#BBCShe ਕੀ ਮੀਡੀਆ ਬਲਾਤਕਾਰ ਦੀਆਂ ਖ਼ਬਰਾਂ ’ਚ ‘ਰਸ’ ਲੱਭਦਾ ਹੈ?

ਪਟਨਾ ਦਾ ਇੱਕ ਕਾਲਜ

"ਬਲਾਤਕਾਰ ਦੀ ਖ਼ਬਰ ਲਗਾਤਾਰ ਚਲਾਈ ਜਾਂਦੀ ਹੈ, ਪੀੜਤਾਂ ਕੋਲੋਂ ਵਾਰ - ਵਾਰ ਸਵਾਲ ਪੁੱਛੇ ਜਾਂਦੇ ਹਨ, ਉਸ 'ਤੇ ਵਧੇਰੇ ਮਾਨਸਿਕ ਦਬਾਅ ਪੈਂਦਾ ਹੈ।"

"ਪਰਿਵਾਰ ਵਾਲੇ ਐੱਫਆਈਆਰ ਕਰਨ ਤੋਂ ਪਹਿਲਾਂ ਹੀ ਡਰਦੇ ਹਨ ਕਿ ਪੁਲਿਸ 'ਚ ਸ਼ਿਕਾਇਤ ਕੀਤੀ ਤਾਂ ਕਿਤੇ ਬੇਟੀ ਦਾ ਨਾਂ ਮੀਡੀਆ ਰਾਹੀਂ ਬਾਹਰ ਨਾ ਆ ਜਾਵੇ, ਬਦਨਾਮੀ ਹੋਵੇਗੀ।"

"ਮੀਡੀਆ ਵਾਲੇ ਆਂਢੀਆਂ-ਗੁਆਂਢੀਆਂ ਕੋਲੋਂ ਵੀ ਸਵਾਲ ਜਵਾਬ ਕਰਦੇ ਹਨ,ਗੱਲ ਖੁੱਲ੍ਹ ਜਾਂਦੀ ਹੈ, ਕੁੜੀ ਨੂੰ ਜਾਣਨ ਵਾਲਿਆਂ ਵਿੱਚ ਉਸ ਦੀ ਪਛਾਣ ਜ਼ਾਹਿਰ ਹੋ ਜਾਂਦੀ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
#BBCShe: ਔਰਤਾਂ ਬੋਲਣਗੀਆਂ ਤੇ ਦੁਨੀਆਂ ਸੁਣੇਗੀ

ਪਟਨਾ ਦੇ ਮਗਧ ਮਹਿਲਾ ਕਾਲਜ ਦੀਆਂ ਕੁੜੀਆਂ ਨੇ ਜਦੋਂ ਆਪਣੇ ਮਨ ਦੀ ਗੱਲ ਸ਼ੁਰੂ ਕੀਤੀ ਤਾਂ ਲੱਗਿਆ ਜਿਵੇਂ ਉਹ ਤੈਅ ਕਰਕੇ ਆਈਆਂ ਸਨ ਕਿ ਅੱਜ ਸਾਰੀ ਨਾਰਾਜ਼ਗੀ, ਸਾਰੀਆਂ ਉਲਝਣਾਂ ਖੋਲ੍ਹ ਕੇ ਰੱਖ ਦੇਣਗੀਆਂ।

ਸਾਫ ਅਤੇ ਸਪੱਸ਼ਟ ਢੰਗ ਨਾਲ ਇੱਕ ਤੋਂ ਬਾਅਦ ਇੱਕ ਉਹ ਆਲੋਚਨਾਵਾਂ ਕਰਦੀਆਂ ਗਈਆਂ।

ਬਲਾਤਕਾਰ 'ਤੇ ਮੀਡੀਆ ਦੀ ਰਿਪੋਰਟਿੰਗ ਨਾਲ ਉਹ ਇੰਨੀਆਂ ਨਾਰਾਜ਼ ਹੋਣਗੀਆਂ, ਇਸ ਬਾਰੇ ਬਿਲਕੁਲ ਅੰਦਾਜ਼ਾ ਨਹੀਂ ਸੀ।

#BBCShe ਪ੍ਰੋਜੈਕਟ ਤਹਿਤ ਅਸੀਂ ਦੇਸ ਦੇ 6 ਸ਼ਹਿਰਾਂ 'ਚ ਕਾਲਜਾਂ ਦੀਆਂ ਕੁੜੀਆਂ ਨਾਲ ਉਨ੍ਹਾਂ ਦੇ ਸਰੋਕਾਰ ਜਾਣਨ ਬਾਰੇ ਨਿਕਲੇ ਹਾਂ ਤਾਂ ਜੋ ਉਨ੍ਹਾਂ 'ਤੇ ਖ਼ਬਰਾਂ ਅਤੇ ਵਿਸ਼ਲੇਸ਼ਣ ਲਿਆਂਦਾ ਜਾ ਸਕੇ। ਪਟਨਾ ਸਾਡਾ ਪਹਿਲਾਂ ਪੜਾਅ ਸੀ।

ਮੈਂ ਜਦੋਂ ਮਾਇਕ ਉਨ੍ਹਾਂ ਮੂਹਰੇ ਰੱਖਿਆ ਤਾਂ ਝੱਟ ਉਨ੍ਹਾਂ ਦੇ ਹੱਥ ਖੜੇ ਹੋ ਗਏ।

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਿਛਲੇ ਸਾਲ ਵੈਸ਼ਾਲੀ 'ਚ ਆਪਣੇ ਸਕੂਲ ਦੇ ਹੋਸਟਲ ਕੋਲ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਯਾਦ ਆ ਗਿਆ ਸੀ।

ਉਸ ਦਾ ਸਰੀਰ ਸ਼ੱਕੀ ਹਾਲਤ ਵਿੱਚ ਮਿਲਿਆ ਸੀ, ਕੱਪੜੇ ਫਟੇ ਹੋਏ ਸਨ।

ਬਲਾਤਕਾਰ ਪੀੜਤਾ ਦੀ ਪਛਾਣ ਲੁਕਾਉਣ ਲਈ ਕਾਨੂੰਨ ਦੇ ਬਾਵਜੂਦ ਕਰੀਬ ਸਾਰੇ ਮੀਡੀਆ ਨੇ ਉਸ ਦਾ ਨਾਂ ਛਾਪਿਆ ਸੀ।

ਮਗਧ ਮਹਿਲਾ ਕਾਲਜ 'ਚ ਬੋਲਣ ਵਾਲੀਆਂ ਕੁੜੀਆਂ 'ਚ ਸਭ ਤੋਂ ਅੱਗੇ ਤਿੰਨ-ਚਾਰ ਸਹੇਲੀਆਂ ਸਨ ਜਿਨ੍ਹਾਂ ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਕਾਲਜ ਦੇ ਵਿਸ਼ੇਸ਼ ਪ੍ਰੋਗਰਾਮ 'ਚ ਹਿੱਸਾ ਲਿਆ ਸੀ।

ਉਸ ਪ੍ਰੋਗਰਾਮ ਤੋਂ ਠੀਕ ਪਹਿਲਾਂ ਉਨ੍ਹਾਂ ਦੀ ਹੀ ਉਮਰ ਦੀ ਇੱਕ ਕੁੜੀ 'ਤੇ ਪਟਨਾ 'ਚ ਤੇਜ਼ਾਬ ਨਾਲ ਹਮਲਾ ਹੋਇਆ ਸੀ।

ਉਸ ਦਿਨ ਕੁੜੀ ਦੇ ਨਾਲ ਉਸ ਕੋਲੋਂ ਕੁਝ ਹੀ ਸਾਲ ਵੱਡਾ ਉਸ ਦਾ ਮਾਮਾ ਵੀ ਸੀ। ਉਸ ਦਿਨ ਵੀ ਖ਼ਬਰਾਂ 'ਚ ਤੇਜ਼ਾਬ ਸੁੱਟਣ ਵਾਲੇ ਮੁੰਡੇ ਨਾਲੋਂ ਜ਼ਿਆਦਾ ਕੁੜੀ ਅਤੇ ਮਾਮਾ ਦੇ ਕਥਿਤ ਸਬੰਧਾਂ ਦੀ ਚਰਚਾ ਸੀ।

ਕਾਲਜ ਦੀਆਂ ਕੁੜੀਆਂ ਵਿੱਚ ਨਾਰਾਜ਼ਗੀ ਅਜਿਹੇ ਮਾਮਲਿਆਂ ਦੀ ਰਿਪੋਰਟਿੰਗ ਤੋਂ ਹੀ ਨਜ਼ਰ ਆ ਰਹੀ ਸੀ।

"ਖ਼ਬਰਾਂ ਵਿੱਚ ਅਕਸਰ ਕੁੜੀਆਂ 'ਤੇ ਹੀ ਉਂਗਲ ਚੁੱਕੀ ਜਾਂਦੀ ਹੈ, ਕੀ ਪਹਿਨਿਆ ਹੋਇਆ ਸੀ, ਕਿਸ ਵੇਲੇ ਬਾਹਰ ਨਿਕਲੀ, ਕਿਸ ਦੇ ਨਾਲ ਸੀ..."

"ਅਜਿਹੇ ਵਿੱਚ ਕੋਈ ਕੁੜੀ ਕਿਉਂ ਬਾਹਰ ਆਵੇਗੀ, ਚੁੱਪ ਰਹਿਣਾ ਠੀਕ ਨਹੀਂ ਸਮਝੇਗੀ? ਸਲਵਾਰ-ਸੂਟ ਪਹਿਨਣ ਵਾਲੀਆਂ ਕੁੜੀਆਂ ਨਾਲ ਵੀ ਹਰੇਕ ਤਰ੍ਹਾਂ ਦੀ ਹਿੰਸਾ ਹੁੰਦੀ ਹੈ, ਕੱਪੜਿਆਂ ਨਾਲ ਕੁਝ ਫਰਕ ਨਹੀਂ ਪੈਂਦਾ।"

ਇਨ੍ਹਾਂ ਕੁੜੀਆਂ ਵਿੱਚ ਕਈਆਂ ਨੇ ਸਲਵਾਰ ਪਹਿਨੀ ਹੋਈ ਸੀ, ਕਈਆਂ ਨੇ ਜੀਨ-ਟੌਪ। ਜ਼ਿਆਦਾਤਰ ਕੁੜੀਆਂ ਪਟਨਾ ਵਿੱਚ ਜੰਮੀਆਂ-ਪਲੀਆਂ ਸਨ।

ਬਿਹਾਰ ਸਰਕਾਰ ਦੀਆਂ ਯੋਜਨਾਵਾਂ ਅਤੇ ਵਜੀਫੇ ਦੀ ਮਦਦ ਨਾਲ ਪਿਛਲੇ ਸਾਲਾਂ ਵਿੱਚ ਕਾਲਜ ਅਤੇ ਯੂਨੀਵਰਸਿਟੀ 'ਚ ਕੁੜੀਆਂ ਦੀ ਗਿਣਤੀ ਵਧੀ ਹੈ।

ਮਗਧ ਮਹਿਲਾ ਕਾਲਜ ਸਿਰਫ ਕੁੜੀਆਂ ਲਈ ਹੈ।

'ਕ੍ਰਾਈਮ ਰਿਪੋਰਟਿੰਗ ਜ਼ਿਆਦਾਤਰ ਮਰਦ ਹੀ ਕਰਦੇ ਹਨ'

ਉੱਥੇ ਮਨੋਵਿਗਿਆਨ ਵਿਭਾਗ ਦੀ ਮੁਖੀ ਕਹਿੰਦੀ ਹੈ ਕਿ ਇਹ ਮਾਹੌਲ ਇਨ੍ਹਾਂ ਕੁੜੀਆਂ ਦੇ ਵਿਚਾਰਾਂ ਨੂੰ ਦਿਸ਼ਾ, ਅਧਿਕਾਰਾਂ ਦੀ ਸਮਝ ਅਤੇ ਖੁੱਲ੍ਹ ਕੇ ਬੋਲਣ ਦੀ ਹਿੰਮਤ ਦੇਣ ਲਈ ਬਹੁਤ ਜ਼ਰੂਰੀ ਹੈ।

ਪਰ ਅਜਿਹਾ ਸਾਂਝਾ ਬਦਲਾਅ ਮੁੰਡਿਆਂ ਦੀ ਦੁਨੀਆਂ ਵਿੱਚ ਨਹੀਂ ਆ ਰਿਹਾ।

ਬਿਹਾਰ ਦੀ ਸੀਨੀਅਰ ਮਹਿਲਾ ਪੱਤਰਕਾਰਾਂ ਵਿੱਚੋਂ ਇੱਕ ਰਜਨੀ ਸ਼ੰਕਰ ਮੁਤਾਬਕ ਕ੍ਰਾਈਮ ਰਿਪੋਰਟਿੰਗ ਜ਼ਿਆਦਾਤਰ ਮਰਦ ਹੀ ਕਰਦੇ ਹਨ, ਇਸ ਵਿੱਚ ਕੁਝ ਦਾ ਨਜ਼ਰੀਆ ਅਤੇ ਸੰਵੇਦਨਸ਼ੀਲਤਾ ਉਮੀਦ ਨਾਲੋਂ ਘੱਟ ਹੈ।

ਉਨ੍ਹਾਂ ਦੀ ਇਸ ਗੱਲ ਵਿੱਚ 'ਕੁਝ' ਸ਼ਬਦਾਂ 'ਤੇ ਧਿਆਨ ਦਿਵਾਉਣਾ ਜ਼ਰੂਰੀ ਹੈ।

ਰਜਨੀ ਅੱਗੇ ਕਹਿੰਦੀ ਹੈ ਕਿ ਕੁਝ ਮਰਦ ਬਲਾਤਕਾਰ ਦੀਆਂ ਰਿਪੋਰਟਾਂ ਬਣਾਉਣ ਵੇਲੇ ਜ਼ਰੂਰਤ ਨਾਲੋਂ ਵੱਧ ਜਾਣਕਾਰੀ ਲੱਭਦੇ ਹਨ ਅਤੇ ਲਿਖਦੇ ਹਨ, ਜਿਵੇਂ ਉਨ੍ਹਾਂ ਨੂੰ ਵਿੱਚੋਂ 'ਰਸ' ਮਿਲ ਰਿਹਾ ਹੋਵੇ, 'ਰੁਮਾਂਸ' ਆ ਰਿਹਾ ਹੋਵੇ।

ਦੱਖਣੀ ਏਸ਼ੀਆ ਵਿੱਚ ਮਹਿਲਾ ਮੀਡੀਆ ਮੁਲਾਜ਼ਮਾਂ ਦੇ ਸੰਗਠਨ, 'ਸਾਊਥ ਏਸ਼ੀਅਨ ਵੂਮੈਨ ਇਨ ਮੀਡੀਆ', ਦੀ ਬਿਹਾਰ ਇਕਾਈ ਦੀ ਪ੍ਰਧਾਨ ਰਜਨੀ ਸ਼ੰਕਰ 'ਹਿੰਦੁਸਤਾਨ' ਸਮਾਚਾਰ ਏਜੰਸੀ ਦੀ ਬਿਹਾਰ ਦੀ ਮੁਖੀ ਹੈ।

ਆਪਣੀ ਏਜੰਸੀ ਵਿੱਚ ਉਨ੍ਹਾਂ ਨੇ ਪੁਰਸ਼ ਪੱਤਰਕਾਰਾਂ ਦੇ ਨਾਲ ਵਰਕਸ਼ਾਪ ਕਰਕੇ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।

ਅਜਿਹਾ ਨਹੀਂ ਹੈ ਕਿ ਬਦਲਾਅ ਨਹੀਂ ਆ ਰਿਹਾ। ਬਿਹਾਰ ਵਿੱਚ ਦੈਨਿਕ ਭਾਸਕਰ ਅਖ਼ਬਾਰ ਦੇ ਸੰਪਾਦਕ ਪ੍ਰਮੋਦ ਮੁਕੇਸ਼ ਮੁਤਾਬਕ ਉਨ੍ਹਾਂ ਨੇ ਬਹੁਤ ਸੋਚੇ-ਸਮਝੇ ਫੈਸਲੇ ਦੇ ਤਹਿਤ ਆਪਣੀ ਟੀਮ ਵਿੱਚ ਔਰਤਾਂ ਦੀ ਨਿਯੁਕਤੀ ਕੀਤੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
#BBCShe: ਕੁੜੀਆਂ ਨੇ ਦੱਸਿਆ ਦਾਜ ਮੰਗਣ ਵਾਲਿਆਂ ਦਾ ਇਲਾਜ਼

ਉਨ੍ਹਾਂ ਦੀ 30 ਪੱਤਰਕਾਰਾਂ ਦੀ ਟੀਮ ਵਿੱਚ ਤਿੰਨ ਔਰਤਾਂ ਹਨ। ਹਾਲਾਂਕਿ ਇਹ ਔਰਤਾਂ ਕ੍ਰਾਈਮ ਜਾਂ ਕੋਈ ਹੋਰ 'ਬੀਟ' ਨਹੀਂ, ਔਰਤਾਂ ਨਾਲ ਜੁੜੇ ਮੁੱਦਿਆਂ 'ਤੇ ਹੀ ਰਿਪੋਰਟਿੰਗ ਕਰਦੀਆਂ ਹਨ।

ਮੈਂ ਉਨ੍ਹਾਂ ਨੂੰ ਕਾਲਜ ਵਿੱਚ ਹੋਈ ਗੱਲਬਾਤ ਦੀ ਹਿੱਸਾ ਸੁਣਾਉਂਦੀ ਹਾਂ। ਪੁੱਛਦੀ ਹਾਂ, ਕੀ ਖ਼ਬਰਾਂ ਕਹਿਣ, ਦਿਖਾਉਣ ਦਾ ਮੀਡੀਆ ਦਾ ਅੰਦਾਜ਼ਾ ਇੰਨਾ ਅਸੰਵੇਦਨਸ਼ੀਲ ਹੈ ਕਿ ਇਸ ਕਾਰਨ ਕੁੜੀਆਂ ਆਪਣੀਆਂ ਸ਼ਿਕਾਇਤਾਂ ਲਿਆਉਣ ਤੋਂ ਪਹਿਲਾਂ ਸੋਚਣ ਅਤੇ ਝਿਜਕਣ?

ਉਹ ਯਾਦ ਕਰਵਾਉਂਦੇ ਹਨ ਕਿ ਮੀਡੀਆ ਬਾਰੇ ਇਹ ਸਮਝ ਕਈ ਸਾਲਾਂ ਵਿੱਚ ਬਣੀ ਹੈ ਅਤੇ ਉਸ ਨੂੰ ਬਦਲਣ ਵਿੱਚ ਸਮਾਂ ਲਗੇਗਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਚੰਡੀਗੜ੍ਹ 'ਚ ਔਰਤਾਂ ਨੇ ਚੁੱਕਿਆ ਪਾਰਕਿੰਗ ਦਾ ਕੰਮ ਸੰਭਾਲਣ ਦਾ ਜ਼ਿੰਮਾ

ਪੱਤਰਕਾਰਾਂ 'ਚ ਔਰਤਾਂ ਦੀ ਗਿਣਤੀ 'ਚ ਵਾਧਾ ਇਸ ਵੱਲ ਇੱਕ ਕਦਮ ਹੈ ਅਤੇ ਮਰਦਾਂ ਦੀ ਸਮਝ ਬੇਹਤਰ ਕਰਨਾ ਦੂਜਾ।

ਕਾਲਜ ਦੀਆਂ ਕੁੜੀਆਂ ਕੋਲ ਵੀ ਕੁਝ ਸੁਝਾਅ ਸਨ

"ਬਲਾਤਕਾਰ 'ਤੇ ਰਿਪੋਰਟਿੰਗ ਹੋਵੇ ਪਰ ਕੁੜੀਆਂ ਬਾਰੇ ਨਹੀਂ, ਮੁੰਡਿਆਂ ਬਾਰੇ ਖ਼ਬਰ ਦਿਖਾਉਣੀ ਚਾਹੀਦੀ ਹੈ, ਸਵਾਲ ਉਨ੍ਹਾਂ ਦੇ ਕੱਪੜਿਆਂ, ਚਾਲ-ਚਲਣ 'ਤੇ ਚੁੱਕਣੇ ਚਾਹੀਦੇ ਹਨ।"

"ਬਲਾਤਕਾਰ ਦਾ ਕੇਸ ਇੰਨਾ ਲੰਬਾ ਚਲਦਾ ਹੈ, ਸਮੇਂ - ਸਮੇਂ 'ਤੇ ਕੁੜੀ ਦੇ ਮਾਪਿਆਂ 'ਤੇ ਖ਼ਬਰ ਦਿਖਾਓ। ਕਿਸੇ ਮੁੰਡੇ ਨੂੰ ਸਖ਼ਤ ਸਜ਼ਾ ਹੋਵੇ ਤਾਂ ਉਸ ਨੂੰ ਮਿਸਾਲ ਵਾਂਗ ਦਿਖਾਓ।"

ਪਟਨਾ ਦੀਆਂ ਉਨ੍ਹਾਂ ਕੁੜੀਆਂ ਦੀ ਇੱਕਜੁਟਤਾ ਸੀ ਜੋ ਮੇਰੇ ਜ਼ਿਹਨ 'ਚ ਬੈਠ ਗਈ।

"ਖ਼ਬਰਾਂ ਕਰੋ ਪਰ ਅਜਿਹੀਆਂ ਜੋ ਬਲ ਦੇਣ, ਉਹ ਨਹੀਂ ਜੋ ਡਰ ਪੈਦਾ ਕਰਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)