ਖ਼ਬਰਾਂ ਦਾ ਮੁੱਲ ਪਾਉਣ ਨੂੰ ਤਿਆਰ ਮੀਡੀਆ ਅਦਾਰੇ: ਕੋਬਰਾਪੋਸਟ ਸਟਿੰਗ

ਅਪ੍ਰੇਸ਼ਨ 136 Image copyright COBRAPOST.COM

ਕੋਬਰਾਪੋਸਟ ਵੈੱਬਸਾਈਟ ਨੇ ਆਪਣੇ ਇੱਕ ਹਾਲੀਆ ਖੁਲਾਸੇ ਵਿੱਚ 17 ਮੀਡੀਆ ਸੰਗਠਨਾਂ 'ਤੇ ਪੈਸੇ ਲੈ ਕੇ ਨਰਮ ਹਿੰਦੁਤਵਾ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਸਹਿਮਤੀ ਦੇਣ ਦਾ ਇਲਜ਼ਾਮ ਲਾਇਆ ਹੈ।

ਸੋਮਵਾਰ ਸ਼ਾਮ ਨੂੰ ਦਿੱਲੀ ਦੇ ਪ੍ਰੈਸ ਕਲੱਬ ਦਾ ਹਾਲ ਪੱਤਰਕਾਰਾਂ ਨਾਲ ਪੂਰਾ ਭਰਿਆ ਹੋਇਆ ਸੀ। ਇਸ ਇਕੱਠ ਨੂੰ ਕੋਬਰਾਪੋਸਟ ਦੇ ਸੰਪਾਦਕ ਅਨਿਰੁੱਧ ਭੱਲਾ ਸੰਬੋਧਨ ਕਰ ਰਹੇ ਸਨ।

ਉਹ ਕੋਬਰਾਪੋਸਟ ਵੱਲੋਂ ਕੀਤੇ ਸਟਿੰਗ "ਅਪ੍ਰੇਸ਼ਨ 136" ਦੌਰਾਨ ਲਈਆਂ ਗਈਆਂ ਵੀਡੀਓ ਕਲਿਪਿੰਗਜ਼ ਦਿਖਾ ਰਹੇ ਸਨ। ਵਰਲਡ ਪ੍ਰੈਸ ਫਰੀਡਮ ਇੰਡੈਕਸ (2017) ਵਿੱਚ ਭਾਰਤ ਦੇ 136ਵੇਂ ਦਰਜੇ ਦੀ ਅਹਿਮੀਅਤ ਉਜਾਗਰ ਕਰਨ ਲਈ ਹੀ "ਅਪ੍ਰੇਸ਼ਨ 136" ਨਾਮ ਦਿੱਤਾ ਗਿਆ ਸੀ।

ਕੋਬਰਾਪੋਸਟ ਦੀ ਸਟਿੰਗ ਯੋਜਨਾ

ਕੋਬਰਾਪੋਸਟ ਦੀ ਇਸ ਸਟਿੰਗ ਯੋਜਨਾ ਵਿੱਚ ਇੱਕ ਪੱਤਰਕਾਰ ਦੇਸ ਦੇ 17 ਮੀਡੀਆ ਸੰਗਠਨਾਂ ਦੇ ਸੇਲਜ਼ ਪ੍ਰਤੀਨਿਧਾਂ ਨੂੰ ਮਿਲਿਆ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਫਰਜ਼ੀ ਹਿੰਦੂ ਸੰਗਠਨ 'ਸ਼੍ਰੀਮਦ ਭਾਗਵਤ ਪ੍ਰਚਾਰ ਸਮਿਤੀ' ਦੇ ਨੁਮਾਇੰਦੇ ਵਜੋਂ ਪੇਸ਼ ਕੀਤਾ।

ਉਸ ਮਗਰੋਂ ਉਨ੍ਹਾਂ ਨੇ ਵੱਡੀ ਮਾਤਰਾ ਵਿੱਚ ਕੈਸ਼ ਤੇ ਤਿੰਨ ਮਹੀਨਿਆਂ ਤੱਕ ਮਸ਼ਹੂਰੀਆਂ ਦੇਣ ਦਾ ਭਰੋਸਾ ਦਿੱਤਾ। ਇਸ ਦੇ ਬਦਲੇ ਵਿੱਚ ਉਨ੍ਹਾਂ ਨੇ ਮੀਡੀਆ ਸੰਗਠਨਾਂ ਨੂੰ ਹਿੰਦੂ ਸਿਆਸਤ ਦੇ ਪੱਖ ਵਿੱਚ ਖ਼ਬਰਾਂ ਨਸ਼ਰ ਕਰਨ ਲਈ ਕਿਹਾ।

ਕੋਬਰਾਪੋਸਟ ਦੀ ਪ੍ਰੈਸ ਮਿਲਣੀ ਵਿੱਚ ਜਾਰੀ ਕੀਤੀਆਂ ਗਈਆਂ ਕਲਿਪਿੰਗਜ਼ ਵਿੱਚ 17 ਮੀਡੀਆ ਸੰਗਠਨਾਂ ਦੇ ਮੁਖੀ ਦੇਖੇ ਜਾ ਸਕਦੇ ਹਨ। ਜੋ ਹਿੰਦੂਤਵ ਏਜੰਡੇ ਨਾਲ ਜੁੜੀਆਂ ਖ਼ਬਰਾਂ ਪੈਸੇ ਲੈ ਕੇ ਪ੍ਰਕਾਸ਼ਿਤ ਕਰਨ ਦੀ ਮੌਖਿਕ ਸਹਿਮਤੀ ਦੇ ਰਹੇ ਹਨ। ਇਹ ਖ਼ਬਰਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚਲਾਈਆਂ ਜਾਣੀਆਂ ਸਨ।

ਇਹ ਮੁਖੀ ਨਾ ਸਿਰਫ ਵਿਰੋਧੀ ਆਗੂਆਂ ਰਾਹੁਲ ਗਾਂਧੀ, ਮਾਇਆਵਤੀ ਅਤੇ ਅਖਿਲੇਸ਼ ਯਾਦਵ ਸਗੋਂ ਅਰੁਣ ਜੇਤਲੀ, ਮਨੋਜ ਸਿਨਹਾ, ਜੈਅੰਤ ਸਿਨਹਾ, ਵਰੁਣ ਗਾਂਧੀ ਅਤੇ ਮੇਨਕਾ ਗਾਂਧੀ ਦੇ ਖਿਲਾਫ਼ ਵੀ ਖ਼ਬਰਾਂ ਛਾਪਣ ਲਈ ਤਿਆਰ ਸਨ।

ਕੋਬਰਾਪੋਸਟ ਦੇ ਇਸ ਸਟਿੰਗ ਅਪ੍ਰੇਸ਼ਨ ਵਿੱਚ 17 ਮੀਡੀਆ ਸੰਗਠਨ ਸ਼ਾਮਲ ਸਨ। ਇਨ੍ਹਾਂ ਵਿੱਚੋਂ 7 ਖ਼ਬਰਾਂ ਵਾਲੇ ਚੈਨਲ, 6 ਅਖ਼ਬਾਰ, 3 ਵੈੱਬਸਾਈਟਾਂ ਅਤੇ ਇੱਕ ਖ਼ਬਰ ਏਜੰਸੀ ਸ਼ਾਮਲ ਸਨ।

ਕੋਬਰਾਪੋਸਟ ਮੁਤਾਬਕ ਸਟਿੰਗ ਅਪ੍ਰੇਸ਼ਨ ਦੌਰਾਨ ਇਹ ਮੀਡੀਆ ਸੰਗਠਨ ਹਿੰਦੂ ਆਗੂਆਂ ਦੇ ਧਾਰਮਿਕ ਲੈਕਚਰ ਤੇ ਭਾਸ਼ਣ ਅਤੇ ਵਿਰੋਧੀ ਆਗੂਆਂ ਖਿਲਾਫ਼ ਇੱਕ ਵਿਸ਼ੇਸ਼ ਕਵਰੇਜ ਚਲਾਉਣ ਲਈ ਸਹਿਮਤ ਹੋਏ ਸਨ।

"ਤਸਵੀਰਾਂ ਨਾਲ ਛੇੜ-ਛਾੜ"

ਬੀਬੀਸੀ ਦੇ ਈਮੇਲ ਦੇ ਜੁਆਬ ਵਿੱਚ ਇੰਡੀਆ ਟੀਵੀ ਦੇ ਸੇਲਜ਼ ਮੁਖੀ ਸੁਦੀਪਤੋ ਚੌਧਰੀ ਨੇ ਕਿਹਾ ਕਿ "ਅਪ੍ਰੇਸ਼ਨ 136" ਦੌਰਾਨ ਕੀਤੀਆਂ ਗਈਆਂ 'ਪੇਸ਼ਕਸ਼ਾਂ' ਨਾ ਤਾਂ ਉਨ੍ਹਾਂ ਦੇ ਸੰਗਠਨ ਵੱਲੋਂ ਸਵੀਕਾਰ ਕੀਤੀਆਂ ਗਈਆਂ ਸਨ ਤੇ ਨਾ ਹੀ ਕਦੇ ਛਾਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਟਿੰਗ ਦੀਆਂ ਵੀਡੀਓ ਤਸਵੀਰਾਂ ਨਾਲ ਛੇੜ-ਛਾੜ ਕੀਤੀ ਗਈ ਹੈ।

"ਵੀਡੀਓ ਵਿੱਚ ਮੇਰੇ ਟੀਮ ਮੈਂਬਰ ਨੂੰ ਅਚਾਰੀਆ ਛੱਤਰਪਾਲ ਅਟਾਲ ਵੱਲੋਂ ਕੀਤੀ ਪੇਸ਼ਕਸ਼ ਵਿਚਾਰਨ ਲਈ ਮੰਨਦੇ ਦਿਖਾਏ ਗਏ ਹਨ। ਇਹ ਕਹਿਣਾ ਸਹੀ ਹੋਵੇਗਾ ਕਿ ਕੋਬਰਾਪੋਸਟ ਨੇ ਕਹਾਣੀ ਨੂੰ ਸੰਵੇਦਨਸ਼ੀਲ ਬਣਾਉਣ ਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਗੱਲਬਾਤ ਦਾ ਅਹਿਮ ਹਿੱਸਾ ਛੁਪਾ ਲਿਆ ਹੈ। ਇੰਡੀਆ ਟੀਵੀ ਮਾਮਲੇ ਨੂੰ ਨਜਿੱਠਣ ਲਈ ਢੁੱਕਵੀਂ ਕਾਨੂੰਨੀ ਕਾਰਵਾਈ ਕਰੇਗਾ।"

"ਸਟਿੰਗ ਦੀ ਸ਼ੱਕੀ ਭਰੋਸਗੀ"

ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਪਵਿਊ ਵਿੱਚ ਦੈਨਿਕ ਜਾਗਰਣ ਦੇ ਮੁੱਖ ਸੰਪਾਦਕ ਅਤੇ ਜਾਗਰਣ ਪ੍ਰਕਾਸ਼ਨ ਦੇ ਚੀਫ਼ ਐਗਜ਼ਿਕੂਟਿਵ ਅਫ਼ਸਰ ਸੰਜੇ ਗੁਪਤਾ ਨੇ ਕੋਬਰਾਪੋਸਟ ਦੇ ਸਟਿੰਗ ਨੂੰ ਰੱਦ ਕੀਤਾ ਅਤੇ ਵੀਡੀਓ ਦੀ ਭਰੋਸਗੀ ਨੂੰ 'ਤੇ ਸਵਾਲ ਚੁੱਕੇ।

ਉਨ੍ਹਾਂ ਕਿਹਾ, "ਪਹਿਲਾਂ ਤਾਂ ਮੈਨੂੰ ਇਸ ਸਟਿੰਗ ਦੀ ਭਰੋਸਗੀ 'ਤੇ ਹੀ ਸ਼ੱਕ ਹੈ।"

ਸਟਿੰਗ ਵਿੱਚ ਝਾਰਖੰਡ- ਬਿਹਾਰ ਤੇ ਓਡੀਸ਼ਾ ਲਈ ਦੈਨਿਕ ਜਾਗਰਣ ਦੇ ਸੇਲਜ਼ ਮੈਨੇਜਰ ਸੰਜੇ ਪ੍ਰਤਾਪ ਸਿੰਘ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ, "ਉਨ੍ਹਾਂ ਕੋਲ ਅਜਿਹੇ ਦਾਅਵੇ ਕਰਨ ਦਾ ਅਧਿਕਾਰ ਹੀ ਨਹੀਂ ਹੈ" ਕਿਉਂਕਿ ਇਹ ਮੁੱਦੇ "ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ।"

ਉਨ੍ਹਾਂ ਇਹ ਵੀ ਕਿਹਾ ਕਿ ਜੇ ਜਾਂਚ ਮਗਰੋਂ ਵੀਡੀਓ ਸਹੀ ਸਾਬਤ ਹੋਈ ਤਾਂ ਸੰਜੇ ਸਿੰਘ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

"ਗੋਦੀ ਮੀਡੀਆ" ਵਰਗੇ ਸ਼ਬਦਾਂ ਦੇ ਵਧਦੇ ਪ੍ਰਚਲਣ ਕਰਕੇ ਭਾਰਤੀ ਮੀਡੀਆ ਸਰਕਾਰ ਪੱਖੀ ਹੋਣ ਤੇ ਧਰੁਵੀਕਰਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਖ਼ਬਰਾਂ ਪ੍ਰਕਾਸ਼ਿਤ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)