ਇਰਾਕ ਦੁਖਾਂਤ: ਗੁਰਬਤ ਦੀ ਮਾਰ ਜ਼ਿੰਦਗੀ ਦੀ ਹਾਰ

ਦਵਿੰਦਰ ਸਿੰਘ ਦਾ ਪਰਿਵਾਰ

ਇਰਾਕ ਦੇ ਮੂਸਲ ਵਿੱਚ ਆਈਐੱਸਆਈਐੱਸ ਹੱਥੋਂ ਮਾਰੇ ਗਏ 39 ਭਾਰਤੀਆਂ ਵਿੱਚ 52 ਸਾਲ ਦੇ ਦਵਿੰਦਰ ਸਿੰਘ ਵੀ ਸਨ। ਦਵਿੰਦਰ ਦੀ ਪਤਨੀ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਇਰਾਕ ਵਿੱਚ ਖ਼ਤਰਾ ਸੀ ਪਰ ਘਰ ਦੀ ਗ਼ਰੀਬੀ ਉਨ੍ਹਾਂ ਨੂੰ ਉੱਥੇ ਲੈ ਗਈ।

ਮਨਜੀਤ ਕੌਰ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਵਿੱਚ ਰਹਿੰਦੀ ਹੈ।

ਉਨ੍ਹਾਂ ਦੱਸਿਆ, "ਉਨ੍ਹਾਂ ਦੀ ਭੈਣ ਨੇ ਇਰਾਕ ਜਾਣ ਤੋਂ ਰੋਕਿਆ ਸੀ ਪਰ ਦਵਿੰਦਰ ਦਾ ਕਹਿਣਾ ਸੀ ਕਿ ਸਭ ਠੀਕ ਹੋ ਜਾਵੇਗਾ। ਇਰਾਕ ਪਹੁੰਚ ਕੇ ਵੀ ਉਹ ਫ਼ੋਨ ਉੱਤੇ ਦੱਸਦੇ ਹੁੰਦੇ ਸਨ ਕਿ ਉਹ ਠੀਕ ਠਾਕ ਹਨ ਅਤੇ ਬੰਬ-ਧਮਾਕੇ ਉਸ ਤੋਂ ਕਾਫ਼ੀ ਦੂਰ ਹੋ ਰਹੇ ਹਨ।''

ਦਵਿੰਦਰ ਸਿੰਘ ਦੀ ਪਤਨੀ ਮੁਤਾਬਕ 2014 ਵਿੱਚ ਜਦੋਂ ਉਨ੍ਹਾਂ ਦੀ ਆਪਣੇ ਪਤੀ ਨਾਲ ਆਖਰੀ ਵਾਰ ਗੱਲ ਹੋਈ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਇਹੀ ਕਿਹਾ ਸੀ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਇਹ ਉਦੋਂ ਗੱਲ ਸੀ ਜਦੋਂ ਆਈਐੱਸ ਨੇ ਦਵਿੰਦਰ ਸਿੰਘ ਨੂੰ ਬਾਕੀ 39 ਭਾਰਤੀਆਂ ਨਾਲ ਅਗਵਾ ਕਰ ਲਿਆ ਸੀ, ਪਰ ਪਰਿਵਾਰ ਨੂੰ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਉਨ੍ਹਾਂ ਨੇ ਇਹ ਗੱਲ ਲੁਕਾ ਕੇ ਰੱਖੀ।

ਆਪਣੇ ਪੇਕਿਆਂ ਦੇ ਘਰ ਬੀਬੀਸੀ ਨਾਲ ਗੱਲਬਾਤ ਦੌਰਾਨ ਮਨਜੀਤ ਕੌਰ ਦੀਆਂ ਅੱਖਾਂ ਵਿੱਚੋਂ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਉਹ ਵਾਰ ਵਾਰ ਇਹੀ ਆਖ ਰਹੀ ਹੈ ਕਿ ਹੁਣ ਅਸੀਂ ਕਿਸੇ ਪਾਸੇ ਦੇ ਨਹੀਂ ਰਹੇ।

ਆਪਣੇ ਮਾਪਿਆਂ ਦੇ ਘਰ ਤੋਂ ਕਰੀਬ ਸੌ ਮੀਟਰ ਦੀ ਦੂਰੀ ਉੱਤੇ ਮਨਜੀਤ ਕੌਰ ਕਿਰਾਏ ਦੇ ਇੱਕ ਕਮਰੇ ਵਿੱਚ ਆਪਣੇ ਤਿੰਨ ਬੱਚਿਆਂ ਨਾਲ ਰਹਿ ਰਹੀ ਹੈ।

ਗੁਜ਼ਾਰੇ ਲਈ ਉਹ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ ਦਿੰਦੀ ਹੈ ਜਿਸ ਦੇ ਬਦਲੇ ਉਸ ਨੂੰ ਹਰ ਮਹੀਨੇ 2500 ਰੁਪਏ ਮਿਲਦੇ ਹਨ।

2011 ਵਿੱਚ ਜਦੋਂ ਦਵਿੰਦਰ ਸਿੰਘ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਇਰਾਕ ਰਵਾਨਾ ਹੋਇਆ ਸੀ ਤਾਂ ਉਸ ਸਮੇਂ ਉਸ ਦੇ ਵੱਡੇ ਪੁੱਤਰ ਦੀ ਉਮਰ ਅੱਠ ਸਾਲ ਸੀ ਅਤੇ ਦੋ ਜੌੜੀਆਂ ਧੀਆਂ ਦੀ ਉਮਰ ਅੱਠ ਮਹੀਨੇ ਸੀ।

ਮਨਜੀਤ ਕੌਰ ਦੱਸਦੀ ਹੈ ਕਿ ਇਰਾਕ ਜਾਣ ਤੋਂ ਪਹਿਲਾਂ ਦਵਿੰਦਰ ਸਿੰਘ ਮਜ਼ਦੂਰੀ ਕਰਦਾ ਸੀ ਅਤੇ ਰੋਜ਼ਾਨਾ 200 ਤੋਂ 250 ਰੁਪਏ ਕਮਾਉਂਦਾ ਸੀ।

ਪਰਿਵਾਰ ਨੂੰ ਖ਼ੁਸ਼ਹਾਲ ਜ਼ਿੰਦਗੀ ਦੇਣ ਲਈ ਦਵਿੰਦਰ ਨੇ ਵਿਦੇਸ਼ ਜਾਣ ਬਾਰੇ ਸੋਚਿਆ।

ਮਨਜੀਤ ਕੌਰ ਦੱਸਦੀ ਹੈ, "ਕਿਸੇ ਤੋਂ ਉਧਾਰੇ ਲੈ ਕੇ ਕਿਸੇ ਏਜੰਟ ਨੂੰ ਡੇਢ ਲੱਖ ਰੁਪਏ ਦਿੱਤੇ ਅਤੇ ਦਵਿੰਦਰ ਇਰਾਕ ਚਲਾ ਗਿਆ।''

ਨਵੇਂ ਘਰ ਦਾ ਸੁਫ਼ਨਾ

ਮਨਜੀਤ ਕੌਰ ਅਨੁਸਾਰ ਇਰਾਕ ਪਹੁੰਚ ਕੇ ਦਵਿੰਦਰ ਸਿੰਘ ਅਕਸਰ ਆਖਦਾ ਹੁੰਦਾ ਸੀ ਕਿ ਸਾਡੇ ਕੋਲ ਛੇਤੀ ਹੀ ਇੱਕ ਘਰ ਹੋਵੇਗਾ ਅਤੇ ਪਰਿਵਾਰ ਦੇ ਲਈ ਉਹ ਹਰ ਮਹੀਨੇ 25,000 ਰੁਪਏ ਭੇਜੇਗਾ।

ਮਨਜੀਤ ਕੌਰ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦਾ ਆਪਣੇ ਪਤੀ ਨਾਲ ਕੋਈ ਸੰਪਰਕ ਨਹੀਂ ਸੀ।

ਪਰਿਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਭਰੋਸੇ ਉੱਤੇ ਇਸ ਉਮੀਦ ਵਿੱਚ ਸੀ ਕਿ ਇੱਕ ਦਿਨ ਸਭ ਠੀਕ ਹੋ ਜਾਵੇਗਾ ਪਰ ਅੱਜ ਉਹ ਭਰੋਸਾ ਵੀ ਟੁੱਟ ਗਿਆ।

ਮਨਜੀਤ ਨੇ ਭਰੇ ਮਨ ਨਾਲ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸਰਕਾਰ ਨੇ ਬਿਨਾਂ ਕੋਈ ਕਾਰਨ ਦੱਸੇ ਡੀਐਨਏ ਸੈਂਪਲ ਲੈਣ ਸ਼ੁਰੂ ਕਰ ਦਿੱਤੇ।

ਪਿੰਡ ਵਾਲਿਆਂ ਨੇ ਸੋਚਿਆ ਕਿ ਸ਼ਾਇਦ ਦਵਿੰਦਰ ਬਿਮਾਰ ਹੋਵੇ ਇਸ ਲਈ ਸਰਕਾਰ ਡੀਐਨਏ ਸੈਂਪਲ ਲੈ ਰਹੀ ਹੈ।

ਮੰਗਲਵਾਰ ਨੂੰ ਪਿੰਡ ਦੀਆਂ ਕੁਝ ਔਰਤਾਂ ਨੇ ਉਸ ਨੂੰ ਇਸ ਹੋਣੀ ਬਾਰੇ ਦੱਸਿਆ ਅਤੇ ਉਹ ਤੁਰੰਤ ਆਪਣੇ ਮਾਪਿਆਂ ਦੇ ਘਰ ਪਹੁੰਚ ਗਈ।

ਮਨਜੀਤ ਨੇ ਆਪਣੇ ਜੌੜੇ ਬੱਚਿਆਂ ਵੱਲ ਦੇਖ ਕੇ ਆਖਿਆ, "ਇਹ ਅਕਸਰ ਆਪਣੇ ਪਿਤਾ ਬਾਰੇ ਪੁੱਛਦੇ ਹਨ ਅਤੇ ਮੈਂ ਹਮੇਸ਼ਾ ਆਖਦੀ ਸੀ ਕਿ ਉਹ ਛੇਤੀ ਹੀ ਵਿਦੇਸ਼ ਤੋਂ ਉਨ੍ਹਾਂ ਲਈ ਨਵਾਂ ਸਾਈਕਲ ਲੈ ਕੇ ਆਉਣਗੇ, ਪਰ ਹੁਣ ਉਹ ਕਦੇ ਵੀ ਨਹੀਂ ਆਉਣਗੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ