ਗੰਧਰਵ ਸੈਨ ਕੋਛੜ: ਇੱਕ ਕਾਮਰੇਡ ਅਤੇ ਇੱਕ ਯੋਗੀ

ਗੰਧਰਵ ਸੈਨ ਕੋਛੜ Image copyright PAL SINGH NAULI /BBC

ਕਾਮਰੇਡ ਗੰਧਰਵ ਸੈਨ ਕੋਛੜ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਅਤੇ ਭਵਿੱਖ ਵਿੱਚ ਇਸਨੂੰ ਹੋਰ ਚੰਗੇਰਾ, ਇਨਸਾਫ਼ 'ਤੇ ਅਧਾਰਤ ਅਤੇ ਇਤਿਹਾਸ ਵਿੱਚ ਪੈਦਾ ਹੋਏ ਵਖਰੇਵਿਆਂ ਤੇ ਲੁੱਟਾਂ ਖਸੁੱਟਾਂ ਤੋਂ ਰਹਿਤ ਬਣਾਉਣ ਲਈ ਹਮੇਸ਼ਾ ਆਪਣੀ ਤਨਦੇਹੀ ਨਾਲ ਕਾਰਜਸ਼ੀਲ ਰਹਿਣ ਵਾਲੇ ਸੁਹਿਰਦ ਇਨਸਾਨ ਸਨ।

ਜ਼ਿੰਦਗੀ ਬਾਰੇ ਉਨ੍ਹਾਂ ਦਾ ਇਹ ਨਕਸ਼ਾ ਜਾਂ ਇਸਨੂੰ ਜਿਊਣ ਦੀ ਜੁਗਤ ਨੇ ਉਨ੍ਹਾਂ ਨੂੰ ਹਮੇਸ਼ਾ ਹੀ ਮਨੁੱਖੀ ਜ਼ਿੰਦਗੀ ਦੀ ਸਮਾਜਕ ਹੋਂਦ ਵਿੱਚ ਧੁਰ ਅੰਦਰੀ ਵਸਦੀ ਸਚਾਈ ਅਤੇ ਇਨਸਾਫ਼ ਦੀ ਚਿਣਗ ਨਾਲ ਧੁਰੋਂ ਹੀ ਜੋੜੀ ਰੱਖਿਆ ਹੈ।

ਅਜਿਹੀ ਸਚਾਈ ਅਤੇ ਇਨਸਾਫ਼ ਨੂੰ ਆਪਣੇ ਅਤੇ ਆਪਣੇ ਰਿਸ਼ਤਿਆਂ ਵਿੱਚ ਸਜਿੰਦ ਰੱਖਣ ਲਈ ਸਮਾਜਕ ਅਤੇ ਰਾਜਸੀ ਬਣਤਰ ਵਿੱਚ ਇਸ ਸਚਾਈ ਅਤੇ ਇਨਸਾਫ ਦੇ ਖ਼ਿਲਾਫ ਕਾਰਗਰ ਸ਼ਕਤੀਆਂ ਨੂੰ ਭਾਂਜ ਦੇਣ ਲਈ ਉਹ ਹਮੇਸ਼ਾ ਹੀ ਤਤਪਰ ਅਤੇ ਕਾਰਜਸ਼ੀਲ ਰਹੇ।

ਮਨੁੱਖੀ ਜ਼ਿੰਦਗੀ ਆਪਣੇ ਮੂਲ ਵਜੋਂ ਸਚਾਈ ਅਤੇ ਇੱਕ ਦੂਜੇ ਪ੍ਰਤੀ ਇਨਸਾਫ 'ਤੇ ਆਧਾਰਤ ਹੈ। ਇਤਿਹਾਸਕ ਵਿਕਾਸ ਦੌਰਾਨ ਮੱਨੁਖਤਾ ਦੇ ਇੱਕ ਹਿੱਸੇ ਨੇ ਆਪਣੇ ਮੁਫਾਦਾਂ ਖ਼ਾਤਰ ਵੱਡੀ ਲੋਕਾਈ ਤੋਂ ਬਹੁਤ ਕੁਝ ਖੋਹਿਆ ਹੈ, ਲੁੱਟਾਂ ਅਤੇ ਵਿਤਕਰਿਆਂ ਦੀ ਜਿਲ੍ਹਣ ਵਿੱਚ ਸੁਟਿਆ ਹੈ, ਉਨ੍ਹਾਂ ਕੋਲੋਂ ਮਨੁੱਖਤਾ ਦਾ ਮੂਲ ਖੋਹਣ ਲਈ ਜ਼ਾਲਮ ਵਾਰ ਕੀਤੇ ਹਨ।

ਮਨੁੱਖਤਾ ਨੇ ਅਤੇ ਇਸਦੇ ਮੂਲ ਪ੍ਰਤੀ ਸੁਹਿਰਦ ਮਨੁੱਖਾਂ ਨੇ ਇਸਦੇ ਲਈ ਪਿਆਰ ਅਤੇ ਪ੍ਰਤੀਬੱਧਤਾ ਕਰਕੇ ਹਮੇਸ਼ਾ ਹੀ ਇਸ ਅਣਮਨੁੱਖੀ ਹਿੱਸੇ ਨੂੰ ਭਾਂਜ ਦੇਣ ਲਈ ਸੰਘਰਸ਼ ਦਾ ਝੰਡਾ ਬੁਲੰਦ ਕਰੀ ਰੱਖਿਆ ਹੈ। ਆਪਣੇ ਆਪ ਨੂੰ ਹਮੇਸ਼ਾ ਹੀ ਵੱਡੀ ਲੋਕਾਈ ਨਾਲ ਵਿਚਾਰਧਾਰਕ ਅਤੇ ਭੌਤਿਕ ਪੱਧਰ 'ਤੇ ਜੋੜੀ ਰੱਖਿਆ ਹੈ।

ਮੁਸੀਬਤਾਂ ਅਤੇ ਦੁਸ਼ਵਾਰੀਆਂ ਝੱਲੀਆ ਹਨ। ਮਨੁੱਖੀ ਜ਼ਿੰਦਗੀ ਦੀ ਇਹੀ ਸਚਾਈ ਅਤੇ ਇਨਸਾਫ ਹੀ ਕਾਮਰੇਡ ਗੰਧਰਵ ਸੈਨ ਕੋਛੜ ਦੇ ਸੰਘਰਸ਼ਮਈ ਜੀਵਨ, ਉਨ੍ਹਾਂ ਦੀ ਕਾਰਜਸ਼ੀਲਤਾ ਅਤੇ ਵਿਸ਼ਾਲ ਲੋਕਾਈ ਪ੍ਰਤੀ ਉਨ੍ਹਾਂ ਦੇ ਸਨੇਹ ਅਤੇ ਲਗਾਓ ਦੀ ਬੁਨਿਆਦ ਹੈ।

Image copyright PAL SINGH NAULI /BBC

ਨੂਰ ਮਹਿਲ ਵਿੱਚ ਬਚਪਨ

ਕਾਮਰੇਡ ਗੰਧਰਵ ਸੈਨ ਆਪਣੀ ਜਨਮ ਭੌਂ ਨੂਰ ਮਹਿਲ ਦੇ ਇਤਿਹਾਸਕ ਪਿਛੋਕੜ ਦੇ ਨਾਲ ਨਾਲ ਆਪਣੇ ਬਚਪਨ ਦੇ ਵੇਲੇ ਇਸਦੀ ਭੌਤਿਕ ਅਤੇ ਸਮਾਜਿਕ ਬਣਤਰ ਨਾਲ ਜੁੜੋ ਰਹੇ।

ਇਸ ਦੇ ਉਲਟ ਜ਼ਿੰਦਗੀ ਦਾ ਹਿੱਸਾ ਬਣਾਉਣ ਵਾਲੇ ਅਤੇ ਉਨ੍ਹਾਂ ਦਾ ਦੁਖ ਸੁਖ ਵਟਾਉਣ ਵਾਲੇ ਇਨਸਾਨ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਦੀ ਇਸ ਪਰਤ ਦਾ ਅਹਿਸਾਸ ਉਨ੍ਹਾਂ ਦੁਆਰਾ ਰਚੀ ਸਵੈ-ਜੀਵਨੀ ਵਿੱਚ 'ਮਾਸ ਵਰਕਰ' ਦੇ ਸੰਕਲਪ ਵਿਚੋਂ ਵੀ ਹੁੰਦਾ ਹੈ।

ਕਿਰਤੀ ਪਾਰਟੀ

ਕਿਰਤੀ ਪਾਰਟੀ ਦੇ ਸਾਥੀਆਂ ਦਾ ਜ਼ਿਕਰ ਕਰਦੇ ਹੋਏ ਉਹ ਹਮੇਸ਼ਾ ਹੀ ਉਨ੍ਹਾਂ ਦੇ ਵਧੀਆ ਮਾਸ ਵਰਕਰ ਹੋਣ 'ਤੇ ਵਿਸ਼ੇਸ਼ ਜ਼ੋਰ ਦਿੰਦੇ ਸਨ।

ਕਿਰਤੀ ਪਾਰਟੀ ਦੇ ਸਾਥੀ ਆਮ ਮਿਹਨਤਕਸ਼ ਲੋਕਾਂ ਵਿੱਚੋਂ ਉਠੇ ਅਤੇ ਹਮੇਸ਼ਾ ਹੀ ਉਨ੍ਹਾਂ ਨਾਲ ਅੰਗ-ਸੰਗ ਰਹਿ ਕੇ ਸੁਤੇ ਸਿਧ ਹੀ ਲੋਕਾਈ ਨਾਲ ਘਿਉ ਖਿਚੜੀ ਰਹੇ।

ਇਸ ਪ੍ਰਸੰਗ ਵਿੱਚ ਉਨ੍ਹਾਂ ਦੀ ਰਾਜਨੀਤਕ ਕਾਰਜਸ਼ੀਲਤਾ ਇੱਕ ਨਿਰਜਿੰਦ ਬੌਧਿਕ ਕਾਰਜਸ਼ੀਲਤਾ ਨਹੀਂ ਸੀ ਸਗੋਂ ਲੋਕਾਂ ਦੇ ਦੁਖਾਂ ਸੁਖਾਂ ਦੇ ਭਾਗੀਦਾਰ ਹੋ ਕੇ ਉਨ੍ਹਾਂ ਨੂੰ ਆਪਣੀ ਹੀ ਜ਼ਿੰਦਗੀ ਦਾ ਜਿਉਂਦਾ ਜਾਗਦਾ ਹਿੱਸਾ ਬਣਾ ਕੇ ਜਿਉਣ ਦੀ ਇੱਕ ਲਗਾਤਾਰਤਾ ਵਾਲੀ ਕ੍ਰਿਆਸ਼ੀਲਤਾ ਰਹੀ ਸੀ।

ਕਾਮਰੇਡ ਗੰਧਰਵ ਸੈਨ ਕਿਰਤੀ ਪਾਰਟੀ ਦੇ ਸਾਥੀਆਂ ਦੀ ਇਸੇ ਤਰਜ਼ੇ ਜਿੰਦਗੀ ਨੂੰ ਆਪਣੇ ਵਿੱਚ ਸਮੋਅ ਕੇ ਜ਼ਿੰਦਾ ਰੱਖਣ ਵਾਲੇ ਮਨੁੱਖ ਸਨ।

'ਮਾਸ ਵਰਕਰ' ਦਾ ਜੀਵਨ

ਜ਼ਿੰਦਗੀ ਦੀ ਇਸੇ ਤਰਜ਼ ਵਿੱਚ ਹੀ ਉਨ੍ਹਾਂ ਦੇ ਲੋਕਾਂ ਦੇ ਵੱਖ ਵੱਖ ਹਿੱਸਿਆਂ ਨਾਲ ਸਬੰਧਾਂ ਦੀ ਅਤੇ ਮੇਲ-ਜੋਲ ਦੀ ਮਹਤੱਤਾ ਨੂੰ ਸਮਝਿਆ ਜਾ ਸਕਦਾ ਹੈ। ਉਪਰੋਕਤ ਦਰਜ 'ਮਾਸ ਵਰਕਰ' ਦੇ ਸੰਕਲਪ ਦੀ ਵਿਆਖਿਆ ਅਤੇ ਕਾਮਰੇਡ ਗੰਧਰਵ ਸੈਨ ਦੁਆਰਾ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਤੌਰ ਤਰੀਕਿਆਂ ਦੇ ਆਧਾਰ 'ਤੇ ਹੀ ਉਨ੍ਹਾਂ ਦੇ ਮਨ ਵਿੱਚ ਕਿਰਤ ਦੇ ਮਹਤੱਵ ਨੂੰ ਵੀ ਸਮਝਿਆ ਜਾ ਸਕਦਾ ਹੈ।

Image copyright PAL SINGH NAULI /BBC

ਉਨ੍ਹਾਂ ਦੀ ਲੰਬੀ ਅਤੇ ਸਫ਼ਲ ਜ਼ਿੰਦਗੀ ਵਿੱਚ ਨਾ ਸਿਰਫ਼ ਉਹ ਆਪਣੇ ਨਿੱਜ ਦੇ ਪੱਧਰ 'ਤੇ ਹੀ ਕਿਰਤ ਕਮਾਈ ਕਰਦੇ ਰਹੇ ਹਨ ਸਗੋਂ ਮਨੁੱਖ ਦੀ ਕਿਰਤ ਕਰਨ ਦੀ ਸ਼ਕਤੀ ਨੂੰ ਹੀ ਉਨ੍ਹਾਂ ਨੇ ਆਪਣੀ ਰਾਜਸੀ ਵਿਚਾਰਧਾਰਾ ਦਾ ਧੁਰਾ ਬਣਾਇਆ। ਉਨ੍ਹਾਂ ਦੀ ਨਿਗਾਹ ਵਿੱਚ ਕਿਰਤ, ਸਚਾਈ, ਇਨਸਾਫ਼ ਅਤੇ ਇਹਨਾਂ ਤੇ ਆਧਾਰਤ ਮਨੁੱਖੀ ਜ਼ਿੰਦਗੀ ਆਪਸ ਵਿੱਚ ਦੀ ਸਮਾਨਾਰਥਕ ਸ਼ਬਦ ਹਨ।

ਕਿਰਤ ਪ੍ਰਤੀ ਸਤਿਕਾਰ

ਜਦੋਂ ਵੀ ਉਨ੍ਹਾਂ ਨੂੰ ਆਪਣੀ ਰਾਜਸੀ ਜ਼ਿੰਦਗੀ ਵਿੱਚ ਸਮਾਂ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਬਾਗ਼ ਨੂੰ ਹੋਰ ਪ੍ਰਫੁਲਤ ਕਰਨ ਲਈ ਹੀ ਮਿਹਨਤ ਕੀਤੀ। ਕਿਰਤ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਵਸਦੇ ਸਤਿਕਾਰ ਦੀ ਸਭ ਤੋਂ ਉਘੜਵੀਂ ਮਿਸਾਲ ਉਸ ਵੇਲੇ ਦੀ ਹੈ ਜਦੋਂ ਉਹ ਨਕਸਲਬਾੜੀ ਲਹਿਰ ਦੇ ਪਹਿਲੇ ਪੜਾਅ ਦੌਰਾਨ ਇੱਕ ਕੁਲਵਕਤੀ ਰਾਜਸੀ ਜੀਵਨ ਤੋਂ ਆਪਣੇ ਮਨ ਵਿੱਚ ਪੈਦਾ ਹੋਏ ਕੁਝ ਸਵਾਲਾਂ ਕਰਕੇ ਪਿਛੇ ਹੋਏ ਤਾਂ ਉਨ੍ਹਾਂ ਨੇ ਭੈਣ ਸੁਰਿੰਦਰ ਦੇ ਸਹਿਯੋਗ ਨਾਲ ਸੱਚੀ ਤੇ ਸੁੱਚੀ ਕਿਰਤ ਨੂੰ ਨਾ ਸਿਰਫ਼ ਆਪਣੀ ਜ਼ਿੰਦਗੀ ਦੇ ਨਿਰਬਾਹ ਦਾ ਸੋਮਾ ਬਣਾਇਆ ਸਗੋਂ ਇਸਦੇ ਆਲੇ ਦੁਆਲੇ ਹੀ ਇਸਨੂੰ ਸਿਰਜਿਆ।

ਮਾਨਦਾਰੀ ਕਰਕੇ ਕੰਮ ਦੀ ਤੋਟ ਨਹੀਂ

ਇਹ ਸੱਚੀ ਸੁੱਚੀ ਕਿਰਤ ਅਤੇ ਇਸਦੇ ਵਜੂਦ ਅੰਦਰ ਵਸਦੀ ਇਮਾਨਦਾਰੀ ਹੀ ਸੀ ਜਿਸ ਕਰਕੇ ਦੋ ਵਾਰੀ ਬੈਂਕ ਮੈਨੇਜਰਾਂ ਨੇ ਬਗੈਰ ਕਿਸੇ ਜ਼ਾਮਨ ਜਾਂ ਜਾਇਦਾਦ ਦੀ ਸ਼ਿਉਰਟੀ ਦੇ ਕੇ ਉਨ੍ਹਾਂ ਨੂੰ ਆਪਣੇ ਕੰਮ ਵਾਸਤੇ ਕਰਜ਼ਾ ਦੇ ਦਿੱਤਾ। ਉਨ੍ਹਾਂ ਦੀ ਕਿਰਤ ਵਿੱਚ ਮੌਜੂਦ ਈਮਾਨਦਾਰੀ ਹੀ ਸੀ ਜਿਸ ਕਰਕੇ ਉਨ੍ਹਾਂ ਨੂੰ ਕੰਮ ਦੀ ਕਿਤੇ ਤੋਟ ਨਹੀਂ ਆਈ। ਵਾਪਸ ਨੂਰ ਮਹਿਲ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀਆਂ ਸਾਰੀਆਂ ਦੇਣਦਾਰੀਆਂ ਸਮੇਤ ਬੈਂਕ ਦੇ ਕਰਜ਼ੇ ਦੇ ਅਦਾ ਕੀਤੀਆਂ ਅਤੇ ਉਸ ਤੋਂ ਬਾਅਦ ਹੀ ਉਹ ਉਥੋਂ ਰੁਖ਼ਸਤ ਹੋਏ।

ਜਾਤ-ਪਾਤ ਪ੍ਰਤੀ ਰੱਵਈਆ

ਲੋਕਾਈ ਅਤੇ ਕਿਰਤ ਪ੍ਰਤੀ ਉਨ੍ਹਾਂ ਦੀ ਮੁਹੱਬਤ ਅਤੇ ਲਗਾਓ ਦਾ ਇੱਕ ਹੋਰ ਅਹਿਮ ਪਹਿਲੂ ਉਨ੍ਹਾਂ ਦਾ ਸਾਡੇ ਸਮਾਜ ਅੰਦਰ ਫੈਲੇ ਜਾਤ ਪਾਤ ਦੇ ਕੋਹੜ ਪ੍ਰਤੀ ਰਵੱਈਆ ਹੈ।

ਨਿੱਜੀ ਪੱਧਰ 'ਤੇ ਜਾਤ ਪਾਤ ਦੇ ਮਸਲੇ ਦਾ ਹੱਲ ਕਿਰਤ ਪ੍ਰਤੀ ਕਦਰ ਪੈਦਾ ਕਰਕੇ ਕੀਤਾ ਜਾ ਸਕਦਾ ਹੈ। ਕਾਮਰੇਡ ਗੰਧਰਵ ਸੈਨ ਦੀ ਕਿਰਤ ਪ੍ਰਤੀ ਕਦਰ ਕਰਕੇ ਹੀ ਉਨ੍ਹਾਂ ਦੇ ਬਾਗ਼ ਵਿੱਚ ਨਾ ਸਿਰਫ਼ ਕਾਮਿਆਂ ਦਾ ਆਉਣਾ ਜਾਣਾ ਹੀ ਰਿਹਾ ਸਗੋਂ ਉਨ੍ਹਾਂ ਵਿੱਚ ਇਸ ਪ੍ਰਤੀ ਲਗਾਉ ਵੀ ਪੈਦਾ ਹੋਇਆ। ਇਹਨਾਂ ਦਾ ਕਾਮਿਆਂ ਨਾਲ ਸਬੰਧ ਹਮੇਸ਼ਾਂ ਹੀ ਬਰਾਬਰੀ ਦਾ ਅਤੇ ਸਨੇਹ ਨਾਲ ਭਰਪੂਰ ਰਿਹਾ ਹੈ।

ਔਰਤਾਂ ਪ੍ਰਤੀ ਨਜ਼ਰੀਆ

ਕਾਮਰੇਡ ਗੰਧਰਵ ਸੈਨ ਨੇ ਵੀ ਔਰਤਾਂ ਦੀਆ ਜ਼ਿੰਦਗੀਆਂ ਦੀ ਦਸ਼ਾ ਅਤੇ ਉਨ੍ਹਾਂ ਦੀ ਆਜ਼ਾਦੀ ਬਾਰੇ ਆਪਣੀ ਫਿਕਰਮੰਦੀ ਵੀ ਜ਼ਾਹਰ ਕੀਤੀ ਹੈ ਅਤੇ ਨਾਲ ਹੀ ਇਸਨੂੰ ਕਿਰਤੀਆਂ ਅਤੇ ਦੱਬੇ ਕੁਚਲੇ ਲੋਕਾਂ ਦੀ ਆਪਣੀ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਤ ਕਰਕੇ ਦੇਖਿਆ ਹੈ।

Image copyright PAL SINGH NAULI /BBC

ਇੱਕ ਕ੍ਰਿਆਸ਼ੀਲ ਮਾਰਕਸਵਾਦੀ ਵਾਂਗ ਉਨ੍ਹਾਂ ਨੇ ਔਰਤਾਂ ਦੀ ਆਜ਼ਾਦੀ ਅਤੇ ਉਨ੍ਹਾਂ ਦੇ ਹੱਕਾਂ ਨੂੰ ਸਿਰਫ ਇੱਕ ਰਾਜਸੀ ਪ੍ਰਸ਼ਨ ਵਾਂਗ ਹੀ ਨਹੀਂ ਦੇਖਿਆ ਸਗੋਂ ਇਸ ਪ੍ਰਤੀ ਆਪਣੀ ਸੁਹਿਰਦ ਪ੍ਰਤੀਬੱਧਤਾ ਵਿਚੋਂ ਆਪਣੇ ਨਿੱਜੀ ਜੀਵਨ ਵਿੱਚ ਵੀ ਇਸਦੇ ਅਨੁਸਾਰ ਹੀ ਅਮਲਦਾਰੀ ਕੀਤੀ।

ਇਸਦੀ ਸਭ ਤੋਂ ਉਘੜਵੀਂ ਮਿਸਾਲ ਆਪਣੇ ਵਲੋਂ ਆਪਣੀ ਬੇਟੀ ਸੁਰਿੰਦਰ ਨੂੰ ਆਪਣੀ ਜ਼ਿੰਦਗੀ ਬਾਰੇ ਫੈਸਲੇ ਲੈਣ ਵਿੱਚ ਦਿੱਤੀ ਆਜ਼ਾਦੀ ਨਾਲ ਸਬੰਧਤ ਹੈ।

ਸਰੀਰ ਨਾਲ ਵੀ ਲੰਬਾ ਸੰਘਰਸ਼

ਉਨ੍ਹਾਂ ਨੇ ਪਹਿਲੇ ਸਮੇਂ ਦੀਆਂ ਔਖੀਆਂ ਹਾਲਤਾਂ ਵਿੱਚ ਵੀ ਮਾਰਕਸਵਾਦ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਲਹਿਰ ਨਾਲ ਸਬੰਧਤ ਸਾਹਿਤ ਦਾ ਅਧਿਐਨ ਕੀਤਾ। ਬਹੁਤ ਵਾਰੀ ਇਹ ਅਧਿਐਨ ਬਿਮਾਰੀ ਦੇ ਸਮਿਆਂ ਵਿੱਚ ਵੀ ਕੀਤਾ। ਉਨ੍ਹਾਂ ਦੀ ਮਾਰਕਸਵਾਦ ਪ੍ਰਤੀ ਪ੍ਰਤੀਬਧਤਾ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਆਪਣੇ ਸਰੀਰ ਨਾਲ ਵੀ ਲੰਬਾ ਸੰਘਰਸ਼ ਕਰਨਾ ਪਿਆ ਹੈ।

ਹਰ ਵਾਰੀ ਬਿਮਾਰੀ ਨਾਲ ਜੂਝ ਕੇ ਤੇ ਕੁਝ ਕੁ ਹੀ ਤੰਦਰੁਸਤ ਹੋ ਕੇ ਆਪਣੀ ਰਾਜਸੀ ਡਿਊਟੀ 'ਤੇ ਹਾਜ਼ਰ ਹੋ ਜਾਂਦੇ ਰਹੇ।

ਨਿੱਜੀ ਅਨੁਭਵਾਂ 'ਤੇ ਆਧਾਰਿਤ ਸਿਆਸਤ

ਖੱਬੇ ਪੱਖੀ ਲਹਿਰ ਦੇ ਅੱਡ-ਅੱਡ ਪੜਾਵਾਂ ਦੌਰਾਨ ਅਜਿਹੇ ਮਸਲਿਆਂ ਦਾ ਉਸੇ ਤਰ੍ਹਾਂ ਹੀ ਰਹਿਣਾ ਉਨ੍ਹਾਂ ਲਈ ਫਿਕਰਮੰਦੀ ਦਾ ਵਿਸ਼ਾ ਹੈ। ਕਿਰਤੀ ਪਾਰਟੀ ਤੋਂ ਲੈ ਕੇ ਨਕਸਲਬਾੜੀ ਲਹਿਰ ਦੇ ਪਹਿਲੇ ਪੜਾਅ ਦਾ ਇਤਿਹਾਸਕ ਵਰਣਨ ਉਨ੍ਹਾਂ ਦੇ ਆਪਣੇ ਨਿੱਜੀ ਅਤੇ ਵਿਚਾਰਧਾਰਕ ਅਨੁਭਵਾਂ 'ਤੇ ਆਧਾਰਤ ਹੈ।

ਇਹ ਅਨੁਭਵ ਉਨ੍ਹਾਂ ਨੇ ਆਪਣੇ ਨਿੱਜ 'ਤੇ ਹੰਢਾਏ ਹਨ। ਇਹਨਾਂ ਵਿਚ ਦੀ ਉਹ ਇੱਕ ਮਸ਼ੀਨ ਵਾਂਗੂ ਨਹੀਂ ਲੰਘੇ ਸਗੋਂ ਇਹਨਾਂ ਦੀ ਅਹਿਮੀਅਤ ਨੂੰ ਅਤੇ ਇਹਨਾਂ ਦੇ ਖਾਸੇ ਨੂੰ ਉਨ੍ਹਾਂ ਨੇ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ। ਇਤਿਹਾਸਕਾਰੀ ਵਿੱਚ ਅਜਿਹੇ ਅਨੁਭਵਾਂ ਅਤੇ ਅਜਿਹੀਆਂ ਯਾਦਾਂ ਦਾ ਇੱਕ ਅਹਿਮ ਸਥਾਨ ਹੁੰਦਾ ਹੈ।

Image copyright PAL SINGH NAULI /BBC

ਕਾਮਰੇਡ ਗੰਧਰਵ ਸੈਨ ਦੀਆਂ ਯਾਦਾਂ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹਨਾਂ ਵਿੱਚ ਝਲਕਦੀ ਉਨ੍ਹਾਂ ਦੀ ਸੁਹਿਰਦਤਾ ਹੈ। ਇਤਿਹਾਸ ਦੇ ਕੌੜੇ ਮਿੱਠੇ ਤਜਰਬਿਆਂ ਨੂੰ ਸਾਂਝੇ ਕਰਨ ਵਿੱਚ ਉਨ੍ਹਾਂ ਦੀ ਇਹੀ ਨਿੱਜੀ ਖਾਹਸ਼ ਨਜ਼ਰ ਆਉਂਦੀ ਹੈ ਕਿ ਕਿਵੇਂ ਉਨ੍ਹਾਂ ਦੁਆਰਾ ਦਰਸਾਈਆਂ ਘਾਟਾਂ ਨੂੰ ਦੂਰ ਕਰਕੇ ਇਥੋਂ ਦੇ ਲੋਕਾਂ ਲਈ ਮੌਜੂਦਾ ਸਥਿਤੀ ਨੂੰ ਬਦਲ ਕੇ ਇੱਕ ਇਨਸਾਫ਼ 'ਤੇ ਅਧਾਰਤ ਅਤੇ ਲੁਟ ਖਸੁੱਟ ਤੋਂ ਰਹਿਤ ਸਮਾਜ ਉਸਾਰਿਆ ਜਾ ਸਕਦਾ ਹੈ।

ਇਹੀ ਵਿਚਾਰ ਉਨ੍ਹਾਂ ਦੇ ਧੁਰ ਅੰਦਰ ਵਸਦੇ ਮਾਰਕਸਵਾਦੀ ਦੀ ਗਵਾਹੀ ਹੈ। ਇਹ ਗਵਾਹੀ ਹੀ ਇਹਨਾਂ ਯਾਦਾਂ ਦੀ ਅਸਲ ਮਹਤੱਤਾ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ।

(ਲੇਖਕ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੰਗਰੇਜੀ ਵਿਭਾਗ, ਦੇ ਸਾਬਾਕ ਮੁਖੀ ਹਨ। ਇਹ ਵਿਚਾਰ ਉਨ੍ਹਾਂ ਦੇ ਨਿੱਜੀ ਹਨ।)

ਸਬੰਧਿਤ ਵਿਸ਼ੇ