ਕੁੜੀਆਂ ਨੂੰ ਸੈਕਸ ਦੌਰਾਨ ਹੁੰਦੇ ਦਰਦ ਦਾ ਕੀ ਹੈ ਸੱਚ

  • ਜਮਾ ਅਕਰਮ
  • ਬੀਬੀਸੀ ਥਰੀ
ਸੈਕਸ

ਤਸਵੀਰ ਸਰੋਤ, Rebecca Hendin / BBC Three

ਸੈਕਸ ਦੌਰਾਨ ਦਰਦ ਦੁਨੀਆਂ ਭਰ ਦੀਆਂ ਜਵਾਨ ਹੋ ਰਹੀਆਂ ਕੁੜੀਆਂ ਦੀ ਸਮੱਸਿਆ ਹੈ, ਉਹ ਭਾਵੇਂ ਭਾਰਤ ਵਿੱਚ ਹੋਵੇ ਤੇ ਚਾਹੇ ਪੱਛਮ ਵਿੱਚ ਕਿਤੇ ਵੀ।

ਕੁੜੀਆਂ ਵਿੱਚ ਜਵਾਨੀ ਦੇ ਨਾਲ-ਨਾਲ ਇਹ ਧਾਰਨਾ ਵੀ ਪੱਕੀ ਹੋਣ ਲੱਗਦੀ ਹੈ ਕਿ ਸੈਕਸ ਦੌਰਾਨ ਦਰਦ ਹੁੰਦਾ ਹੈ।

ਕਈਆਂ ਨੂੰ ਇਹ ਗੱਲ ਯੌਨ ਸਿੱਖਿਆ ਨਾਲ ਸਮਝ ਆਉਂਦੀ ਹੈ ਤੇ ਕਈਆਂ ਨੂੰ ਆਸਪਾਸ ਦੀਆਂ ਔਰਤਾਂ ਤੋਂ ਪਤਾ ਲੱਗਦੀ ਹੈ।

ਸੈਕਸ ਦੌਰਾਨ ਖੂਨ ਆ ਸਕਦਾ ਹੈ, ਬਿਮਾਰੀ ਵੀ ਹੋ ਸਕਦੀ ਹੈ। ਜੇ ਕਿਤੇ ਗਰਭ ਠਹਿਰ ਗਿਆ ਤਾਂ ਜਣੇਪੇ ਦੀਆਂ ਪੀੜ੍ਹਾਂ ਵੀ ਝੱਲਣੀਆਂ ਪੈਣਗੀਆਂ।

ਹਾਲਾਂਕਿ ਅਸੀਂ ਸਾਰਿਆਂ ਨੇ ਹੀ ਜਣੇਪੇ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਜਿਨ੍ਹਾਂ ਵਿੱਚ ਉਹ ਬਿਲਕੁਲ ਨਹੀਂ ਚੀਖਦੀਆਂ ਪਰ ਸ਼ੱਕ-ਸ਼ੁਬ੍ਹੇ ਦੂਰ ਨਹੀਂ ਹੁੰਦੇ।

ਕੁੜੀਆਂ ਮੁੰਡਿਆਂ ਵਿੱਚ ਫ਼ਰਕ

ਮੁੰਡਿਆਂ ਵਿੱਚ ਸੈਕਸ ਬਾਰੇ ਇਹੋ ਜਿਹੇ ਵਿਚਾਰ ਨਹੀਂ ਹੁੰਦੇ।

ਉਹ ਉਤੇਜਨਾ ਤੇ ਤੱਸਲੀ ਦੀਆਂ ਗੱਲਾਂ ਕਰਦੇ ਹਨ ਜਦਕਿ ਲੜਕੀਆਂ ਦਰਦ ਦੀਆਂ।

ਲੜਕੀਆਂ ਇਹ ਪੱਕਾ ਮੰਨਦੀਆਂ ਹਨ ਕਿ ਸੈਕਸ ਦੌਰਾਨ ਦਰਦ ਹੋਵੇਗਾ ਹੀ ਹੋਵੇਗਾ।

ਇਹ ਡਰ ਉਨ੍ਹਾਂ ਨੂੰ ਪਹਿਲੇ ਸੈਕਸ ਬਾਰੇ ਹੀ ਨਹੀਂ ਹੁੰਦਾ।

24 ਸਾਲਾ ਜੇਸ ਨੂੰ ਇਸ ਦਰਦ ਤੇ ਉਦਾਸੀ ਤੋਂ ਬਚਣ ਬਾਰੇ ਪਤਾ ਨਹੀਂ ਸੀ। ਉਨ੍ਹਾਂ ਕਿਹਾ, "ਮੈਂ ਸੈਕਸ ਬਾਰੇ ਜੋ ਕੁਝ ਸੁਣਿਆ ਸੀ ਉਸ ਨਾਲ ਕਾਫ਼ੀ ਤਣਾਅ ਵਿੱਚ ਸੀ। ਮੈਂ ਕਾਫ਼ੀ ਸੁਚੇਤ ਸੀ।

ਮੈਨੂੰ ਆਰਗੈਜ਼ਮ ਬਾਰੇ ਵੀ ਕਈ ਧਾਰਨਾਵਾਂ ਨੇ ਘੇਰਿਆ ਹੋਇਆ ਸੀ। ਇਨ੍ਹਾਂ ਗੱਲਾਂ ਤੋਂ ਮੈਂ ਸੈਕਸ ਦੇ ਦੌਰਾਨ ਵੀ ਖਹਿੜਾ ਨਹੀਂ ਛੁਡਾ ਸਕੀ। ਮੈਨੂੰ ਦੱਸਿਆ ਗਿਆ ਸੀ ਕਿ ਸੈਕਸ ਦੌਰਾਨ ਦਰਦ ਹੋ ਸਕਦਾ ਹੈ ਤੇ ਮੈਨੂੰ ਇਹ ਝੱਲਣਾ ਹੀ ਪਵੇਗਾ।"

ਉਨ੍ਹਾਂ ਨੇ ਕਿਹਾ ਕਿ ਜੇ ਤੁਹਾਡਾ ਸਾਥੀ ਠੀਕ ਤੇ ਸਮਝਣ ਵਾਲਾ ਹੈ ਤਾਂ ਦਰਦ ਵਾਲੀ ਗੱਲ ਬਿਲਕੁਲ ਝੂਠ ਹੈ।

ਜਾਣਕਾਰੀ ਦੀ ਕਮੀ ਦਰਦ ਦੀ ਵਜ੍ਹਾ

ਹਨਾਹ ਵਿਟਨ ਯੂ-ਟਿਊਬ 'ਤੇ ਸੈਕਸ ਨਾਲ ਜੁੜੀ ਹਰੇਕ ਗੱਲ ਕਰਦੇ ਹਨ। ਸੈਕਸ ਦੌਰਾਨ ਦਰਦ ਬਾਰੇ ਉਨ੍ਹਾਂ ਦਾ ਕਹਿਣਾ ਹੈ, "ਕਈ ਔਰਤਾਂ ਨੂੰ ਦਰਦ ਜ਼ਰੂਰੀ ਹੋਣ ਕਰਕੇ ਨਹੀਂ ਸਗੋਂ ਸਾਨੂੰ ਵਧੀਆ ਸੈਕਸ ਕਰਨ ਬਾਰੇ ਜਾਣਕਾਰੀ ਨਾ ਹੋਣ ਕਰਕੇ ਹੁੰਦਾ ਹੈ।"

ਜੇ ਸੈਕਸ ਦੌਰਾਨ ਤੁਹਾਨੂੰ ਦਰਦ ਹੁੰਦਾ ਹੈ ਤਾਂ ਇਹ ਗੰਭੀਰ ਗੱਲ ਹੈ।

ਤਸਵੀਰ ਸਰੋਤ, Rebecca Hendin / BBC Three

ਰੌਇਲ ਕਾਲਜ ਆਫ਼ ਓਬਸਟਰੈਟੀਸ਼ੀਅਨ ਗਾਇਨੋਕੌਲੌਜਿਸਟ (Royal College of Obstetricians and Gynaecologists) ਦੀ ਤਰਜ਼ਮਾਨ ਸਵਾਤੀ ਝਾਅ ਦਾ ਕਹਿਣਾ ਹੈ, "ਯੋਨੀ ਵਿੱਚ ਦਰਦ ਝਰੀਟਾਂ, ਸੈਕਸ ਨਾਲ ਹੋਣ ਵਾਲੀ ਇਨਫੈਕਸ਼ਨ ਕਰਕੇ ਜਾਂ ਕਈ ਵਾਰ ਲੇਟੈਕਸ ਕੰਡੋਮ ਅਤੇ ਸਾਬਣ ਕਰਕੇ ਵੀ ਹੋ ਸਕਦਾ ਹੈ। ਕਿ ਇਸ ਹਾਲਤ ਵਿੱਚ ਸੈਕਸੁਅਲ ਹੈਲਥ ਕਲੀਨਿਕ ਵਿੱਚ ਸੰਪਰਕ ਕਰਨਾ ਚਾਹੀਦਾ ਹੈ।"

ਯੂਨੀਵਰਸਿਟੀ ਆਫ਼ ਗਲਾਸਗੋ ਦੇ ਸੀਨੀਅਰ ਰਿਸਰਚ ਫੈਲੋ ਡਾ਼ ਕ੍ਰਿਸਟੀਨ ਮਿਸ਼ੇਲ ਦਾ ਕਹਿਣਾ ਹੈ ਕਿ ਸੈਕਸ ਦੌਰਾਨ ਦਰਦ ਦਾ ਸੰਬੰਧ ਪੂਰੀ ਤਰ੍ਹਾਂ ਮਨੋਵਿਗਿਆਨਕ ਅਤੇ ਸਮਾਜਿਕ ਕਾਰਨਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ 2017 ਦੇ ਇੱਕ ਅਧਿਐਨ ਵਿੱਚ ਦੇਖਿਆ ਕਿ 16 ਤੋਂ 24 ਸਾਲ ਦੀਆਂ 10 ਫ਼ੀਸਦੀ ਕੁੜੀਆਂ ਨੂੰ ਦਰਦ ਹੁੰਦਾ ਹੈ।

ਉਨ੍ਹਾਂ ਨੇ ਕਿਹਾ,"ਜੇ ਨੌਜਵਾਨ ਕੁੜੀ ਤੋਂ ਮਨ ਮੁਤਾਬਕ ਸੈਕਸ ਨਹੀਂ ਕੀਤਾ ਜਾ ਰਿਹਾ ਜਾਂ ਉਹ ਬੇਮਨ ਹੋ ਕੇ ਕਰਦੀ ਹੈ ਜਾਂ ਉਸ ਤੋਂ ਖੁੱਲ੍ਹ ਕੇ ਨਹੀਂ ਹੋ ਰਹੀ ਤਾਂ ਅਜਿਹੀ ਸਥਿਤੀ ਵਿੱਚ ਸੈਕਸ ਦਰਦਨਾਕ ਹੁੰਦਾ ਹੈ।

ਔਰਤਾਂ ਦੀ ਇੱਕ ਧਾਰਨਾ ਹੁੰਦੀ ਹੈ ਕਿ ਸੈਕਸ ਵਿੱਚ ਸੁੱਖ ਲੈਣ ਦਾ ਉਨ੍ਹਾਂ ਨੂੰ ਬਰਾਬਰ ਹੱਕ ਨਹੀਂ ਹੈ ਜਾਂ ਘੱਟ ਹੈ। ਇਸ ਕਰਕੇ ਕਈ ਔਰਤਾਂ ਤਾਂ ਇਹ ਮੰਨ ਲੈਂਦੀਆਂ ਹਨ ਕਿ ਉਹ ਔਰਤ ਹਨ ਇਸ ਲਈ ਦਰਦ ਤਾਂ ਜ਼ਰੂਰ ਹੋਵੇਗਾ।"

ਅਮਰੀਕਾ ਵਿੱਚ ਸਾਰਾ ਮੈਕਲੈਂਡ ਨੇ ਇੱਕ ਅਧਿਐਨ ਕੀਤਾ ਹੈ। ਉਨ੍ਹਾਂ ਨੇ ਔਰਤਾਂ ਤੇ ਮਰਦਾਂ ਨੂੰ ਪੁੱਛਿਆ ਕਿ ਉਨ੍ਹਾਂ ਲਈ ਸੈਕਸ ਵਿੱਚ ਘੱਟ ਸੰਤੁਸ਼ਟੀ ਦੇ ਕੀ ਮਾਅਨੇ ਹੁੰਦੇ ਹਨ। ਮਰਦਾਂ ਨੇ ਕਿਹਾ ਕਿ ਸਾਥੀ ਦੀ ਨੀਰਸਤਾ ਜਦ ਕਿ ਔਰਤਾਂ ਨੇ ਕਿਹਾ, ਦਰਦ।

ਕਿਮ ਲੋਲਿਆ ਨੂੰ ਵੀ ਅਜਿਹੇ ਹੀ ਤਜ਼ਰਬੇ ਵਿੱਚੋਂ ਲੰਘਣਾ ਪਿਆ ਸੀ। ਹੁਣ ਉਹ ਔਰਤਾਂ ਨੂੰ ਇਸ ਡਰ ਤੇ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ।

ਤਸਵੀਰ ਸਰੋਤ, Rebecca Hendin / BBC Three

ਲੋਲਿਆ ਲੰਡਨ ਦੀ ਸੈਕਸ ਐਜੂਕੇਸ਼ਨ ਸਰਵਿਸ ਦੀ ਸੰਸਥਾਪਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੁਖੀ ਕਰਨ ਵਾਲਾ ਸੈਕਸ ਜ਼ਰੂਰੀ ਨਹੀਂ ਕਿ ਸਰੀਰਕ ਸਮੱਸਿਆ ਹੋਵੇ ਇਹ ਚੁੱਪ ਰਹਿਣ ਕਰਕੇ ਵੀ ਹੋ ਸਕਦਾ ਹੈ।

ਲੋਲਿਆ ਦਾ ਕਹਿਣਾ ਹੈ,"ਜਦੋਂ ਔਰਤਾਂ ਦਰਦ ਮਹਿਸੂਸ ਕਰਦੀਆਂ ਹਨ ਤਾਂ ਚੁਪਚਾਪ ਸਹਿ ਲੈਂਦੀਆਂ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਜੇ ਦਰਦ ਹੋ ਰਿਹਾ ਹੈ ਤਾਂ ਉਨ੍ਹਾਂ ਵਿੱਚ ਹੀ ਕੋਈ ਦਿੱਕਤ ਹੈ। ਉਹ ਡਰੀਆਂ ਰਹਿੰਦੀਆਂ ਹਨ ਕਿ ਕਿਤੇ ਸਾਥੀ ਬੁਰਾ ਨਾ ਮੰਨ ਜਾਵੇ। ਸੈਕਸ ਬਾਰੇ ਦੋਵਾਂ ਨੂੰ ਗੱਲ ਕਰਨੀ ਚਾਹੀਦੀ ਹੈ। ਇੱਕ ਦੂਜੇ ਨੂੰ ਸੁਣਨਾ ਚਾਹੀਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)