ਸਾਨੂੰ ਬੈਠਣ ਲਈ ਸੀਟ ਨਹੀਂ, ਬਰਾਬਰੀ ਦਾ ਹੱਕ ਚਾਹੀਦਾ ਹੈ - ਭਾਰਤੀ

BHARTI SINGH

ਪਹਿਲੀ ਵਾਰ ਟੀਵੀ 'ਤੇ ਇੱਕ ਕੁੜੀ ਜਦੋਂ ਕਾਮੇਡੀ ਕਰਦੀ ਦੇਖੀ ਗਈ ਤਾਂ ਉਹ ਸੀ ਭਾਰਤੀ ਸਿੰਘ। ਫਿਰ ਉਨ੍ਹਾਂ ਨੇ ਘਰ ਬੈਠੇ ਲੋਕਾਂ ਨੂੰ ਹਸਾ ਕੇ ਜੋ ਨਾਮਣਾ ਖੱਟਿਆ ਉਸ ਬਾਰੇ ਸਭ ਜਾਣਦੇ ਹਨ।

ਭਾਰਤੀ ਸਿੰਘ ਵਰਗੀ ਹੀ ਪੰਜਾਬੀ ਸਿਨੇਮਾ ਦੀ ਇੱਕ ਹੋਰ ਕਲਾਕਾਰ ਅਨੀਤਾ ਦੇਵਗਨ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਮੇਡੀਅਨ ਅਤੇ ਕਈ ਹੋਰ ਭੂਮਿਕਾਵਾਂ ਨਿਭਾ ਕੇ ਸਭ ਦਾ ਮਨ-ਪਰਚਾਵਾ ਕੀਤਾ।

ਇਹ ਦੋਵੇਂ ਹੀ ਮਹਿਲਾ ਕਲਾਕਾਰ ਅੰਮ੍ਰਿਤਸਰ ਨਾਲ ਸਬੰਧਤ ਹਨ। ਰਵਿੰਦਰ ਸਿੰਘ ਰੌਬਿਨ ਨੇ ਇਨ੍ਹਾਂ ਦੋਹਾਂ ਨਾਲ ਬੀਬੀਸੀ ਪੰਜਾਬੀ ਲਈ ਗੱਲਬਾਤ ਕੀਤੀ।

ਗੁਰਮੁਖੀ ਪਾਸਵਰਡ ਬਣਾਓ ਆਪਣਾ ਡਾਟਾ ਬਚਾਓ

‘ਚੰਗੀ ਡਿਗਰੀ ਦਾ ਮੁੱਲ ਪੈਂਦਾ ਦਾਜ ਦੇ ਬਰਾਬਰ’

ਅਨੀਤਾ ਦੇਵਗਨ ਨੇ ਦੱਸਿਆ ਕਿ ਜਦੋਂ ਉਹ ਥੀਏਟਰ ਦੀ ਦੁਨੀਆਂ ਵਿੱਚ ਆਏ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਗਲੈਮਰ ਦੀ ਦੁਨੀਆਂ ਵਿੱਚ ਪੈਰ ਜਮਾਉਣਗੇ।

'ਮੈਂ ਭਾਰਤੀ ਵਿੱਚ ਆਪਣਾ ਬਚਪਨ ਦੇਖਦੀ ਹਾਂ'

ਅਨੀਤਾ ਦੇਵਗਨ ਨੇ ਕਿਹਾ, "ਮੈਨੂੰ ਕੁਝ ਵੀ ਮੂੰਹ 'ਤੇ ਕਹਿਣ ਦੀ ਆਦਤ ਹੈ। ਇਹੀ ਕੁਝ ਮੇਰੀ ਅਦਾਕਾਰੀ ਵਿੱਚ ਵੀ ਝਲਕਦਾ ਹੈ। ਭਾਰਤੀ ਵੀ ਇਸੇ ਤਰ੍ਹਾਂ ਦੀ ਹੈ। ਮੈਂ ਭਾਰਤੀ ਵਿੱਚ ਆਪਣਾ ਬਚਪਨ ਦੇਖਦੀ ਹਾਂ।

"ਅਸੀਂ ਰੰਗਮੰਚ ਵਿੱਚ ਸੱਭਿਆਚਾਰ ਦੀ ਸੇਵਾ ਕਰਦੇ ਸੀ ਅਤੇ ਹੁਣ ਫ਼ਿਲਮ ਇੰਡਸਟਰੀ ਵਿੱਚ ਵੀ ਕਰਦੇ ਹਾਂ। ਸਾਡੀ ਕੋਸ਼ਿਸ਼ ਹੈ ਅਸੀਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹੀਏ।"

ਭਾਰਤੀ ਤਕਰੀਬਨ 350 ਥੀਏਟਰ ਸ਼ੋਅ ਕਰ ਚੁੱਕੀ ਹੈ। ਇਹ ਸਾਰੇ ਸ਼ੋਅ ਕਾਮੇਡੀ ਹੀ ਸਨ। ਭਾਰਤੀ ਨੇ ਦੱਸਿਆ ਕਿ ਉਸ ਨੂੰ ਲਾਫ਼ਟਰ ਚੈਲੈਂਜ-4 ਦੇ ਆਡੀਸ਼ਨ ਦੇਣ ਵੇਲੇ ਕਿੰਨਾ ਡਰ ਲੱਗ ਰਿਹਾ ਸੀ।

ਭਾਰਤੀ ਨੇ ਦੱਸਿਆ, "ਮੈਂ ਤਾਂ ਉਨ੍ਹਾਂ ਲੋਕਾਂ ਵਰਗੀ ਸੀ ਜੋ ਵਿਆਹ 'ਤੇ ਵੀ ਮਹਿਮਾਨਾਂ ਦੀ ਮੂਵੀ ਬਣੇ ਤਾਂ ਮੂੰਹ ਪਰ੍ਹੇ ਕਰ ਲੈਂਦੀ ਸੀ। ਇੱਕ ਕੈਮਰਾ ਤਾਂ ਫੇਸ ਕਰ ਨਹੀਂ ਪਾਉਂਦੀ ਸੀ 20 ਕੈਮਰੇ ਕਿਵੇਂ ਕਰਦੀ। 28 ਮਾਰਚ, 2008 ਨੂੰ ਮੇਰੀ ਮੁੰਬਈ ਲਈ ਪਹਿਲੀ ਉਡਾਣ ਸੀ। ਉਸ ਤੋਂ ਬਾਅਦ ਮੈਂ ਕਈ ਉਡਾਣਾਂ ਭਰੀਆਂ।"

"ਮੈਂ ਮੂੰਹ-ਫੱਟ ਹਾਂ। ਲੋਕ ਪਹਿਲਾਂ ਡਰਦੇ ਸੀ ਕਿ ਇਹ ਤਾਂ ਮੂੰਹ 'ਤੇ ਕੁਝ ਵੀ ਕਹਿ ਦਿੰਦੀ ਹੈ ਪਰ ਮੇਰੀ ਜ਼ਬਾਨ ਦਾ ਐਡੀਟਰ ਮੇਰਾ ਦਿਮਾਗ ਹੈ ਜੋ ਉਹੀ ਮੂੰਹੋਂ ਕੱਢਦਾ ਹੈ ਜੋ ਸਹੀ ਹੈ।"

'ਹੁਣ ਔਰਤ ਪ੍ਰਧਾਨ ਸਮਾਜ ਹੈ'

ਭਾਰਤੀ ਨੇ ਦੱਸਿਆ ਕਿ ਲੋਕਾਂ ਨੇ ਉਸ ਨੂੰ ਵਜ਼ਨ ਘੱਟ ਕਰਨ ਲਈ ਜਿਮ ਜਾਣ ਲਈ ਕਿਹਾ ਪਰ ਉਸ ਨੇ ਕਦੇ ਬੁਰਾ ਨਹੀਂ ਮੰਨਿਆ।

ਭਾਰਤੀ ਦਾ ਕਹਿਣਾ ਹੈ, "ਮੈਨੂੰ ਮਾਣ ਹੈ ਕਿ ਮੈਂ ਕੁੜੀ ਹੋ ਕੇ ਕਾਮੇਡੀਅਨ ਹਾਂ। ਮਰਦ ਪ੍ਰਧਾਨ ਸਮਾਜ ਤਾਂ ਬਹੁਤ ਪੁਰਾਣੀ ਗੱਲ ਹੋ ਗਈ, ਹੁਣ ਔਰਤ ਪ੍ਰਧਾਨ ਸਮਾਜ ਹੈ। ਉਹ ਘਰ ਵਿੱਚ ਵੀ ਪ੍ਰਧਾਨ ਹੈ ਅਤੇ ਬਾਹਰ ਵੀ।"

"ਅਸੀਂ ਇਹ ਨਹੀਂ ਕਹਿੰਦੇ ਸਾਨੂੰ ਪੂਰੇ ਹੱਕ ਦਿਉ ਅਸੀਂ ਚਾਹੁੰਦੇ ਹਾਂ ਬਰਬਰ ਦੇ ਹੱਕ ਦਿਉ। ਅਸੀਂ ਇਹ ਨਹੀਂ ਕਹਿੰਦੇ ਸਾਨੂੰ ਸੀਟ ਦਿਉ, ਜਿੰਨੀਆਂ ਲੱਤਾਂ ਤੁਹਾਡੀਆਂ ਦੁਖਦੀਆਂ ਹਨ ਉਨੀਆਂ ਹੀ ਸਾਡੀਆਂ ਵੀ।''

ਉਨ੍ਹਾਂ ਕਿਹਾ, "ਮੈਨੂੰ ਮਾਣ ਹੈ ਕਿ ਮੈਂ ਅੰਮ੍ਰਿਤਸਰ ਨਾਲ ਜੁੜੀ ਹੋਈ ਹਾਂ।"

ਕਲਾਕਾਰਾਂ ਦੇ ਸਿਆਸਤ ਵਿੱਚ ਆਉਣ ਦੇ ਸਵਾਲ 'ਤੇ ਭਾਰਤੀ ਨੇ ਕਿਹਾ ਕਿ ਉਸ ਦਾ ਸਿਆਸਤ ਵਿੱਚ ਆਉਣ ਦਾ ਫਿਲਹਾਲ ਮਨ ਨਹੀਂ ਹੈ।

ਉਨ੍ਹਾਂ ਕਿਹਾ, "ਮੈਂ ਤਾਂ ਰਾਜਨੀਤਕ ਵਿਗਿਆਨ ਦੀ ਪੜ੍ਹਾਈ ਨਹੀਂ ਕੀਤੀ। ਬਜਟ ਪਾਸ ਹੋਣ 'ਤੇ ਕੋਈ ਸਵਾਲ ਪੁੱਛਦਾ ਹੈ ਤਾਂ ਮੈਂ ਸਿੱਧਾ ਕਹਿੰਦੀ ਹਾਂ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਸਿਆਸਤ ਦੀ ਕਦੇ ਸਮਝ ਲੱਗੀ ਅਤੇ ਮੌਕਾ ਮਿਲਿਆ ਤਾਂ ਜ਼ਰੂਰ ਸ਼ਾਮਿਲ ਹੋਵਾਂਗੀ।"

ਜਿੱਥੇ ਮੁੰਡਿਆਂ ਨੂੰ ਅਗਵਾ ਕਰਕੇ ਕੀਤੇ ਜਾਂਦੇ ਵਿਆਹ

ਔਰਤਾਂ ਦੇ ਖ਼ਤਨਾ ਕਰਨ ਦੀ ਦਰਦਨਾਕ ਹਕੀਕਤ

ਇਸ ਦੌਰਾਨ ਅਨੀਤਾ ਦੇਵਗਨ ਨੇ ਨਾਟਸ਼ਾਲਾ ਅਤੇ ਫ਼ਿਲਮੀ ਜਗਤ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ 'ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, "ਸਾਨੂੰ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ ਕਿ ਕੁੜੀਆਂ ਬਿਨਾਂ ਕਿਸੇ ਡਰ ਤੋਂ ਆ ਸਕਣ। ਮਾਪੇ ਕੁੜੀਆਂ ਨੂੰ ਨਾ ਰੋਕਣ। ਸਭ ਨੂੰ ਇਹ ਲੱਗੇ ਕਿ ਫ਼ਿਲਮ ਇੰਡਸਟਰੀ ਸਹੀ ਜਗ੍ਹਾ ਹੈ। ਅਜਿਹਾ ਮਾਹੌਲ ਬਣੇ ਕਿ ਕੁੜੀਆਂ ਇਸ ਇੰਡਸਟਰੀ ਵਿੱਚ ਆਉਣ।

'ਕੁੜੀਆਂ ਕਾਮੇਡੀਅਨ ਬਣਨ'

ਉੱਥੇ ਹੀ ਭਾਰਤੀ ਚਾਹੁੰਦੀ ਹੈ ਕਿ ਕੁੜੀਆਂ ਕਾਮੇਡੀ ਨੂੰ ਵੀ ਆਪਣਾ ਪ੍ਰੋਫੈਸ਼ਨ ਬਣਾਉਣ ਕਿਉਂਕਿ ਕਾਮੇਡੀਅਨ ਕਦੇ ਫੇਲ੍ਹ ਨਹੀਂ ਹੁੰਦੇ।

"ਫ਼ਿਲਮ ਅਦਾਕਾਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਕਾਮੇਡੀਅਨ ਸਦਾਬਹਾਰ ਰਹਿੰਦਾ ਹੈ। ਅਸੀਂ ਜੌਨ੍ਹੀ ਲੀਵਰ ਦੀ ਕਲਾਕਾਰੀ 'ਤੇ 20 ਸਾਲ ਪਹਿਲਾਂ ਵੀ ਹੱਸਦੇ ਸੀ ਅਤੇ ਅੱਜ ਵੀ ਹੱਸਦੇ ਹਾਂ।"

ਇਸ ਤੋਂ ਇਲਾਵਾ ਪੂਰੇ ਪ੍ਰੋਗਰਾਮ ਨੂੰ ਬਣਾਉਣ ਵਾਸਤੇ ਪਿਛੋਕੜ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਭਾਰਤੀ ਨੇ ਰੀੜ੍ਹ ਦੀ ਹੱਡੀ ਕਿਹਾ।

"ਸਾਡੇ ਕੈਮਰੇ 'ਤੇ ਆਉਣ ਵਿੱਚ ਕਈ ਲੋਕਾਂ ਦਾ ਸਹਿਯੋਗ ਹੁੰਦਾ ਹੈ। ਇਹ ਲੋਕ ਰੀੜ੍ਹ ਦੀ ਹੱਡੀ ਹਨ ਅਤੇ ਜੇ ਰੀੜ੍ਹ ਦੀ ਹੱਡੀ ਮਜ਼ਬੂਤ ਹੋਵੇਗੀ ਤਾਂ ਅਸੀਂ ਉਨੇ ਹੀ ਮਜ਼ਬੂਤੀ ਨਾਲ ਖੜ੍ਹੇ ਹੋ ਸਕਦੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ