ਹਿੰਸਕ ਗਾਇਕੀ 'ਤੇ ਰੋਕ ਲਈ ਬਣੇ ਪੰਜਾਬ ਦਾ ਵੱਖਰਾ ਸੈਂਸਰ ਬੋਰਡ: ਦਿਲਜੀਤ ਦੁਸਾਂਝ

ਦਿਲਜੀਤ ਦੋਸਾਂਝ Image copyright DiljitDosanjh/Facebook

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਮੁਤਾਬਕ ਪੰਜਾਬੀ ਗੀਤਾਂ ਲਈ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ। ਦਿਲਜੀਤ ਉਨ੍ਹਾਂ ਲੋਕਾਂ ਦਾ ਸਾਥ ਦੇਣਗੇ ਜੋ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਨਾ ਚਾਹੁੰਦੇ ਹਨ।

ਚੰਡੀਗੜ੍ਹ ਵਿੱਚ ਆਪਣੀ ਫਿਲਮ 'ਸੱਜਣ ਸਿੰਘ ਰੰਗਰੂਟ' ਦੀ ਪ੍ਰਮੋਸ਼ਨ ਲਈ ਪਹੁੰਚੇ ਦਿਲਜੀਤ ਦੋਸਾਂਝ ਅਤੇ ਸੁਨੰਦਾ ਸ਼ਰਮਾ ਨਾਲ ਬੀਬੀਸੀ ਪੰਜਾਬੀ ਨੇ ਖਾਸ ਗੱਲਬਾਤ ਕੀਤੀ।

ਉਨ੍ਹਾਂ ਆਪਣੀ ਨਵੀਂ ਫਿਲਮ,ਪੰਜਾਬੀ ਸਿਨੇਮਾ ਅਤੇ ਬਾਲੀਵੁੱਡ ਫਿਲਮਾਂ ਵਿੱਚ ਸਿੱਖ ਮੁੰਡਿਆਂ ਦੀ ਪੇਸ਼ਕਾਰੀ ਦਾ ਖਾਸ ਜ਼ਿਕਰ ਕੀਤਾ।

ਦਿਲਜੀਤ ਨੇ ਦੱਸਿਆ ਕਿ ਇਹ ਫਿਲਮ ਇਤਿਹਾਸ ਦੀਆਂ ਉਨ੍ਹਾਂ ਸ਼ਖਸੀਅਤਾਂ 'ਤੇ ਹੈ, ਜਿਨ੍ਹਾਂ ਨੇ ਪੰਜਾਬੀਆਂ ਲਈ ਕੁਰਬਾਨੀਆਂ ਦਿੱਤੀਆਂ ਹਨ।

ਉਨ੍ਹਾਂ ਕਿਹਾ, ''ਅਸੀਂ ਫਿਲਮ ਦਾ ਨਾਂ ਰੰਗਰੂਟ ਰੱਖਣਾ ਚਾਹੁੰਦੇ ਸੀ ਪਰ ਉਹ ਟਾਈਟਲ ਸਾਨੂੰ ਨਹੀਂ ਮਿਲਿਆ, ਜਿਸ ਕਰਕੇ ਅਸੀਂ 'ਸੱਜਣ ਸਿੰਘ ਰੰਗਰੂਟ' ਨਾਂ ਰੱਖਿਆ।''

''ਪਰ ਇਹ ਸਿਰਫ਼ ਸੱਜਣ ਸਿੰਘ ਦੀ ਨਹੀਂ ਬਲਕਿ ਸਭ ਦੀ ਫਿਲਮ ਹੈ, ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ।''

Image copyright DiljitDosanjh/Facebook

ਦਿਲਜੀਤ ਨੇ ਅੱਗੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਵਰਲਡ ਵਾਰ 'ਤੇ ਫਿਲਮ ਬਣਾਉਣਾ ਚਾਹੁੰਦੇ ਸੀ ਪਰ ਉਨ੍ਹਾਂ ਕੋਲ ਬਜਟ ਨਹੀਂ ਸੀ।

ਉਨ੍ਹਾਂ ਕਿਹਾ, ''ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਪਰ ਜੇ ਆਪਣੇ ਭਾਈਚਾਰੇ ਨੂੰ ਵੀ ਕੁਝ ਵਾਪਸ ਦੇਵੋ ਤਾਂ ਹੋਰ ਵੀ ਵਧੀਆ ਹੈ।''

''ਉਹ ਗੱਲ ਮੇਰੇ ਦਿਨ ਨੂੰ ਛੂਹ ਗਈ ਅਤੇ ਫਿਰ ਆਪਣੇ ਆਪ ਹੀ ਸਾਰੇ ਕੰਮ ਹੁੰਦੇ ਗਏ।''

ਸੈਂਸਰ ਬੋਰਡ ਹਿੰਸਕ ਗਾਇਕੀ ਦਾ ਹੱਲ

ਗਾਇਕਾਂ ਨੂੰ ਹਿੰਸਕ ਗੀਤ ਤੋਂ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਤੇ ਵੀ ਦਿਲਜੀਤ ਦੋਸਾਂਝ ਬੋਲੇ।

ਦਿਲਜੀਤ ਨੇ ਕਿਹਾ, ''ਜੇ ਅਸੀਂ ਸਾਡੇ ਲਈ ਵਧੀਆ ਸਮਾਜ ਸਿਰਜਨਾ ਚਾਹੁੰਦੇ ਹਾਂ ਅਤੇ ਉਸਦੇ ਲਈ ਕੋਸ਼ਿਸ਼ਾਂ ਕਰ ਰਹੇ ਹਾਂ ਤਾਂ ਇਹ ਬਹੁਤ ਵਧੀਆ ਗੱਲ ਹੈ। ਪਰ ਸਿਰਫ਼ ਰੌਲ਼ਾ ਪਾਉਣ ਨਾਲੋਂ ਚੰਗਾ ਹੈ ਕਿ ਇਸ ਦਾ ਹੱਲ ਲੱਭਿਆ ਜਾਏ।''

ਉਨ੍ਹਾਂ ਅੱਗੇ ਕਿਹਾ, ''ਪੰਜਾਬ ਦਾ ਇੱਕ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ, ਜੋ ਅਜਿਹੇ ਗੀਤ ਪਾਸ ਹੀ ਨਾ ਕਰੇ। ਫਿਲਹਾਲ ਮੁੰਬਈ ਤੋਂ ਗਾਣੇ ਪਾਸ ਹੋ ਕੇ ਆਉਂਦੇ ਹਨ, ਜੇ ਪੰਜਾਬ ਵਿੱਚ ਸੈਂਸਰ ਹੋਵੇਗਾ ਤਾਂ ਗੱਲ ਹੀ ਮੁੱਕ ਜਾਵੇਗੀ।''

ਬਾਲੀਵੁੱਡ ਫਿਲਮਾਂ ਵਿੱਚ ਸਿੱਖਾਂ ਦੀ ਪੇਸ਼ਕਾਰੀ ਨੂੰ ਲੈ ਕੇ ਆਏ ਬਦਲਾਅ ਬਾਰੇ ਦਿਲਜੀਤ ਬੋਲੇ, ''ਸੋਸ਼ਲ ਮੀਡੀਆ ਕਰਕੇ ਕਾਫੀ ਜਾਗਰੂਕਤਾ ਆਈ ਹੈ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਮਖੌਲ ਵਾਲਾ ਕੋਈ ਵੀ ਕੰਮ ਨਾ ਕਰਾਂ, ਬਾਕੀ ਕਿਸੇ ਹੋਰ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ।''

ਪੰਜਾਬੀ ਮਰਦ ਗਾਇਕ ਆਪਣੇ ਵਿਆਹ ਦੀ ਖ਼ਬਰ ਕਿਉਂ ਨਹੀਂ ਦੱਸਦੇ , ਇਸ ਸਵਾਲ 'ਤੇ ਦਿਲਜੀਤ ਦੋਸਾਂਝ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ।

ਉਨ੍ਹਾਂ ਕਿਹਾ, ''ਜੇ ਕੋਈ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਚਾਹੁੰਦਾ ਹੈ ਤਾਂ ਇਹ ਉਸਦੀ ਆਪਣੀ ਮਰਜ਼ੀ ਹੈ ਪਰ ਕਿਸੇ ਦਾ ਕੋਈ ਹੱਕ ਨਹੀਂ ਬਣਦਾ। ਮੈਂ ਤੁਹਾਨੂੰ ਨਹੀਂ ਪੁੱਛ ਸਕਦਾ ਕਿ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਕੀ ਹੁੰਦਾ ਹੈ ਅਤੇ ਨਾ ਹੀ ਤੁਸੀਂ ਮੈਨੂੰ ਪੁੱਛ ਸਕਦੇ ਹੋ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨਾਲ ਗੱਲਬਾਤ

ਦਿਲਜੀਤ ਨਾਲ ਜੋੜੀ ਬਣਾਉਣ ਬਾਰੇ ਗਾਇਕ ਸੁਨੰਦਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਜਾ ਤਜੁਰਬਾ ਬਹੁਤ ਵਧੀਆ ਰਿਹਾ।

ਉਨ੍ਹਾਂ ਕਿਹਾ, ''ਫਿਲਮ ਦੌਰਾਨ ਦਿਲਜੀਤ ਆਪਣੇ ਕਿਰਦਾਰ ਵਿੱਚ ਸੀ। ਸਭ ਨੇ ਸੀਰੀਅਸ ਹੋਕੇ ਫਿਲਮ ਦੀ ਸ਼ੂਟਿੰਗ ਕੀਤੀ। ਇਹ ਫਿਲਮ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਸੀ।''

ਦਿਲਜੀਤ ਦੀ ਫਿਲਮ 23 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕ ਇਸ ਪ੍ਰੋਜੈਕਟ ਨੂੰ ਪਸੰਦ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)