ਸਾਢੇ 6 ਸਾਲ,192 ਪੁਲਿਸ ਮੁਕਾਬਲੇ ਤੇ 444 ਕਤਲ: ਪਾਕਿਸਤਾਨ ਦਾ 'ਅਜੀਤ ਸਿੰਘ ਸੰਧੂ' ਹੈ ਰਾਓ ਅਨਵਾਰ?

ਰਾਓ ਅਨਵਾਰ
ਫੋਟੋ ਕੈਪਸ਼ਨ 'ਡਾਅਨ' ਵਿੱਚ ਲਿਖਿਆ ਹੈ ਕਿ ਰਾਓ ਅਨਵਾਰ ਨੂੰ ਕਿਸੇ ਵੀ ਐਂਗਲ ਤੋਂ ਵੇਖੋ, ਉਹ ਕਸਾਈ ਹੀ ਲੱਗੇਗਾ

ਕਰਾਚੀ ਵਿੱਚ 'ਪੁਲਿਸ ਮੁਕਾਬਲਿਆਂ' ਦੀ ਲੜੀ ਲਗਾਉਣ ਵਾਲੇ ਪੁਲਿਸ ਅਫ਼ਸਰ ਰਾਓ ਅਨਵਾਰ ਕਈ ਮਾਮਲਿਆਂ ਵਿੱਚ ਗੈਰ ਮਾਮੂਲੀ ਹਨ।

ਇਸ ਸਾਲ 17 ਜਨਵਰੀ ਤੱਕ ਕਰਾਚੀ ਦੇ ਮਲੀਰ ਇਲਾਕੇ ਦੇ ਐੱਸਐੱਸਪੀ ਰਾਓ ਅਨਵਾਰ ਦੇ ਮੁਕਾਬਲੇ, ਮਹਾਰਾਸ਼ਟਰ ਦੇ ਐਨਕਾਊਂਟਰ ਸਪੈਸ਼ਲਿਸਟ ਦਯਾ ਨਾਇਕ ਬਹੁਤ ਛੋਟੇ ਜਾਪਦੇ ਹਨ।

35 ਸਾਲਾਂ ਦੇ ਕਰੀਅਰ ਵਿੱਚ ਰਾਓ ਅਨਵਾਰ ਨੇ ਕਿੰਨੇ ਲੋਕਾਂ ਨੂੰ ਮਾਰਿਆ ਹੈ, ਇਹ ਕਹਿਣਾ ਔਖਾ ਹੈ। ਅਨਵਾਰ ਬਾਰੇ ਚੱਲ ਰਹੀ ਭਾਰਤੀ ਪੰਜਾਬ ਦੇ ਸਾਬਕਾ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਵਰਗੀ ਹੈ।

ਪਾਕਿਸਤਾਨ ਦੇ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ ਗਏ ਦੋ ਦਸਤਾਵੇਜ਼ਾਂ ਮੁਤਾਬਕ ਜੁਲਾਈ 2011 ਤੋਂ ਜਨਵਰੀ 2018 ਦੌਰਾਨ ਅਨਵਾਰ ਦੀ ਨਿਗਰਾਨੀ ਹੇਠਾਂ 192 'ਪੁਲਿਸ ਮੁਕਾਬਲਿਆਂ''ਚ 444 ਲੋਕ ਮਾਰੇ ਗਏ ਹਨ।

ਕਈ ਵਾਰ ਤਾਂ 100 ਵਿੱਚੋਂ 80 ਲੋਕ ਮਾਰੇ ਗਏ ਅਤੇ ਸਿਰਫ਼ 20 ਹੀ ਗ੍ਰਿਫ਼ਤਾਰ ਹੋਏ।

ਪਾਕਿਸਤਾਨ ਦੀ ਅਖਬਾਰ 'ਡਾਅਨ' ਵਿੱਚ ਲਿਖਿਆ ਹੈ ਕਿ ਰਾਓ ਅਨਵਾਰ ਨੂੰ ਕਿਸੇ ਵੀ ਐਂਗਲ ਤੋਂ ਵੇਖੋ, ਉਹ ਕਸਾਈ ਹੀ ਲੱਗੇਗਾ।

Image copyright facebook
ਫੋਟੋ ਕੈਪਸ਼ਨ ਆਸਿਫ ਜ਼ਰਦਾਰੀ ਨੇ ਇੱਕ ਟੀਵੀ ਚੈਨਲ 'ਤੇ ਉਨ੍ਹਾਂ ਨੂੰ 'ਬਰੇਵ ਬੁਆਏ' ਕਿਹਾ ਸੀ

ਸਾਰਿਆਂ ਦੇ ਵਿਲੇਨ ਨਹੀਂ ਅਨਵਾਰ

ਸਾਰੇ ਲੋਕ ਅਨਵਾਰ ਨੂੰ ਵਿਲੇਨ ਨਹੀਂ ਮੰਨਦੇ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਜ਼ਰਦਾਰੀ ਨੇ ਇੱਕ ਟੀਵੀ ਚੈਨਲ 'ਤੇ ਉਨ੍ਹਾਂ ਨੂੰ 'ਬਰੇਵ ਬੁਆਏ' ਕਿਹਾ ਸੀ। ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਸ਼ਬਦ ਵਾਪਸ ਲੈਣੇ ਪਏ।

ਪਾਕਿਸਤਾਨ ਦੇ ਪੱਤਰਕਾਰ ਦੱਸਦੇ ਹਨ ਕਿ ਅਨਵਾਰ ਨਾ ਹੀ ਸਿਰਫ ਜ਼ਰਦਾਰੀ ਬਲਕਿ ਨਵਾਜ਼ ਸ਼ਰੀਫ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵੱਡੇ ਨੇਤਾਵਾਂ ਦੇ ਵੀ ਕਰੀਬੀ ਰਹੇ ਹਨ।

ਪਾਕਿਸਤਾਨ ਦੇ ਵੱਡੇ ਨੇਤਾਵਾਂ ਅਤੇ ਫੌਜੀ ਜਨਰਲਾਂ ਦੇ ਸਾਰੇ ਗੰਦੇ ਕੰਮ ਅਨਵਾਰ ਖੁਸ਼ੀ ਖੁਸ਼ੀ ਕਰਦੇ ਰਹੇ ਹਨ।

ਇਹੀ ਵਜ੍ਹਾ ਹੈ ਕਿ 'ਪੁਲਿਸ ਮੁਕਾਬਲੇ'ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਕੁਝ ਨਹੀਂ ਵਿਗੜਿਆ। ਕਦੇ ਕਦੇ ਜਾਂਚ ਦਾ ਸਾਹਮਣਾ ਕਰਨਾ ਪਿਆ ਪਰ ਹਰ ਵਾਰ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ।

ਦਿਲਚਸਪ ਗੱਲ ਇਹ ਹੈ ਕਿ ਰਾਓ ਅਨਵਾਰ ਦੀ ਨਿਗਰਾਨੀ ਵਿੱਚ ਮਾਰੇ ਗਏ ਘਿਨਾਉਣੇ ਕਥਿਤ ਅਪਰਾਧੀਆਂ ਅਤੇ ਖੂੰਖਾਰ ਦਹਿਸ਼ਤਗਰਦਾਂ ਨੇ ਪੁਲਿਸਵਾਲਿਆਂ ਨੂੰ ਕਦੇ ਨੁਕਸਾਨ ਨਹੀਂ ਪਹੁੰਚਾਇਆ।

ਅਖਬਾਰ 'ਡਾਅਨ' ਵਿੱਚ ਲਿਖਿਆ ਹੈ ਕਿ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕੋਈ ਪੁਲਿਸਵਾਲਾ ਜ਼ਖ਼ਮੀ ਤੱਕ ਨਹੀਂ ਹੁੰਦਾ ਸੀ। ਜੋ ਦਰਸਾਉਂਦਾ ਹੈ ਕਿ ਅਨਵਾਰ ਨੂੰ ਕਦੇ ਨਾਟਕ ਕਰਨ ਦੀ ਲੋੜ ਵੀ ਮਹਿਸੂਸ ਨਹੀਂ ਹੋਈ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਤੋਂ ਕੋਈ ਸਵਾਲ ਨਹੀਂ ਪੁੱਛੇ ਜਾਣਗੇ।

ਪਰ ਨਕੀਬੁੱਲਾ ਮਹਿਸੂਦ ਨਾਂ ਦੇ ਇੱਕ ਖੂਬਸੂਰਤ ਯੁਵਾ ਪਠਾਨ ਨੂੰ ਮਾਰਣ ਤੋਂ ਬਾਅਦ ਮਾਮਲਾ ਵਿਗੜ ਗਿਆ।

Image copyright facebook
ਫੋਟੋ ਕੈਪਸ਼ਨ ਨਕੀਬੁੱਲਾ ਮਹਿਸੂਦ ਨਾਂ ਦੇ ਇੱਕ ਖੂਬਸੂਰਤ ਯੁਵਾ ਪਠਾਨ ਨੂੰ ਮਾਰਣ ਤੋਂ ਬਾਅਦ ਮਾਮਲਾ ਵਿਗੜ ਗਿਆ

ਵਜ਼ੀਰਿਸਤਾਨ ਤੋਂ ਕਰਾਚੀ ਆਏ 27 ਸਾਲ ਦੇ ਮਹਿਸੂਦ ਕਿਸੇ ਫਿਲਮੀ ਹੀਰੋ ਵਾਂਗ ਲੱਗਦੇ ਸਨ। ਉਹ ਇੱਕ ਦੁਕਾਨ ਚਲਾਉਂਦੇ ਅਤੇ ਮਾਡਲ ਬਣਨ ਦੇ ਸੁਫ਼ਨੇ ਵੇਖਦੇ ਸੀ।

ਉਨ੍ਹਾਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ 'ਅੱਤਵਾਦੀ' ਕਹਿ ਕੇ ਗੋਲੀ ਮਾਰ ਦਿੱਤੀ ਗਈ। ਪਰ ਪਾਕਿਸਤਾਨੀ ਤਾਲੀਬਾਨ ਨੇ ਸਾਫ਼ ਕਹਿ ਦਿੱਤਾ ਕਿ ਉਸਦਾ ਮਹਿਸੂਦ ਨਾਲ ਕੋਈ ਸਬੰਧ ਨਹੀਂ ਸੀ।

ਅਨਵਾਰ ਤਿੰਨ ਮਹੀਨੇ ਲਈ ਫਰਾਰ ਰਹੇ। ਉਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਹਾਜ਼ਿਰ ਹੋਏ। ਇੱਕ ਵੱਡੀ ਗੱਡੀ ਵਿੱਚ ਸ਼ਾਨ ਨਾਲ ਸੁਪਰੀਮ ਕੋਰਟ ਵਿੱਚ ਉੱਥੇ ਤਕ ਪਹੁੰਚ ਗਏ ਜਿੱਥੇ ਸਿਰਫ ਚੀਫ ਜਸਟਿਸ ਦੀ ਗੱਡੀ ਜਾਂਦੀ ਹੈ।

ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ, ਸਖ਼ਤ ਸੁਰੱਖਿਆ ਵਿੱਚ ਉਨ੍ਹਾਂ ਨੂੰ ਇਸਲਾਮਾਬਾਦ ਤੋਂ ਕਰਾਚੀ ਲੈ ਗਏ।

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਸੁਪਰੀਮ ਕੋਰਟ ਦੇ ਜੱਜ ਨੇ ਉਨ੍ਹਾਂ ਤੋਂ ਪੁੱਛਿਆ, ''ਤੁਹਾਨੂੰ ਤਾਂ ਲੋਕ ਬਹੁਤ ਬਹਾਦਰ ਦੱਸਦੇ ਹਨ, ਫਿਰ ਤੁਸੀਂ ਕਾਇਰਾਂ ਵਾਂਗ ਫ਼ਰਾਰ ਕਿਉਂ ਸੀ?''

ਇਸਦੇ ਜਵਾਬ ਵਿੱਚ ਰਾਓ ਅਨਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਅਨਵਾਰ ਦੀ ਪੱਕੀ ਸੁਰੱਖਿਆ ਦਾ ਬੰਦੋਬਸਤ ਕਰਨ, ਤਨਖ਼ਾਹ ਜਾਰੀ ਰੱਖਣ ਅਤੇ ਬੈਂਕ ਖਾਤੇ ਤੋਂ ਰੋਕ ਹਟਾਉਣ ਦੇ ਨਿਰਦੇਸ਼ ਦਿੱਤੇ।

Image copyright AFP
ਫੋਟੋ ਕੈਪਸ਼ਨ ਸੁਪਰੀਮ ਕੋਰਟ ਤੋਂ ਇਸ ਗੱਡੀ ਵਿੱਚ ਅਨਵਾਰ ਗਏ ਸਨ

ਅਨਵਾਰ ਦੀ ਨਿੱਜੀ ਜ਼ਿੰਦਗੀ ਬਾਰੇ ਪਾਕਿਸਤਾਨ ਦੇ ਪੱਤਰਕਾਰ ਵੀ ਜ਼ਿਆਦਾ ਨਹੀਂ ਜਾਣਦੇ।

ਬੀਬੀਸੀ ਉਰਦੂ ਦੇ ਰਿਆਜ਼ ਸੁਹੈਲ ਨੇ ਦੱਸਿਆ, ''ਪੁਲਿਸ ਵਿੱਚ ਅਨਵਾਰ ਆਪਣੇ ਸਾਥੀਆਂ ਨਾਲ ਘੱਟ ਮਿਲਦੇ-ਜੁਲਦੇ ਸਨ, ਜਿਸ ਕਰਕੇ ਉਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਹ ਇਕੱਲੇ ਰਹਿਣਾ ਪਸੰਦ ਕਰਦੇ ਸਨ, ਕਈ ਪੁਲਿਸ ਅਧਿਕਾਰੀ ਵੀ ਉਨ੍ਹਾਂ ਦੀ ਵਿਵਾਦਤ ਦਿੱਖ ਕਰਕੇ ਦੂਰੀ ਬਣਾਏ ਰੱਖਦੇ ਸਨ।''

ਰਿਆਜ਼ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ, ''ਕਰਾਚੀ ਦੇ ਵੱਡੇ ਪੁਲਿਸ ਅਧਿਕਾਰੀ ਆਪਣੇ ਪਰਿਵਾਰ ਨੂੰ ਸਾਵਧਾਨੀ ਵਜੋਂ ਕੁਝ ਮਹੀਨਿਆਂ ਬਾਅਦ ਇੱਕ ਤੋਂ ਦੂਜੇ ਥਾਂ ਭੇਜ ਦਿੰਦੇ ਸਨ।''

ਅਨਵਾਰ ਦੇ ਹੁਣ ਤੱਕ ਦੇ ਕਾਰਨਾਮੇ

58 ਸਾਲ ਦੇ ਅਨਵਾਰ ਦੀ ਹਰ ਤਸਵੀਰ ਪੁਲਿਸ ਦੀ ਵਰਦੀ ਵਿੱਚ ਹੈ। ਸਾਂਵਲਾ ਰੰਗ, ਔਸਤ ਕੱਦ, ਹਲਕੀਆਂ ਮੁੱਛਾਂ ਵਾਲੇ ਅਨਵਾਰ ਕਿਸੇ ਮਾਮੂਲੀ ਮੁਲਾਜ਼ਮ ਵਾਂਗ ਹੀ ਦਿੱਸਦੇ ਹਨ।

ਇਸ ਦੇ ਕਈ ਕਾਰਨ ਹਨ। ਅਨਵਾਰ ਅਸਿਸਟੈਂਟ ਸਬ-ਇੰਸਪੈਕਟਰ ਤੋਂ ਐੱਸਐੱਸਪੀ ਬਣਨ ਵਾਲੇ ਪਾਕਿਸਤਾਨ ਦੇ ਇਕਲੌਤੇ ਪੁਲਿਸ ਅਧਿਕਾਰੀ ਹਨ।

ਉਹ ਫੈਡਰਲ ਸਰਵਿਸ ਦੇ ਅਧਿਕਾਰੀ ਨਹੀਂ ਹਨ, ਉੱਚ ਅਫਸਰਾਂ ਵਾਂਗ ਅੰਗਰੇਜ਼ੀ ਨਹੀਂ ਬੋਲਦੇ, ਉਰਦੂ ਵਿੱਚ ਗੱਲਾਂ ਕਰਦੇ ਹਨ।

Image copyright Twitter
ਫੋਟੋ ਕੈਪਸ਼ਨ ਰਾਵ ਅਨਵਾਰ

ਬੀਬੀਸੀ ਉਰਦੂ ਦੇ ਪੱਤਰਕਾਰ ਅਸਦ ਚੌਧਰੀ ਕਹਿੰਦੇ ਹਨ ਕਿ ਪਾਕਿਸਤਾਨ ਵਿੱਚ ਪੁਲਿਸ ਦੀ ਵਰਦੀ ਦੀ ਫੌਜੀ ਵਰਦੀ ਅੱਗੇ ਕੋਈ ਇੱਜ਼ਤ ਨਹੀਂ ਹੈ।

ਪਰ ਅਨਵਾਰ ਦਾ ਰੁਤਬਾ ਵੱਖਰਾ ਸੀ। ਉਹ ਕਾਨੂੰਨ ਤੋਂ ਉੱਪਰ ਉੱਠ ਚੁੱਕੇ ਸੀ।

ਐੱਸਐੱਸਪੀ ਬਣਨ ਤੋਂ ਬਾਅਦ ਉਹ 74 ਵਾਰ ਦੁਬਈ ਗਏ ਪਰ ਇਸ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਡਿਪਾਰਟਮੈਂਟਲ ਪੇਪਰਵਰਕ ਦੀ ਲੋੜ ਨਹੀਂ ਪਈ।

Image copyright facebook

ਇੱਕ ਸਮੇਂ 'ਤੇ ਕਰਾਚੀ ਦੀਆਂ ਗਲੀਆਂ ਵਿੱਚ ਮੁਤਾਹਿਦਾ ਕੌਮੀ ਮੂਵਮੈਂਟ ਦੀ ਤੂਤੀ ਬੋਲਦੀ ਸੀ। ਅਲਤਾਫ਼ ਹੁਸੈਨ ਨੇ ਬਿਰਾਹੀ ਜਾਂ ਮੁਹਾਜਿਰ ਕਹੇ ਜਾਣ ਵਾਲੇ ਉਰਦੂਭਾਸ਼ੀ ਨੌਜਵਾਨਾਂ ਦਾ ਸੰਗਠਨ ਕੀਤਾ ਸੀ ਜੋ ਪਠਾਣਾਂ ਨਾਲ ਹਿੰਸਕ ਝੜਪਾਂ ਕਰਦੇ ਸਨ।

ਕਰਾਚੀ ਦੀਆਂ ਸੜਕਾਂ 'ਤੇ ਹਰ ਰੋਜ਼ ਬੋਰੀਆਂ ਵਿੱਚ ਬੰਦ ਲਾਸ਼ਾਂ ਮਿਲਦੀਆਂ ਸਨ। ਕਈ ਇਲਾਕਿਆਂ ਵਿੱਚ ਪੁਲਿਸ ਵੀ ਜਾਣ ਤੋਂ ਡਰਦੀ ਸੀ।

1990 ਵਿੱਚ ਇੱਕ ਪੁਲਿਸ ਦੇ ਨੌਜਵਾਨ ਅਧਿਕਾਰੀ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਸ਼ੁਰੂ ਕੀਤਾ। ਉਸਦਾ ਨਾਂ ਰਾਓ ਅਨਵਾਰ ਸੀ।

Image copyright AFP
ਫੋਟੋ ਕੈਪਸ਼ਨ 2015 ਵਿੱਚ ਕਰਾਚੀ ਦੇ ਐਨਕਾਊਂਟਰ ਤੋਂ ਬਾਅਦ ਦੀ ਤਸਵੀਰ

ਜਦ ਮੁਸ਼ੱਰਫ ਸੱਤਾ ਵਿੱਚ ਆਏ ਤਾਂ ਉਨ੍ਹਾਂ ਐਮਕਿਊਐਮ ਨੂੰ ਸੱਤਾ ਵਿੱਚ ਸ਼ਾਮਲ ਕਰ ਲਿਆ। ਹੁਣ ਅਨਵਾਰ ਲਈ ਕਰਾਚੀ ਵਿੱਚ ਰਹਿਣਾ ਔਖਾ ਹੋ ਗਿਆ ਕਿਉਂਕਿ ਉਨ੍ਹਾਂ ਨੇ ਐਮਕਿਊਐਮ ਦੇ ਕਈ ਲੋਕਾਂ ਨੂੰ ਮਾਰਿਆ ਸੀ। ਮੁਸ਼ੱਰਫ ਨੇ ਅਨਵਾਰ ਨੂੰ ਕੁਝ ਸਮੇਂ ਲਈ ਦੁਬਈ ਭੇਜ ਦਿੱਤਾ।

ਜਦ ਮਾਹੌਲ ਬਦਲਿਆ ਤਾਂ ਉਹ ਬਲੌਚਿਸਤਾਨ ਵਿੱਚ ਪੁਲਿਸ ਦੀ ਨੌਕਰੀ ਵਿੱਚ ਆਏ। ਉਨ੍ਹਾਂ ਨੂੰ ਕਰਾਚੀ ਜਾਂ ਸਿੰਧ ਦੇ ਦੂਜੇ ਇਲਾਕਿਆਂ ਵਿੱਚ ਤਾਇਨਾਤ ਕਰਨਾ ਅਸੁਰੱਖਿਅਤ ਮੰਨਿਆ ਗਿਆ।

2008 ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਉਨ੍ਹਾਂ ਨੂੰ ਫਿਰ ਕਰਾਚੀ ਲੈ ਆਈ ਅਤੇ ਮਲੀਰ ਇਲਾਕੇ ਦਾ ਐਸਪੀ ਬਣਾ ਦਿੱਤਾ। 2008 ਤੋਂ ਲੈ ਕੇ 2018 ਵਿਚਾਲੇ ਅਨਵਾਰ ਦਾ ਕੱਦ ਤੇ ਰੋਅਬ ਖੂਬ ਵਧਿਆ।

ਰੀਅਲ ਐਸਟੇਟ ਦੇ ਧੰਦੇ ਵਿੱਚ ਦਖਲ ਦੇਣ ਵਾਲਿਆਂ ਨੂੰ ਠਿਕਾਣੇ ਲਗਾਇਆ

ਸੀਨੀਅਰ ਪੱਤਰਕਾਰ ਅਸਧ ਚੌਧਰੀ ਨੇ ਦੱਸਿਆ, ''ਮਲੀਰ ਇੱਕ ਨਦੀ ਹੈ, ਉਸਦੇ ਕੋਲ ਬਹੁਤ ਖਾਲੀ ਜ਼ਮੀਨ ਸੀ। ਉੱਥੇ ਐਕਸਪ੍ਰੈਸਵੇਅ ਬਣਾਇਆ ਗਿਆ, ਜ਼ਮੀਨ ਬਣੀ ਅਤੇ ਵੇਖਦੇ ਵੇਖਦੇ ਬਹਿਰੀਆ ਟਾਊਨ ਵਿੱਚ ਅਰਬਾਂ ਰੁਪਏ ਦਾ ਰੀਅਲ ਐਸਟੇਟ ਤਿਆਰ ਹੋ ਗਿਆ।

ਕੰਸਟ੍ਰਕਸ਼ਨ ਹੋਣ ਲੱਗੀ, ਨਦੀ 'ਚੋ ਰੇਤ ਕੱਢੀ ਜਾਣ ਲੱਗੀ, 'ਮਾਫ਼ੀਆ ਬਣੇ ਅਤੇ ਮਲੀਰ ਦੇ ਐਸਪੀ ਨੇ ਆਪਣਾ ਜਲਵਾ ਵਿਖਾਉਣਾ ਸ਼ੁਰੂ ਕਰ ਦਿੱਤਾ।''

ਕੁਝ ਸਾਲ ਪਹਿਲਾਂ ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ, ''ਮੈਂ ਪਿਛਲੇ ਕੁਝ ਸਮੇਂ ਵਿੱਚ ਮਲੀਰ ਵਿੱਚ 150 ਤੋਂ ਵੱਧ ਪੁਲਿਸ ਮੁਕਾਬਲੇ ਕੀਤੇ ਹਨ ਅਤੇ ਇਹ ਨੰਬਰ ਵਧੇਗਾ।''

ਇਸ ਕਾਨਫਰੰਸ ਵਿੱਚ ਉਨ੍ਹਾਂ ਨੇ ਆਪਣੀ ਬਹਾਦਰੀ ਦੇ ਕਿੱਸੇ ਸੁਣਾਏ ਸਨ।

ਪੁਲਿਸ ਨੇ ਭੁਗਤਿਆ ਖਮਿਆਜ਼ਾ

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਸੀ, ''ਅਨਵਾਰ ਦੇ ਹੱਥਾਂ ਜਾਂ ਉਨ੍ਹਾਂ ਦੀ ਨਿਗਰਾਨੀ ਵਿੱਚ ਕਈ ਲੋਕ ਮਾਰੇ ਗਏ, ਇਸਦਾ ਖਮਿਆਜ਼ਾ ਪੁਸਿਲ ਵਾਲਿਆਂ ਨੂੰ ਭੁਗਤਣਾ ਪੈਂਦਾ ਹੈ। ਵੱਡੀ ਗਿਣਤੀ ਵਿੱਚ ਪੁਲਿਸ ਵਾਲੇ ਬਦਲੇ ਦੀ ਕਾਰਵਾਈ ਵਿੱਚ ਮਾਰੇ ਗਏ ਹਨ।''

ਅਸਧ ਚੌਧਰੀ ਨੇ ਦੱਸਿਆ ਕਿ ਕਈ ਵਾਰ ਮਾਰੇ ਗਏ ਪੁਲਿਸ ਵਾਲਿਆਂ ਦੀਆਂ ਲਾਸ਼ਾਂ ਕੋਲ ਪਰਚੀਆਂ ਮਿਲਿਆਂ ਜਿਸ ਵਿੱਚ ਲਿਖਿਆ ਹੁੰਦਾ ਸੀ ਕਿ ਇਹ ਉਨ੍ਹਾਂ ਦੇ ਰਿਸ਼ਤੇਦਾਰ ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਹੋਈ ਮੌਤ ਦਾ ਬਦਲਾ ਹੈ।

ਹੁਣ ਅਦਾਲਤ ਨੇ ਕਿਹਾ ਹੈ ਕਿ ਅਨਵਾਰ ਦੇ ਮਾਮਲੇ ਵਿੱਚ ਪੂਰੀ ਪਾਰਦਰਸ਼ਿਤਾ ਅਤੇ ਨਿਰਪੱਖਤਾ ਨਾਲ ਕੰਮ ਹੋਵੇਗਾ। ਪਰ ਪਾਕਿਸਤਾਨੀ ਪ੍ਰੈਸ ਇਹ ਸਵਾਲ ਪੁੱਛ ਰਿਹਾ ਹੈ ਕਿ ਇੰਨੇ ਦਿਨਾਂ ਤੋਂ ਇਹ ਨਿਯਮ ਅਤੇ ਕਾਨੂੰਨ ਕਿੱਥੇ ਸਨ ਅਤੇ ਕੀ ਕਰ ਰਹੇ ਸਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)