ਕਿਸ ਤਰ੍ਹਾਂ ਮਾਪਿਆਂ ਤੋਂ ਵਿਛੜੇ ਸੌਰਭ ਨੂੰ ਆਧਾਰ ਕਾਰਡ ਨੇ ਮਿਲਾਇਆ

ਸੌਰਭ
ਫੋਟੋ ਕੈਪਸ਼ਨ ਵਿਨੋਦ ਅਤੇ ਗੀਤਾ ਦਾ ਵਿਛੜਿਆ ਹੋਇਆ ਮੁੰਡਾ ਜੋ ਆਧਾਰ ਕਾਰਨ ਮਾਪਿਆਂ ਨੂੰ ਮੁੜ ਮਿਲ ਗਿਆ

ਵਿਨੋਦ ਅਤੇ ਗੀਤਾ ਲਈ ਇਹ ਪਾਣੀਪਤ ਦੀ ਜੰਗ ਤੋਂ ਘੱਟ ਨਹੀਂ ਸੀ - ਚਾਰ ਸਾਲ ਦੇ ਮੁੰਡੇ ਦਾ ਇੱਕ ਦਿਨ ਖੇਡਦੇ-ਖੇਡਦੇ ਅਚਾਨਕ ਗਾਇਬ ਹੋ ਜਾਣਾ।

ਉਹ ਐਤਵਾਰ ਦਾ ਦਿਨ ਸੀ, ਸਾਲ... ਸ਼ਾਇਦ 2015, ਜਦੋਂ 4 ਸਾਲ ਦਾ ਬੱਚਾ ਖੇਡਦੇ-ਖੇਡਦੇ ਗਾਇਬ ਹੋ ਗਿਆ।

'ਰੋਂਦੇ-ਰੋਂਦੇ ਰੇਲਵੇ ਸਟੇਸ਼ਨ ਤੱਕ ਗਏ, ਚਾਰੇ ਪਾਸੇ ਦੇਖਿਆ, ਸਾਲ ਭਰ ਦੇ ਦੂਜੇ ਛੋਟੇ ਬੱਚੇ ਨੂੰ ਗੁਆਂਢੀ ਦੇ ਭਰੋਸੇ ਛੱਡਿਆ, ਪਰ ਮੇਰਾ ਮੁੰਡਾ ਕਿਤੇ ਨਹੀਂ ਮਿਲਿਆ... ਮੇਰੇ ਪਤੀ ਨੂੰ ਤਾਂ ਸ਼ਾਮ 6-7 ਵਜੇ ਦੇ ਕਰੀਬ ਪਤਾ ਲੱਗਿਆ ਜਦੋਂ ਉਹ ਕੰਮ ਤੋਂ ਵਾਪਿਸ ਆਇਆ', ਉਸ ਦਿਨ ਨੂੰ ਯਾਦ ਕਰਕੇ ਗੀਤਾ ਦੀਆਂ ਅੱਖਾਂ 'ਚ ਅੱਜ ਵੀ ਹੰਝੂ ਆ ਜਾਂਦੇ ਹਨ।

ਹਰਿਆਣਾ ਦੇ ਸ਼ਹਿਰਾਂ ਵਿੱਚ ਲੱਭਣ ਤੋਂ ਬਾਅਦ ਵਿਨੋਦ ਦਿੱਲੀ ਤੱਕ ਸੌਰਭ ਨੂੰ ਲੱਭਣ ਗਏ।

ਵਿਨੋਦ ਦੱਸਦੇ ਹਨ, "ਗੁਰਦੁਆਰੇ, ਮੰਦਿਰ, ਚਾਂਦਨੀ ਚੌਂਕ ਅਤੇ ਹਰ ਉਸ ਥਾਂ ਉਸ ਨੂੰ ਲੱਭਿਆ ਜਿੱਥੇ ਮੇਰੀ ਸਮਝ ਵਿੱਚ ਆਇਆ ਪਰ ਸੌਰਭ ਦਾ ਪਤਾ ਨਾ ਲੱਗਿਆ।"

ਗੀਤਾ ਜਦੋਂ ਵੀ ਕਿਸੇ ਬੱਚੇ ਨੂੰ ਦੇਖਦੀ ਤਾਂ ਆਪਣੇ ਬੱਚੇ ਨੂੰ ਯਾਦ ਕਰਕੇ ਸਾਲਾਂ ਬਾਅਦ ਵੀ ਰੋਣ ਲੱਗ ਪੈਂਦੀ ਹੈ।

ਖੁਸ਼ੀ ਦੀ ਖ਼ਬਰ ਵਾਲਾ ਫੋਨ

ਅਤੇ ਫਿਰ ਆਇਆ ਇੱਕ ਫੋਨ...

ਉਹ ਫੋਨ ਆਇਆ ਸੀ ਬੱਚਿਆਂ ਲਈ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ ਸਲਾਮ ਬਾਲਕ ਟਰੱਸਟ ਵੱਲੋਂ।

Image copyright Getty Images

ਨਿਰਮਲਾ ਦੇਵੀ ਕਹਿੰਦੀ ਹੈ, ''ਸੌਰਭ ਦੇ ਸਕੂਲ ਵਿੱਚ ਦਾਖ਼ਲੇ ਲਈ ਜਦੋਂ ਆਧਾਰ ਕਾਰਡ ਬਣਵਾਇਆ ਜਾ ਰਿਹਾ ਸੀ ਤਾਂ ਉਸਦਾ ਫਿੰਗਰ ਪ੍ਰਿੰਟ ਪਾਣੀਪਤ ਵਿੱਚ ਤਿਆਰ ਹੋਏ ਆਧਾਰ-ਕਾਰਡ ਵਿੱਚ ਦਰਜ ਇੱਕ ਬੱਚੇ ਦੇ ਡੇਟਾ ਨਾਲ ਮੈਚ ਹੋਇਆ। ਉਸ ਕਾਰਡ ਵਿੱਚ ਇੱਕ ਮੋਬਾਈਲ ਨੰਬਰ ਵੀ ਦਰਜ ਸੀ। ਅਸੀਂ ਉਸ 'ਤੇ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਹਾਂ ਪਰਿਵਾਰ ਦਾ ਇੱਕ ਮੁੰਡਾ ਸੌਰਭ ਕਈ ਸਾਲਾਂ ਤੋਂ ਗਾਇਬ ਹੈ।''

ਨਿਰਮਲਾ ਦੇਵੀ ਕਹਿੰਦੀ ਹੈ, ''ਜਿਹੜੇ ਬੱਚਿਆਂ ਨੂੰ ਅਸੀਂ ਆਧਾਰ ਦੇ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਜਾਂ ਪਰਿਵਾਰ ਵਾਲਿਆਂ ਨਾਲ ਮਿਲਾਉਣ 'ਚ ਕਾਮਯਾਬ ਹੋਏ ਹਾਂ, ਉਨ੍ਹਾਂ ਵਿੱਚ ਸੌਰਭ ਸਾਡੀ ਸੰਸਥਾ ਦਾ ਪਹਿਲਾ ਬੱਚਾ ਹੈ।''

ਸਲਾਮ ਬਾਲਕ ਟਰਸੱਟ ਪਿਛਲੇ ਸਾਲ ਅਜਿਹੇ 7 ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨਾਲ ਮੇਲ ਕਰਵਾ ਚੁੱਕਿਆ ਹੈ ਜਿਨ੍ਹਾਂ ਦੀ ਪਛਾਣ ਆਧਾਰ-ਕਾਰਡ ਡੇਟਾ ਦੇ ਕਾਰਨ ਸੰਭਵ ਹੋ ਸਕੀ ਹੈ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਚਾਈਲਡ ਲਾਈਨ ਹੋਮ ਵਿੱਚ ਰਹਿਣ ਵਾਲੇ ਇਨ੍ਹਾਂ ਗੁਆਚੇ ਹੋਏ ਬੱਚਿਆਂ ਦਾ ਸਬੰਧ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ-ਪ੍ਰਦੇਸ਼ ਅਤੇ ਝਾਰਖੰਡ ਨਾਲ ਸੀ।

ਫੋਟੋ ਕੈਪਸ਼ਨ ਸੌਰਭ ਆਪਣੇ ਪਰਿਵਾਰ ਨਾਲ

ਸੰਸਥਾ ਦੇ ਦਿੱਲੀ ਦੇ ਮੁਖੀ ਸੰਜੇ ਦੂਬੇ ਕਹਿੰਦੇ ਹਨ, ''ਸਾਲ 2017 ਵਿੱਚ ਸਾਡੇ ਕੋਲ ਆਏ 927 ਬੱਚਿਆਂ ਵਿੱਚੋਂ 678 ਨੂੰ ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਮਿਲਵਾਉਣ ਵਿੱਚ ਕਾਮਯਾਬ ਰਹੇ, ਇਹ ਸਾਰੇ ਵਰਕਰਾਂ ਦੇ ਨੈੱਟਵਰਕ, ਉਨ੍ਹਾਂ ਦੀ ਛਾਣਬੀਣ ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਸੰਭਵ ਹੋ ਸਕਿਆ ਹੈ।''

ਆਧਾਰ ਕਾਰਡ ਕਿੰਨਾ ਮਦਦਗਾਰ?

ਇਸ ਵਿੱਚ ਆਧਾਰ-ਕਾਰਡ ਨਾਲ ਕਿੰਨੀ ਮਦਦ ਮਿਲੀ?

ਸੰਜੇ ਦੂਬੇ ਇਸ ਸਵਾਲ ਦੇ ਜਵਾਬ ਵਿੱਚ ਕਹਿੰਦੇ ਹਨ, ''ਆਧਾਰ ਨਾਲ ਮਦਦ ਉਨ੍ਹਾਂ 7 ਕੇਸਾਂ ਵਿੱਚ ਮਿਲੀ ਜਿਨ੍ਹਾਂ ਬਾਰੇ ਨਿਰਮਲਾ ਦੇਵੀ ਨੇ ਗੱਲ ਕੀਤੀ, ਬਾਕੀ ਬੱਚਿਆਂ ਦੇ ਪਰਿਵਾਰ ਨਾਲ ਮਿਲਵਾਉਣ ਦਾ ਕੰਮ ਸਾਡੀ ਸੰਸਥਾ ਸਾਲਾਂ ਤੋਂ ਕਰਦੀ ਆਈ ਹੈ-ਉਦੋਂ ਵੀ ਜਦੋਂ ਆਧਾਰ-ਕਾਰਡ ਨਹੀਂ ਹੁੰਦੇ ਸੀ!''

ਉਹ ਅੱਗੇ ਕਹਿੰਦੇ ਹਨ, ''ਹਾਂ ਇਸ ਨਾਲ ਕੰਮ ਸ਼ਾਇਦ ਥੋੜ੍ਹਾ ਸੌਖਾ ਹੋ ਜਾਵੇ, ਖਾਸ ਤੌਰ 'ਤੇ ਉਨ੍ਹਾਂ ਬੱਚਿਆਂ ਦੇ ਮਾਮਲੇ ਵਿੱਚ ਜਿਹੜੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਰਕੇ ਬਹੁਤ ਗੱਲਾਂ ਨਹੀਂ ਦੱਸ ਸਕਦੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ