ਪ੍ਰੈੱਸ ਰਿਵੀਊ: ਸੁਪਰੀਮ ਕੋਰਟ 'ਚ ਹੋਵੇਗੀ ਨਿਕਾਹ ਹਲਾਲਾ 'ਤੇ ਸੁਣਵਾਈ

November 2016, an Indian bride listens as an officiator (2R) reads 'nikah ka certificate' or marriage certificate Image copyright Getty Images/AFP

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਤੁਰੰਤ ਤਿੰਨ ਤਲਾਕ 'ਤੇ ਰੋਕ ਤੋਂ 7 ਮਹੀਨੇ ਬਾਅਦ ਸੁਪਰੀਮ ਕੋਰਟ ਹੁਣ ਨਿਕਾਹ ਹਲਾਲਾ, ਨਿਕਾਹ ਮਿਸਆਰ ਅਤੇ ਨਿਕਾਹ ਮੁਤੀਆਹ ਦੀ ਸਵਿੰਧਾਨਕ ਪਰਮਾਣਿਕਤਾ 'ਤੇ ਸੁਣਵਾਈ ਕਰੇਗਾ।

ਨਿਕਾਹ ਹਲਾਲਾ ਦੇ ਤਹਿਤ ਇੱਕ ਮੁਸਲਮਾਨ ਔਰਤ ਜੇ ਆਪਣੇ ਸਾਬਕਾ ਪਤੀ ਨਾਲ ਮੁੜ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਜ਼ਰੂਰੀ ਹੈ ਕਿ ਉਹ ਕਿਸੇ ਹੋਰ ਮਰਦ ਨਾਲ ਪਹਿਲਾਂ ਵਿਆਹ ਕਰਵਾਏ ਅਤੇ ਉਸ ਤੋਂ ਤਲਾਕ ਲਵੇ।

ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਨਿਕਾਹ ਮੁਤੀਆਹ ਅਤੇ ਨਿਕਾਹ ਮਿਸਆਰ 'ਸਿਰਫ਼ ਮਜ਼ੇ ਲਈ' ਕੱਚੇ ਵਿਆਹ ਹਨ।

Image copyright Getty Images

ਹਿੰਦੁਸਤਾਨ ਟਾਈਮਜ਼ ਮੁਤਾਬਕ ਸਿੱਖ ਕਾਰਕੁੰਨ ਗੁਰਬਖ਼ਸ਼ ਸਿੰਘ ਖਾਲਸਾ ਵੱਲੋਂ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ 4 ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ।

ਪਹਿਲੀ ਐੱਫ਼ਆਈਆਰ 20 ਮਾਰਚ ਨੂੰ ਹੀ ਖਾਲਸਾ ਦੇ ਖ਼ਿਲਾਫ਼ ਕੀਤੀ ਗਈ। ਦੂਜੀ ਐੱਫ਼ਆਈਆਰ ਗੁਰਬਖ਼ਸ਼ ਸਿੰਘ ਖਾਲਸਾ ਦੇ ਪੁੱਤਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਸਣੇ 200 ਲੋਕਾਂ ਖ਼ਿਲਾਫ਼ ਕੀਤੀ ਗਈ ਹੈ।

Image copyright Getty Images/AFP

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਸਨਅਤਕਾਰਾਂ ਨੂੰ ਬਿਜਲੀ ਦੇ ਬਿਲਾਂ ਦਾ ਝਟਕਾ ਲੱਗਿਆ ਹੈ।

ਉਨ੍ਹਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਵਾਅਦੇ ਦੇ ਬਾਵਜੂਦ 10 ਤੋਂ 11.05 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਲ ਭੇਜਿਆ ਗਿਆ ਹੈ।

ਮੰਡੀ ਗੋਬਿੰਦਗੜ੍ਹ ਵਿੱਚ ਸਟੀਲ ਦੀ ਕੰਪਨੀ ਚਲਾਉਣ ਵਾਲੇ ਮਹਿੰਦਰ ਪਾਲ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਯੂਨੀਟਾਂ ਜਨਵਰੀ ਅਤੇ ਫਰਵਰੀ ਵਿੱਚ ਬੰਦ ਰਹੀਆਂ ਫਿਰ ਵੀ 73 ਰੁਪਏ ਯੂਨਿਟ ਦੇ ਹਿਸਾਬ ਨਾਲ 5.21 ਲੱਖ ਰੁਪਏ ਦਾ ਬਿਲ ਆਇਆ ਹੈ।

ਹਾਲਾਂਕਿ ਬਾਅਦ ਵਿੱਚ ਪੀਐੱਸਪੀਸੀਐੱਲ ਦੇ ਐੱਮਡੀ ਨੇ ਦਾਅਵਾ ਕੀਤਾ ਹੈ ਕਿ ਤਕਨੀਕੀ ਖਰਾਬੀ ਇਸ ਦੀ ਵਜ੍ਹਾ ਹੋ ਸਕਦੀ ਹੈ ਅਤੇ ਬਿਲ ਦੁਬਾਰਾ ਭੇਜੇ ਜਾਣਗੇ।

Image copyright Getty Images/AFP

ਪੰਜਾਬੀ ਟ੍ਰਿਬਿਊਨ ਮਤਾਬਕ ਕਾਂਗਰਸ ਅਤੇ ਭਾਜਪਾ 'ਚ ਡਾਟਾ ਨਸ਼ਰ ਦੀ ਸ਼ਬਦੀ ਜੰਗ ਹੋਰ ਤੇਜ਼ ਹੋ ਗਈ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀਆਂ ਦੀ ਜਾਸੂਸੀ ਕਰਾਉਣ ਵਾਲਾ 'ਬਿੱਗ ਬੌਸ' ਕਰਾਰ ਦਿੱਤਾ ਹੈ ਜਦਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ 'ਛੋਟਾ ਭੀਮ' ਵੀ ਜਾਣਦਾ ਹੈ ਕਿ ਇਹ ਜਾਸੂਸੀ ਨਹੀਂ ਹੈ।

ਹੁਕਮਰਾਨ ਭਾਜਪਾ ਨੇ ਕਾਂਗਰਸ 'ਤੇ ਡੇਟਾ ਚੋਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ 'ਤੇ ਦੋਸ਼ ਜੱਗ ਜ਼ਾਹਿਰ ਹੋ ਗਏ ਤਾਂ ਕਾਂਗਰਸ ਨੇ ਆਪਣਾ ਐਪ ਹਟਾ ਲਿਆ।

ਕਾਂਗਰਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਾਈਟ ਖ਼ਰਾਬ ਹੈ ਅਤੇ ਸਾਰੀ ਮੈਂਬਰਸ਼ਿਪ ਪਾਰਟੀ ਦੀ ਵੈੱਬਸਾਈਟ ਰਾਹੀਂ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)