ਗੁਰਮੁਖੀ ਵਿੱਚ ਪਾਸਵਰਡ ਬਣਾਓ ਆਪਣਾ ਡਾਟਾ ਬਚਾਓ

ਸਾਈਬਰ

ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਆਪਣੇ ਡਾਟਾ ਜਾਂ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾ ਸਕਦਾ ਹੈ?

ਫੇਸਬੁੱਕ ਦੇ ਡਾਟਾ ਚੋਰੀ ਵਿਵਾਦ, ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਸੋਸ਼ਲ ਮੀਡੀਆ ਰਾਹੀਂ ਲੋਕ ਰਾਇ ਨੂੰ ਢਾਲਣ ਦੀਆਂ ਖ਼ਬਰਾਂ ਵੀ ਆ ਚੁੱਕੀਆਂ ਹਨ। ਹਾਲਾਂਕਿ ਹਾਲ ਹੀ ਵਿੱਚ ਫੇਸਬੁੱਕ ਨੇ ਇਸ ਵਰਤਾਰੇ ਨੂੰ ਠੱਲ ਪਾਉਣ ਦੀ ਗੱਲ ਆਖੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਧਿਕਾਰਕ ਐਂਡਰੋਇਡ ਐਪਲੀਕੇਸ਼ਨ 'ਤੇ ਵੀ ਬਿਨਾਂ ਇਜਾਜ਼ਤ ਵਰਤੋਂਕਾਰਾਂ ਦਾ ਡਾਟਾ ਤੀਜੀ ਧਿਰ ਦੇ ਸਪੁਰਦ ਕਰਨ ਦੇ ਇਲਜ਼ਾਮ ਸਾਹਮਣੇ ਆਏ ਚੁੱਕੇ ਹਨ।

ਇਸ ਕਾਰਨ ਸੋਸ਼ਲ ਮੀਡੀਆ ਯੂਜ਼ਰਜ਼ ਦੇ ਜ਼ਹਿਨ ਵਿੱਚ ਆਪਣੇ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਸੰਕੇ ਬਰਕਰਾਰ ਹਨ।

ਇਸ ਵਿਸ਼ੇ 'ਤੇ ਉੱਘੇ ਸਾਈਬਰ ਮਾਹਿਰ ਪਵਨ ਦੁੱਗਲ ਨਾਲ ਅਸੀਂ ਗੱਲਬਾਤ ਕੀਤੀ।

ਇੰਟਰਨੈੱਟ ਅਤੇ ਸਾਈਬਰ ਮਾਮਲਿਆਂ ਦੇ ਜਾਣਕਾਰ ਨੇ ਗੱਲਬਾਤ ਦੇ ਮੁੱਖ ਅੰਸ਼ ਤੁਹਾਡੇ ਲਈ...

Image copyright Getty Images

ਨਲਾਈਨ ਡਾਟਾ ਤੇ ਲੋਕਤੰਤਰ

"ਜਦੋਂ ਅਸੀਂ ਆਪਣੇ ਹੱਥ ਵੱਢ ਕੇ ਕਿਸੇ ਸਰਵਿਸ ਪ੍ਰੋਵਾਈਡਰ ਦੀ ਮੇਜ਼ 'ਤੇ ਰੱਖ ਦੇਵਾਂਗੇ ਤਾਂ ਉਹ ਕੁਝ ਵੀ ਕਰ ਸਕਦਾ ਹੈ। ਸਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ।"

ਪਵਨ ਦੁੱਗਲ ਨੇ ਕਿਹਾ, "ਮੋਬਾਈਲ ਛੋਟਾ ਹੋਣ ਕਰਕੇ ਸਾਨੂੰ ਲਗਦਾ ਹੈ ਕਿ ਇਹ ਤਾਂ ਮੇਰੀ ਜੇਬ੍ਹ ਵਿੱਚ ਆ ਜਾਂਦਾ ਹੈ। ਇਸ ਲਈ ਇਸ ਤੋਂ ਵੱਧ ਸੁਰੱਖਿਅਤ ਕੋਈ ਡਿਵਾਈਜ਼ ਹੀ ਨਹੀਂ ਹੈ। ਇਹ ਗਲਤਫਹਿਮੀ ਹੈ, ਅਸਲ ਵਿੱਚ ਤਾਂ ਇਸ ਤੋਂ ਗੈਰ-ਸੁਰੱਖਿਅਤ ਕੋਈ ਚੀਜ਼ ਹੈ ਹੀ ਨਹੀਂ। ਇਸ ਨੂੰ ਹੈਕ ਕਰਨਾ ਬੇਹੱਦ ਸੌਖਾ ਹੈ।"

"ਇਹ ਤੁਰਦਾ-ਫਿਰਦਾ ਟਾਈਮ ਬੰਬ ਹੈ, ਜੋ ਪਤਾ ਨਹੀਂ ਕਿੰਨੇ ਕਿਸਮ ਦਾ ਡਾਟਾ ਪੈਦਾ ਕਰਦਾ ਹੈ ਤੇ ਕਿੰਨੇ ਕਿਸਮ ਦਾ ਡਾਟਾ ਬ੍ਰਾਡਕਾਸਟ ਕਰਦਾ ਹੈ।"

"ਇਹ ਸਮਾਰਟ ਜ਼ਮਾਨਾ ਹੈ ਜਿਸ ਵਿੱਚ ਅਸੀਂ ਸਮਾਰਟ ਫੋਨ ਲੈਂਦੇ ਹਾਂ, ਸਮਾਰਟ ਐਪਲੀਕੇਸ਼ਨਾਂ ਡਾਊਨਲੋਡ ਕਰਦੇ ਹਾਂ। ਅਜਿਹਾ ਕਰਦੇ ਹੋਏ ਬਿਲਕੁਲ ਵੀ ਦਿਮਾਗ ਨਹੀਂ ਲਾਉਂਦੇ ਕਿ ਇਹ ਐਪਲੀਕੇਸ਼ਨ ਕਰਦੀ ਕੀ ਹੈ।"

"ਲੋਕਾਂ ਨੂੰ ਬੇਹੋਸ਼ੀ ਵਿੱਚੋਂ ਨਿਕਲ ਕੇ ਆਪਣੀ ਥੋੜ੍ਹੀ ਜਿਹੀ ਨਿੱਜਤਾ ਜੋ ਬਚੀ ਹੈ, ਉਹ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"

Image copyright Getty Images

ਸਾਨੂੰ ਡਾਟਾ ਚੋਰੀ ਹੋਣ ਬਾਰੇ ਕਿਵੇਂ ਪਤਾ ਲੱਗੇ?

ਸਵਾਲ ਪੈਦਾ ਇਹ ਹੁੰਦਾ ਹੈ ਕਿ ਨਿੱਜਤਾ ਨੂੰ ਕਿਵੇਂ ਬਚਾਇਆ ਜਾਵੇ।

ਇਸ ਬਾਰੇ ਪਵਨ ਦੁੱਗਲ ਮੁਤਾਬਕ, ''ਜਦੋਂ ਤੁਸੀਂ ਕੋਈ ਐਪਲੀਕੇਸ਼ਨ ਡਾਊਨਲੋਡ ਕਰਦੇ ਹੋ ਤਾਂ ਪਹਿਲਾਂ ਹੀ ਸਾਰੀਆਂ ਸੰਭਵ ਇਜਾਜ਼ਤਾਂ ਲੈ ਲਈਆਂ ਜਾਂਦੀਆਂ ਹਨ। ਸਾਰੇ ਵੇਰਵੇ ਪੜ੍ਹਨੇ ਚਾਹੀਦੇ ਹਨ। ਕਾਹਲੀ ਨਾ ਕਰੋ।"

"ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਕਿ ਉਹ ਕਰਦੀ ਕੀ ਹੈ। ਉਸਦੀ ਨਿੱਜਤਾ ਨੀਤੀ ਪੜ੍ਹੋ। ਜੇ ਤੁਸੀਂ ਇੱਕੋ ਵਾਰ ਵਿੱਚ ਸਾਰੀਆਂ ਇਜਾਜ਼ਤਾਂ ਦੇ ਦਿੱਤੀਆਂ ਤਾਂ ਉਸ ਦਿਨ ਤੋਂ ਲੈ ਕੇ ਹੁਣ ਤੱਕ ਤੁਹਾਡਾ ਸਾਰਾ ਡਾਟਾ ਚਲਿਆ ਗਿਆ। ਇਸਦਾ ਅਰਥ ਇਹ ਨਹੀਂ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਹੁਣ ਵੀ ਜਿਹੜੀਆਂ ਸੈਟਿੰਗਾਂ ਬਦਲ ਸਕਦੇ ਹੋ ਉਹ ਬਦਲੋ।"

"ਕੰਪਨੀ ਕਦੇ ਆ ਕੇ ਨਹੀਂ ਦੱਸਣ ਲੱਗੀ ਕਿ, ਅਸੀਂ ਤੁਹਾਡੀ ਜਾਣਕਾਰੀ ਦੀ ਗਲਤ ਵਰਤੋਂ ਕਰਨ ਲੱਗੇ ਹਾਂ। ਇਹ ਹੱਕ ਤੁਸੀਂ ਉਨ੍ਹਾਂ ਨੂੰ ਆਪ ਦਿੱਤੇ ਹਨ। ਹੁਣ ਤੁਹਾਡਾ ਡਾਟਾ ਵਰਤਣਗੇ ਵੀ ਤੇ ਵੇਚਣਗੇ ਵੀ। ਸਾਨੂੰ ਕਿਸੇ ਵੀ ਸਰਵਿਸ ਪ੍ਰੋਵਾਈਡਰ 'ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ।"

ਮੁਫ਼ਤ ਕੁਝ ਨਹੀਂ ਮਿਲਦਾ

ਪਵਨ ਦੁੱਗਲ ਕਹਿੰਦੇ ਹਨ ਕਿ ਕੋਈ ਚੀਜ਼ ਮੁਫ਼ਤ ਨਹੀਂ ਮਿਲਦੀ। ਕੰਪਨੀਆਂ ਲਈ ਤਾਂ ਅਸੀਂ ਇਨਸਾਨ ਵੀ ਨਹੀਂ ਹਾਂ ਸਗੋਂ ਡਾਟਾ ਪੁਆਂਇਟ ਹਾਂ ਜਿੱਥੋਂ ਹਰ ਰੋਜ਼ ਡਾਟਾ ਨਿਕਲਣਾ ਹੈ।

ਉਹ ਅੱਗੇ ਕਹਿੰਦੇ ਹਨ, "ਅਸੀਂ ਸਮਝਦੇ ਹਾਂ ਕਿ ਮੈਂ ਤਾਂ ਸਧਾਰਣ ਜਿਹਾ ਇਨਸਾਨ ਹਾਂ ਮੇਰੇ ਡਾਟਾ ਦਾ ਕਿਸੇ ਨੇ ਕੀ ਕਰਨਾ ਹੈ। ਬਲਕਿ ਸਾਡਾ ਡਾਟਾ ਬਹੁਤ ਕੰਮ ਦਾ ਹੈ। ਅਸੀਂ ਬਹੁਤ ਸਾਰਾ ਡਾਟਾ ਪੈਦਾ ਕਰਦੇ ਹਾਂ ਤੇ ਪ੍ਰਸਾਰਿਤ ਕਰਦੇ ਹਾਂ।"

"ਅੱਜ ਅਸੀਂ ਵੱਡੀ ਸੂਚਨਾ ਕ੍ਰਾਂਤੀ ਵਿੱਚੋਂ ਲੰਘ ਰਹੇ ਹਾਂ ਜਿੱਥੇ ਹਰ ਭਾਰਤੀ ਡਾਟਾ ਦੀ ਉਲਟੀ ਕਰ ਰਿਹਾ ਹੈ।"

Image copyright Getty Images

"ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਅਜਿਹੇ ਵਿੱਚ ਜੇ ਕਿਸੇ ਕੋਲ ਸਾਡੀ ਸਾਰੀ ਜਾਣਕਾਰੀ ਹੋਵੇ ਤਾਂ ਇਹ ਦੇਸ਼ ਲਈ ਖ਼ਤਰੇ ਵਾਲੀ ਗੱਲ ਹੈ।"

"ਡਾਟੇ ਦੀ ਇਹ ਉਲਟੀ ਸਾਨੂੰ ਨੁਕਸਾਨ ਪਹੁੰਚਾਵੇਗੀ। ਅਸੀਂ ਇੰਟਰਨੈੱਟ 'ਤੇ ਜੋ ਵੀ ਕਰਦੇ ਹਾਂ ਉਹ ਸਾਡੇ ਖ਼ਿਲਾਫ਼ ਵਰਤਿਆ ਜਾ ਸਕਦਾ ਹੈ। ਜੇ ਅਸੀਂ ਭਵਿੱਖ ਵਿੱਚ ਆਪਣਾ ਅਕਸ ਬਚਾ ਕੇ ਰੱਖਣਾ ਹੈ ਤਾਂ ਸਾਨੂੰ ਆਪਣਾ ਵਰਤਮਾਨ ਸੰਭਾਲਣਾ ਪਵੇਗਾ ਕਿਉਂਕਿ ਇੰਟਰਨੈੱਟ ਨਾ ਹੀ ਸੌਂਦਾ ਹੈ ਤੇ ਨਾ ਹੀ ਭੁੱਲਦਾ ਹੈ।"

"ਘੱਟ ਤੋਂ ਘੱਟ ਅਧਿਕਾਰ ਦਿਓ ਅਤੇ ਤਕਨੀਕ ਦੀ ਜਾਇਜ਼ ਵਰਤੋਂ ਕਰੋ। ਕੋਈ ਵੀ ਚੀਜ਼ ਇੰਟਰਨੈੱਟ 'ਤੇ ਪਾਉਣ ਤੋਂ ਪਹਿਲਾਂ ਸੋਚੋ ਕਿ ਕਿਤੇ ਇਹ ਮੇਰੇ ਖ਼ਿਲਾਫ਼ ਤਾਂ ਨਹੀਂ ਵਰਤੀ ਜਾ ਸਕਦੀ, ਮੇਰੇ ਪਰਿਵਾਰ ਨੂੰ ਨੁਕਸਾਨ ਤਾਂ ਨਹੀਂ ਕਰੇਗੀ। ਜੇ ਇਨ੍ਹਾਂ ਸਵਾਲਾਂ ਦੇ ਜੁਆਬ ਨਾਂਹ ਵਿੱਚ ਮਿਲਣ ਤਾਂ ਹੀ ਕੋਈ ਚੀਜ਼ ਜਾਂ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰੋ।"

"ਜਿੱਥੋਂ ਤੱਕ ਸੰਭਵ ਹੋਵੇ ਉਨ੍ਹਾਂ ਐਪਲੀਕੇਸ਼ਨਾਂ ਦੀ ਵਰਤੋਂ ਕਰੇ ਜਿਹੜੀਆਂ ਇਨਕ੍ਰਿਪਟਡ ਹਨ। ਜੋ ਕਹਿੰਦੀਆਂ ਹਨ ਕਿ ਸਾਨੂੰ ਤੁਹਾਡੇ ਡਾਟਾ ਨਾਲ ਕੋਈ ਮਤਲਬ ਨਹੀਂ ਹੈ। ਫੋਟੋ ਅਪਲੋਡ ਕਰਦੇ ਸਮੇਂ ਉਸਦਾ ਮੈਟਾ ਡਾਟਾ ਡਿਲੀਟ ਕਰੋ ਜਿਵੇਂ ਲੋਕੇਸ਼ਨ, ਤੁਹਾਡਾ ਆਈਪੀ ਪਤਾ, ਲੌਂਗੀਟਿਊਡ ਤੇ ਲੈਟੀਟੀਊਡ ਆਦਿ। ਇਹ ਸਭ ਦੱਸ ਕੇ ਤੁਸੀਂ ਚੋਰਾਂ ਨੂੰ ਆਪਣੇ ਬਾਰੇ ਸਾਰਾ ਕੁਝ ਦੱਸ ਦਿੱਤਾ।"

ਸਾਈਬਰ ਸੁਰੱਖਿਆ ਲਈ ਜ਼ਰੂਰੀ ਨੁਕਤੇ

  • ਜਿਸ ਸੇਵਾ ਦੀ ਵਰਤੋਂ ਤੁਸੀਂ ਕਰਦੇ ਹੋ ਉਸ ਦੀ ਸੈਟਿੰਗ ਆਪਸ਼ਨ 'ਚ ਜਾ ਕੇ ਆਪਣੀ ਜਾਣਕਾਰੀ ਨੂੰ ਘੱਟ ਤੋਂ ਘੱਟ ਸਾਂਝੀ ਕਰੋ।
  • ਜੋ ਕੁਝ ਵੀ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝਾ ਕਰ ਰਹੇ ਹੋ ਜਾਂ ਪ੍ਰਕਾਸ਼ਿਤ ਕਰ ਰਹੇ ਹੋ, ਉਹ ਧਿਆਨ ਨਾਲ ਕਰੋ। ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਜ਼ਰਾ ਸੋਚੋ ਕਿ ਇਸ ਦਾ ਕੋਈ ਨੁਕਸਾਨ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਤਾਂ ਨਹੀਂ ਹੋਵੇਗਾ।
  • ਆਪਣੇ ਅਕਾਊਂਟ ਨੂੰ ਵਧੇਰੇ ਸੁਰੱਖਿਅਤ ਰੱਖਣ ਲਈ ਪਾਸਵਰਡ ਵਿੱਚ ਅੱਖਰਾਂ ਤੇ ਸੰਖਿਆਵਾਂ ਦਾ ਸੁਮੇਲ ਰੱਖੋ। ਆਪਣੀ ਭਾਸ਼ਾ ਵਿੱਚ (ਗੁਰਮੁਖੀ) ਪਾਸਵਰਡ ਰੱਖਣਾ ਵੱਧ ਸੁਰੱਖਿਅਤ ਹੈ।
  • ਸਾਈਬਰ ਸੁਰੱਖਿਆ ਬਾਰੇ ਤੁਹਾਨੂੰ ਖ਼ੁਦ ਸੋਚਣਾ ਪਵੇਗਾ ਤੇ ਇਸ ਬਾਬਤ ਜਾਣਕਾਰੀ ਵੀ ਰੱਖਣੀ ਪਵੇਗੀ।
  • ਸਾਵਧਾਨੀ ਵਰਤੋ। ਸੋਸ਼ਲ ਮੀਡੀਆ 'ਤੇ ਸਾਵਧਾਨ ਰਹੋ ਅਤੇ ਅਲਰਟ ਲਗਾ ਕੇ ਰੱਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)