ਸੋਸ਼ਲ꞉ 'ਤਿਵਾੜੀ ਜੀ ਤੁਹਾਨੂੰ ਪਾਰਲੀਮੈਂਟ ਕੰਟੀਨ ਦੀ ਆਦਤ ਹੈ'

ਮਨੀਸ਼ ਤਿਵਾੜੀ Image copyright Getty Images

ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਹਵਾਈ ਅੱਡੇ ਤੇ ਮਿਲਦੀ ਕੌਫ਼ੀ ਦੀ ਕੀਮਤ ਅਤੇ ਉਸ ਦੀ ਗੁਣਵਕਤਾ 'ਤੇ ਨਾਰਾਜ਼ਗੀ ਜਤਾਈ ਹੈ।

ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਟਵੀਟ ਕੀਤਾ, "ਗੋਆ ਦੇ ਹਵਾਈ ਅੱਡੇ 'ਤੇ ਇੱਕ ਭੈੜੀ ਜਿਹੀ ਕੌਫ਼ੀ ਦੇ 140 ਰੁਪਏ ਦਿੱਤੇ ਅਤੇ ਚੇੱਨਈ ਇਸ ਤੋਂ ਵੱਧ ਮਹਿੰਗਾ ਹੈ।''

ਇਹ ਟਵੀਟ ਉਨ੍ਹਾਂ ਨੇ ਸਾਬਕਾ ਕੇਂਦਰੀ ਖ਼ਜ਼ਾਨਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਦੇ ਟਵੀਟ ਨਾਲ ਸਹਿਮਤੀ ਜਤਾਉਂਦਿਆਂ ਲਿਖਿਆ ਹੈ।

ਮਨੀਸ਼ ਤਿਵਾੜੀ ਨੇ ਪੀ ਚਿੰਬਰਮ ਨੂੰ ਸੰਬੋਧਨ ਕਰਕੇ ਲਿਖਿਆ, ਤੁਸੀਂ ਸਹੀ ਹੋ ਕਿ ਹਵਾਈ ਅੱਡਿਆਂ ਤੇ ਨਿੱਜੀ ਏਅਰਲਾਈਨਜ਼ ਵਿੱਚ ਜੋ ਖਾਣ ਵਾਲੀਆਂ ਚੀਜ਼ਾਂ ਵੇਚੀਆਂ ਜਾਂਦੀਆਂ ਹਨ ਉਹ ਤਾਂ ਚਮੜੀ ਲਾਹੁਣ ਵਾਂਗ ਹੈ।''

ਇਸ ਤੋਂ ਪਹਿਲਾਂ ਪੀ ਚਿਦੰਬਰਮ ਨੇ ਟਵੀਟ ਕੀਤਾ ਸੀ ਕਿ ਜਦੋਂ ਉਨ੍ਹਾਂ ਨੇ ਚੇੱਨਈ ਹਵਾਈ ਅੱਡੇ 'ਤੇ ਕੌਫ਼ੀ ਡੇ 'ਤੇ ਚਾਹ ਮੰਗੀ ਤਾਂ ਉਨ੍ਹਾਂ ਨੂੰ ਇੱਕ ਗਰਮ ਪਾਣੀ ਦਾ ਕੱਪ ਤੇ ਇੱਕ ਟੀ-ਬੈਗ ਦੇ ਦਿੱਤਾ ਗਿਆ ਜਿਸਦਾ ਮੁੱਲ 135 ਰੁਪਏ ਸੀ।

''ਮੈਂ ਉਨ੍ਹਾਂ ਨੂੰ ਉਹ ਵਾਪਸ ਕਰ ਦਿੱਤੀ। ਉਨ੍ਹਾਂ ਅੱਗੇ ਪੁਛਿਆ, ''ਕੀ ਮੈਂ ਸਹੀ ਕੀਤਾ ਜਾਂ ਗਲਤ।''

Image copyright Getty Images

ਇਸ ਤੋਂ ਪਹਿਲਾਂ ਉਨ੍ਹਾਂ ਲਿਖਿਆ, "ਕੌਫ਼ੀ 180 ਰੁਪਏ ਦੀ ਸੀ। ਮੈਂ ਪੁੱਛਿਆ ਇਹ ਖ਼ਰੀਦਦਾ ਕੌਣ ਹੈ? ਜੁਆਬ ਮਿਲਿਆ ਕਿ 'ਕਈ ਲੋਕ ਖਰੀਦਦੇ ਹਨ'। ਕੀ ਮੇਰੀ ਸਮਝ ਪੁਰਾਣੀ ਹੋ ਗਈ ਹੈ?''

ਇਸੇ ਚਰਚਾ ਕਾਰਨ ਟਵਿੱਟਰ 'ਤੇ ਕਈ ਲੋਕਾਂ ਨੇ ਆਪਣੇ ਪ੍ਰਤੀਕਰਮ ਦਿੱਤੇ।

ਸ਼ਰੀਵਾਤਸਾ ਕ੍ਰਿਸ਼ਨਾ ਨਾਂ ਦੇ ਟਵਿੱਟਰ ਹੈਂਡਲਰ ਨੇ ਲਿਖਿਆ, "ਭਾਰਤ ਦਾ ਕੌਫ਼ੀ ਬੋਰਡ ਜਲਦੀ ਹੀ 15 ਸਥਾਨਕ ਬ੍ਰੈਂਡ ਦੀ ਕੌਫ਼ੀ 30 ਰੁਪਏ ਵਿੱਚ ਵੇਚਣੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਪ੍ਰਕਾਰ ਅਨੋਖੇ ਭਾਰਤ ਦੀ ਅਨੋਖੀ ਕਹਾਣੀ ਸੁਣਾਈ ਜਾਵੇਗੀ।''

ਦੁਰਗਾ ਨਾਮ ਦੀ ਯੂਜ਼ਰ ਨੇ ਲਿਖਿਆ, "ਤੁਹਾਨੂੰ ਕਾਰਤੀ ਤੋਂ ਪੈਸੇ ਉਧਾਰ ਲੈਣੇ ਚਾਹੀਦੇ ਸਨ।''

ਦੀਪੇਂਦਰ ਸਿੰਘ ਪਰਿਹਾਰ ਨੇ ਲਿਖਿਆ, "ਲਗਦਾ ਹੈ ਤੁਸੀਂ ਪਹਿਲੀ ਵਾਰ ਆਪਣੀ ਜੇਬ ਵਿੱਚੋਂ ਪੈਸੇ ਦਿੱਤੇ ਹਨ ਜਿਸ ਕਰਕੇ ਤੁਹਾਨੂੰ ਦੁੱਖ ਹੋ ਰਿਹਾ ਹੈ। ਇੱਕ ਆਮ ਇਨਸਾਨ ਤਾਂ ਯੂਪੀਏ-1 ਦੇ ਸਮੇਂ ਤੋਂ ਹੀ ਇਸੇ ਤਰ੍ਹਾਂ ਪੈਸੇ ਦੇ ਰਿਹਾ ਹੈ ਹੁਣ ਤੁਸੀਂ ਮਹਿੰਗਾਈ ਲਈ ਐਨਡੀਏ 'ਤੇ ਇਲਜ਼ਾਮ ਲਾਉਣਾ ਹੈ।''

ਓਨਿਸਟ ਬੀਂਗ ਨੇ ਲਿਖਿਆ, "ਸਰ ਤੁਹਾਨੂੰ ਹਾਲੇ ਤੱਕ ਪੈਸੇ ਲੈਣ ਦੀ ਹੀ ਆਦਤ ਰਹੀ ਹੈ...ਇਸੇ ਕਰਕੇ ਤੁਹਾਨੂੰ ਦੁੱਖ ਹੋ ਰਿਹਾ ਹੈ...ਤਬਦੀਲੀ ਨੂੰ ਮਹਿਸੂਸ ਕਰੋ ਵਧੀਆ ਲੱਗੇਗਾ।''

ਇਸੇ ਤਰ੍ਹਾਂ ਮਲਿਕ ਵੀਰੇਸ਼ ਨੇ ਮਨੀਸ਼ ਤਿਵਾੜੀ ਨੂੰ ਜੁਆਬ ਦਿੰਦਿਆਂ ਲਿਖਿਆ, "ਹੁਣ ਲਗਦਾ ਹੈ ਕਿ ਜਿਨ੍ਹਾਂ ਨੇ ਏਅਰਪੋਰਟ ਦੇ ਰਾਖਵੇਂ ਵੀਆਈਪੀ ਕਮਰਿਆਂ ਵਿੱਚ ਬੈਠ ਕੇ ਮੁਫ਼ਤ ਦੀ ਕੌਫ਼ੀ ਪੀਤੀ ਹੈ ਉਨ੍ਹਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਅਸੀਂ ਸਾਰੇ ਕੀ ਝੱਲ ਰਹੇ ਹਾਂ।''

ਭਾਰਤ ਮਾਤਾ ਕੀ ਜੈ ਨਾਮ ਦੇ ਯੂਜ਼ਰ ਨੇ ਲਿਖਿਆ, "ਮੈਨੂੰ ਲਗਦਾ ਹੈ ਕਿ ਤੁਸੀਂ ਦੋਹਾਂ ਨੇ ਪਹਿਲੀ ਵਾਰ ਆਪਣੇ ਪੈਸਿਆਂ ਦੀ ਕੌਫ਼ੀ ਖ਼ਰੀਦੀ ਹੈ। ਕਾਸ਼ ਸਾਡੇ ਪਾਰਲੀਮੈਂਟ ਵਰਗੀਆਂ ਕੀਮਤਾਂ ਸਾਰੇ ਦੇਸ ਵਿੱਚ ਹੁੰਦੀਆਂ.. ਮੇਰਾ ਖਿਆਲ ਹੈ ਕਿ ਇਸ ਲਈ ਮੋਦੀ ਜਿੰਮੇਵਾਰ ਹੈ...।''

ਵਿਮਲ ਵੀ ਜੇ ਨੇ ਲਿਖਿਆ, "ਖੁਸ਼ੀ ਦਾ ਗੱਲ ਹੈ ਤੁਸੀਂ ਇਸ ਨੂੰ ਮਹਿਸੂਸ ਕੀਤਾ ਹੈ। ਕਿਰਪਾ ਕਰਕੇ ਇਸ ਬਾਰੇ ਕੁਝ ਕਰੋ। ਸਿਨੇਮਾ ਘਰ, ਹਵਾਈ ਅੱਡੇ ਤੇ ਹੋਰ ਕਈ ਥਾਵਾਂ ਤਾਂ ਵਾਕਈ ਚਮੜੀ ਲਾਹੁੰਦੀਆਂ ਹਨ। ਦੇਰ ਆਏ ਦਰੁਸਤ ਆਏ....।''

ਕਈ ਲੋਕਾਂ ਨੇ ਇਹ ਵੀ ਲਿਖਿਆ, "ਇਹ ਸਭ ਤਾਂ ਦਹਾਕਿਆਂ ਤੋਂ ਹੋ ਰਿਹਾ ਹੈ। ਪਰਿਵਾਰ ਨਾਲ ਕਿਤੇ ਜਾ ਕੇ ਖਾਣਾ ਤਾਂ ਜੇਬ ਖਾਲ੍ਹੀ ਕਰਵਾਉਣ ਵਰਗਾ ਹੈ ਤੇ ਤੁਹਾਨੂੰ ਅਰਥਸ਼ਾਸਤਰੀ ਤੇ ਸਿਆਸਤਦਾਨ ਹੁੰਦੇ ਹੋਏ ਵੀ ਇਹ ਗੱਲ ਹੁਣ ਸਮਝ ਆ ਰਹੀ ਹੈ।''

ਦੀਪਕ ਸਬਰਵਾਲ ਨੇ ਲਿਖਿਆ, "@ManishTewari ਅਤੇ @PChidambaram_IN ਆਮ ਆਦਮੀ ਦੀਆਂ ਕੀਮਤਾਂ ਇਹੀ ਹਨ ਤੁਹਾਨੂੰ ਪਾਰਲੀਮੈਂਟ ਕੰਟੀਨ ਦੀ ਆਦਤ ਪਈ ਹੋਈ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)