ਪ੍ਰੈੱਸ ਰਿਵਿਊ: ਸਰਕਾਰ ਨੇ ਲਾਇਆ 200 ਰੁਪਏ ਮਹੀਨਾ ਪੰਜਾਬ 'ਵਿਕਾਸ ਟੈਕਸ'

MANPREET BADAL Image copyright Getty Images/AFP

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਸਰਕਾਰ ਨੇ ਬਜਟ ਦੌਰਾਨ ਆਮਦਨ ਦਾ ਇੱਕ ਨਵਾਂ ਜ਼ਰੀਆ ਪੇਸ਼ ਕੀਤਾ ਹੈ।

ਪੰਜਾਬ ਦੇ ਬਜਟ ਵਿੱਚ ਪੇਸ਼ੇਵਰ ਅਤੇ ਨੌਕਰੀਪੇਸ਼ਾ ਵਿਅਕਤੀਆਂ ਉੱਤੇ 200 ਰੁਪਏ ਪ੍ਰਤੀ ਮਹੀਨਾ 'ਵਿਕਾਸ' ਟੈਕਸ' ਲਾ ਦਿੱਤਾ ਹੈ।

ਸਰਕਾਰ ਨੂੰ ਇਸ ਨਵੇਂ ਕਰ ਤੋਂ ਸਾਲਾਨਾ 150 ਕਰੋੜ ਰੁਪਏ ਮਾਲੀਆ ਆਉਣ ਦੀ ਉਮੀਦ ਹੈ ਜਦੋਂ ਕਿ ਵਿੱਤ ਮੰਤਰੀ ਨੇ ਆਗਾਮੀ ਵਿੱਤੀ ਵਰ੍ਹੇ ਦੌਰਾਨ 1500 ਕਰੋੜ ਰੁਪਏ ਦਾ ਵਾਧੂ ਮਾਲੀਆ ਜੁਟਾਉਣ ਦਾ ਟੀਚਾ ਮਿੱਥਿਆ ਹੈ।

ਪਾਕਿਸਤਾਨ ਵਿੱਚ ਛਪਣ ਵਾਲੇ ਅਖ਼ਬਾਰ ਦਿ ਡਾਨ ਮੁਤਾਬਕ ਕੋਹੀਨੂਰ ਨਿਊਜ਼ ਨਾਮ ਦੇ ਸਥਾਨਕ ਨਿਊਜ਼ ਚੈਨਲ ਨੇ ਪਹਿਲੀ ਟਰਾਂਸਜੈਂਡਰ ਮਹਿਲਾ ਐਂਕਰ ਭਰਤੀ ਕਰਨ ਦਾ ਦਾਅਵਾ ਕੀਤਾ ਹੈ।

ਮਾਵਿਆ ਮਲਿਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਂਟਰਟੇਨਮੈਂਟ ਇੰਡਸਟਰੀ ਵਿੱਚ ਇੱਕ ਮਾਡਲ ਦੇ ਤੌਰ 'ਤੇ ਕੀਤੀ।

ਉਸ ਨੂੰ ਪਾਕਿਸਤਾਨ ਡੇਅ ਦੇ ਮੌਕੇ 'ਤੇ 23 ਮਾਰਚ ਨੂੰ ਪਹਿਲੀ ਵਾਰੀ ਕੋਹੀਨੂਰ ਨਿਊਜ਼ 'ਤੇ ਪ੍ਰਸਾਰਨ ਦੌਰਾਨ ਦੇਖਿਆ ਗਿਆ।

Image copyright Getty Images/AFP

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਪਾਣੀ ਦੀ ਟੈਂਕੀ ਵਿੱਚ ਛਾਲ ਮਾਰ ਕੇ ਜਾਨ ਦੇਣ ਵਾਲੇ ਸਿੱਖ ਅਧਿਕਾਰਾਂ ਦੇ ਕਾਰਕੁੰਨ ਗੁਰਬਖ਼ਸ਼ ਸਿੰਘ ਖਾਲਸਾ ਦੀ ਮੌਤ ਤੋਂ ਪੰਜ ਦਿਨ ਬਾਅਦ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ।

ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ, "ਅੰਤਿਮ ਸਸਕਾਰ ਥਾਸਕਾ ਅਲੀ ਪਿੰਡ ਵਿੱਚ ਕੀਤਾ ਜਾਵੇਗਾ। ਸਰਕਾਰ ਵੱਲੋਂ ਲਿਖਿਤ ਵਿੱਚ ਮੰਗਾਂ ਮੰਨੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਕੁਰੂਕਸ਼ੇਤਰ ਦੇ ਐੱਸਪੀ ਅਤੇ ਡੀਐੱਸਪੀ ਦੀ ਬਦਲੀ, ਝਾਂਸਾ ਅਤੇ ਇਸਮਾਇਲਾਬਾਦ ਦੇ ਐੱਸਐੱਚਓ ਨੂੰ ਮੁਅੱਤਲ ਕਰਨਾ ਅਤੇ ਦੋ ਲੋਕਾਂ ਖਿਲਾਫ਼ ਤਾਜ਼ਾ ਮਾਮਲਾ ਦਰਜ ਕਰਨਾ ਸ਼ਾਮਿਲ ਹੈ।"

Image copyright STRDEL/Getty Images

ਇੰਡੀਅਨ ਐਕਸਪ੍ਰੈੱਸ ਮੁਤਾਬਕ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਆਈਪੀਸੀ ਅਤੇ ਪੀਸੀ (ਪ੍ਰੀਵੈਨਸ਼ਨ ਆਫ਼ ਕਰਪਸ਼ਨ) ਐਕਟ ਦੇ ਤਹਿਤ 7-7 ਸਾਲ ਦੀ ਸਜ਼ਾ ਸੁਣਾਈ ਹੈ।

ਇਸ ਦੇ ਨਾਲ ਹੀ 60 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਤਕਰੀਬਨ 70 ਸਾਲ ਦੇ ਲਾਲੂ ਨੂੰ 14 ਸਾਲ ਜੇਲ੍ਹ ਵਿੱਚ ਕੱਟਣੇ ਪੈਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)