'.....ਹੋ ਸਕਦਾ ਹੈ ਇਹ ਮੇਰੀ ਆਖਰੀ ਕਾਲ ਹੋਵੇ'

ਪ੍ਰਿਤਪਾਲ ਸ਼ਰਮਾ, ਮੂਸਲ Image copyright Sukhcharan Preet/BBC
ਫੋਟੋ ਕੈਪਸ਼ਨ ਰਾਜ ਰਾਣੀ (ਪ੍ਰਿਤਪਾਲ ਸ਼ਰਮਾ ਦੀ ਪਤਨੀ)

ਧੂਰੀ ਦੀਆਂ ਗਲੀਆਂ 'ਚ ਜਦੋਂ ਅਸੀਂ ਇੱਕ ਘਰ ਦਾ ਬੂਹਾ ਖੜਕਾਇਆ, ਮੁਰਝਾਏ ਚਿਹਰੇ ਤੇ ਨਮ ਅੱਖਾਂ ਨਾਲ ਘਰ ਦਾ ਦਰਵਾਜ਼ਾ ਪ੍ਰਿਤਪਾਲ ਸ਼ਰਮਾ ਦੇ ਪੁੱਤਰ ਨੀਰਜ ਸ਼ਰਮਾ ਨੇ ਖੋਲ੍ਹਿਆ।

ਪੁੱਤਰ ਦੇ ਚਿਹਰੇ ਦੇ ਹਾਵ-ਭਾਵ ਦੱਸਦੇ ਹਨ ਕਿ ਮੀਡੀਆ ਦੇ ਆਉਣ ਦਾ ਅਹਿਸਾਸ ਪਰਿਵਾਰ ਨੂੰ ਪਹਿਲਾਂ ਤੋਂ ਹੀ ਸੀ।

ਇਰਾਕ 'ਚ ਲਾਪਤਾ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਮੰਗਲਵਾਰ ਸਵੇਰੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਵਿੱਚ ਕੀਤੀ।

ਘਰ ਦੇ ਇੱਕ ਕਮਰੇ ਵਿੱਚ ਟੀਵੀ ਅੱਗੇ ਪ੍ਰਿਤਪਾਲ ਸ਼ਰਮਾ ਦਾ ਪਰਿਵਾਰ ਅਤੇ ਰਿਸ਼ਤੇਦਾਰ ਬੈਠੇ ਖ਼ਬਰਾਂ ਸੁਣ ਰਹੇ ਸਨ। ਉਨ੍ਹਾਂ 39 ਮ੍ਰਿਤਕ ਭਾਰਤੀਆਂ ਵਿੱਚ ਪ੍ਰਿਤਪਾਲ ਸ਼ਰਮਾ ਵੀ ਸ਼ਾਮਲ ਸਨ।

Image copyright Sukhcharan Preet/BBC

ਹਰ ਚਿਹਰਾ ਉਦਾਸ ਸੀ, ਪ੍ਰਿਤਪਾਲ ਸ਼ਰਮਾ ਦੀ ਪਤਨੀ ਰਾਜ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਸਨ, ਪੁੱਤਰ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣ ਲਈ ਜੱਦੋ ਜਹਿਦ ਕਰਦਾ ਨਜ਼ਰ ਆ ਰਿਹਾ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਧੂਰੀ ਦੇ ਪ੍ਰਿਤਪਾਲ ਇਰਾਕ ’ਚ ਲਾਪਤਾ ਹੋਏ ਭਾਰਤੀਆਂ ’ਚੋਂ ਇੱਕ ਸਨ

ਮ੍ਰਿਤਕ ਪ੍ਰਿਤਪਾਲ ਦੀ ਧੀ ਅਜੇ ਕਾਲਜ ਤੋਂ ਨਹੀਂ ਪਰਤੀ ਸੀ, ਇਸੇ ਕਾਰਨ ਉਹ ਪਰਿਵਾਰ ਨਾਲ ਵਾਪਰੀ ਇਸ ਤ੍ਰਾਸਦੀ ਤੋਂ ਅਣਜਾਣ ਸੀ।

ਪ੍ਰਿਤਪਾਲ ਸ਼ਰਮਾ ਦੀ ਪਤਨੀ ਰਾਜ ਰਾਣੀ ਦਾ ਕਹਿਣਾ ਸੀ, "ਉਹ ਜੀ ਇੱਥੇ (ਧੂਰੀ) ਮਜ਼ਦੂਰੀ ਕਰਦੇ ਸਨ, ਘਰ ਦੀ ਆਰਥਿਕ ਹਾਲਤ ਸੁਧਾਰਨ ਲਈ 2 ਲੱਖ ਰੁਪਏ ਖ਼ਰਚ ਕਰਕੇ ਸਾਲ 2011 ਵਿੱਚ ਇਰਾਕ ਚਲੇ ਗਏ ਸਨ।"

Image copyright Sukhcharan Preet/BBC
ਫੋਟੋ ਕੈਪਸ਼ਨ ਪ੍ਰਿਤਪਾਲ ਸ਼ਰਮਾ ਦੇ ਰਿਸ਼ਤੇਦਾਰ, ਪਤਨੀ ਰਾਜ ਰਾਣੀ ਤੇ ਪੁੱਤਰ ਨੀਰਜ ਸ਼ਰਮਾ

"2014 ਤੱਕ ਉਹ ਉੱਥੇ ਦਿਹਾੜੀ 'ਤੇ ਮਜਦੂਰੀ ਕਰਕੇ ਘਰ ਪੈਸੇ ਭੇਜਦੇ ਰਹੇ, ਪਰ ISIS ਵੱਲੋਂ ਬੰਦੀ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਖ਼ੁਦ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਪੁਰਾਣੀ ਫ਼ੈਕਟਰੀ ਵਿੱਚ ਬੰਦ ਕਰਕੇ ਰੱਖਿਆ ਗਿਆ ਹੈ।"

"ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸ਼ਾਇਦ ਇਹ ਮੇਰੀ ਤੁਹਾਨੂੰ ਆਖ਼ਰੀ ਕਾਲ ਹੋਵੇ। ਮੁੜ ਕੇ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ।"

Image copyright BBC/Sukcharan Preet
ਫੋਟੋ ਕੈਪਸ਼ਨ ਪਰਿਵਾਰ ਨਾਲ ਦੁੱਖ ਸਾਂਝੀ ਕਰਨ ਪਹੁੰਚੇ ਸਥਾਨਕ ਲੋਕ

ਰਾਜ ਰਾਣੀ ਨੂੰ ਲਗਦਾ ਹੈ ਕਿ ਸਰਕਾਰ ਨੇ ਉਨ੍ਹਾਂ ਤੋਂ ਸੱਚਾਈ ਲੁਕੋ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

ਉਨ੍ਹਾਂ ਕਿਹਾ, "ਚਾਰ ਸਾਲ ਅਸੀਂ ਸਰਕਾਰੇ ਦਰਬਾਰੇ ਚੱਕਰ ਕੱਟਦੇ ਰਹੇ ਜੇ ਉਦੋਂ ਹੀ ਸਾਨੂੰ ਸੱਚਾਈ ਦੱਸ ਦਿੱਤੀ ਜਾਂਦੀ ਤਾਂ ਇੰਨੀ ਖੱਜਲ ਖ਼ੁਆਰੀ ਨਾ ਹੁੰਦੀ।"

ਪ੍ਰਿਤਪਾਲ ਸ਼ਰਮਾ ਦੇ ਪੁੱਤਰ ਨੀਰਜ ਸ਼ਰਮਾ ਕਹਿੰਦੇ ਹਨ, "ਜਦੋਂ ਡੈਡੀ ਬਾਹਰ ਗਏ ਉਦੋਂ ਮੈਂ ਪੜ੍ਹਦਾ ਸੀ, ਘਰ ਦੇ ਹਾਲਾਤ ਬਹੁਤ ਔਖੇ ਸਨ।"

"ਡੈਡੀ ਦੇ ਲਾਪਤਾ ਹੋਣ ਤੋਂ ਬਾਅਦ ਮੈਂ ਪੜ੍ਹਾਈ ਛੱਡ ਦਿੱਤੀ, ਔਖੇ - ਸੌਖੇ ਦਿਹਾੜੀ ਕਰਕੇ ਪਰਿਵਾਰ ਦਾ ਖਰਚਾ ਚਲਾ ਰਿਹਾ ਹਾਂ ਤੇ ਨਾਲੇ ਛੋਟੀ ਭੈਣ ਨੂੰ ਪੜ੍ਹਾ ਰਿਹਾ ਹਾਂ।"

Image copyright BBC/Sukcharan Preet
ਫੋਟੋ ਕੈਪਸ਼ਨ ਪ੍ਰਿਤਪਾਲ ਸ਼ਰਮਾ ਦੀ ਪਤਨੀ ਤੇ ਧੀ ਪ੍ਰਿਤਪਾਲ ਦੀ ਤਸਵੀਰ ਨਾਲ

"ਸਭ ਦੇ ਡੈਡੀ ਗਏ ਹਨ, ਕਈਆਂ ਦੇ ਭਰਾ ਵੀ ਗਏ ਹਨ। ਡੈਡੀ ਸਾਡੇ ਲਈ ਕਮਾਉਣ ਵਾਸਤੇ ਗਏ ਸੀ ਹੁਣ ਸਰਕਾਰ ਨੂੰ ਚਾਹੀਦਾ ਕਿ ਪਰਿਵਾਰਾਂ ਨੂੰ ਕੋਈ ਛੋਟੀ ਮੋਟੀ ਨੌਕਰੀ ਦੇਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)