ਕੇਜਰੀਵਾਲ ਦੇ ਸੀਐੱਮ, ਕਿਰਨ ਬੇਦੀ ਦੇ ਗਵਰਨਰ ਬਣਨ ਬਾਅਦ ਕੌਣ ਹੈ ਅੰਨਾ ਹਜ਼ਾਰੇ ਦੇ ਨਾਲ?

ਅੰਨਾ Image copyright Getty Images

ਰਾਮਲੀਲਾ ਮੈਦਾਨ ਦੀ ਛਤਰੀ ਵਾਲੇ ਮੰਚ 'ਤੇ ਚਿੱਟੀ ਧੋਤੀ-ਕੁੜਤਾ ਅਤੇ ਮਰਾਠੀ ਸਟਾਈਲ ਦੀ ਚਿੱਟੀ ਟੋਪੀ ਪਾ ਕੇ ਇਕੱਲੇ ਬੈਠੇ ਅੰਨਾ ਹਜ਼ਾਰੇ ਕਦੇ ਕਦੇ ਚਿੱਟੇ ਰੰਗ ਦਾ ਰੁਮਾਲ ਕੱਢ ਕੇ ਆਪਣੀਆਂ ਅੱਖਾਂ ਮਲਦੇ ਹਨ।

ਫੇਰ ਉਹ ਰੁਮਾਲ ਨੂੰ ਮੋੜ ਕੇ ਕੁੜਤੇ ਦੀ ਜੇਬ ਵਿੱਚ ਰੱਖ ਲੈਂਦੇ ਹਨ ਅਤੇ ਸਿੰਥੇਸਾਈਜ਼ਰ ਦੀ ਧੁੰਨ ਅਤੇ ਢੋਲਕੀ ਦੀ ਥਾਪ 'ਤੇ ਦੇਸ਼ ਭਗਤੀ ਦੇ ਗੀਤ ਗਾ ਰਹੇ ਗਾਇਕ ਦੀ ਤਾਲ ਨਾਲ ਤਾਲ ਮਿਲਾਉਂਦੇ ਹੋਏ, ਹੌਲੀ ਹੌਲੀ ਤਾੜੀ ਮਾਰਨ ਲਗਦੇ ਹਨ।

ਕੁੱਝ ਦੇਰ ਬਾਅਦ ਉਹ ਜਿਵੇਂ ਉਭੜਵਾਹੇ ਉਠ ਜਾਂਦੇ ਹਨ ਅਤੇ ਮੰਚ ਦੇ ਪਿੱਛੇ ਅੰਤਰਧਿਆਨ ਹੋ ਜਾਂਦੇ ਹਨ।

ਹੇਠਾਂ ਵਾਲੇ ਪਲੇਟਫਾਰਮ ਉੱਤੇ ਉਨ੍ਹਾਂ ਦੇ ਪਿੰਡ ਰਾਲੇਗਨ ਸਿੱਧੀ ਤੋਂ ਆਏ ਕਾਰਕੁਨ, ਪੰਜਾਬ ਅਤੇ ਹਰਿਆਣੇ ਦੇ ਕੁੱਝ ਕਿਸਾਨ ਨੇਤਾਵਾਂ ਨਾਲ ਹੀ ਮੰਚ ਸਜਿਆ ਹੋਇਆ ਹੈ ਅਤੇ ਇੱਕ ਸੁਰੀਲਾ ਗਾਇਕ ਉਸਦੀ ਧੁਨ ਉੱਤੇ ਇੱਕ ਤੋਂ ਬਾਅਦ ਇੱਕ ਦੇਸ਼ਭਗਤੀ ਦੇ ਗੀਤ ਗਾ ਰਿਹਾ ਹੈ।

ਫਿਲਹਾਲ ਦਿਲੀਪ ਕੁਮਾਰ ਦੀ ਫ਼ਿਲਮ 'ਕਰਮਾ' ਦੀ ਗੀਤ ਗਾਇਆ ਜਾ ਰਿਹਾ ਹੈ, ਦਿਲ ਦੀਆ ਹੈ ਜਾਨ ਭੀ ਦੇਗੇ ਏ ਵਤਨ ਤੇਰੇ ਲੀਏ।

ਕੁੱਝ ਲੋਕ ਤਰੰਗਾ ਝੰਡਾ ਏਧਰ ਤੋਂ ਉੱਧਰ ਲਹਿਰਾ ਰਹੇ ਹਨ।

ਅੰਨਾ ਫੇਰ ਮੰਚ 'ਤੇ ਵਾਪਸ ਆਉਂਦੇ ਹਨ। ਉਨ੍ਹਾਂ ਦਾ ਇਕੱਲਾਪਣ ਵੀ ਉਨ੍ਹਾਂ ਦੇ ਨਾਲ ਨਾਲ ਤੁਰਦਾ ਹੈ।

ਅੰਨਾ ਦੀ ਪਿਛਲੀ ਭੁੱਖ ਹੜਤਾਲ

ਪਿਛਲੀ ਵਾਰ ਯਾਨਿ 2011 'ਚ ਉਹ ਇੰਨੇ ਇਕੱਲੇ ਨਹੀਂ ਸਨ। ਕੇਂਦਰ 'ਚ ਮਨਮੋਹਨ ਸਿੰਘ ਦੀ 'ਭ੍ਰਿਸ਼ਟ' ਸਰਕਾਰ ਸੀ, ਦਿੱਲੀ ਵਿੱਚ ਸ਼ੀਲਾ ਦੀਕਸ਼ਿਤ ਦੇ ਸ਼ਾਸਨ 'ਚ ਕੌਮਨਵੈਲਥ ਗੇਮ ਦੇ ਮੈਨੇਜਰ ਚਾਂਦੀ ਕੁੱਟ ਰਹੇ ਸਨ।

ਦੇਸ ਦੇ ਸਭ ਤੋਂ ਵੱਡੇ ਅਕਾਊਂਟੈਂਟ ਵਿਨੋਦ ਰਾਏ ਨੇ ਸਰਕਾਰ ਦੇ ਮੰਤਰੀਆਂ 'ਤੇ ਇੱਕ ਲੱਖ 76 ਹਜ਼ਾਰ ਕਰੋੜ ਰੁਪਏ ਦਾ ਘੋਟਾਲਾ ਕਰਨ ਦਾ ਕੱਚਾ ਪੱਕਾ ਹਿਸਾਬ ਜਨਤਾ ਦੇ ਸਾਹਮਣੇ ਰੱਖ ਦਿੱਤਾ ਸੀ।

ਅੰਨਾ ਹਜ਼ਾਰੇ ਨੂੰ ਜਨਤਾ ਦੇ ਗੁੱਸੇ ਦਾ ਪ੍ਰਤੀਕ ਬਣਾਇਆ ਗਿਆ ਅਤੇ ਦਿੱਲੀ ਲਿਆ ਕੇ ਰਾਮਲੀਲਾ ਮੈਦਾਨ 'ਚ ਸਥਾਪਿਤ ਕਰ ਦਿੱਤਾ ਗਿਆ ਸੀ।

ਉਦੋਂ ਉਨ੍ਹਾਂ ਦੇ ਨਾਲ ਕਿਰਨ ਬੇਦੀ ਸੀ, ਪ੍ਰਸ਼ਾਂਤ ਭੂਸ਼ਣ ਸਨ, ਅਰਵਿੰਦ ਕੇਜਰੀਵਾਲ ਨਾਂ ਦਾ ਇੱਕ ਫਿਤਰਤੀ ਨੌਜਵਾਨ, ਯੋਗ ਸਿਖਾਉਣ ਅਤੇ ਆਯੁਰਵੈਦਿਕ ਦਵਾਈਆਂ ਵੇਚਣ ਵਾਲੇ ਇੱਕ ਸਾਧੂ, ਸੰਘ ਦੇ ਸਾਬਕਾ ਸਿਧਾਂਤਕਾਰ ਕੇਐੱਨ ਗੋਵਿੰਦਾਚਾਰਿਆ, ਯੋਗਿੰਦਰ, ਸਿਨੇਮਾ ਅਦਾਕਾਰ ਓਮ ਪੁਰੀ ਅਤੇ ਕੁਝ ਲੋਕ ਕਹਿੰਦੇ ਹਨ ਕਿ ਪਰਦੇ ਦੇ ਪਿੱਛੇ ਸੁਪਰ ਜਾਸੂਸ ਅਜੀਤ ਡੋਵਾਲ ਨੇ ਵੀ ਆਪਣੀ ਪੂਰੀ ਵਾਹ ਲਾਈ ਸੀ।

Image copyright Getty Images

ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵਰਕਰ, ਰਾਸ਼ਟਰੀ ਸੋਇਮ ਸੇਵਕ ਸੰਘ ਦੇ ਰਣਨੀਤੀਕਾਰ, ਕੰਪਿਊਟਰ ਪ੍ਰੋਗਰਾਮਰ, ਨੌਜਵਾਨ ਫੈਸ਼ਨ ਡਿਜ਼ਾਈਨਰ, ਐੱਮਬੀਏ ਦੇ ਵਿਦਿਆਰਥੀ, ਨੁੱਕੜ ਨਾਟਕ ਕਰਨ ਵਾਲੀਆਂ ਟੀਮਾਂ, ਹਰ ਰੰਗ ਦੇ ਸਮਾਜਵਾਦੀ, ਹਰ ਰੰਗ ਦੇ ਕਾਂਗਰਸ-ਵਿਰੋਧੀ, ਰੇਹੜੀ-ਠੇਲੇ ਵਾਲੇ, ਫੇਰੀਵਾਲੇ ਅਤੇ ਸਭ ਤੋਂ ਜ਼ਿਆਦਾ ਟੀਵੀ ਦੇ ਪੱਤਰਕਾਰ-ਪੁਰਸ਼ ਹੋਵੇ ਜਾਂ ਔਰਤ, ਸਭ ਅੰਨਾ ਦੇ ਰੰਗ 'ਚ ਰੰਗੇ ਹੋਏ ਸਨ।

ਸਭ ਅੰਨਾ ਵਰਗੀਆਂ ਚਿੱਟੀਆਂ ਟੋਪੀਆਂ ਪਹਿਨੀ ਹੋਏ ਸਨ, ਜਿਨ੍ਹਾਂ ਵਿੱਚ ਲਿਖਿਆ ਹੁੰਦਾ ਸੀ, 'ਆਈ ਐੱਮ ਅੰਨਾ'।

ਹਮੇਸ਼ਾ ਵਿਰੋਧੀ ਸੁਰ 'ਚ ਗੱਲ ਕਰਨ ਵਾਲੀ ਅਰੁੰਧਤੀ ਰਾਏ ਸ਼ਾਇਦ ਇਕੱਲੀ ਲੇਖਕਾਂ ਸੀ, ਜਿਨ੍ਹਾਂ ਨੇ ਅਖ਼ਬਾਰ 'ਚ ਲੇਖਿਕਾ ਲਿਖਿਆ, ਜਿਸ ਦਾ ਸਿਰਲੇਖ ਸੀ, 'ਥੈਂਕ ਗੌਡ, ਆਈ ਐੱਮ ਨੌਟ ਅੰਨਾ'!

'ਅੰਨਾ 'ਚ ਗਾਂਧੀ ਦਾ ਅਕਸ'

ਟੀਵੀ ਦੇ ਪੱਤਰਕਾਰ 'ਚ ਅੰਨਾ ਹਜ਼ਾਰੇ ਨੂੰ 'ਦੂਜਾ ਗਾਂਧੀ' ਦੱਸਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਰਹਿੰਦੀ ਸੀ। ਨਾਅਰੇ ਲਾਏ ਜਾਂਦੇ ਸਨ, ਅੰਨਾ ਨਹੀਂ ਹਨੇਰੀ ਹੈ-ਦੇਸ ਦਾ ਦੂਜਾ ਗਾਂਧੀ ਹੈ।

Image copyright AFP

ਉਹ ਚਮਾਸੇ ਦੇ ਦਿਨ ਸਨ। ਦਿੱਲੀ ਦਾ ਅਸਮਾਨ ਬੱਦਲਾਂ ਨਾਲ ਭਰਿਆ ਰਹਿੰਦਾ ਸੀ ਅਤੇ ਦਿਨ ਵਿੱਚ ਹੁੰਮਸ ਭਰਿਆ ਰਹਿੰਦਾ ਸੀ।

ਅਜਿਹੇ ਵਿੱਚ ਭਾਰੀ ਭੀੜ ਵਿਚਾਲੇ ਅੰਨਾ ਦਾ ਗਾਂਧੀ ਦੀ ਸਮਾਧੀ ਪਹੁੰਚ ਕੇ ਸ਼ਰਧਾਂਜਲੀ ਦੇਣਾ ਟੈਲੀਵਿਜ਼ਨ ਲਈ ਸਭ ਤੋਂ ਵੱਡੀ ਖ਼ਬਰ ਸੀ।

ਭੀੜ ਤੋਂ ਬਚ ਕੇ ਨਿਕਲਣ ਲਈ ਧੋਤੀ-ਕੁੜਤਾ ਪਹਿਨੀ ਅੰਨਾ ਭੱਜ ਭੱਜ ਕੇ ਟੀਵੀ ਕੈਮਰਿਆਂ ਤੋਂ ਬਚ ਕੇ ਅੱਗੇ ਭੱਜ ਰਹੇ ਸਨ। ਉਨ੍ਹਾਂ ਪਿੱਛੇ ਪੂਰਾ ਜ਼ਮਾਨਾ।

ਟੀਵੀ ਨੇ ਇਸ ਦ੍ਰਿਸ਼ ਨੂੰ ਇਸ ਤਰ੍ਹਾਂ ਦਿਖਾਇਆ ਜਿਵੇਂ ਮੋਹਨਦਾਸ ਕਰਮਚੰਦ ਗਾਂਧੀ ਖੁਦ ਨੂੰ ਸ਼ਰਧਾਂਜਲੀ ਦੇਣ ਲਈ ਆਪਣੀ ਹੀ ਸਮਾਧੀ ਵੱਲ ਭੱਜੇ ਜਾ ਰਹੇ ਹਨ।

Image copyright Getty Images

ਘਬਰਾਏ ਹੋਏ ਟੀਵੀ ਰਿਪੋਰਟਰ ਚੀਕਦੇ ਹੋਏ ਦੱਸਦੇ ਹਨ ਕਿ 75 ਸਾਲਾਂ ਦੀ ਉਮਰ 'ਚ ਇੰਨੀ ਊਰਜਾ। ਦੇਖੋ ਦੇਖੋ ਅੰਨਾ ਕਿਵੇਂ ਤੇਜ਼ੀ ਨਾਲ ਭੱਜ ਕੇ ਅੱਗੇ ਜਾ ਰਹੇ ਹਨ।

ਕਝ ਪੱਤਰਕਾਰ ਅੰਨਾ ਦੀ ਭੁੱਖ ਹੜਤਾਲ ਕਵਰ ਕਰਨ ਗਏ ਅਤੇ ਅੰਨਾ ਦੇ ਹੀ ਹੋ ਕੇ ਰਹਿ ਗਏ।

ਇਹ ਵੱਖਰੀ ਗੱਲ ਹੈ ਕਿ ਆਖ਼ਰਕਾਰ ਉਹ ਅੰਨਾ ਦੇ ਵੀ ਨਹੀਂ ਰਹੇ ਅਤੇ ਕੇਜਰੀਵਾਲ ਦੇ ਨਾਲ ਹੋ ਗਏ।

ਹੁਣ 6 ਸਾਲ ਬਾਅਦ ਅੰਨਾ ਫੇਰ ਇਕੱਲੇ ਵਾਪਸ ਆਏ ਹਨ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ, ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣ ਗਏ, ਕਿਰਨ ਬੇਦੀ ਗਵਰਨਰੀ ਸਾਂਭ ਰਹੀ ਹੈ, ਓਮ ਪੁਰੀ ਨਹੀਂ ਰਹੇ ਅਤੇ ਅਜੀਤ ਡੋਵਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ।

ਅੰਨਾ ਦੇ ਨਾਲ ਬਚੇ ਹਨ ਤਾਂ ਖਿਚੜੀ ਵਾਲਾਂ ਅਤੇ ਪੱਕੀ ਉਮਰ ਵਾਲੇ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਆਏ ਕੁਝ ਕਿਸਾਨ, ਚਿੱਟਫੰਡ ਕੰਪਨੀਆਂ ਤੋਂ ਧੋਖਾ ਖਾਣ ਵਾਲੇ ਕੁਝ ਇਨਵੈਸਟਰ, ਤਿਰੰਗੇ ਝੰਡੇ ਦੇ ਰੰਗ ਦੀਆਂ ਸਾੜੀਆਂ ਪਹਿਨੀਆਂ ਪੂਰਬੀ ਉੱਤਰ ਪ੍ਰਦੇਸ਼ ਤੋਂ ਆਈਆਂ ਔਰਤਾਂ ਦਾ ਇੱਕ ਦਲ ਅਤੇ ਆਰਕੈਸਟਰਾਂ ਦੀ ਧੁੰਨ 'ਤੇ ਦੇਸ਼ਭਗਤੀ ਦੇ ਗੀਤ ਗਾਣ ਵਾਲੇ ਕੁਝ ਗਾਇਕ ਅਤੇ ਕੁਲ ਮਿਲਾ ਕੇ ਟੈਲੀਵਿਜ਼ਨ ਦੇ ਤਿੰਨ ਕੈਮਰੇ।

ਕਿੱਥੇ ਗਿਆ ਅੰਨਾ ਦਾ ਇਹ ਪ੍ਰਭਾਵ ?

ਟੈਲੀਵਿਜ਼ਨ ਦੀ ਇੱਕ ਚਿੜਚਿੜੀ ਰਿਪੋਰਟ ਆਪਣੇ ਕਿਸੇ ਸਾਥੀ ਨੂੰ ਖਰੀਆਂ ਖਰੀਆਂ ਸੁਣਾ ਰਹੀ ਸੀ।

ਹੁਣ ਅੰਨਾ ਦਾ ਅੰਦੋਲਨ ਰਿਪੋਰਟਰਾਂ ਲਈ 'ਪਲੱਸ਼ ਅਸਾਈਨਮੈਂਟ' ਨਹੀਂ ਰਿਹਾ। ਕਿੱਥੇ ਹੈ ਓਬੀ ਵੈਨਜ਼ ਦੀ ਉਹ ਭੀੜ?

ਦਿਨ ਰਾਤ ਲਾਈਵ ਕਵਰੇਜ ਕਰਨ ਵਾਲੇ ਉਹ ਪੱਤਰਕਾਰ ਕਿੱਥੇ ਹਨ? ਅਤੇ ਉਹ ਰਣਨੀਤੀਕਾਰ, ਉਹ ਫਿਲਮੀ ਸਿਤਾਰੇ?

"ਕੱਲ੍ਹ ਮਹਾਰਾਸ਼ਟਰ ਦੇ ਖੇਤੀ ਮੰਤਰੀ ਗਿਰੀਸ਼ ਮਹਾਜਨ ਆਏ ਸਨ। ਉਨ੍ਹਾਂ ਨੇ ਅੰਨਾ ਨਾਲ ਇੱਕ ਡੇਢ ਘੰਟੇ ਤੱਕ ਗੱਲ ਕੀਤੀ"-ਨਵੀਨ ਜੈਹਿੰਦ ਦੇ ਕੋਲ ਕੁਲਜਮਾ ਇੱਕ ਇਹੀ ਵੀਆਈਪੀ ਨਾਮ ਹੈ ਗਿਣਵਾਉਣ ਲਈ।

ਹਰਿਆਣਆ ਤੋਂ ਆਏ ਵਾਲੰਟੀਅਰ ਨਵੀਨ ਜੈਹਿੰਦ ਫੌਜੀਆਂ ਵਾਲੀ ਟੋਪੀ ਪਹਿਨਦੇ ਹਨ ਅਤੇ ਉਨ੍ਹਾਂ ਦਾ ਟੀ ਸ਼ਰਟ 'ਚ ਜੈ ਹਿੰਦ ਛਪਿਆ ਹੋਇਆ ਹੈ।

ਉਹ ਵਾਕੀ ਟਾਕੀ 'ਤੇ ਵਿੱਚ ਵਿੱਚ ਆਪਣੇ ਕਿਸੇ ਸਾਥੀ ਨੂੰ ਪੁੱਛ ਲੈਂਦੇ ਹਨ ਕਿ ਮੇਨ ਗੇਟ 'ਤੇ ਸਭ ਠੀਕ ਹੈ ਨਾ।

ਪਰ ਅੰਨਾ ਤਾਂ ਲੋਕਪਾਲ ਅਤੇ ਲੋਕਾਯੁਕਤ ਦੀ ਨਿਯੁਕਤੀ ਦੀ ਮੰਗ ਕਰ ਰਹੇ ਹਨ।

ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਦੇਣ ਅਤੇ ਸਾਰੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਖ਼ਤਮ ਕੀਤੇ ਜਾਣ ਦੀ ਮੰਗ ਕਰ ਰਹੇ ਹਨ।

ਇਹ ਤਾਂ ਸਾਰੇ ਕੇਂਦਰ ਸਰਕਾਰ ਦੇ ਪ੍ਰਸ਼ਨ ਹਨ-ਮਹਾਰਾਸ਼ਟਰ ਦੇ ਮੰਤਰੀ ਇਸ ਵਿੱਚ ਕੀ ਕਰਨਗੇ?

ਮੇਰੇ ਇਸ ਸਵਾਲ 'ਤੇ ਨਵੀਨ ਜੈਹਿੰਦ ਪ੍ਰਤੀਵਾਦ ਕਰਦੇ ਹਨ - ਨਹੀਂ ਨਹੀਂ, ਕੇਂਦਰੀ ਰਾਜਮੰਤਰੀ ਵੀ ਆਏ ਸਨ, ਅੰਨਾ ਨੂੰ ਮਿਲਣ।

ਅੰਨਾ ਦੇ ਮੰਚ ਤੋਂ 50 ਮੀਟਰ ਦੂਰ ਲੋਹੇ ਦੀ ਜਾਲੀ ਦੇ ਪਾਰ ਉਨ੍ਹਾਂ ਦੇ ਸਮਰਥਕਾਂ ਨੂੰ ਹੇਠਾਂ ਬਿਠਾਇਆ ਗਿਆ ਹੈ।

ਲਗਦਾ ਹੈ ਉਹ ਤਿਰੰਗਾ ਲਹਿਰਾਉਂਦੇ ਅੱਕ ਗਏ ਹਨ ਅਤੇ ਹੁਣ ਐਂਵੇ ਹੀ ਬੈਠੇ ਹਨ।

ਉਹ ਸਿਰਫ ਅੰਨਾ ਦੇ ਦਰਸ਼ਨ ਕਰ ਸਕਦੇ ਹਨ। ਉਪਰ ਮੰਚ 'ਤੇ ਚੜ੍ਹਨ ਦੀ ਕਿਸੇ ਨੂੰ ਇਜ਼ਾਜਤ ਨਹੀਂ।

ਮੰਚ ਸੰਚਾਲਨ ਕਰ ਰਹੇ ਮਰਾਠੀ-ਭਾਸ਼ਾਈ ਵਿਅਕਤੀ ਨੂੰ ਤੁਰੰਤ ਅਹਿਸਾਸ ਹੁੰਦਾ ਹੈ ਕਿ ਗਰਮੀ ਨਾਲ ਬੇਹਾਲ ਪਏ ਅੰਨਾ-ਸਮਰਥਕਾਂ ਨੂੰ ਜੋਸ਼ ਦਿਵਾਉਣਾ ਪਵੇਗਾ।

ਮਾਈਕ 'ਤੇ ਅਚਾਨਕ ਉਨ੍ਹਾਂ ਦੇ ਮਰਾਠੀ ਲਹਿਜ਼ੇ ਵਾਲੀ ਹਿੰਦੀ 'ਚ ਕੀਤੇ ਗਏ ਐਲਾਨ ਨੇ ਸਾਰਿਆਂ ਨੂੰ ਜਗਾਇਆ।

ਉਹ ਕਹਿੰਦੇ ਹਨ, "ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਪੂਰਾ ਮੈਦਾਨ ਕਿਸਾਨਾਂ ਨਾਲ ਭਰਿਆ ਹੋਇਆ ਹੈ।"

ਮੇਰੇ ਵਾਂਗ ਕਈ ਲੋਕ ਇਸ ਐਲਾਨ ਦੇ ਸੱਚ ਨੂੰ ਜਾਚਣ ਲਈ ਪਿੱਛੇ ਮੁੜ ਕੇ ਦੇਖਦੇ ਹਨ।

ਵੱਡੇ ਸ਼ਾਮਿਆਨੇ ਦੇ ਹੇਠਾਂ ਉਹੀ ਉਨੀਂਦਰੇ ਕਿਸਾਨ, ਔਰਤਾਂ ਅਤੇ ਤਿਰੰਗਾ ਲਏ ਲੋਕ ਇਧਰ ਉਧਰ ਬੈਠੇ ਹਨ ਜਾਂ ਅੱਧ-ਪਚੱਧੇ ਲੇਟੇ ਹਨ।

ਪੁੱਛਣ 'ਚੇ ਉਨਾਂਓ ਤੋਂ ਆਈਆਂ ਔਰਤਾਂ 'ਚੋਂ ਇੱਕ ਮੇਹਨਤੀ ਦਿਖਣ ਵਾਲੀ ਔਰਤ ਆਪਣਾ ਦਰਦ ਜ਼ਾਹਿਰ ਕਰਦੀ ਹੈ -"ਅਸੀਂ ਗਰੀਬ ਗੁਰਬੇ ਹਾਂ, ਨਾ ਰੁਜ਼ਗਾਰ, ਨਾ ਖਾਣ-ਕਮਾਉਣ ਦਾ ਠਿਕਾਣਾ। ਅਸੀਂ ਅੰਨਾ ਜੀ ਨੂੰ ਇਹੀ ਦੱਸਣ ਆਏ ਹਾਂ।"

ਆਰਕੈਸਟਰਾ 'ਤੇ ਤਾਲ ਕਹਿਰਵਾ ਵੱਜਣ ਲਗਦਾ ਹੈ ਅਤੇ ਮਾਈਕ 'ਤੇ ਐਲਾਨ ਗੂੰਜਦਾ ਹੈ-ਜ਼ਿੰਦਗੀ ਇੱਕ ਸਫ਼ਰ ਦੇ ਦਿਗਦਰਸ਼ਕ ਅਭੈ ਹੁਣ ਦੇਸ ਭਗਤੀ ਦਾ ਇੱਕ ਗਾਣਾ ਪੇਸ਼ ਕਰਨਗੇ।

ਸਿੰਥੇਸਾਈਜ਼ਰ ਦੀ ਸੁਰੀਲੀ ਤਾਣ ਅਤੇ ਢੋਲਕੀ ਦੀ ਥਾਪ ਪੈਣ ਤੋਂ ਪਹਿਲਾਂ ਅਭੈ ਜੀ ਗਾਣਾ ਸ਼ੁਰੂ ਕਰਦੇ ਹਨ - ਨਫ਼ਰਤ ਦੀ ਲਾਠੀ ਤੋੜੋ, ਲਾਲਚ ਦਾ ਖੰਜਰ ਫੇਕੋ.... ਆਪਸ ਮੇ ਪ੍ਰੇਮ ਕਰੋ ਦੇਸ਼ ਪ੍ਰੇਮੀਓ...।

ਤਾਲ ਕਹਿਰਵਾ ਸੁਣ ਕੇ ਸ਼ਾਮਿਆਨੇ 'ਚ ਬੈਠੇ ਕੁਝ ਲੋਕਾਂ ਨੂੰ ਜੋਸ਼ ਆ ਜਾਂਦਾ ਹੈ ਅਤੇ ਉਹ ਤਿਰੰਗਾ ਲਹਿਰਾਉਣ ਲਗਦੇ ਹਨ।

ਅੰਨਾ ਆਪਣੀ ਗੱਦੀ 'ਤੇ ਬੈਠੇ ਬੈਠੇ ਇਸੇ ਤਾਲ 'ਤੇ ਹੌਲੀ ਹੌਲੀ ਫੇਰ ਬਿਨਾਂ ਆਵਾਜ਼ ਕੀਤੇ ਤਾੜੀ ਮਾਰਨ ਲੱਗਦੇ ਹਨ।

ਕਿੰਨੀ ਉਮੀਦ?

ਕੁਝ ਦੇਰ ਬਾਅਦ ਗਾਣਾ ਖ਼ਤਮ ਹੁੰਦਾ ਹੈ, ਲੋਕ ਫੇਰ ਮੁਰਝਾਉਣ ਲਗਦੇ ਹਨ। ਭਾਸ਼ਣ ਉਨ੍ਹਾਂ ਨੂੰ ਰਾਸ ਨਹੀਂ ਆ ਰਹੇ।

ਸੂਤਰਧਾਰ ਕੋਲ ਕਹਿਣ ਲਈ ਕੁਝ ਨਵਾਂ ਨਹੀਂ ਹੈ। ਉਹ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਾਉਂਦੇ ਹਨ।

ਫੇਰ ਇੱਕ ਹੋਰ ਬੁਲਾਰੇ ਨੂੰ ਕੁਝ ਹੋਰ ਨਾਅਰੇ ਯਾਦ ਆਉਂਦੇ ਹਨ। ਪੰਡਾਲ ਵਿੱਚ ਆਵਾਜ਼ ਗੂੰਜਦੀ ਹੈ-ਗਊ ਮਾਤਾ ਦੀ ਜੈ।

ਫੇਰ ਅੰਨਾ ਦੇ ਪਿੰਡ ਰਾਲੇਗਨ ਸਿੱਧੀ ਦੇ ਸਰਪੰਚ ਰੋਹਿਣੀ ਤਾਈ ਨੂੰ ਮੰਚ 'ਤੇ ਗਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਉਹ ਅੰਨਾ ਦੀ ਪ੍ਰਸੰਸਾ 'ਚ ਲਿਖਿਆ ਇੱਕ ਮਰਾਠੀ ਗੀਤ ਗਾਉਂਦੇ ਹਨ।

ਆਰਕੈਸਟਰਾ ਖਾਮੋਸ਼ ਹੈ। ਕ੍ਰੀਮ ਰੰਗ ਦਾ ਪਹਿਨੇ ਇੱਕ ਤਿਲਕਧਾਰੀ ਸੈਲਫ਼ੀ ਸਟਿਕ ਨਾਲ ਕਿਸੇ ਪ੍ਰੋਫੈਸ਼ਨਲ ਟੀਵੀ ਕੈਮਰਾਮੈਨ ਵਾਂਗ ਪੂਰੇ ਦ੍ਰਿਸ਼ ਨੂੰ ਆਪਣੇ ਆਈਫੋਨ 'ਚ ਕੈਦ ਕਰ ਰਿਹਾ ਹੈ। ਮੰਚ 'ਤੇ ਅੰਨਾ ਦਾ ਗੁਣਗਾਣ ਕਰਨ ਵਾਲੇ ਇੱਕ ਹੋਰ ਕਵੀ ਦੀ ਆਵਾਜ਼ ਗੂੰਜਣ ਲਗਦੀ ਹੈ।

ਰਾਮਵਿਸਾਲ ਕੁਸ਼ਵਾਹਾ ਸਵੈਰਚਿਤ ਗੀਤ ਸੁਣਾ ਰਹੇ ਹਨ-

ਭੁੱਖ ਹੜਤਾਲ 'ਤੇ ਆ ਬੈਠੇ ਅੰਨਾ ਜੀ ਦਿੱਲੀ 'ਚ,

ਨਾ ਕੋਈ ਅੱਗੇ ਨਾ ਪਿੱਛੇ-ਫੇਰ ਵੀ ਚਲੇ ਹੈ ਅੰਨਾ ਜੀ ਦਿੱਲੀ 'ਚ...

ਰਾਲੇਗਨ ਸਿੱਧੀ ਤੋਂ ਜਨਲੋਕਪਾਲ ਲਈ...

ਮੰਚ 'ਤੇ ਬੈਠੇ ਅੰਨਾ ਹਜ਼ਾਰੇ ਗਾਣੇ ਦਾ ਲੈਅ 'ਤੇ ਤਾੜੀ ਮਾਰਨ ਲਗਦੇ ਹਨ। ਪੰਡਾਲ 'ਚ ਬੈਠੇ ਕਿਸਾਨਾਂ ਦੇ ਹਜ਼ੂਮ 'ਚੋਂ ਨਾਅਰਿਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ।

"ਸਾਨੂੰ ਆਸ ਹੈ ਕੱਲ੍ਹ ਤੱਕ ਲਿਖਤੀ ਸਮਝੌਤਾ ਹੋ ਜਾਵੇਗਾ ਅਤੇ ਜੇਕਰ ਸਰਕਾਰ ਨੇ ਲਿਖਤੀ 'ਚ ਮੰਗਾਂ ਮੰਨਣ ਦਾ ਭਰੋਸਾ ਨਾ ਦਿੱਤਾ ਤਾਂ ਭੁੱਖ ਹੜਤਾਲ ਖ਼ਤਮ ਹੋਣ ਦੀ ਸੰਭਾਵਨਾ ਹੈ।" ਨਵੀਨ ਜੈਹਿੰਦ ਪੂਰੀ ਗੰਭੀਰਤਾ ਨਾਲ ਦੱਸਦੇ ਹਨ।

ਉਨ੍ਹਾਂ ਨੂੰ ਆਸ ਹੈ ਕਿ ਇਸ ਵਾਰ ਅੰਨਾ ਖਾਲੀ ਹੱਥ ਨਹੀਂ ਜਾਣਗੇ। ਰਾਮਲੀਲਾ ਮੈਦਾਨ 'ਚ ਆਏ ਲੋਕਾਂ ਨੂੰ ਵੀ ਇਹੀ ਉਮੀਦ ਹੈ।

ਪਰ ਕਿਸਾਨ ਬਾਬੂਰਾਮ ਉਰਫ਼ ਅੰਨਾ ਹਜ਼ਾਰੇ ਦਾ ਦਿਲ ਹੀ ਜਾਣਦਾ ਹੈ ਕਿ ਉਨ੍ਹਾਂ ਨੂੰ ਨਰਿੰਦਰ ਦਾਮੋਦਰਦਾਸ ਮੋਦੀ ਦੀ ਸਰਕਾਰ ਤੋਂ ਕਿੰਨੀ ਉਮੀਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)