ਭਾਰਤ ਦੇ 'ਮਰੇ' ਹੋਏ ਲੇਖਕ ਦੀ ਨਵੀਂ ਕਿਤਾਬ ਨਾਲ ਵਾਪਸੀ

ਪੇਰੂਮਲ ਮੁਰੂਗਨ

ਸੱਜੇ ਪੱਖੀਆਂ ਦੇ ਹਮਲਿਆਂ ਦੇ ਵਿਰੋਧ ਵਿੱਚ ਆਪਣੀ ਲੇਖਣੀ ਨੂੰ 'ਮ੍ਰਿਤਕ' ਐਲਾਨਣ ਵਾਲੇ ਪੇਰੂਮਲ ਮੁਰੂਗਨ ਦੀ ਵਾਪਸੀ ਹੋਈ ਹੈ।

2015 ਵਿੱਚ ਸੱਜੇ ਪੱਖੀ ਧਿਰਾਂ ਵੱਲੋਂ ਤੰਗ ਕੀਤੇ ਜਾਣ ਅਤੇ ਹਮਲਿਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਤਾਮਿਲ ਲੇਖਕ ਪੇਰੂਮਲ ਮੁਰੂਗਨ ਨੇ ਆਪਣੀ ਲੇਖਣੀ ਨੂੰ 'ਮ੍ਰਿਤਕ' ਐਲਾਨ ਦਿੱਤਾ ਸੀ।

ਪਰ ਹੁਣ ਉਨ੍ਹਾਂ ਖ਼ੁਦ 'ਤੇ ਲਗਾਈ ਹੋਈ ਚੁੱਪੀ ਨੂੰ ਤੋੜਿਆ ਹੈ।

ਇਹ ਚੁੱਪੀ ਉਨ੍ਹਾਂ ਆਪਣੀ ਨਵੀਂ ਕਿਤਾਬ ਰਾਹੀਂ ਤੋੜੀ ਹੈ, ਜਿਹੜੀ ਕਿ ਕਮਜ਼ੋਰ ਲੋਕਾਂ 'ਤੇ ਜ਼ੁਲਮ ਅਤੇ ਨਿਗਰਾਨੀ 'ਤੇ ਇੱਕ ਰੂਪਕ ਹੈ।

ਇਸ ਬਾਰੇ ਸੁਧਾਜੀ ਤਿਲਕ ਲਿਖਦੇ ਹਨ।

ਪੇਰੂਮਲ ਮੁਰੂਗਨ ਦੇ ਇਸ ਨਾਵਲ ਵਿੱਚ ਇੱਕ ਕਾਲੀ ਬੱਕਰੀ ਮਨੁੱਖੀ ਸੰਸਾਰ ਦੀ ਬੇਇਨਸਾਫੀ ਅਤੇ ਦੁਖਦਾਈ ਹਿੰਸਾ ਦੀ ਗਵਾਹੀ ਦਿੰਦੀ ਹੈ।

ਆਲੋਚਕਾਂ ਵੱਲੋਂ ਸਮਾਜਿਕ ਤਸ਼ੱਦਦ ਅਤੇ ਕਮਜ਼ੋਰ ਤੇ ਖਿੰਡੇ ਹੋਏ ਲੋਕਾਂ ਦੀ ਨਿਗਰਾਨੀ ਸਬੰਧੀ 52 ਸਾਲਾਂ ਦੇ ਇਸ ਭਾਰਤੀ ਲੇਖਕ ਦੀ ਕਿਤਾਬ ਪੂਨਾਚੀ (ਕਾਲੀ ਬੱਕਰੀ ਦੀ ਕਹਾਣੀ) ਦਾ ਸਵਾਗਤ ਕੀਤਾ ਗਿਆ ਹੈ।

ਜਨਵਰੀ 2015 ਵਿੱਚ ਸਾਹਿਤਕ ਚੁੱਪੀ ਤੋਂ ਬਾਅਦ ਪੇਰੂਮਲ ਦਾ ਪਹਿਲਾ ਨਾਵਲ ਪੂਨਾਚੀ ਹੈ।

ਉਨ੍ਹਾਂ ਦੇ ਨਾਵਲ ਮਧੂਰੋਬਗਨ (ਵੰਨ ਪਾਰਟ ਵੂਮਨ) ਵਿਰੁੱਧ ਹੋਏ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਲੇਖਣੀ ਛੱਡੀ ਸੀ।

ਇਹ ਨਾਵਲ ਉਨ੍ਹਾਂ ਦੇ ਜੱਦੀ ਇਲਾਕੇ ਦੀ ਗੱਲ ਕਰਦਾ ਹੈ, ਜਿੱਥੇ ਬੇ-ਔਲਾਦ ਔਰਤ ਗਰਭਵਤੀ ਹੋਣ ਲਈ ਇੱਕ ਮੰਦਿਰ ਦੇ ਤਿਉਹਾਰ ਦੌਰਾਨ ਇੱਕ ਸੰਭੋਗ ਰਸਮ ਵਿੱਚ ਹਿੱਸਾ ਲੈਂਦੀ ਹੈ - ਮੁਰੂਗਨ ਮੁਤਾਬਕ ਇਹ ਦ੍ਰਿਸ਼ ਇਤਿਹਾਸਿਕ ਤੱਥਾਂ 'ਤੇ ਆਧਾਰਿਤ ਸੀ।

ਸਥਾਨਕ ਸਮੂਹਾਂ ਨੇ ਕਿਤਾਬ ਵਿਰੁੱਧ ਰੋਸ ਪ੍ਰਗਟਾਉਂਦਿਆ ਕਿਹਾ ਕਿ ''ਕਾਲਪਨਿਕ'' ਵਿਵਾਹਿਕ ਸੰਭੋਗ ਰਸਮ ਨੇ ਸ਼ਹਿਰ, ਇਸ ਦੇ ਮੰਦਿਰ ਅਤੇ ਔਰਤਾਂ ਦੀ ਬੇਇੱਜ਼ਤੀ ਕੀਤੀ।

ਇਸ ਘਟਨਾ ਤੋਂ ਬਾਅਦ ਮੁਰੂਗਨ ਨੇ ਬਤੌਰ ਅਧਿਆਪਕ ਯੂਨੀਵਰਸਿਟੀ 'ਚੋਂ ਨੌਕਰੀ ਛੱਡੀ।

ਇਸ ਤੋਂ ਬਾਅਦ ਉਨ੍ਹਾਂ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ- ''ਲੇਖਕ ਪੇਰੂਮਲ ਮੁਰੂਗਨ ਦੀ ਮੌਤ''

ਜੁਲਾਈ 2016 ਵਿੱਚ ਅਦਾਲਤ 'ਚ ਕਈ ਪਟੀਸ਼ਨਾਂ ਤਹਿਤ ਮੰਗ ਕੀਤੀ ਗਈ ਕਿ ਪੇਰੂਮਲ ਮੁਰੂਗਨ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇ, ਜਿਸ ਨੇ ਕਈ ਹਿੰਦੂ ਸਮੂਹਾਂ ਨੂੰ ਨਾਰਾਜ਼ ਕੀਤਾ ਸੀ।

ਮੁਰੂਗਨ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ''ਲੁਕਣਾ ਤੇ ਗ਼ੁਲਾਮੀ ਵਾਲਾ ਸਮਾਂ ਮੇਰੇ ਬੱਚਿਆਂ ਲਈ ਮੁਸ਼ਕਿਲ ਸੀ ਅਤੇ ਇਹ ਮੇਰੀ ਪਤਨੀ ਦਾ ਧੀਰਜ ਹੈ ਜੋ ਮੈਨੂੰ ਇਸ ਖ਼ੌਫਨਾਕ ਦੌਰ 'ਚੋਂ ਲੰਘਣ ਵਿੱਚ ਮਦਦ ਕਰਦਾ ਹੈ।''

ਫੋਟੋ ਕੈਪਸ਼ਨ ਮੁਰੂਗਨ ਦਾ ਨਾਵਲ ਪੂਨਾਚੀ (ਬੱਕਰੀ ਦੀ ਕਹਾਣੀ)

ਰੂਪੋਸ਼ਗੀ ਦੇ ਸਮੇਂ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਲੇਖਣੀ ਉਸ ਅੰਦਰ ਕਿਵੇਂ ਭਰੀ ਹੋਈ ਹੈ।

ਹਾਨੀ ਤੇ ਹਿੰਸਾ ਦੇ ਖ਼ਤਰੇ ਦੇ ਬਾਵਜੂਦ, ਮੁਰੂਗਨ ਨੇ 200 ਤੋਂ ਵੱਧ ਕਵਿਤਾਵਾਂ ਲਿਖੀਆਂ ਅਤੇ ਸਥਾਨਕ ਅਦਾਲਤਾਂ ਦੇ ਉਨ੍ਹਾਂ ਵਿਰੁੱਧ ਮੁਕੱਦਮਾ ਖਾਰਜ ਕਰਨ ਤੋਂ ਬਾਅਦ ਇਹ ਕਵਿਤਾਵਾਂ ਗੀਤਾਂ ਦੇ ਤੌਰ 'ਤੇ ਰਿਲੀਜ਼ ਹੋਈਆਂ।

ਮੁਰੂਗਨ ਕਹਿੰਦੇ ਹਨ, ''ਮੈਂ ਉਸ ਦੌਰ ਦੌਰਾਨ ਇਹ ਅਨੁਭਵ ਕੀਤਾ ਕਿ ਲੇਖਣੀ ਹੀ ਮੇਰੀ ਰੋਜ਼ੀ-ਰੋਟੀ ਹੈ ਅਤੇ ਡੂੰਘੇ ਤੌਰ 'ਤੇ ਪ੍ਰਗਟਾਵੇ ਲਈ ਹਥਿਆਰ ਹੈ।''

ਪੂਨਾਚੀ ਦਾ ਰਿਲੀਜ਼ ਹੋਣਾ

ਕਲਾਸੀਕਲ ਸੰਗੀਤਕਾਰ ਟੀਐਮ ਕ੍ਰਿਸ਼ਨਾ ਮੁਤਾਬਕ, ''ਮੁਰੂਗਨ ਨੇ ਸੈਂਸਰਸ਼ਿੱਪ ਨਾਲ ਲੜਨ ਲਈ ਸਾਹਿਤਕ ਵਿਰੋਧ ਨੂੰ ਪ੍ਰਭਾਸ਼ਿਤ ਕੀਤਾ ਹੈ।''

ਓਰਵੇਲੀਅਨ ਕਹਾਣੀ

ਮੁਰੂਗਨ ਦਾ ਨਾਵਲ ਇੱਕ ਕਾਲੀ ਬੱਕਰੀ ਪੂਨਾਚੀ ਦੀ ਓਰਵੇਲੀਅਨ ਕਹਾਣੀ ਹੈ ਜੋ ਇੱਕ ਰਹੱਸਮਈ ਢੰਗ ਨਾਲ ਬਜ਼ੁਰਗ ਜੌੜੇ ਨੂੰ ਇੱਕ ਕਾਲਪਨਿਕ ਪਿੰਡ ਵਿੱਚ ਪੇਸ਼ ਕਰਦਾ ਹੈ।

ਉਨ੍ਹਾਂ ਦੇ ਬਹੁਤੇ ਪੁਰਾਣੇ ਨਾਵਲ ਅਸਲੀ ਥਾਵਾਂ ਅਤੇ ਬੇਰਹਿਮ ਜਾਤੀ ਹਿੰਸਾ ਅਤੇ ਪੇਂਡੂ ਅਸ਼ਾਂਤੀ 'ਤੇ ਆਧਾਰਤ ਸਨ।

ਕ੍ਰਿਸ਼ਨਾ ਕਹਿੰਦੇ ਹਨ, ''ਪੇਰੂਮਲ ਆਪਣੀਆਂ ਬਹੁਤੀਆਂ ਲਿਖਤਾਂ ਆਪਣੇ ਪੇਂਡੂ ਤਜ਼ਰਬੇ ਦੇ ਆਲੇ-ਦੁਆਲੇ ਹੀ ਕੇਂਦਰਿਤ ਰੱਖਦੇ ਹਨ ਅਤੇ ਇਹ ਕਿਤਾਬ ਉਸ ਸੁੰਦਰਤਾ ਦੀ ਅਮੀਰੀ ਨੂੰ ਬਾਖ਼ੂਬੀ ਪੇਸ਼ ਕਰਦੀ ਹੈ।''

Image copyright Penguin
ਫੋਟੋ ਕੈਪਸ਼ਨ ਮੁਰੂਗਨ ਨੇ ਲੇਖਣੀ ਆਪਣੇ ਨਾਵਲ ਮਧੂਰੋਬਗਨ ਦੇ ਰੋਸ ਤੋਂ ਬਾਅਦ ਛੱਡੀ

ਮੁਰੂਗਨ ਆਪਣੇ ਨਾਵਲ ਦੇ ਮੁੱਖ ਬੰਦ 'ਚ ਲਿਖਦੇ ਹਨ, "ਮੈਂ ਇਨਸਾਨਾਂ ਬਾਰੇ ਲਿਖਣ ਤੋਂ ਡਰਦਾ ਹਾਂ...ਗਾਵਾਂ ਤੇ ਸੂਰਾਂ ਬਾਰੇ ਲਿਖਣ ਦੀ ਮਨਾਹੀ ਹੈ।''

ਪੂਨਾਚੀ ਦੀ ਕਹਾਣੀ ਮਨੁੱਖਤਾਵਾਦ, ਬੱਕਰੀਆਂ ਦੇ ਦੁਖਦਾਈ ਮਾਣ ਅਤੇ ਕਿਸਾਨਾਂ ਦੇ ਹੱਥਾਂ ਤੇ ਉਨ੍ਹਾਂ ਦੇ ਪਸ਼ੂਆਂ ਦੇ ਔਖੇ ਜੀਵਨ ਨਾਲ ਭਰਪੂਰ ਹੈ।

ਉਹ ਪੂਨਾਚੀ ਦੇ ਅੰਦਰੂਨੀ ਜੀਵਨ ਵਿੱਚ ਬੋਝ ਦੀ ਗੱਲ ਗੀਤਾਂ ਰਾਹੀਂ ਕਰਦੇ ਹਨ।

ਪੂਨਾਚੀ ਦੇ ਬਚੇ ਰਹਿਣ ਦੀ ਲੜਾਈ, ਉਸ ਦੇ ਪ੍ਰੇਮੀ ਬੱਕਰੇ ਪੂਵਾਨ ਦੀ ਮੌਤ ਅਤੇ ਉਸ ਦੇ ਬੱਚਿਆਂ ਦਾ ਵਿਛੋੜਾ ਸਿਰਫ਼ ਪੇਰੂਮਲ ਮੁਰੂਗਨ ਦੇ ਤਜ਼ਰਬਿਆਂ ਤੋਂ ਹੀ ਪਤਾ ਲੱਗਦਾ ਹੈ।

ਮੁਰੂਗਨ ਬੱਕਰੀਆਂ ਦੀਆਂ ਮੁਸ਼ਕਿਲਾਂ ਬਾਰੇ ਹਮਦਰਦੀ ਅਤੇ ਸੰਜਮ ਨਾਲ ਲਿਖਦੇ ਹਨ।

ਇੱਕ ਅਨਪੜ੍ਹ ਕਿਸਾਨ ਦੇ ਇੱਕੋ-ਇੱਕ ਪੜ੍ਹੇ-ਲਿਖੇ ਪੁੱਤਰ ਮੁਰੂਗਨ ਆਪਣੀ ਮਾਂ, ਦਾਦੀ, ਚਾਚੀਆਂ-ਤਾਈਆਂ ਅਤੇ ਆਪਣੇ ਚਚੇਰੇ ਭਰਾ ਤੇ ਭੈਣਾਂ ਵਿਚਾਲੇ ਵੱਡੇ ਹੋਏ।

ਪਰਿਵਾਰ ਖੇਤਾਂ ਦੇ ਕੋਲ ਰਹਿੰਦਾ ਸੀ ਅਤੇ ਬੱਕਰੀਆਂ ਦੀ ਖੇਤਾਂ ਦੀਆਂ ਝੌਂਪੜੀਆਂ ਦੇ ਆਲੇ-ਦੁਆਲੇ ਇੱਕ ਪ੍ਰਮੁੱਖ ਮੌਜੂਦਗੀ ਸੀ।

ਜਦੋਂ ਉਹ ਛੇ ਸਾਲ ਦੇ ਸਨ ਤਾਂ ਉਨ੍ਹਾਂ ਦਾ ਪਹਿਲਾ ਪਾਲਤੂ ਜਾਨਵਰ ਇੱਕ ਬੱਕਰੀ ਸੀ।

ਮੁਰੂਗਨ ਦੀਆਂ ਕਿਤਾਬਾਂ ਵਿੱਚ ਦਿਹਾਤੀ ਦੁਨੀਆਂ ਇੱਕ ਰੋਮਾਂਟਿਕ ਦ੍ਰਿਸ਼ ਜਾਂ ਥਾਂ ਨਹੀਂ ਹੈ ਪਰ ਹਿੰਸਾ, ਭੁੱਖ, ਈਰਖਾ ਅਤੇ ਖੂਨ-ਖਰਾਬੇ ਵਿੱਚੋਂ ਇੱਕ ਹੈ।

ਪੂਨਾਚੀ ਮਰ ਜਾਂਦੀ ਹੈ ਤੇ ਇੱਕ ਦੇਵੀ ਬਣਦੀ ਹੈ, ਇੱਕ ਅਜਿਹਾ ਜੀਵਿਤ ਪ੍ਰਾਣੀ ਜਿਸ 'ਤੇ ਤਸ਼ਦੱਦ ਹੁੰਦਾ ਹੈ।

ਇਸ 'ਚ ਮੁਰੂਗਨ ਨੇ ਆਪਣੇ ਨਿੱਜੀ 'ਸਾਹਿਤਕ ਜਨਮ' ਅਤੇ ਉਸ ਦੀ ਸਾਹਿਤਕ ਮੌਤ ਲਈ ਆਵਾਜ਼ ਬੁਲੰਦ ਕੀਤੀ ਹੈ।

ਉਹ ਕਹਿੰਦੇ ਹਨ, ''ਲਿਖਣਾ ਮੇਰੇ ਲਈ ਹਥਿਆਰ ਤੇ ਹੌਂਸਲਾ ਦੋਵੇਂ ਹਨ।''

(ਸੁਧਾਜੀ ਤਿਲਕ ਦਿੱਲੀ ਆਧਾਰਿਤ ਸੁਤੰਤਰ ਪੱਤਰਕਾਰ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)