ਸੋਸ਼ਲ: ਸੁਨੀਲ ਨੂੰ ਅਫਵਾਹ ਨਹੀਂ ਫੈਲਾਉਣੀ ਚਾਹੀਦੀ:ਕਪਿਲ ਸ਼ਰਮਾ

ਕਪਿਲ ਸ਼ਰਮਾ ਤੇ ਸੁਨੀਲ ਗਰੋਵਰ Image copyright Getty Images

ਸੁਨੀਲ ਗਰੋਵਰ: ਮੈਂ ਇੱਕ ਸਾਲ ਲਈ ਇਸ ਲਈ ਨਹੀਂ ਬੋਲਿਆ ਤਾਕੀ ਤੁਹਾਡਾ ਮਾਣ ਬਣਿਆ ਰਹੇ। ਤੁਸੀਂ ਮੇਰੇ ਤੋਂ ਬਿਹਤਰ ਕਾਮੇਡੀਅਨ ਹੋ ਸਾਰੇ ਜਾਣਦੇ ਹਨ ਪਰ ਮੈਨੂੰ ਜੋ ਵੀ ਆਉਂਦਾ ਹੈ, ਮੈਂ ਉਸ ਨਾਲ ਕੋਸ਼ਿਸ਼ ਕਰਦਾ ਰਹਾਂਗਾ। ਤੁਹਾਡੇ ਕੋਲ੍ਹ ਦੋ ਕਿਡਨੀਆਂ ਅਤੇ ਇੱਕ ਲਿਵਰ ਹੈ, ਆਪਣਾ ਧਿਆਨ ਰੱਖੋ।

ਕਪਿਲ ਸ਼ਰਮਾ: ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ, ਤੁਹਾਨੂੰ ਪਤਾ ਹੈ ਕਿ ਕਦੋਂ ਅਤੇ ਕਿਵੇਂ ਖੇਡਣਾ ਹੈ ਅਤੇ ਮੈਂ ਇੱਕ ਭਾਵੁਕ ਬੇਵਕੂਫ ਹਾਂ।

ਇਹ ਕਿਸੇ ਸ਼ੋਅ ਦੀ ਸਕ੍ਰਿਪਟ ਨਹੀਂ ਬਲਕਿ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਦੇ ਟਵਿੱਟਰ ਦਾ ਨਜ਼ਾਰਾ ਹੈ। ਪਿਛਲੇ ਕੁਝ ਦਿਨਾਂ ਤੋਂ ਦੋਹਾਂ ਵਿਚਕਾਰ ਟਵਿੱਟਰ ਵਾਰ ਚੱਲ ਰਹੀ ਹੈ।

ਕੀ ਕਰ ਰਹੇ ਹਨ ਅੱਜ ਕੱਲ ਕਪਿਲ ਸ਼ਰਮਾ?

ਮਾਸਟਰ ਸਲੀਮ ਦੀ ਕਿਉਂ ਹੋ ਰਹੀ ਨਿਖੇਧੀ?

ਸੁਨੀਲ ਨੇ ਟਵਿੱਟਰ ਤੇ ਲਿਖਿਆ ਕਿ ਉਹ ਕਪਿਲ ਦੀ ਇੱਜ਼ਤ ਬਚਾਉਣ ਲਈ ਉਹ ਪਿਛਲੇ ਇੱਕ ਸਾਲ ਤੋਂ ਚੁੱਪ ਸਨ।

ਉਨ੍ਹਾਂ ਲਿਖਿਆ, ''ਮੈਂ ਇਸ ਸ਼ੋਅ ਦੀ ਗੱਲ ਕਰ ਰਿਹਾ ਹਾਂ। ਇੱਕ ਸਾਲ ਤੋਂ ਇਸ ਲਈ ਨਹੀਂ ਬੋਲਿਆ ਤਾਕੀ ਤੁਹਾਡੀ ਗਰਿਮਾ ਬਣੀ ਰਹੇ।''

''ਫਿਰ ਕਹਾਂਗਾ ਕਿ ਮੈਨੂੰ ਇਹ ਸ਼ੋਅ ਆਫਰ ਹੀ ਨਹੀਂ ਕੀਤਾ ਗਿਆ।''

Image copyright SunilGrover/Twitter
ਫੋਟੋ ਕੈਪਸ਼ਨ ਸੁਨੀਲ ਗਰੋਵਰ ਦਾ ਟਵੀਟ

ਇਸ ਦੇ ਜਵਾਬ ਵਿੱਚ ਕਪਿਲ ਨੇ ਕਿਹਾ, ''ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ, ਤੁਹਾਨੂੰ ਪਤਾ ਹੈ ਕਿ ਕਦੋਂ ਅਤੇ ਕਿਵੇਂ ਖੇਡਣਾ ਹੈ ਅਤੇ ਮੈਂ ਇੱਕ ਭਾਵੁਕ ਬੇਵਕੂਫ ਹਾਂ।''

ਦਰਅਸਲ ਮਸਲਾ ਕਪਿਲ ਦੇ ਨਵੇਂ ਸ਼ੋਅ ਦਾ ਹੈ। ਕਿਸੇ ਟਵਿੱਟਰ ਯੂਜ਼ਰ ਨੇ ਸੁਨੀਲ ਤੋਂ ਇਸ ਸ਼ੋਅ 'ਤੇ ਆਉਣ ਬਾਰੇ ਪੁੱਛਿਆ ਸੀ।

ਸੁਨੀਲ ਨੇ ਲਿਖਿਆ ਕਿ ਕਪਿਲ ਨੇ ਉਨ੍ਹਾਂ ਨੂੰ ਬੁਲਾਇਆ ਹੀ ਨਹੀਂ ਹੈ।

ਉਨ੍ਹਾਂ ਟਵੀਟ ਕੀਤਾ, ''ਮੈਨੂੰ ਇਸ ਸ਼ੋਅ ਲਈ ਕੋਈ ਕਾਲ ਨਹੀਂ ਆਇਆ ਹੈ। ਮੇਰਾ ਫੋਨ ਨੰਬਰ ਵੀ ਉਹੀ ਹੈ। ਇੰਤਜ਼ਾਰ ਕਰ ਕਰ ਕੇ ਹੁਣ ਮੈਂ ਕੁਝ ਹੋਰ ਸਾਈਨ ਕਰ ਲਿਆ ਹੈ।''

ਕਪਿਲ ਨੇ ਵੀ ਇਸ ਟਵੀਟ ਦਾ ਜਵਾਬ ਦਿੱਤਾ। ਉਨ੍ਹਾਂ ਲਿਖਿਆ, ''ਪਾਜੀ ਮੈਂ ਤੁਹਾਨੂੰ 100 ਤੋਂ ਵੱਧ ਵਾਰ ਕਾਲ ਕੀਤੇ ਅਤੇ ਦੋ ਵਾਰ ਤੁਹਾਨੂੰ ਮਿਲਣ ਵੀ ਆਇਆ। ਇਹ ਝੂਠ ਨਾ ਬੋਲੋ ਕਿ ਮੈਂ ਤੁਹਾਨੂੰ ਕਾਲ ਨਹੀਂ ਕੀਤਾ।''

ਇਸ ਬਹਿਸ ਵਿੱਚ ਆਮ ਯੂਜ਼ਰਜ਼ ਵੀ ਜੁੜ ਗਏ ਜਿਨ੍ਹਾਂ ਦੇ ਜਵਾਬ ਕਪਿਲ ਨੇ ਦਿੱਤੇ।

ਸੱਚ ਪੁੱਛਣ 'ਤੇ ਕਪਿਲ ਨੇ ਲਿਖਿਆ, ''ਇਹ ਝੂਠ ਬੋਲ ਰਿਹਾ ਹੈ, ਮੈਂ ਇਸਨੂੰ ਕਿੰਨੇ ਕਾਲ ਕੀਤੇ। ਇਸਦੇ ਘਰ ਮਿਲਣ ਲਈ ਵੀ ਗਿਆ ਪਰ ਹੁਣ ਹੋਰ ਨਹੀਂ, ਮੈਂ ਕਿਸੇ ਨੂੰ ਆਪਣੇ ਨਾਂ ਦਾ ਫਾਇਦਾ ਚੁੱਕਣ ਨਹੀਂ ਦਿਆਂਗਾ।''

ਉਨ੍ਹਾਂ ਇੱਕ ਹੋਰ ਟਵੀਟ ਕੀਤਾ, ''ਮੈਨੂੰ ਉਸ ਦੇ ਸਹਾਰੇ ਦੀ ਲੋੜ ਨਹੀਂ ਹੈ ਪਰ ਉਸਨੂੰ ਅਫਵਾਹ ਨਹੀਂ ਫੈਲਾਉਣੀ ਚਾਹੀਦੀ। ਮੈਂ ਇਸ ਸਭ ਤੋਂ ਥੱਕ ਗਿਆ ਹਾਂ।''

ਕਪਿਲ ਨੇ ਇਹ ਵੀ ਲਿਖਿਆ ਕਿ ਕਦੇ - ਕਦੇ ਬੋਲਣਾ ਜ਼ਰੂਰੀ ਹੋ ਜਾਂਦਾ ਹੈ ਤਾਕਿ ਹੋਰ ਲੋਕ ਫਾਇਦਾ ਨਾ ਚੁੱਕਣ। ਕਈ ਲੋਕਾਂ ਨੇ ਇਸ 'ਤੇ ਕਪਿਲ ਦਾ ਸਾਥ ਵੀ ਦਿੱਤਾ।

ਕਪਿਲ ਅਤੇ ਸੁਨੀਲ ਦਾ ਇਹ ਝਗੜਾ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਸੁਨੀਲ ਨੇ ਇਲਜ਼ਾਮ ਲਗਾਏ ਸਨ ਕਿ ਇੱਕ ਫਲਾਈਟ ਦੌਰਾਨ ਕਪਿਲ ਨੇ ਉਨ੍ਹਾਂ ਨਾਲ ਸ਼ਰਾਬ ਪੀਕੇ ਬਦਸਲੂਕੀ ਕੀਤੀ ਸੀ।

ਕਪਿਲ ਨੇ ਬਾਅਦ ਵਿੱਚ ਮੁਆਫੀ ਵੀ ਮੰਗੀ ਸੀ ਪਰ ਲਗਦਾ ਨਹੀਂ ਕਿ ਸੁਨੀਲ ਅਤੇ ਕਪਿਲ ਮੁੜ ਤੋਂ ਇੱਕ ਦੂਜੇ ਨਾਲ ਕੰਮ ਕਰਨ ਲਈ ਤਿਆਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)