪੂਰਾ ਹੋਣ 'ਤੇ ਜ਼ਸ਼ਨ ਮਨਾਉਣਗੇ ਜਾਂ ਫਿਰ ਉਨ੍ਹਾਂ 16 ਮਾਂਵਾਂ ਦੇ ਘਰ ਜਾ ਕੇ ਮੁਆਫ਼ੀ ਮੰਗਣਗੇ ਕਿ ਗੁਟਕਾ ਸਾਹਿਬ ਦੀ ਖਾਧੀ ਸਹੁੰ ਨਹੀਂ ਨਿਭਾਅ ਸਕੇ ਜਾਂ ਫਿਰ ਉਨ੍ਹਾ ਭੈਣਾਂ ਅੱਗੇ ਸਿਰ ਝੁਕਾਉਣਗੇ ਜਿੰਨ੍ਹਾਂ ਦੀਆਂ ਰੱਖੜੀਆਂ ਨਸ਼ਿਆਂ ਦੀ ਨੇ ਖਾਹ ਲਈਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)