ਵਿਸ਼ਵ ਜਲ ਦਿਵਸ : ਪਾਣੀ ਬਗੈਰ ਕਿੰਨੇ ਦਿਨ ਜ਼ਿੰਦਾ ਰਿਹਾ ਜਾ ਸਕਦਾ ਹੈ

ਪਾਣੀ

ਤਸਵੀਰ ਸਰੋਤ, SAJJAD HUSSAIN/Getty Images

ਹਰ ਸਾਲ 22 ਮਾਰਚ ਨੂੰ ਵਿਸ਼ਵ ਪਾਣੀ ਦਿਵਸ ਮਨਾਇਆ ਜਾਂਦਾ ਹੈ।

ਪਾਣੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਵਧੇ, ਇਸ ਲਈ ਸੰਯੁਕਤ ਰਾਸ਼ਟਰ ਨੇ ਇਸ ਦਿਨ ਦਾ ਐਲਾਨ ਕੀਤਾ ਹੈ।

ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੇ ਕਈ ਸਵਾਲ ਅਕਸਰ ਪੁੱਛੇ ਜਾਂਦੇ ਹਨ, ਜਿਸ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਪਾਣੀ ਤੋਂ ਬਿਨਾਂ ਇਨਸਾਨ ਕਿੰਨੇ ਦਿਨ ਤੱਕ ਜਿਉਂਦਾ ਰਹਿ ਸਕਦਾ ਹੈ?

ਵੱਧ ਤੋਂ ਵੱਧ ਕਿੰਨੇ ਦਿਨ?

ਪਾਣੀ ਸਬੰਧੀ ਛਪੇ ਕਈ ਪ੍ਰਸਿੱਧ ਲੇਖਾਂ ਦਾ ਸਿੱਟਾ ਕੱਢ ਕੇ, ਗੂਗਲ ਇਸਦਾ ਜਵਾਬ ਦਿੰਦਾ ਹੈ ਕਿ ਇੱਕ ਮਨੁੱਖ ਕਰੀਬ 20 ਦਿਨ ਤੱਕ ਭੋਜਨ ਤੋਂ ਬਿਨਾਂ ਤਾਂ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਤਿੰਨ ਚਾਰ ਦਿਨ ਤੋਂ ਵੱਧ ਜੀਉਣਾ ਮੁਸ਼ਕਿਲ ਹੈ।

ਤਸਵੀਰ ਸਰੋਤ, Getty Images

ਜਦਕਿ ਅਮਰੀਕਾ ਵਿੱਚ ਬਾਇਓਲੋਜੀ ਦੇ ਪ੍ਰੋਫੈਸਰ ਰੇਂਡਲ ਕੇ ਪੈਕਰ ਕਹਿੰਦੇ ਹਨ ਕਿ ਇਸਦਾ ਜਵਾਬ ਐਨਾ ਸਿੱਧਾ ਨਹੀਂ ਹੋ ਸਕਦਾ।

ਉਦਾਹਰਣ ਦੇ ਤੌਰ 'ਤੇ ਗਰਮ ਮੌਸਮ ਵਿੱਚ ਬੰਦ ਕਾਰ 'ਚ ਬੈਠਾ ਬੱਚਾ ਅਤੇ ਗਰਮੀ ਵਿੱਚ ਖੇਡ ਰਿਹਾ ਇੱਕ ਅਥਲੀਟ ਪਾਣੀ ਨਾ ਮਿਲਣ 'ਤੇ ਕੁਝ ਹੀ ਘੰਟਿਆ ਵਿੱਚ ਮਰ ਸਕਦੇ ਹਨ।

ਪਾਣੀ ਦਾ ਸੰਤੁਲਨ

ਪਰ ਅਜਿਹਾ ਕਿਉਂ ਹੁੰਦਾ ਹੈ? ਇਸਦਾ ਇੱਕ ਹੀ ਜਵਾਬ ਹੈ ਡੀ-ਹਾਈਡ੍ਰੇਸ਼ਨ ਮਤਲਬ ਸਰੀਰ ਵਿੱਚ ਪਾਣੀ ਦੀ ਕਮੀ ਹੋਣਾ।

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਅਨੁਸਾਰ, ਡੀ-ਹਾਈਡ੍ਰੇਸ਼ਨ ਉਹ ਸਥਿਤੀ ਹੈ ਜਦੋਂ ਤੁਹਾਡਾ ਸਰੀਰ ਪਾਣੀ ਦੀ ਜਿੰਨੀ ਮਾਤਰਾ ਛੱਡ ਰਿਹਾ ਹੁੰਦਾ ਹੈ, ਪਾਣੀ ਦੀ ਓਨੀ ਮਾਤਰਾ ਉਸ ਨੂੰ ਮਿਲ ਨਹੀਂ ਰਹੀ ਹੁੰਦੀ।

ਤਸਵੀਰ ਸਰੋਤ, STR/Getty Images

ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਡੀ-ਹਾਈਡ੍ਰੇਸ਼ਨ ਨਾਲ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ ਅਤੇ ਸਹੀ ਸਮੇਂ 'ਤੇ ਇਸ ਉੱਤੇ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।

ਪਾਣੀ ਨਾ ਮਿਲਣ 'ਤੇ ਕਿਵੇਂ ਹੁੰਦੀ ਹੈ ਮੌਤ?

 • ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਸਭ ਤੋਂ ਪਹਿਲਾਂ ਮੂੰਹ ਸੁੱਕਦਾ ਹੈ। ਪਿਆਸ ਲੱਗਣ ਲਗਦੀ ਹੈ। ਇਹ ਹੈ ਡੀ-ਹਾਈਡ੍ਰੇਸ਼ਨ ਦੀ ਪਹਿਲੀ ਨਿਸ਼ਾਨੀ।
 • ਇਸ ਤੋਂ ਬਾਅਦ ਪਿਸ਼ਾਬ ਦਾ ਰੰਗ ਗੁੜ੍ਹਾ ਪੀਲਾ ਹੋਣ ਲਗਦਾ ਹੈ। ਉਸ ਵਿੱਚ ਬਦਬੂ ਵੱਧ ਆਉਣ ਲਗਦੀ ਹੈ। ਡਾਕਟਰਾਂ ਮਤਾਬਿਕ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪਾਣੀ ਦੀ ਘਾਟ ਹੋਣ 'ਤੇ ਖ਼ੂਨ ਵਿੱਚ ਸ਼ੂਗਰ ਅਤੇ ਨਮਕ ਦਾ ਸੰਤੁਲਨ ਖ਼ਰਾਬ ਹੋ ਜਾਂਦੀ ਹੈ।
 • ਕੁਝ ਘੰਟੇ ਬਾਅਦ ਤੁਹਾਨੂੰ ਥਕਾਵਟ ਮਹਿਸੂਸ ਹੋਣ ਲਗਦੀ ਹੈ। ਬੱਚੇ ਰੋਂਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆਉਣੇ ਬੰਦ ਹੋ ਜਾਂਦੇ ਹਨ।
 • ਅਗਲੇ ਕੁਝ ਘੰਟਿਆ 'ਚ ਪੇਸ਼ਾਬ ਦੀ ਮਾਤਰਾ ਇੱਕਦਮ ਘੱਟ ਜਾਂਦੀ ਹੈ। ਕੁਝ ਲੋਕਾਂ ਨੂੰ ਚੱਕਰ ਆਉਣ ਲਗਦੇ ਹਨ ਅਤੇ ਅੱਖਾਂ ਥਕਾਵਟ ਮਹਿਸੂਸ ਕਰਦੀਆਂ ਹਨ।
 • ਦੂਜੇ ਦਿਨ ਸਰੀਰ ਮੂੰਹ ਵਿੱਚ ਥੁੱਕ ਬਣਾਉਣ ਦੀ ਜ਼ਿਆਦਾ ਕੋਸ਼ਿਸ਼ ਕਰਨ ਲਗਦਾ ਹੈ। ਬੁੱਲ੍ਹ ਸੁੱਕਣ ਲਗਦੇ ਹਨ ਅਤੇ ਅੱਖਾਂ ਵਿੱਚ ਦਰਦ ਹੁੰਦੀ ਹੈ।
 • ਦੂਜੇ ਦਿਨ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ। ਸਰੀਰ ਹਰ ਕੀਮਤ 'ਤੇ ਪਾਣੀ ਬਚਾਉਣ ਦੀ ਕੋਸ਼ਿਸ਼ ਕਰਨ ਲਗਦਾ ਹੈ।
 • ਸ਼ੂਗਰ ਦੇ ਮਰੀਜ਼, ਦਿਲ ਦੇ ਮਰੀਜ਼ ਅਤੇ ਡਾਇਰੀਆ ਦੇ ਸ਼ਿਕਾਰ ਲੋਕਾਂ ਵਿੱਚ ਇਹ ਸਾਰੇ ਲੱਛਣ ਹੋਰ ਵੀ ਜਲਦੀ ਨਜ਼ਰ ਆ ਸਕਦੇ ਹਨ। ਨਾਲ ਹੀ ਵਾਧੂ ਸ਼ਰਾਬ ਪੀਣ ਵਾਲੇ ਅਤੇ 38 ਡਿਗਰੀ ਤਾਪਮਾਨ ਵਿੱਚ ਕੰਮ ਕਰ ਰਹੇ ਲੋਕਾਂ ਦੀ ਵੀ ਹਾਲਤ ਤੇਜ਼ੀ ਨਾਲ ਵਿਗੜਦੀ ਹੈ।
 • ਦੂਜੇ ਦਿਨ ਦੇ ਅਖ਼ੀਰ ਤੱਕ ਪਿਸ਼ਾਬ ਦਾ ਵਕਫਾ ਅੱਠ ਘੰਟੇ ਤੋਂ ਵੱਧ ਹੋ ਜਾਂਦਾ ਹੈ।
 • ਨਬਜ਼ ਰੇਟ ਵੱਧ ਜਾਂਦਾ ਹੈ। ਚਮੜੀ 'ਤੇ ਪਾਣੀ ਦੀ ਕਮੀ ਸਾਫ਼ ਦਿਖਣ ਲਗਦੀ ਹੈ। ਕੁਝ ਲੋਕਾਂ ਨੂੰ ਦੌਰਾ ਪੈਣ ਲਗਦਾ ਹੈ।
 • ਲੋਕਾਂ ਨੂੰ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ ਜਾਂ ਧੁੰਦਲਾ ਦਿਖਾਈ ਦੇਣ ਲਗਦਾ ਹੈ।
 • ਕਮਜ਼ੋਰੀ ਐਨੀ ਵੱਧ ਜਾਂਦੀ ਹੈ ਕਿ ਖੜ੍ਹੇ ਹੋਣ 'ਚ ਵੀ ਦਿੱਕਤ ਹੋਣ ਲਗਦੀ ਹੈ। ਹੱਥ-ਪੈਰ ਠੰਢੇ ਹੋਣ ਲਗਦੇ ਹਨ।

ਪਾਣੀ ਹੈ ਬਹੁਤ ਜ਼ਰੂਰੀ

ਇਹ ਸਥਿਤੀ ਬਹੁਤ ਖ਼ਤਰਨਾਕ ਹੈ। ਇਸ ਤੋਂ ਬਾਅਦ ਕਿਸੇ ਦੀ ਵੀ ਮੌਤ ਹੋ ਸਕਦੀ ਹੈ ਜਾਂ ਇਲਾਜ ਮਿਲਣ ਤੋਂ ਬਾਅਦ ਵੀ ਡਾਕਟਰਾਂ ਲਈ ਮਰੀਜ਼ ਨੂੰ ਬਚਾਉਣਾ ਚੁਣੌਤੀ ਬਣ ਜਾਂਦੀ ਹੈ।

ਤਸਵੀਰ ਸਰੋਤ, Getty Images

ਮਰੀਜ਼ ਦੇ ਆਲੇ-ਦੁਆਲੇ ਤਾਪਮਾਨ ਕਿੰਨਾ ਹੈ, ਉਸ ਨੂੰ ਕੀ ਬਿਮਾਰੀ ਹੈ ਅਤੇ ਉਸ ਨੂੰ ਕਿੰਨਾ ਹਿਲਣਾ ਪੈ ਰਿਹਾ ਹੈ, ਇਸ ਨਾਲ ਵੀ ਮਰੀਜ਼ ਦੀ ਸਥਿਤੀ ਤੈਅ ਹੁੰਦੀ ਹੈ।

ਡਾਕਟਰਾਂ ਦੀ ਮੰਨੀਏ, ਤਾਂ ਦਿਨ ਵਿੱਚ ਜਿੰਨੀ ਵਾਰ ਖਾਣਾ ਖਾਓ, ਓਨੀ ਵਾਰ ਘੱਟੋ-ਘੱਟ ਪਾਣੀ ਜ਼ਰੂਰ ਪੀਓ। ਘੱਟ ਪਾਣੀ ਪੀਣ ਨਾਲ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਪਾਚਣ ਸ਼ਕਤੀ ਖ਼ਰਾਬ ਹੁੰਦੀ ਹੈ ਅਤੇ ਖ਼ੂਨ ਦੀ ਕੁਆਲਟੀ ਵਿਗੜ ਜਾਂਦੀ ਹੈ।

ਮਨੁੱਖੀ ਸਰੀਰ ਵਿੱਚ ਪਾਣੀ ਦਾ ਕੰਮ?

 • ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ
 • ਸਰੀਰ ਪਾਣੀ ਨਾਲ ਥੁੱਕ ਬਣਾਉਂਦਾ ਹੈ ਜਿਹੜਾ ਪਾਚਣ ਕਿਰਿਆ ਲਈ ਜ਼ਰੂਰੀ ਹੈ
 • ਸਰੀਰ ਦਾ ਤਾਪਮਾਨ ਪਾਣੀ ਨਾਲ ਤੈਅ ਹੁੰਦਾ ਹੈ
 • ਸਰੀਰ ਦੇ ਸੈੱਲ ਪਾਣੀ ਦੇ ਲੈਵਲ ਦੇ ਹਿਸਾਬ ਨਾਲ ਵਧਦੇ ਹਨ ਅਤੇ ਨਵੇਂ ਸੈਲ ਤਿਆਰ ਕਰਦੇ ਹਨ।
 • ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਵਿੱਚ ਸਭ ਤੋਂ ਜ਼ਰੂਰੀ ਹੈ ਪਾਣੀ
 • ਹੱਡੀਆਂ ਦੇ ਜੋੜਾਂ ਵਿੱਚ ਚਿਕਨਾਹਟ ਅਤੇ ਚਮੜੀ ਨੂੰ ਨਮੀ ਵੀ ਪਾਣੀ ਨਾਲ ਮਿਲਦੀ ਹੈ
 • ਸਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਏ ਰੱਖਣ ਲਈ ਜ਼ਰੂਰੀ ਹੈ ਪਾਣੀ।

ਪਾਣੀ ਲਈ ਹਾਹਾਕਾਰ!

22 ਮਾਰਚ 2018: ਜਲ ਦਿਵਸ ਦੇ ਦਿਨ ਸੰਯੁਕਤ ਰਾਸ਼ਟਰ ਨੇ ਇੱਕ 10 ਸਾਲਾ ਐਕਸ਼ਨ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਲੋਕਾਂ ਨੂੰ ਸੋਕੇ, ਹੜ੍ਹ ਅਤੇ ਪਾਣੀ ਨਾਲ ਜੁੜੇ ਹੋਰ ਜ਼ੋਖ਼ਿਮਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ।

ਤਸਵੀਰ ਸਰੋਤ, Getty Images

ਕੁਝ ਸਮੇਂ ਪਹਿਲਾਂ ਹੀ ਗਿਆਰਾਂ ਅਜਿਹੇ ਸ਼ਹਿਰਾਂ ਦੀ ਇੱਕ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਜਿੱਥੇ ਪੀਣ ਵਾਲੇ ਪਾਣੀ ਜਾਂ ਤਾਂ ਲੋੜ ਤੋਂ ਕਾਫ਼ੀ ਘੱਟ ਬਚੇਗਾ ਜਾਂ ਖ਼ਤਮ ਹੀ ਹੋ ਜਾਵੇਗਾ। ਇਸ ਸੂਚੀ ਵਿੱਚ ਦੱਖਣੀ ਭਾਰਤ ਦੇ ਸ਼ਹਿਰ ਬੈਂਗਲੁਰੂ ਦਾ ਵੀ ਨਾਮ ਸ਼ਾਮਲ ਸੀ।

ਯੁਐੱਨ ਦੇ ਇੱਕ ਅਨੁਮਾਨ ਮੁਤਾਬਿਕ ਸਾਲ 2030 ਤੱਕ ਸਾਫ਼ ਪਾਣੀ ਦੀ ਡਿਮਾਂਡ 40 ਫ਼ੀਸਦ ਤੱਕ ਵਧ ਸਕਦੀ ਹੈ। ਅਜਿਹੇ ਵਿੱਚ ਪਾਣੀ ਲਈ ਸਹੀ ਪ੍ਰਬੰਧ ਨਾ ਕੀਤਾ ਗਿਆ ਤਾਂ ਇਸ ਲਈ ਹਾਹਾਕਾਰ ਮਚਣਾ ਲਾਜ਼ਮੀ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)