ਪੰਜਾਬੀ ਸ਼ਾਇਰਾ ਸੁਖਵਿੰਦਰ ਅ੍ਰੰਮਿਤ ਨੇ ਦਿੱਤਾ ਕੁੜੀਆਂ ਨੂੰ ਬਗਾਵਤ ਦਾ ਹੋਕਾ

Image copyright Sukhwinder amrit/facebook

ਜੇਕਰ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ,

ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗ ਉਦਾਸੀਆਂ 'ਤੇ

ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਗੌਤਮ ਬੁੱਧ ਵਾਂਗ ਨਿਰਵਾਣ ਦੀ ਪ੍ਰਾਪਤੀ ਲਈ,

ਤਾਂ ਉਨ੍ਹਾਂ ਸੱਤਾਂ ਰਿਸ਼ੀਆਂ ਵਿੱਚ ਕੋਈ ਰਿਸ਼ੀਕਾ ਵੀ ਜ਼ਰੂਰ ਹੁੰਦੀ ਸ਼ਾਮਲ

ਜੇਕਰ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ

ਇਹ ਸ਼ੇਅਰ ਪੰਜਾਬੀ ਦੀ ਜਾਣੀ-ਪਛਾਣੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦਾ ਹੈ। ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨਾਲ ਸਮਾਜ ਵਿੱਚ ਕੁੜੀਆਂ ਦੀ ਹਾਲਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਹ ਸ਼ੇਅਰ ਪੜ੍ਹਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
‘ਮਰਦ ਨਾਲ ਨਹੀਂ ਉਨ੍ਹਾਂ ਦੀ ਮਾਨਿਸਕਤਾ ਨਾਲ ਨਫ਼ਰਤ ਹੈ’

ਸੁਖਵਿੰਦਰ ਅੰਮ੍ਰਿਤ ਦਾ ਇਹ ਇੱਕੋ ਸ਼ੇਅਰ ਸਾਡੇ ਸਮਾਜ ਵਿੱਚ ਕੁੜੀਆਂ ਦੀ ਹੋਣੀ ਦੀ ਕਹਾਣੀ ਬਿਆਨ ਕਰਦਾ ਹੈ। ਉਨ੍ਹਾਂ ਮੁਤਾਬਕ ਇਹ ਸ਼ੇਅਰ ਉਨ੍ਹਾਂ ਦੇ ਹੀ ਨਹੀਂ ਬਲਕਿ ਉਨ੍ਹਾਂ ਨੂੰ ਮਿਲੀਆਂ ਦੂਜੀਆਂ ਕੁੜੀਆਂ ਦੇ ਤਜਰਬੇ ਦੀ ਤਰਜਜਮਾਨੀ ਕਰਦਾ ਹੈ।

ਸੁਖਵਿੰਦਰ ਦੱਸਦੀ ਹੈ, 'ਮੈਂ ਛੋਟੀ ਉਮਰੇ ਕਵਿਤਾਵਾਂ ਤੇ ਗੀਤ ਲਿਖਣ ਲੱਗ ਪਈ, ਮੇਰੇ ਅਧਿਆਪਕ ਮੇਰੀਆਂ ਰਚਨਾਵਾਂ ਨੂੰ ਪੜ੍ਹ ਕੇ ਸ਼ਾਬਾਸ਼ੀ ਦਿੰਦੇ ਸਨ ਪਰ ਜਦੋਂ ਇਸ ਦਾ ਪਤਾ ਮੇਰੀ ਮਾਂ ਨੂੰ ਲੱਗਿਆ ਤਾਂ ਉਸ ਨੇ ਮੇਰੀ ਗੀਤਾਂ ਵਾਲੀ ਕਾਪੀ ਪਾੜ ਦਿੱਤੀ'।

ਮੇਰੀ ਮਾਂ ਨੇ ਮੈਨੂੰ ਕਿਹਾ, "ਕਬੀਲਦਾਰ ਤੇ ਇੱਜ਼ਤ ਵਾਲੇ ਘਰਾਂ ਦੀਆਂ ਕੁੜੀਆਂ ਗੀਤ ਨਹੀਂ ਲਿਖਦੀਆਂ। ਜੇ ਇਸ ਦਾ ਪਤਾ ਤੇਰੇ ਪਿਓ ਨੂੰ ਲੱਗ ਗਿਆ ਤਾਂ ਤੈਨੂੰ ਮਾਰ ਕੇ ਦੱਬ ਦੇਵੇਗਾ।"

Image copyright Sukhwinder amrit/facebook
ਫੋਟੋ ਕੈਪਸ਼ਨ ਸੁਖਵਿੰਦਰ ਅੰਮ੍ਰਿਤ ਦੀ ਪੁਰਾਣੀ ਤਸਵੀਰ

ਸੁਖਵਿੰਦਰ ਮੁਤਾਬਕ ਫਿਰ ਉਸ ਨੂੰ ਸਕੂਲੋਂ ਹਟਾ ਕੇ ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ। ਉਸ ਨੂੰ ਲੱਗਿਆ ਕਿ ਹੁਣ ਸ਼ਾਇਦ ਉਸ ਦੇ ਹਾਲਾਤ ਬਦਲ ਜਾਣਗੇ। ਪਰ ਵਿਆਹ ਤੋਂ ਬਾਅਦ ਇਹ ਹੋਰ ਬਦਲ ਬਦਤਰ ਹੋ ਗਏ। ਇੱਥੇ ਮਾਂ ਦੀ ਥਾਂ ਸੱਸ ਨੇ ਲੈ ਲਈ ਅਤੇ ਕਾਪੀ ਪਾੜ ਕੇ ਚੁੱਲ੍ਹੇ ਵਿੱਚ ਸੁੱਟ ਦਿੱਤੀ।

ਸੁਖਵਿੰਦਰ ਦੱਸਦੀ ਹੈ, "ਕਈ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਮੇਰੇ ਪਤੀ ਨੇ ਮੈਨੂੰ ਕਾਗਜ਼ ਤੇ ਪੈੱਨ ਰੱਖਣ ਦੀ ਆਗਿਆ ਦੇ ਦਿੱਤੀ ਤੇ ਹੌਲ਼ੀ-ਹੌਲ਼ੀ ਮੈਂ ਉਨ੍ਹਾਂ ਨੂੰ ਅੱਗੇ ਪੜ੍ਹਨ ਲਈ ਮਨਾ ਲਿਆ। ਉਦੋਂ ਤੱਕ ਮੇਰੀ ਧੀ ਵੀ ਸਕੂਲ ਜਾਣ ਲੱਗ ਪਈ ਸੀ। ਮੈਂ ਤੇ ਮੇਰੀ ਧੀ ਇੱਕ ਹੀ ਸਕੂਲ ਪੜ੍ਹਨ ਜਾਂਦੀਆਂ ਸਨ।"

ਸੁਖਵਿੰਦਰ ਦੀ ਇੱਕ ਕਵਿਤਾ ਹੈ 'ਮਾਂ', ਜਿਸ ਵਿੱਚ ਉਹ ਆਪਣੇ ਹਾਲਾਤ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ।

ਮੇਰੀ ਮਾਂ ਨੇ ਮੈਨੂੰ ਆਖਿਆ ਸੀ , ਸਿਆਣੀਆਂ ਕੁੜੀਆਂ

ਲੁਕ -ਲੁਕ ਕੇ ਰਹਿੰਦੀਆਂ, ਧੁਖ-ਧੁਖ ਕੇ ਜਿਉਂਦੀਆਂ

ਝੁਕ-ਝੁਕ ਕੇ ਤੁਰਦੀਆਂ , ਨਾ ਉੱਚਾ ਬੋਲਦੀਆਂ

ਨਾ ਉੱਚਾ ਹੱਸਦੀਆਂ, ਕੁੜੀਆਂ ਆਪਣਾ ਦੁੱਖ

ਕਿਸੇ ਨੂੰ ਨਹੀਂ ਦੱਸਦੀਆਂ।

ਬਸ ਧੂੰਏ ਦੇ ਪੱਜ ਰੋਂਦੀਆਂ , ਕੰਧਾਂ ਓਹਲੇ ਘੁੱਗ ਵਸਦੀਆਂ

ਇਸ ਕਵਿਤਾ ਦਾ ਅੰਤ ਉਹ ਆਪਣੀ ਧੀ ਨੂੰ ਦਿੱਤੀ ਸਿੱਖ ਨਾਲ ਕਰਦੀ ਹੈ। ਜਿਸ ਵਿੱਚ ਉਹ ਉਸ ਨੂੰ ਸਮਝੌਤਾ ਨਾ ਕਰਨ ਅਤੇ ਰੂੜੀਵਾਦੀ ਰਵਾਇਤਾਂ ਖ਼ਿਲਾਫ਼ ਬਗਾਵਤ ਕਰਨ ਲਈ ਕਹਿੰਦੀ ਹੈ।

Image copyright Sukhwinder amrit/facebook

ਸੁਖਵਿੰਦਰ ਮੁਤਾਬਕ ਇਹ ਉਸਦਾ ਤੇ ਉਸ ਨੂੰ ਮਿਲੀਆਂ ਦੂਜੀਆਂ ਕੁੜੀਆਂ ਦਾ ਨਿੱਜੀ ਤਜਰਬਾ ਹੈ ਕਿ ਉਨ੍ਹਾਂ ਦਾ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਹ ਕੁੜੀਆਂ ਹਨ ਅਤੇ ਉਨ੍ਹਾਂ ਨੇ ਬੰਦੇ ਤੋਂ ਬਚ ਕੇ ਰਹਿਣਾ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਮਰਦ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਮਰਦਾਂ ਨੂੰ ਨਹੀਂ ਸਿਸਟਮ ਨੂੰ ਨਫ਼ਰਤ ਕਰਦੀ ਹੈ।

ਇਸੇ ਸਿਸਟਮ ਕਾਰਨ ਕੁੜੀਆਂ ਨੂੰ ਜੀਣ ਦਾ ਉਹ ਹੱਕ ਨਹੀਂ ਮਿਲਦਾ ਜਿਸ ਦੀਆਂ ਉਹ ਹੱਕਦਾਰ ਹਨ।

ਕੁੜੀਆਂ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਪਰ ਇਹ ਪ੍ਰਾਪਤੀਆਂ ਉਨ੍ਹਾਂ ਮਰਦਾਂ ਨਾਲ ਖਹਿ-ਖਹਿ ਨੇ ਹਾਸਲ ਕੀਤੀਆਂ ਹਨ।

ਸੁਖਵਿੰਦਰ ਅੰਮ੍ਰਿਤ ਕਹਿੰਦੀ ਹੈ ਕਿ ਮੇਰੀ ਬਗ਼ਾਵਤ ਦਾ ਫਾਇਦਾ ਮੇਰੀ ਧੀ ਨੂੰ ਹੋਇਆ, ਉਸ ਨੂੰ ਮੇਰੇ ਵਰਗੇ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਿਆ। ਮੇਰੀ ਦੀ ਧੀ ਨੂੰ ਹੋਰ ਆਜ਼ਾਦੀ ਮਿਲੇਗੀ।

ਉਹ ਕਹਿੰਦੀ ਹੈ, 'ਮੇਰੀ ਮਾਂ ਅਨਪੜ੍ਹ ਸੀ, ਮੈਂ ਸਕੂਲ ਗਈ ਤੇ ਮੇਰੀ ਧੀ ਯੂਨੀਵਰਸਿਟੀ ਤੱਕ ਪੜ੍ਹੀ। ਹਾਲਾਤ ਬਦਲ ਰਹੇ ਨੇ ਪਰ ਅਜੇ ਵੀ ਸਮਾਜ ਨੂੰ ਧੀਆਂ ਜਾਂ ਕੁੜੀਆਂ ਪ੍ਰਤੀ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਕੁੜੀਆਂ ਅਜਿਹਾ ਦਰਿਆ ਨਹੀਂ ਜਿਹੜਾ ਕਿਸੇ ਵੀ ਸਮੁੰਦਰ 'ਚ ਨਹੀਂ ਡਿੱਗ ਸਕਦਾ। ਔਰਤ ਉਹ ਨਦੀਂ ਹੈ ਜਿਸ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਕਿਹੜੇ ਸਮੁੰਦਰ ਵਿੱਚ ਜਾਣਾ ਹੈ।

Image copyright Sukhwinder amrit/facebook

ਆਪਣੀਆਂ ਰੁਮਾਂਟਿਕ ਕਵਿਤਾਵਾਂ ਦੇ ਹਵਾਲੇ ਨਾਲ ਉਹ ਕਹਿੰਦੀ ਹੈ। ਜ਼ਿੰਦਗੀ ਵਿੱਚ ਇਸ਼ਕ ਜ਼ਰੂਰੀ ਹੈ ਅਤੇ ਇਹ ਬਗਾਵਤ ਦਾ ਰਾਹ ਖੋਲ੍ਹਦਾ ਹੈ। ਕੁੜੀਆਂ ਨੂੰ ਦਕੀਆਨੂਸੀ ਧਾਰਨਾਵਾਂ ਤੇ ਰੂੜੀਵਾਦੀ ਵਿਚਾਰਾਂ ਖ਼ਿਲਾਫ਼ ਬਗਾਵਤ ਕਰਨੀ ਹੀ ਪੈਣੀ ਹੈ।

ਜ਼ਿੰਦਗੀ ਵਿੱਚ ਸੰਘਰਸ਼ ਜਾਰੀ ਰਹਿੰਦਾ ਹੈ। ਇਹੀ ਜ਼ਿੰਦਗੀ ਦਾ ਦੂਜਾ ਨਾਂ ਹੈ।

ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲਗਦੇ ਨੇ,

ਪਿੰਜਰੇ ਪਿਘਲ ਜਾਂਦੇ ਨੇ ਸ਼ਿਕਾਰੀ ਡਰਨ ਲਗਦੇ ਨੇ

ਕਦੋਂ ਤੱਕ ਰੱਖਿਆ ਜਾਂਦਾ ਦਬਾ ਕੇ ਜਿਉਣ ਦਾ ਜਜ਼ਬਾ,

ਲਹੂ ਤੋਂ ਲਹਿਰ ਜਦ ਉੱਠਦੀ ਕਿਨਾਰੇ ਖਰਨ ਲੱਗਦੇ ਨੇ

ਉਹ ਪਾਕੇ ਝਾਂਜਰਾਂ ਅੰਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ,

ਕਿ ਉਸਦੀ ਇਸ ਅਦਾ ਤੇ ਚੰਨ ਸੂਰਜ ਮਰਨ ਲੱਗਦੇ ਨੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)