ਸੋਸ਼ਲ: ਨਮੋ ਐਪ ਤੋਂ ਡਾਟਾ ਲੀਕ ਨੂੰ ਲੈ ਕੇ ਕਾਂਗਰਸ-ਭਾਜਪਾ ਵਿਚਾਲੇ ਘਮਸਾਣ

ਨਮੋ ਐਪ Image copyright WWW.NARENDRAMODI.IN

ਨਰਿੰਦਰ ਮੋਦੀ ਐਂਡਰਾਇਡ ਐਪ (NaMo App) ਕਾਰਨ ਸੋਸ਼ਲ ਮੀਡੀਆ 'ਤੇ ਬਹਿਸ ਭਖੀ ਹੋਈ ਹੈ।ਨਮੋ ਐਪ ਡਿਲੀਟ ਕਰਨ ਲਈ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ।

ਕਾਂਗਰਸ ਦੇ ਕਈ ਆਗੂ #DeleteNaMoApp ਨਾਲ ਟਵੀਟ ਕਰ ਰਹੇ ਹਨ।

ਕਈ ਟਵੀਟਾਂ 'ਚ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਨਮੋ ਐਪ ਡਾਊਨਲੋਡ ਕਰਨ ਤੇ 'ਤੁਹਾਡਾ ਨਿੱਜੀ ਡਾਟਾ ਲੀਕ ਹੋ ਜਾਵੇਗਾ।'

ਭਾਜਪਾ ਨੇ ਵੀ ਇਸ ਟਵਿੱਟਰ ਟ੍ਰੈਂਡ 'ਤੇ ਪਲਟਵਾਰ ਕੀਤਾ ਹੈ ਅਤੇ ਜਾਣਕਾਰੀ ਲੀਕ ਹੋਣ ਦੇ ਦਾਅਵੇ ਨੂੰ ਗਲਤ ਦੱਸਿਆ ਹੈ।

ਦੋਹੇਂ ਧਿਰਾਂ ਇੱਕ-ਦੂਜੇ 'ਤੇ ਜਨਤਾ ਨੂੰ ਭੜਕਾਉਣ ਦੇ ਇਲਜ਼ਾਮ ਲਾ ਰਹੀਆਂ ਹਨ।

ਕਾਂਗਰਸ ਦੀ ਸੋਸ਼ਲ ਮੀਡੀਆ ਦੀ ਇੰਚਾਰਜ ਦਿਵਿਆ ਸਪੰਦਨ ਨੇ ਟਵੀਟ ਕੀਤਾ, "ਜੇ ਤੁਸੀਂ ਅੱਜ ਕੋਈ ਕੰਮ ਕਰ ਸਕਦੇ ਹੋ ਤਾਂ #DeleteNaMoApp ਕਰ ਦਿਓ"

ਇਸ ਮਗਰੋਂ ਕਾਂਗਰਸ ਦੇ ਬੁਲਾਰੇ ਸੰਜੇ ਝਾਅ ਨੇ ਲਿਖਿਆ, "#DeleteNaMoApp ਟਾਪ ਟਰੈਂਡ ਹੈ। ਭਾਰਤ ਦੇ ਹਰੇਕ ਨਾਗਰਿਕ ਨੂੰ ਇਸ ਫਾਸੀਵਾਦੀ ਪਾਰਟੀ ਨਾਲ ਲੜਨਾ ਚਾਹੀਦਾ ਹੈ ਜਿਹੜੀ ਸਾਡੇ ਨਿੱਜਤਾ ਦੇ ਅਧਿਕਾਰ ਨੂੰ ਖੋਹਣ ਲਈ ਸਰਬਉੱਚ ਅਦਾਲਤ ਤੱਕ ਪਹੁੰਚ ਗਈ"

ਕਾਂਗਰਸ ਆਗੂ ਸੰਜੇ ਨਿਰੂਪਮ ਨੇ ਵੀ ਟਵੀਟ ਕੀਤਾ, "ਇਸੇ ਦਿਨ ਕਰਕੇ ਮੈਂ ਨਮੋ ਐਪ ਕਦੇ ਡਾਊਨਲੋਡ ਨਹੀਂ ਕੀਤਾ ਸੀ।"

ਕੇਂਦਰੀ ਮੰਤਰੀ ਵਿਜੇ ਗੋਇਲ ਨੇ ਭਾਜਪਾ ਦੇ ਬਚਾਅ ਵਿੱਚ ਦਿਵਿਆ ਸਪੰਦਨ ਨੂੰ ਜੁਆਬ ਦਿੱਤਾ।

ਉਨ੍ਹਾਂ ਲਿਖਿਆ, "ਡਾਟਾ ਚੋਰ ਕਾਂਗਰਸ ਲੋਕਾਂ ਤੋਂ ਨਮੋ ਐਪ ਡਿਲੀਟ ਕਰਵਾਉਣਾ ਚਾਹੁੰਦੀ ਹੈ। ਹਾਸੋ-ਹੀਣਾ। ਅਜਿਹਾ ਕਮਜ਼ੋਰ ਪ੍ਰਚਾਰ ਕਰਨ ਤੋਂ ਪਹਿਲਾਂ ਖੋਜ ਕਰ ਲਿਆ ਕਰੋ, ਅਗਲੀ ਵਾਰ ਲਈ ਸ਼ੁੱਭ ਇੱਛਾਵਾਂ।"

ਵਿਜੇ ਗੋਇਲ ਨੇ ਆਪਣੇ ਟਵੀਟ ਨਾਲ ਇੱਕ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਹੈ, ਤੁਸੀਂ ਨਮੋ ਐਪ ਨੂੰ ਗੈਸਟ ਵਜੋਂ ਵੀ ਵਰਤ ਸਕਦੇ ਹੋ, ਜਿੱਥੇ ਤੁਹਾਨੂੰ ਆਪਣਾ ਫੋਨ ਨੰਬਰ ਜਾਂ ਈਮੇਲ ਪਤਾ ਦੇਣ ਦੀ ਜ਼ਰੂਰਤ ਨਹੀਂ ਹੈ।

ਇਹ ਕਿਸੇ ਵੀ ਹੋਰ ਐਪ ਵਰਗੀ ਹੈ ਜਿਸ ਵਿੱਚ ਕਿਸੇ ਨਾ ਕਿਸੇ ਸੂਚਨਾ ਦੀ ਲੋੜ ਹੁੰਦੀ ਹੈ।

ਹੌਲੀ-ਹੌਲੀ ਜਨ ਸਧਾਰਨ ਵੀ ਮੈਦਾਨ ਵਿੱਚ ਆ ਗਏ ਤੇ ਬਹਿਸ ਤੁਰ ਪਈ।

ਅਸਲ ਵਿੱਚ ਗੱਲ "ਇਲੀਅਟ ਐਲਡਰਸਨ" ਦੀ ਨਮੋ ਐਪ ਤੋਂ ਡਾਟਾ ਲੀਕ ਹੋਣ ਬਾਰੇ ਕੀਤੀ ਟਵੀਟ ਨਾਲ ਸ਼ੁਰੂ ਹੋਈ।

@fs0c131y ਤੋਂ ਹੇਠ ਲਿਖੀ ਟਵੀਟ ਕੀਤੀ ਗਈ-

Image copyright TWITTER/@FS0C131Y

ਇਸ ਵਿੱਚ ਦਾਅਵਾ ਕੀਤਾ ਗਿਆ ਕਿ ਜੇ ਤੁਸੀਂ ਨਮੋ ਐਪ ਡਾਊਨਲੋਡ ਕਰੋਂਗੇ ਤਾਂ ਤੁਹਾਡਾ ਨਿੱਜੀ ਡਾਟਾ ਬਿਨਾਂ ਸਹਿਮਤੀ ਦੇ ਹੀ ਕਿਸੇ ਤੀਜੀ ਧਿਰ ਕੋਲ ਚਲਿਆ ਜਾਵੇਗਾ।

ਇਲੀਅਟ ਐਲਡਰਸਨ ਇੱਕ ਟੈਲੀਵੀਜ਼ਨ ਧਾਰਾਵਾਹਿਕ ਮਿਸਟਰ ਰੋਬੋਟ ਵਿੱਚ ਇੱਕ ਕਿਰਦਾਰ ਹੈ ਜੇ ਕੰਪਿਊਟਰ ਸੁਰੱਖਿਆ ਦਾ ਇੰਜੀਨਰ ਹੈ।

ਇਹ ਅਕਾਊਂਟ ਪਹਿਲਾਂ ਵੀ ਹੋਰ ਐਪਲੀਕੇਸ਼ਨਾਂ, ਮਮਾਰਟਫੋਨ ਅਤੇ ਇੰਟਰਨੈਟ ਨਾਲ ਜੁੜੀਆਂ ਹੋਰ ਸੇਵਾਵਾਂ ਲਈ ਅਜਿਹੇ ਦਾਅਵੇ ਕਰ ਚੁੱਕਿਆ ਹੈ।

ਕੀ ਹੈ ਨਮੋ ਐਪ

ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਧਿਕਾਰਕ ਮੋਬਾਈਲ ਐਪ ਹੈ।

ਇਹ ਉਨ੍ਹਾਂ ਨਾਲ ਜੁੜਨ ਦਾ ਇੱਕ ਰਾਹ ਹੈ। ਇਸ ਰਾਹੀਂ ਤੁਹਾਨੂੰ ਉਨ੍ਹਾਂ ਦੇ ਸੁਨੇਹੇ ਤੇ ਈਮੇਲ ਸਮੇਂ-ਸਮੇਂ 'ਤੇ ਮਿਲਦੇ ਰਹਿਣਗੇ

ਇਸ ਐਪਲੀਕੇਸ਼ਨ 'ਤੇ ਤੁਸੀਂ ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ' ਉਨ੍ਹਾਂ ਦਾ ਬਲੌਗ ਤੇ ਜੀਵਨੀ ਪੜ੍ਹ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)