ਕਿਸ ਨੇ ਸੌਮਿਆ ਸ਼ੇਖਰ ਨੂੰ 'ਬੰਬ ਦਾ ਤੋਹਫਾ' ਭੇਜ ਕੇ ਮਾਰਿਆ?

ਸੌਮਿਆ ਸ਼ੇਖਰ ਤੇ ਰੀਮਾ ਦਾ 18 ਫਰਵਰੀ ਨੂੰ ਵਿਆਹ ਹੋਇਆ ਸੀ।
ਫੋਟੋ ਕੈਪਸ਼ਨ ਸੌਮਿਆ ਸ਼ੇਖਰ ਤੇ ਰੀਮਾ ਦਾ 18 ਫਰਵਰੀ ਨੂੰ ਵਿਆਹ ਹੋਇਆ ਸੀ।

ਵਿਆਹ ਦੇ ਤੋਹਫੇ ਵਿੱਚ ਲੁਕੋਏ ਬੰਬ ਦੇ ਫ਼ਟਣ ਕਰਕੇ ਨਵੇਂ ਵਿਆਹੇ ਸਾਫ਼ਟਵੇਅਰ ਇੰਜੀਨੀਅਰ ਦੀ ਮੌਤ ਅਤੇ ਉਨ੍ਹਾਂ ਦੀ ਪਤਨੀ ਦੇ ਗੰਭੀਰ ਰੂਪ ਵਿੱਚ ਫੱਟੜ ਹੋਣ ਕਰਕੇ ਇਸ ਸ਼ਹਿਰ ਦੀ ਸ਼ਾਂਤੀ ਭੰਗ ਹੋ ਗਈ ਹੈ।

ਇਸ ਘਟਨਾ ਤੋਂ ਕੋਈ ਇੱਕ ਮਹੀਨੇ ਬਾਅਦ ਵੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ।

ਬੀਬੀਸੀ ਨੇ ਓਡੀਸ਼ਾ ਦਾ ਦੌਰਾ ਕੀਤਾ ਅਤੇ ਇਸ ਪੂਰੇ ਘਟਨਾਕ੍ਰਮ ਨੂੰ ਜੋੜਨ ਦੀ ਕੋਸ਼ਿਸ਼ ਕੀਤੀ।

ਵਿਆਹ ਤੋਂ 5 ਦਿਨ ਮਗਰੋਂ 23 ਫਰਵਰੀ ਨੂੰ ਓਡੀਸ਼ਾ ਦੇ ਪਾਟਨਾਗੜ੍ਹ ਵਿੱਚ ਆਪਣੇ ਨਵੇਂ ਮਕਾਨ ਵਿੱਚ 26 ਸਾਲਾ ਸਾਫਟਵੇਅਰ ਇੰਜੀਨੀਅਰ ਸੌਮਿਆ ਸ਼ੇਖਰ ਸਾਹੂ ਤੇ ਉਨ੍ਹਾਂ ਦੀ 22 ਸਾਲਾ ਪਤਨੀ ਰੀਮਾ ਰਸੋਈ ਵਿੱਚ ਖੜ੍ਹੇ ਗੱਲਾਂ ਕਰ ਰਹੇ ਸਨ।

ਇਸੇ ਦੌਰਾਨ ਬਾਹਰਲੇ ਗੇਟ ਦੀ ਬੈਲ ਵੱਜੀ। ਉੱਥੇ ਸੌਮਿਆ ਦੇ ਨਾਂ ਦਾ ਪਾਰਸਲ ਫੜੀ ਇੱਕ ਡਲਿਵਰੀ ਵਾਲਾ ਮੁੰਡਾ ਖੜ੍ਹਾ ਸੀ।

ਡੱਬੇ 'ਤੇ ਇੱਕ ਪੁਰਾਣੇ ਜਿਹੇ ਸਟੀਕਰ 'ਤੇ ਲਿਖਿਆ ਹੋਇਆ ਸੀ ਕਿ ਇਸ ਨੂੰ ਕੋਈ 230 ਕਿਲੋਮੀਟਰ ਦੂਰ ਰਾਇਪੁਰ ਤੋਂ ਕਿਸੇ ਐਸਪੀ ਸ਼ਰਮਾ ਨੇ ਭੇਜਿਆ ਹੈ।

ਰੀਮਾ ਉਸ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਸੌਮਿਆ ਨੇ ਰਸੋਈ ਵਿੱਚ ਪਾਰਸਲ ਖੋਲ੍ਹਿਆ ਸੀ। ਉਹ ਕਹਿੰਦੇ ਹਨ,"ਪਾਰਸਲ ਹਰੇ ਰੰਗ ਦੇ ਕਵਰ ਵਿੱਚ ਸੀ ਜਿਸ ਵਿੱਚੋਂ ਚਿੱਟੇ ਰੰਗ ਦਾ ਧਾਗਾ ਨਿਕਲ ਰਿਹਾ ਸੀ। ਉਸੇ ਸਮੇਂ 85 ਸਾਲਾ ਦਾਦੀ ਜੇਮਾਮਣੀ ਸਾਹੂ ਪਾਰਸਲ ਵਿੱਚ ਕੀ ਹੈ ਇਹ ਦੇਖਣ ਆਈ।"

ਸਰਪ੍ਰਾਈਜ਼ ਗਿਫ਼ਟ

ਸੌਮਿਆ ਸ਼ੇਖਰ ਨੇ ਆਪਣੀ ਪਤਨੀ ਨੂੰ ਕਿਹਾ, "ਇਹ ਵਿਆਹ ਦਾ ਗਿਫ਼ਟ ਲਗਦਾ ਹੈ। ਮੈਨੂੰ ਸਿਰਫ਼ ਇਹੀ ਨਹੀਂ ਪਤਾ ਕਿ ਇਸ ਨੂੰ ਭੇਜਣ ਵਾਲਾ ਕੌਣ ਹੈ ਸਗੋਂ ਮੈਂ ਰਾਇਪੁਰ ਵਿੱਚ ਕਿਸੇ ਨੂੰ ਨਹੀਂ ਜਾਣਦਾ।"

ਜਿਵੇਂ ਹੀ ਧਾਗਾ ਖਿੱਚਿਆ ਰਸੋਈ ਵਿੱਚ ਬਿਜਲੀ ਜਿਹੀ ਚਮਕੀ ਤੇ ਜ਼ੋਰ ਦਾ ਧਮਾਕਾ ਹੋਇਆ। ਤਿੰਨੇ ਵਿਅਕਤੀ ਧਮਾਕੇ ਨਾਲ ਉੱਥੇ ਹੀ ਡਿੱਗ ਗਏ ਤੇ ਖੂਨ ਵਗਣ ਲਗਿਆ।

ਇਸ ਧਮਾਕੇ ਨਾਲ ਛੱਤ ਦਾ ਪਲਸੱਤਰ ਪੁੱਟਿਆ ਗਿਆ ਤੇ ਵਾਟਰ ਪਿਊਰੀਫਾਇਰ ਟੁੱਟ ਗਿਆ। ਖਿੜਕੀ ਵੀ ਟੁੱਟ ਗਈ ਤੇ ਹਰੇ ਰੰਗ ਵਿੱਚ ਰੰਗੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ।

ਸਾਰੇ ਦਰਦ ਨਾਲ ਤੜਫ਼ ਰਹੇ ਸਨ ਤੇ ਖੂਨ ਵੱਗ ਰਿਹਾ ਸੀ। ਸੌਮਿਆ ਸ਼ੇਖਰ ਨੇ ਬੇਸੁੱਧ ਹੋਣ ਤੋਂ ਪਹਿਲਾਂ ਕਿਹਾ, ਬਚਾਓ, ਮੈਨੂੰ ਲਗਦਾ ਹੈ ਕਿ ਮੈਂ ਮਰ ਰਿਹਾ ਹਾਂ।

ਇਹ ਆਖ਼ਰੀ ਸ਼ਬਦ ਸਨ ਜੋ ਰੀਮਾ ਨੇ ਆਪਣੇ ਪਤੀ ਦੇ ਮੂੰਹੋਂ ਸੁਣੇ।

ਅੱਗ ਨਾਲ ਉਨ੍ਹਾਂ ਦੀਆਂ ਬਾਹਾਂ ਤੇ ਚਿਹਰੇ ਸੜ ਗਏ। ਉਹ ਫੇਫੜਿਆਂ ਵਿੱਚ ਧੂੰਆ ਭਰ ਜਾਣ ਕਰਕੇ ਸਾਹ ਲਈ ਤੜਫਣ ਲੱਗੇ।

ਐਨੇ ਨੂੰ ਗੁਆਂਢੀ ਭੱਜੇ ਆਏ ਕਿ ਕਿਤੇ ਗੈਸ ਸਿਲੰਡਰ ਤਾਂ ਨਹੀਂ ਫਟ ਗਿਆ। ਮਲਵਾ ਉਨ੍ਹਾਂ ਦੀਆਂ ਅੱਖਾਂ 'ਚ ਭਰ ਜਾਣ ਕਰਕੇ ਨਜ਼ਰ ਧੁੰਦਲੀ ਹੁੰਦੀ ਚਲੀ ਗਈ।

ਰੀਮਾ ਘਿਸੜ ਕੇ ਬੈਡਰੂਮ ਤੱਕ ਪਹੁੰਚੀ

ਇਸ ਦੇ ਬਾਵਜੂਦ ਰੀਮਾ ਘਿਸੜ ਕੇ ਬੈਡਰੂਮ ਵਿੱਚ ਪਹੁੰਚਣ ਵਿੱਚ ਸਫ਼ਲ ਹੋ ਗਈ ਅਤੇ ਆਪਣੀ ਸੱਸ ਜੋ ਕਿ ਇੱਕ ਕਾਲਜ ਵਿੱਚ ਪ੍ਰਿੰਸੀਪਲ ਹਨ ਨੂੰ ਫੋਨ ਕਰਨ ਲੱਗੀ ਪਰ ਉਸ ਤੋਂ ਪਹਿਲਾਂ ਹੀ ਬੇਹੋਸ਼ ਹੋ ਗਈ।

ਧਮਾਕੇ ਤੋਂ ਬਾਅਦ ਦੀਆਂ ਸੀਸੀਟੀਵੀ ਤਸਵੀਰਾਂ ਵਿੱਚ ਗੁਆਂਢੀ ਤਿੰਨਾਂ ਫੱਟੜਾਂ ਨੂੰ ਐਂਬੂਲੈਂਸ ਵਿੱਚ ਪਾ ਰਹੇ ਦਿਖਾਈ ਦਿੰਦੇ ਹਨ। ਸੌਮਿਆ ਤੇ ਦਾਦੀ ਦੀ 90 ਫੀਸਦੀ ਸੜ ਜਾਣ ਕਰਕੇ ਹਸਪਤਾਲ ਦੇ ਰਾਹ ਵਿੱਚ ਹੀ ਮੌਤ ਹੋ ਗਈ । ਰੀਮਾ ਸਰਕਾਰੀ ਹਸਪਤਾਲ ਦੇ ਬਰਨ ਵਾਰਡ ਵਿੱਚ ਹੋਲੀ-ਹੋਲੀ ਠੀਕ ਹੋ ਰਹੀ ਹੈ।

ਇਸ ਗੰਭੀਰ ਹਾਦਸੇ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਸੌਮਿਆ ਨੂੰ ਕਿਸ ਨੇ ਮਾਰਿਆ।

Image copyright SUBRAT KUMAR PATI

ਰੀਮਾ ਦੇ ਪਿਤਾ ਸੁਦਾਮ ਚਰਨ ਸਾਹੂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸਾਧਾਰਣ ਲੋਕ ਹਾਂ। ਨਾ ਮੇਰਾ ਕੋਈ ਦੁਸ਼ਮਣ ਹੈ ਤੇ ਨਾ ਕੋਈ ਮੇਰੀ ਬੇਟੀ ਦਾ। ਮੇਰੇ ਜੁਆਈ ਦਾ ਵੀ ਕੋਈ ਦੁਸ਼ਮਣ ਨਹੀਂ ਸੀ। ਮੈਨੂੰ ਕਿਸੇ 'ਤੇ ਸ਼ੱਕ ਨਹੀਂ। ਮੈਨੂੰ ਨਹੀਂ ਪਤਾ ਅਜਿਹਾ ਕੌਣ ਕਰ ਸਕਦਾ ਹੈ।"

ਸੌਮਿਆ ਤੇ ਰੀਮਾ ਦੀ ਇੱਕ ਸਾਲ ਪਹਿਲਾਂ ਮੰਗਣੀ ਹੋਈ ਸੀ। ਰੀਮਾ ਦੇ ਪਿਤਾ ਇੱਕ ਕੱਪੜਾ ਵਪਾਰੀ ਹਨ। ਉਨ੍ਹਾਂ ਨੇ ਰੀਮਾ ਨੂੰ ਆਪਣੇ ਛੋਟੇ ਭਰਾ ਤੋਂ ਗੋਦ ਲਿਆ ਸੀ ਕਿਉਂਕਿ ਉਨ੍ਹਾਂ ਨੂੰ ਦੋ ਪੁੱਤਰਾਂ ਮਗਰੋਂ ਇੱਕ ਧੀ ਚਾਹੀਦੀ ਸੀ।

ਹਸਮੁਖ ਤੇ ਪਿਆਰੀ ਰੀਮਾ ਨੇ ਇੱਕ ਲੋਕਲ ਕਾਲਜ ਤੋਂ ਉੜੀਆ ਭਾਸ਼ਾ ਵਿੱਚ ਹੀ ਗ੍ਰੈਜੂਏਸ਼ਨ ਕੀਤੀ ਸੀ।

ਸੌਮਿਆ ਸ਼ੇਖਰ ਦੇ ਮਾਪੇ ਕਾਲਜ ਅਧਿਆਪਕ ਹਨ। ਸੌਮਿਆ ਖ਼ੁਦ ਕੰਪਿਊਟਰ ਵਿਗਿਆਨ ਦੀ ਪੜ੍ਹਾਈ ਕਰਕੇ ਪਹਿਲਾਂ ਚੰਡੀਗੜ੍ਹ ਤੇ ਬਾਅਦ ਵਿੱਚ ਬੰਗਲੂਰੂ ਵਿੱਚ ਇੱਕ ਜਾਪਾਨੀ ਕੰਪਨੀ ਵਿੱਚ ਕੰਮ ਕਰ ਚੁੱਕੇ ਸਨ।

ਇੱਕ ਅਨਜਾਣ ਫੋਨ ਕਾਲ

ਸੌਮਿਆ ਸ਼ੇਖਰ ਦੇ ਪਿਤਾ ਰਵਿੰਦਰ ਕੁਮਾਰ ਸਾਹੂ ਨੇ ਦੱਸਿਆ, "ਉਹ ਦੋਵੇਂ ਵਿਆਹ ਤੋਂ ਪਹਿਲਾਂ ਪਰਿਵਾਰ ਵਾਲਿਆਂ ਦੀ ਗੈਰ-ਹਾਜ਼ਰੀ ਵਿੱਚ ਇੱਕ-ਦੂਜੇ ਨੂੰ ਮਿਲੇ ਸਨ। ਦੋਵੇਂ ਖੁਸ਼ ਸਨ ਕੋਈ ਉਨ੍ਹਾਂ ਨੂੰ ਕਿਉਂ ਮਾਰਨਾ ਚਾਹੇਗਾ?"

ਬੱਸ ਇੱਕ ਬੇਤੁਕੀ ਜਿਹੀ ਗੱਲ ਹੈ ਕਿ ਜਦੋਂ ਸੌਮਿਆ ਬੰਗਲੂਰੂ ਵਿੱਚ ਸਨ ਤਾਂ ਇੱਕ ਅਨਜਾਣ ਫੋਨ ਆਇਆ ਸੀ।

"ਇਹ ਕਾਲ ਪਿਛਲੇ ਸਾਲ ਆਇਆ ਸੀ, ਰੀਮਾ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਉਹ ਦੋਵੇਂ ਗੱਲ ਕਰ ਰਹੇ ਸਨ ਉਸੇ ਸਮੇਂ ਫੋਨ ਆਇਆ ਸੀ।ਸੌਮਿਆ ਨੇ ਰੀਮਾ ਦੀ ਕਾਲ ਹੋਲਡ ਕਰਕੇ ਉਹ ਫੋਨ ਸੁਣਿਆ। ਬਾਅਦ ਵਿੱਚ ਰੀਮਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਧਮਕਾਇਆ ਗਿਆ ਸੀ। ਕਿਸੇ ਨੇ ਉਨ੍ਹਾਂ ਨੂੰ ਧਮਕੀ ਦੇ ਕੇ ਰੀਮਾ ਨਾਲ ਵਿਆਹ ਨਾ ਕਰਨ ਲਈ ਕਿਹਾ ਸੀ।"

"ਉਸ ਮਗਰੋਂ ਉਨ੍ਹਾਂ ਨੇ ਕਿਸੇ ਹੋਰ ਕਾਲ ਦੀ ਗੱਲ ਨਹੀਂ ਕੀਤੀ। ਇਸੇ ਦੌਰਾਨ ਦੋਹਾਂ ਦਾ ਵਿਆਹ ਹੋ ਗਿਆ ਤੇ ਦੋਵੇਂ ਫੋਨ ਕਾਲ ਬਾਰੇ ਭੁੱਲ ਚੁੱਕੇ ਸਨ।"

ਇਸ ਮਾਮਲੇ ਵਿੱਚ ਹੁਣ ਤੱਕ ਕੋਈ ਦੋ ਦਰਜਨ ਜਾਂਚ ਅਧਿਕਾਰੀਆਂ ਨੇ ਚਾਰ ਵੱਖੋ-ਵੱਖ ਸ਼ਹਿਰਾਂ ਵਿੱਚ ਦੋਸਤਾਂ ਤੇ ਰਿਸ਼ਤੇਦਾਰਾਂ ਸਮੇਤ 100 ਤੋਂ ਵੱਧ ਲੋਕਾਂ ਨਾਲ ਪੁੱਛ-ਗਿੱਛ ਕੀਤੀ ਹੈ। ਉਨ੍ਹਾਂ ਦੇ ਫੋਨ ਰਿਕਾਰਡ ਫਰੋਲੇ, ਲੈਪਟਾਪ ਸਕੈਨ ਕੀਤੇ ਅਤੇ ਨਵੇਂ ਵਿਆਹੇ ਜੋੜੇ ਦੇ ਫੋਨ ਵੀ ਫਰੋਲੇ।

ਫੋਟੋ ਕੈਪਸ਼ਨ ਸੌਮਿਆ ਸ਼ੇਖਰ ਦੇ ਵਿਆਹ ਦੀ ਰਿਸੈਪਸ਼ਨ ਵਿੱਚ 800 ਤੋਂ ਵਧੇਰੇ ਲੋਕ ਆਏ ਸਨ।

ਇਸ ਤਹਿਕੀਕਾਤ ਵਿੱਚ ਉਸ ਸਮੇਂ ਉਮੀਦ ਦੀ ਕਿਰਨ ਮਿਲੀ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ 119 ਕਿਲੋਮੀਟਰ ਦੂਰ ਕਾਲਾਹਾਂਡੀ ਜ਼ਿਲ੍ਹੇ ਵਿੱਚੋਂ ਇੱਕ ਨਿੱਜੀ ਕੰਪਿਊਟਰ ਤੋਂ ਇਸ ਪਾਰਸਲ ਨੂੰ ਦੋ ਵਾਰ ਟਰੇਸ ਕੀਤਾ ਗਿਆ ਸੀ।

ਇਹ ਕਿਆਸ ਲਾਇਆ ਗਿਆ ਕਿ ਹੋ ਸਕਦਾ ਹੈ ਕਿ ਕਾਤਲ ਇਸ 'ਤੇ ਨਿਗ੍ਹਾ ਰੱਖ ਰਿਹਾ ਹੋਵੇ। ਅੰਤ ਵਿੱਚ ਪਤਾ ਲਗਿਆ ਕਿ ਇਹ ਤਾਂ ਕੁਰੀਅਰ ਕੰਪਨੀ ਆਪਣੇ ਭੇਜੇ ਪਾਰਸਲ ਦੀ ਨਿਗਰਾਨੀ ਰੱਖਣ ਲਈ ਕਰ ਰਹੀ ਸੀ।

ਕਰੂਡ ਬੰਬ

ਪੁਲਿਸ ਨੂੰ ਕੇਵਲ ਇਹ ਪਤਾ ਹੈ ਕਿ ਇਹ ਪਾਰਸਲ ਰਾਇਪੁਰ ਤੋਂ ਭੇਜਿਆ ਗਿਆ ਸੀ ਜਿਸ 'ਤੇ ਗਲਤ ਨਾਂ ਅਤੇ ਪਤਾ ਲਿਖਿਆ ਸੀ। ਕਾਤਲ ਨੇ ਇਸ ਦੇ ਲਈ 400 ਰੁਪਏ ਖਰਚ ਕੀਤੇ ਸੀ ਅਤੇ ਬੜੀ ਸਾਵਧਾਨੀ ਨਾਲ ਕੁਰੀਅਰ ਦੀ ਚੋਣ ਕੀਤੀ ਸੀ।

ਕੁਰੀਅਰ ਕੰਪਨੀ ਦੇ ਦਫ਼ਤਰ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲਗਿਆ ਸੀ ਅਤੇ ਪਾਰਸਲ ਨੂੰ ਸਕੈਨ ਵੀ ਨਹੀਂ ਕੀਤਾ ਗਿਆ ਸੀ।

ਤਿੰਨ ਬੱਸਾਂ ਅਤੇ ਚਾਰ ਹੱਥਾਂ ਤੋਂ ਹੁੰਦਾ ਹੋਇਆ ਪਾਰਸਲ 650 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ 20 ਫਰਵਰੀ ਨੂੰ ਪਾਟਨਗੜ੍ਹ ਪਹੁੰਚਿਆ ਸੀ।

ਕੁਰੀਅਰ ਕੰਪਨੀ ਦੇ ਸਥਾਨਕ ਮੈਨੇਜਰ ਦਿਲੀਪ ਕੁਮਾਰ ਨੇ ਦੱਸਿਆ, "ਡਿਲੀਵਰੀ ਮੈਨ ਉਸ ਸ਼ਾਮ ਨੂੰ ਸੌਮਿਆ ਸ਼ੇਖਰ ਦੇ ਘਰ ਪਹੁੰਚਿਆ ਸੀ ਪਰ ਪਾਰਸਲ ਨੂੰ ਬਿਨਾਂ ਡਿਲੀਵਰ ਕੀਤੇ ਹੀ ਵਾਪਸ ਪਰਤ ਗਿਆ ਕਿਉਂਕਿ ਉੱਥੇ ਰਿਸੈਪਸ਼ਨ ਪਾਰਟੀ ਚੱਲ ਰਹੀ ਸੀ।''

ਅੰਤ ਵਿੱਚ ਉਸ ਨੇ ਤਿੰਨ ਦਿਨਾਂ ਬਾਅਦ ਪਾਰਸਲ ਨੂੰ ਗੇਟ 'ਤੇ ਡਿਲੀਵਰ ਕਰ ਦਿੱਤਾ।

ਫੌਰੈਂਸਿੰਕ ਮਾਹਿਰ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਬੰਬ ਕਿੰਨਾ ਸ਼ਕਤੀਸ਼ਾਲੀ ਸੀ। ਜਾਂਚ ਵਿੱਚ ਲੱਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜੂਟ ਦੇ ਧਾਗੇ ਵਿੱਚ ਇੱਕ ਕਰੂਡ ਬੰਬ ਸੀ ਜਿਸ ਵਿੱਚੋਂ ਧਮਾਕੇ ਤੋਂ ਬਾਅਦ ਸਫੇਦ ਧੂੰਆਂ ਨਿਕਲਿਆ ਸੀ।

ਪੁਲਿਸ ਦੇ ਹੱਥ ਖਾਲੀ

ਸੁਰਾਗਾਂ ਦੀ ਘਾਟ ਕਾਰਨ ਪੁਲਿਸ ਕਤਲ ਦੇ ਪਿੱਛੇ ਕਈ ਮਕਸਦ ਹੋਣ ਵੱਲ ਧਿਆਨ ਦੇ ਰਹੀ ਹੈ।

ਕੀ ਇਹ ਕਿਸੇ ਠੁਕਰਾਏ ਪ੍ਰੇਮੀ ਦਾ ਕੰਮ ਹੈ? ਪੁਲਿਸ ਕੋਲ ਕੋਈ ਸੁਰਾਗ ਨਹੀਂ ਹੈ ਪਰ ਉਹ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਸੌਮਿਆ ਸ਼ੇਖਰ ਨੇ ਆਖਿਰ ਵਿਆਹ ਤੋਂ ਕੁਝ ਦਿਨ ਪਹਿਲਾਂ ਆਪਣਾ ਫੇਸਬੁੱਕ ਅਕਾਉਂਟ ਡਿਲੀਟ ਕਰ ਕੇ ਨਵਾਂ ਕਿਉਂ ਬਣਾਇਆ ਸੀ।

ਕੀ ਇਹ ਸਹੁਰੇ ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਕੋਈ ਕਤਲ ਤਾਂ ਨਹੀਂ ਜਿੱਥੇ ਸੌਮਿਆ ਸ਼ੇਖਰ ਇੱਕਲੌਤਾ ਅਸਲ ਵਾਰਸ ਸੀ? ਪੁਲਿਸ ਕਿਸੇ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਕੁਝ ਹੋਰ ਪਰਿਵਾਰ ਵਾਲਿਆਂ ਨਾਲ ਪੁੱਛਗਿੱਛ ਕਰਨਾ ਚਾਹੁੰਦੀ ਹੈ।

ਕੀ ਇਸ ਕਤਲ ਦਾ ਸੰਬੰਧ ਰੀਮਾ ਦੇ ਸਕੂਲ ਦੌਰਾਨ ਹੋਏ ਇੱਕ ਵਿਵਾਦ ਨਾਲ ਹੈ? ਇਸ ਵਿਵਾਦ ਦੌਰਾਨ ਸਕੂਲ ਵਿੱਚ ਪੜ੍ਹਨ ਵਾਲੇ ਇੱਕ ਮੁੰਡੇ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਸੀ ਅਤੇ ਉਸ ਦੇ ਮਾਪਿਆਂ ਨੇ ਇਸ ਦੀ ਸ਼ਿਕਾਇਤ ਪ੍ਰਿੰਸੀਪਲ ਨੂੰ ਕੀਤੀ ਸੀ। ਇਸ ਦੀ ਸੰਭਾਵਨਾ ਨਹੀਂ ਲਗਦੀ ਕਿਉਂਕਿ ਇਸ ਘਟਨਾ ਨੂੰ 6 ਸਾਲ ਬੀਤ ਚੁੱਕੇ ਹਨ।

ਕਦੋਂ ਤੱਕ ਸੁਲਝੇਗਾ ਇਹ ਕੇਸ?

ਇਸ ਦੇ ਇਲਾਵਾ ਬੰਬ ਨੂੰ ਭੇਜਣ ਵਾਲਾ ਇੰਨੇ ਸੌਖੇ ਤਰੀਕੇ ਨਾਲ ਵਿਸਫੋਟਕ ਦੇ ਪਾਰਸਲ ਨੂੰ ਆਪਣੇ ਟਾਰਗੇਟ 'ਤੇ ਭੇਜਣ ਵਿੱਚ ਕਿਵੇਂ ਕਾਮਯਾਬ ਹੋਇਆ? ਕੀ ਇਹ ਕਾਨਟ੍ਰੈਕਟ ਕਿਲਿੰਗ ਦਾ ਮਾਮਲਾ ਹੈ?

ਬਲਾਂਗੀਰ ਦੇ ਸੀਨੀਅਰ ਪੁਲਿਸ ਅਫ਼ਸਰ ਸ਼ਸ਼ੀ ਭੂਸ਼ਣ ਸਤਪਥੀ ਕਹਿੰਦੇ ਹਨ, "ਇਹ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ। ਇਹ ਇੱਕ ਜਾਣਕਾਰ ਸ਼ਖਸ ਦਾ ਕੰਮ ਹੈ ਜੋ ਬੰਬ ਬਣਾਉਣ ਦੀ ਕਲਾ ਨਾਲ ਚੰਗੇ ਤਰੀਕੇ ਨਾਲ ਵਾਕਫ ਹੈ।''

ਰੀਮਾ ਹੁਣ ਵੀ ਹਸਪਤਾਲ ਵਿੱਚ ਹੈ ਅਤੇ ਜਦੋਂ ਸੋਮਵਾਰ ਨੂੰ ਉਨ੍ਹਾਂ ਨੂੰ ਪੁਰਾਣੀਆਂ ਅਖਬਾਰਾਂ ਤੋਂ ਪਤਾ ਲਗਿਆ ਕਿ ਉਸ ਧਮਾਕੇ ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਰੋਣ ਲੱਗੀ।

ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਇਸ ਦ੍ਰਿਸ਼ ਨੂੰ ਆਪਣੇ ਮੋਬਾਈਲ ਵਿੱਚ ਰਿਕਾਰਡ ਕੀਤਾ। ਤਕਰੀਬਨ ਤਿੰਨ ਹਫ਼ਤਿਆਂ ਤੱਕ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਤੋਂ ਇਹ ਖ਼ਬਰ ਲੁਕਾ ਕੇ ਰੱਖੀ ਸੀ, ਉਹ ਬਹੁਤ ਰੋ ਰਹੀ ਸੀ।

ਉਹ ਰੋਂਦੋ ਹੋਏ ਆਪਣੇ ਪਿਓ ਨੂੰ ਗੁੱਸੇ ਨਾਲ ਕਹਿ ਰਹੀ ਸੀ, "ਤੁਸੀਂ ਮੈਨੂੰ ਝੂਠ ਬੋਲਿਆ, ਤੁਸੀਂ ਮੈਨੂੰ ਸੱਚ ਨਹੀਂ ਦੱਸਿਆ।''

ਸ਼ਾਮ ਤੱਕ ਉਨ੍ਹਾਂ ਦਾ ਰੋਣਾ ਵੀ ਨਿੱਜੀ ਵੀਡੀਓ ਟੀਵੀ 'ਤੇ ਦਿਖਾਇਆ ਜਾ ਰਿਹਾ ਸੀ।

ਉਨ੍ਹਾਂ ਦੇ ਪਿਤਾ ਨੇ ਕਿਹਾ, "ਅਸੀਂ ਸੋਚਿਆ ਕਿ ਸ਼ਾਇਦ ਇਹ ਜਾਂਚ ਨੂੰ ਅੱਗੇ ਵਧਾਉਣ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਕੰਮ ਕਰੇਗਾ।''

"ਅਸੀਂ ਬੱਸ ਇਹੀ ਚਾਹੁੰਦੇ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ