ਪਾਣੀ ਦੇ ਮਸਲੇ ਦਾ ਕੀ ਹੋਵੇ ਹੱਲ?

ਸੁਧੀਰੇਂਦਰ ਸ਼ਰਮਾ

ਪੂਰੀ ਦੁਨੀਆਂ ਪਾਣੀ ਦੇ ਸੰਕਟ ਵਿੱਚ ਘਿਰੀ ਹੋਈ ਹੈ। ਸਾਊਥ ਅਫਰੀਕਾ ਦੇ ਕੇਪਟਾਊਨ ਵਰਗੇ ਦੁਨੀਆਂ ਦੇ 10 ਮਹਾਨਗਰ ਪਾਣੀ ਦੇ ਸੰਕਟ ਵਿੱਚ ਘਿਰੇ ਹੋਏ ਹਨ।

ਭਾਰਤ ਵਿੱਚ ਵੀ ਹਾਲਾਤ ਬਹੁਤ ਬੁਰੇ ਹਨ। ਇਸ ਸੰਕਟ ਦੇ ਹੱਲ ਲਈ ਸਰਕਾਰ ਅਤੇ ਸਮਾਜ ਦੋਵਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਵਿਸ਼ਵ ਜਲ ਦਿਵਸ 'ਤੇ ਵਾਤਾਵਰਨ ਮਾਹਿਰ ਡਾ. ਸੁਧੀਰੇਂਦਰ ਸ਼ਰਮਾ ਨਾਲ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੇ ਗੱਲਬਾਤ ਕੀਤੀ।

ਪੰਜਾਬ ਦਾ ਮਸਲਾ

ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ 100 ਫੀਸਦ ਸਿੰਜਾਈ ਹੁੰਦੀ ਹੈ। ਪੰਜਾਬ 'ਚ ਦਰਿਆ ਅਤੇ ਨਹਿਰਾਂ ਮੌਜੂਦ ਹਨ ਪਰ ਖੇਤੀ ਲਈ 50 ਫੀਸਦ ਤੋਂ ਵੱਧ ਪਾਣੀ ਜ਼ਮੀਨ 'ਚੋਂ ਕੱਢ ਕੇ ਵਰਤਿਆ ਜਾਂਦਾ ਹੈ।

ਇਹ ਬਹੁਤ ਹੀ ਅਜੀਬ ਹਾਲਾਤ ਹਨ। ਖੇਤੀ ਲਈ ਪਾਣੀ ਜ਼ਮੀਨ 'ਚੋਂ ਕੱਢਿਆ ਜਾਂਦਾ ਅਤੇ ਨਹਿਰੀ ਪਾਣੀ ਅੱਗੇ ਵੱਗ ਜਾਂਦਾ ਹੈ।

ਇਹੀ ਕਾਰਨ ਹੈ ਕਿ ਫ਼ਸਲੀ ਪੈਟਰਨ ਵੀ ਬਦਲ ਗਿਆ ਹੈ। ਇੱਕ ਪਾਸੇ ਪਾਣੀ ਦੀ ਬੇਹੱਦ ਕਮੀ ਹੈ ਅਤੇ ਦੂਜੇ ਪਾਸੇ ਮਾਲਵੇ ਦਾ ਵੱਡਾ ਖਿੱਤਾ ਸੇਮ ਦੀ ਮਾਰ ਹੇਠ ਆ ਗਿਆ ਹੈ।

Image copyright Getty Images

ਪੰਜਾਬ ਵਿੱਚ ਪਾਣੀ ਦਾ ਜਿੰਨਾਂ ਮਾੜਾ ਪ੍ਰਬੰਧ ਹੋਇਆ ਹੈ, ਇੰਨਾ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ। ਪਾਣੀ ਦੇ ਮਾੜੇ ਪ੍ਰਬੰਧ ਦੀ ਪੰਜਾਬ ਇੱਕ ਅਜੀਬ ਉਦਾਹਰਣ ਹੈ।

ਦਰਿਆ ਪਾਣੀਆਂ ਦੀ ਵੰਡ

ਜਦੋਂ ਵੀ ਪਾਣੀਆਂ ਦੀ ਵੰਡ ਹੁੰਦੀ ਹੈ, ਉਦੋਂ ਸਿਰਫ ਦਰਿਆਈ ਪਾਣੀ ਵੰਡਣ ਦੀ ਗੱਲ ਤੁਰਦੀ ਹੈ ਪਰ ਕਿਸੇ ਵੀ ਥਾਂ 'ਤੇ ਪਾਣੀ ਸਿਰਫ ਦਰਿਆਵਾਂ ਜਾਂ ਨਹਿਰਾਂ ਵਿੱਚ ਹੀ ਨਹੀਂ ਹੁੰਦਾ। ਪਾਣੀ ਧਰਤੀ ਦੇ ਹੇਠ ਵੀ ਹੁੰਦਾ ਹੈ ਅਤੇ ਪਾਣੀ ਮੀਂਹ ਨਾਲ ਵੀ ਡਿੱਗਦਾ ਹੈ।

ਇਸ ਲਈ ਦਰਿਆਈ ਪਾਣੀਆਂ ਦੀ ਵੰਡ ਕਰਨ ਸਮੇਂ ਧਰਤੀ ਹੇਠਲੇ ਅਤੇ ਬਰਸਾਤ ਨਾਲ ਡਿੱਗਣ ਵਾਲੇ ਪਾਣੀ ਦਾ ਵੀ ਹਿਸਾਬ ਲਾਉਣਾ ਪਵੇਗਾ।

ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਨੂੰ ਇਸੇ ਪ੍ਰਸੰਗ 'ਚ ਦੇਖਣ ਦੀ ਲੋੜ ਹੈ। ਇਸ ਦੇ ਉਲਟ ਪਾਣੀਆਂ ਨੂੰ ਇੱਕ ਸਿਆਸੀ ਮੁੱਦਾ ਬਣਾ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪਾਣੀ ਮਨੁੱਖੀ ਅਧਿਕਾਰਾਂ ਦਾ ਕੁਦਰਤੀ ਮਸਲਾ ਹੈ। ਇਸ ਨੂੰ ਇਸੇ ਨੁਕਤੇ ਨਾਲ ਹੱਲ ਕੀਤਾ ਜਾ ਸਕਦਾ ਹੈ।

ਮਿਸਾਲ ਵਜੋਂ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਵਿੱਚ ਕਿੰਨਾ ਪਾਣੀ ਉਪਲਬਧ ਹੈ ਅਤੇ ਉਥੋਂ ਦਾ ਫਸਲੀ ਚੱਕਰ ਕਿਹੋ ਜਿਹਾ ਹੈ, ਉਸ ਦੇ ਅਧਿਐਨ ਤੋਂ ਬਾਅਦ ਹੀ ਵੰਡ ਦੀ ਗੱਲ ਹੋ ਸਕਦੀ ਹੈ। ਸਿਰਫ ਦਰਿਆਈ ਪਾਣੀ ਵੰਡਣ ਦੀ ਗੱਲ ਨਹੀਂ ਹੋ ਸਕਦੀ।

ਕੀ ਹੋਵੇ ਮਸਲੇ ਦਾ ਹੱਲ?

ਪਾਣੀਆਂ ਦੀ ਵੰਡ ਪੈਦਾਵਾਰ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਮਿਸਾਲ ਵਜੋਂ 100 ਲੀਟਰ ਪਾਣੀ ਨਾਲ ਜੇਕਰ ਕੋਈ ਸੂਬਾ 300 ਯੂਨਿਟ ਪੈਦਾ ਕਰਦਾ ਹੈ ਤੇ ਉਸ ਦੇ ਮੁਕਾਬਲੇ ਉਸੇ 100 ਲੀਟਰ ਪਾਣੀ ਨਾਲ ਦੂਜਾ ਸੂਬਾ 500 ਯੂਨਿਟ ਪੈਦਾਵਾਰ ਕਰਦਾ ਹੈ ਤਾਂ ਉਸ ਨੂੰ ਵੱਧ ਪਾਣੀ ਮਿਲਣਾ ਚਾਹੀਦਾ ਹੈ।

ਪਾਣੀ ਦੀ ਵੰਡ ਪੈਦਾਵਾਰ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਨਾ ਕਿ ਉਸ ਦੀ ਬਰਬਾਦੀ ਦੇ ਹਿਸਾਬ ਨਾਲ।

ਨੌਜਵਾ ਪੀੜ੍ਹੀ ਤੇ ਪਾਣੀ

ਨਵੀਂ ਪੀੜ੍ਹੀ ਨੂੰ ਪਾਣੀ ਬੋਤਲਾਂ ਵਿੱਚ ਬੰਦ ਮਿਲ ਜਾਂਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇੱਕ ਲੀਟਰ ਪਾਣੀ ਦੀ ਬੋਤਲ 15-20 ਰੁਪਏ ਦੀ ਮਿਲ ਜਾਂਦੀ ਹੈ।

Image copyright Getty Images

ਇਸ ਲਈ ਪਾਣੀ ਦਾ ਕੋਈ ਸੰਕਟ ਨਹੀਂ ਹੈ ਪਰ ਇਹ ਸੋਚਣਾ ਬਣਦਾ ਹੈ ਕਿ ਜਿਹੜਾ ਪਾਣੀ ਬੋਤਲ ਵਿੱਚ ਬੰਦ ਕੀਤਾ ਗਿਆ ਹੈ ਉਹ ਕਿਥੋਂ ਲਿਆ ਗਿਆ ਹੈ ਅਤੇ ਉਸ 'ਤੇ ਅਸਲ ਵਿੱਚ ਕਿਸ ਦਾ ਹੱਕ ਬਣਦਾ ਹੈ।

ਬੋਤਲ ਵਿੱਚ ਬੰਦ ਪਾਣੀ ਕਿਸੇ ਹੋਰ ਦੇ ਹੱਕ ਦਾ ਪਾਣੀ ਹੁੰਦਾ ਹੈ ਪਰ ਇਸ ਨੂੰ ਵਪਾਰ ਬਣਾ ਲਿਆ ਗਿਆ ਹੈ।

ਮਸਲਾ ਇਹ ਨਹੀਂ ਕਿ ਪਾਣੀ ਦੀ ਬੋਤਲ 15-20 ਰੁਪਏ ਵਿੱਚ ਮਿਲ ਜਾਂਦੀ ਹੈ ਬਲਕਿ ਮਸਲਾ ਇਹ ਹੈ ਕਿ ਇੱਕ ਲੀਟਰ ਪਾਣੀ ਦੀ ਬੋਤਲ ਤਿਆਰ ਕਰਨ ਲਈ 100 ਲੀਟਰ ਪਾਣੀ ਲਗਦਾ ਹੈ।

ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਾਣੀ ਦੀ ਇੱਕ ਲੀਟਰ ਦੀ ਬੋਤਲ ਤਿਆਰ ਹੋਣ ਲਈ ਉਸ ਨੂੰ ਲੱਗੀ ਪਲਾਸਟਿਕ, ਪੈਕੇਜਿੰਗ ਅਤੇ ਡਿਸਟੀਲੇਸ਼ਨ ਦੀ ਪੂਰੀ ਪ੍ਰਕਿਰਿਆ ਵਿੱਚ 100 ਲੀਟਰ ਪਾਣੀ ਬਰਬਾਦ ਹੋ ਜਾਂਦਾ ਹੈ।

ਇਹ ਮਾਨਸਿਕਤਾ ਬਲਦਣੀ ਹੋਵੇਗੀ ਕਿ ਇੱਕ ਲੀਟਰ ਪਾਣੀ, ਜਿਹੜਾ ਬੋਤਲ ਵਿੱਚ ਖਰੀਦਿਆ ਗਿਆ ਹੈ, ਉਹ ਇੱਕ ਲੀਟਰ ਨਹੀਂ ਹੈ ਬਲਕਿ ਉਸ ਪਿੱਛੇ 100 ਲੀਟਰ ਹੋਰ ਪਾਣੀ ਖਰਾਬ ਹੋਇਆ ਹੈ।

ਆਮ ਵਰਤੋਂ ਤੇ ਪਾਣੀ ਦਾ ਸੰਕਟ

ਆਮ ਕਿਹਾ ਜਾਂਦਾ ਹੈ ਕਿ ਬੁਰਸ਼ ਜਾਂ ਸ਼ੇਵ ਕਰਨ ਸਮੇਂ ਟੂਟੀ ਬੰਦ ਰੱਖੋ ਜਾਂ ਨਹਾਉਣ ਸਮੇਂ ਪਾਣੀ ਜ਼ਿਆਦਾ ਨਾ ਡੋਲ੍ਹੋ। ਇਹ ਆਦਤਾਂ ਠੀਕ ਕਰਨੀਆਂ ਵੀ ਜਰੂਰੀ ਹਨ ਪਰ ਜਦੋਂ ਕਿ ਪਾਣੀ ਦੀ 50 ਫੀਸਦ ਵਰਤੋਂ ਖੇਤੀ ਵਿੱਚ ਅਤੇ 40-15 ਫੀਸਦ ਉਦਯੋਗ ਵਿੱਚ ਹੁੰਦੀ ਹੈ। ਫੇਰ ਆਮ ਲੋਕਾਂ ਦੀ ਵਰਤੋਂ ਵਿੱਚ ਆਉਣ ਵਾਲੇ 5-6 ਫੀਸਦ ਪਾਣੀ ਨਾਲ ਕਿੰਨੀ ਕੁ ਬਚਤ ਹੋ ਸਕਦੀ ਹੈ?

Image copyright Getty Images

ਖੇਤੀ ਵਿੱਚ ਪਾਣੀ ਦੀ ਬਰਬਾਦੀ ਹੁੰਦੀ ਹੈ ਅਤੇ ਉਦਯੋਗ ਵਿੱਚ ਪਾਣੀ ਜ਼ਿਆਦਾ ਪ੍ਰਦੂਸ਼ਿਤ ਹੁੰਦਾ ਹੈ। ਖੇਤੀ ਵਿੱਚ ਪਾਣੀ ਦੀ ਸਮਰੱਥਾ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ ਅਤੇ ਉਦਯੋਗਾਂ ਦਾ ਪ੍ਰਦੂਸ਼ਣ ਰੋਕਿਆ ਜਾਣਾ ਚਾਹੀਦਾ ਹੈ।

ਇਹੀ ਪਾਣੀ ਸੰਕਟ ਦੇ ਹੱਲ ਦਾ ਰਾਹ ਦਿਖਦਾ ਹੈ।

ਦਰਿਆਵਾਂ ਨੂੰ ਜੋੜਨਾ ਹੱਲ ਨਹੀਂ

ਦਰਿਆਵਾਂ ਨੂੰ ਜੋੜਨਾ ਮਸਲੇ ਦਾ ਹੱਲ ਨਹੀਂ ਹੈ, ਜੇਕਰ ਇਹ ਹੱਲ ਹੁੰਦਾ ਤਾਂ ਹੁਣ ਤੱਕ ਸੰਭਵ ਹੋ ਜਾਣਾ ਸੀ।

ਨਕਸ਼ੇ 'ਤੇ ਦੇਖਣ ਲਈ ਇਹ ਬਹੁਤ ਵਧੀਆ ਲਗਦਾ ਹੈ ਪਰ ਇਹ ਵਿਹਾਰਕ ਤੌਰ 'ਤੇ ਸੰਭਵ ਨਹੀਂ ਹੈ। ਬ੍ਰਹਮਪੁੱਤਰ ਨਦੀ ਦੀ ਮਿਸਾਲ ਲੈਂਦੇ ਹਾਂ, ਜੋ ਸਭ ਤੋਂ ਵੱਡਾ ਦਰਿਆ ਹੈ ਅਤੇ ਜਿਸ 'ਤੇ ਕੋਈ ਡੈਮ ਨਹੀਂ ਹੈ।

ਇਸ ਦਾ ਪਾਣੀ ਤੁਸੀਂ ਕਿਵੇਂ ਅਤੇ ਕਿੱਥੇ ਲੈ ਕੇ ਜਾਵੋਗੇ, ਇਸ ਲਈ ਨਹਿਰ ਕਿੰਨੀ ਵੱਡੀ ਬਣਾਉਗੇ। ਜਦੋਂ ਬ੍ਰਹਮਪੁੱਤਰ ਵਿੱਚ ਹੜ੍ਹ ਨਾਲ ਫਾਲਤੂ ਪਾਣੀ ਆਵੇਗਾ ਤੇ ਜਿਸ ਨਦੀ ਨਾਲ ਉਸ ਨੂੰ ਜੋੜਿਆ ਜਾਣਾ ਹੈ, ਉਸ ਵਿੱਚ ਉਨ੍ਹਾਂ ਦਿਨਾਂ ਵਿੱਚ ਹੜ੍ਹ ਨਹੀਂ ਆਵੇਗਾ?

ਭਾਰਤ ਵਿੱਚ ਮਾਨਸੂਨ ਇਕੋ ਵੇਲੇ ਹੁੰਦੀ ਹੈ, ਜਦੋਂ ਹੜ੍ਹ ਆਉਂਦਾ ਹੈ ਸਾਰੀਆਂ ਨਦੀਆਂ ਤੇ ਦਰਿਆ ਭਰ ਜਾਂਦੇ ਹਨ ਅਤੇ ਜਦੋਂ ਸੋਕਾ ਪੈਂਦਾ ਹੈ ਤਾਂ ਸਾਰੇ ਪਾਸੇ ਪਾਣੀ ਦੀ ਘਾਟ ਹੋ ਜਾਂਦੀ ਹੈ।

ਇਸ ਲਈ ਇੰਜੀਨੀਅਰਿੰਗ ਦੀ ਨਜ਼ਰ ਨਾਲ ਇਹ ਠੀਕ ਲਗਦੀ ਹੈ ਪਰ ਵਿਹਾਰਕ ਤੌਰ 'ਤੇ ਇਹ ਕਰਨਾ ਸੰਭਵ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)