ਕਿਹੜਾ ਪਿੰਜਰਾ ਤੋੜਨਾ ਚਾਹੁੰਦੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਕੁੜੀਆਂ?

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥਣਾਂ ਪਿੰਜਰਾ-ਤੋੜ ਮੁਹਿੰਮ ਰਾਹੀਂ ਰਾਤ ਸਮੇਂ ਉਨ੍ਹਾਂ ਦੇ ਹੋਸਟਲਾਂ ਦੇ ਤੈਅ ਸ਼ੁਦਾ ਸਮੇਂ ਦਾ ਵਿਰੋਧ ਕਰ ਰਹੀਆਂ ਹਨ। ਪਿੰਜਰਾ ਤੋੜ ਮੁਹਿੰਮ ਭਾਵੇਂ ਦਿੱਲੀ ਦੇ ਕਾਲਜਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਪਰ ਇਸ ਦਾ ਪ੍ਰਭਾਵ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪਟਿਆਲਾ ਯੂਨੀਵਰਸਿਟੀ ਵਿੱਚ ਪੈ ਰਿਹਾ ਹੈ।

ਕੀ ਆਖਦੀਆਂ ਹਨ ਵਿਦਿਆਰਥਣਾਂ -

ਰਾਜਸਥਾਨ ਦੇ ਸ਼੍ਰੀਗੰਗਾ ਨਗਰ ਦੀ ਰਹਿਣ ਵਾਲੀ ਸੰਦੀਪ ਕੌਰ ਐਜੂਕੇਸ਼ਨ ਦੇ ਵਿਸ਼ੇ ਉੱਤੇ ਪੀਐੱਚਡੀ ਕਰ ਰਹੀ ਹੈ ਅਤੇ ਪਿਛਲੇ ਛੇ ਸਾਲ ਤੋਂ ਯੂਨੀਵਰਸਿਟੀ ਦੇ ਚਾਰ ਨੰਬਰ ਹੋਸਟਲ ਵਿਚ ਰਹਿ ਰਹੀ ਹੈ। ਸੰਦੀਪ ਨੇ ਦੱਸਿਆ ਕਿ ਕੁੜੀਆਂ ਰਾਤ 9 ਵਜੇ ਤੋਂ ਬਾਅਦ ਬਾਹਰ ਨਹੀਂ ਜਾ ਸਕਦੀਆਂ ਅਤੇ ਇਸ ਸਮੇਂ ਦੌਰਾਨ ਬਕਾਇਦਾ ਲਾਈਨ ਵਿਚ ਲੱਗ ਕੇ ਹਾਜ਼ਰੀ ਵੀ ਦੇਣੀ ਪੈਂਦੀ ਹੈ।

ਇਹ ਸਭ ਕੁਝ ਆਮ ਵਿਦਿਆਰਥਣਾਂ ਦੇ ਨਾਲ ਨਾਲ ਰਿਸਰਚ ਸਟੂਡੈਂਟਜ਼ ਨਾਲ ਰੋਜ਼ਾਨਾ ਹੁੰਦਾ ਹੈ, ਜੋ ਕਿ ਵਾਧੂ ਦਾ ਮਾਨਸਿਕ ਤਣਾਅ ਹੈ।

ਚਾਹ ਦੀਆਂ ਚੁਸਕੀਆਂ ਦੌਰਾਨ ਸੰਦੀਪ ਨੇ ਆਪਣਾ ਗਿਲਾ ਪ੍ਰਗਟ ਕਰਦਿਆਂ ਦੱਸਿਆ ਕਿ ਮੁੰਡੇ ਆਪਣੇ ਹੋਸਟਲ ਵਿਚ ਕਿਸੇ ਵੀ ਸਮੇਂ ਆ-ਜਾ ਸਕਦੇ ਹਨ, ਪਰ ਕੁੜੀਆਂ ਅਜਿਹਾ ਨਹੀਂ ਕਰ ਸਕਦੀਆਂ।

ਉਸ ਦਾ ਕਹਿਣਾ ਹੈ, "9 ਵਜੇ ਵਾਲੇ ਨਿਯਮ ਦੀ ਉਲੰਘਣਾ ਕਰਨ ਉੱਤੇ ਜੁਰਮਾਨਾ ਵੀ ਦੇਣਾ ਪੈਂਦਾ ਹੈ। ਕੈਂਪਸ ਅੰਦਰ ਵਾਧੂ ਸੁਰੱਖਿਆ ਹੈ ਪਰ ਇਸ ਦੇ ਬਾਵਜੂਦ ਕੁੜੀਆਂ ਉੱਤੇ ਪਾਬੰਦੀ ਸਮਝ ਤੋਂ ਬਾਹਰ ਹੈ।

ਇਹ ਅੱਗੇ ਕਹਿੰਦੇ ਹਨ, "ਯੂਨੀਵਰਸਿਟੀ ਵਿੱਚ ਮਹਿਲਾ ਸਸ਼ਕਤੀਕਰਨ ਅਤੇ ਸਮਾਜ ਨੂੰ ਸੇਧ ਦੇਣ ਲਈ ਅਕਸਰ ਵੱਡੇ ਵੱਡੇ ਸੈਮੀਨਾਰ ਹੁੰਦੇ ਹਨ ਦੂਜੇ ਪਾਸੇ ਮੁੰਡੇ ਅਤੇ ਕੁੜੀਆਂ ਦੇ ਵਿਚਾਲੇ ਹੋਸਟਲ ਦੇ ਸਮੇਂ ਨੂੰ ਲੈ ਕੇ ਭੇਦਭਾਵ ਕੀਤਾ ਜਾਂਦਾ ਹੈ।"

ਸੰਦੀਪ ਮੁਤਾਬਕ ਕੁੜੀਆਂ ਦੇ ਸਾਰੇ ਹੋਸਟਲ ਕੈਂਪਸ ਦੇ ਅੰਦਰ ਹਨ ਅਜਿਹੇ ਵਿੱਚ ਉਨ੍ਹਾਂ ਉੱਤੇ ਸਮੇਂ ਦੀ ਪਾਬੰਦੀ ਕਿਸ ਲਈ? ਆਪਣੀ ਗੱਲ ਨਾਲ ਦਲੀਲ ਪੇਸ਼ ਕਰਦਿਆਂ ਸੰਦੀਪ ਨੇ ਦੱਸਿਆ ਕਿ "ਯੂਨੀਵਰਸਿਟੀ ਦੀ ਲਾਇਬ੍ਰੇਰੀ 24 ਘੰਟੇ ਲਈ ਖੁੱਲ੍ਹਦੀ ਹੈ ਪਰ ਕੁੜੀਆਂ ਦਾ ਹੋਸਟਲ 9 ਵਜੇ ਤੱਕ, ਜਦੋਂ ਕੁੜੀਆਂ ਰਾਤ ਸਮੇਂ ਹੋਸਟਲ ਤੋਂ ਬਾਹਰ ਜਾ ਹੀ ਨਹੀਂ ਸਕਦੀਆਂ ਤਾਂ ਫਿਰ ਲਾਇਬ੍ਰੇਰੀ ਖੋਲ੍ਹਣ ਦਾ ਕੀ ਫ਼ਾਇਦਾ" ?

ਜਗਰਾਉਂ ਦੀ ਰਹਿਣ ਵਾਲੀ 24 ਸਾਲ ਦੀ ਅਮਨਦੀਪ ਕੌਰ ਪਿਛਲੇ ਇੱਕ ਸਾਲ ਤੋਂ ਯੂਨੀਵਰਸਿਟੀ ਵਿਚ ਰਹਿ ਕੇ ਫਿਲਾਸਫੀ ਦੇ ਵਿਸ਼ੇ ਦੀ ਪੜ੍ਹਾਈ ਕਰ ਰਹੀ ਹੈ।

ਅਮਨਦੀਪ ਦਾ ਕਹਿਣਾ ਹੈ ਕਿ "ਜਦੋਂ 18 ਸਾਲ ਵਿੱਚ ਉਨ੍ਹਾਂ ਨੂੰ ਵੋਟਰ ਪਾ ਕੇ ਵਿਧਾਇਕ ਜਾਂ ਮੰਤਰੀ ਚੁਣਨ ਦਾ ਹੱਕ ਹੈ ਤਾਂ ਰਾਤ ਸਮੇਂ ਯੂਨੀਵਰਸਿਟੀ ਦੇ ਹੋਸਟਲ ਤੋਂ ਬਾਹਰ ਜਾਣ ਦਾ ਹੱਕ ਕਿਉਂ ਨਹੀਂ।"

ਉਨ੍ਹਾਂ ਨੇ ਹੋਸਟਲ ਦੀ ਜ਼ਿੰਦਗੀ ਦੀ ਹਕੀਕਤ ਬਿਆਨ ਕਰਦਿਆਂ ਦੱਸਿਆ ਕਿ ਹੋਸਟਲ ਦੇ ਕਮਰੇ ਵਿਚ ਦੋ ਲੜਕੀਆਂ ਰਹਿੰਦੀਆਂ, ਰਾਤ ਸਮੇਂ ਜੇਕਰ ਪੜ੍ਹਨਾ ਹੈ ਤਾਂ ਨਾਲ ਦੀ ਰੂਮ-ਮੇਟ ਡਿਸਟਰਬ ਹੁੰਦੀ ਹੈ, ਯੂਨੀਵਰਸਿਟੀ ਦੀ ਲਾਇਬ੍ਰੇਰੀ ਤੁਸੀਂ ਜਾ ਨਹੀਂ ਸਕਦੇ ਅਜਿਹੇ ਇੱਥੇ ਆਜ਼ਾਦੀ ਕਿੰਨੀ ਹੈ ਇਸ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ।

ਉਨ੍ਹਾਂ ਆਖਿਆ, "ਜਿਵੇਂ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਹਾਜ਼ਰੀ ਲੱਗਦੀ ਹੈ ਉਸ ਤਰੀਕੇ ਨਾਲ ਕੁੜੀਆਂ ਦੇ ਹੋਸਟਲ ਵਿਚ ਰੋਜ਼ਾਨਾ ਰਾਤ ਸਮੇਂ ਹਾਜ਼ਰੀ ਲੱਗਦੀ ਹੈ"।ਇਸ ਕਰਕੇ ਉਹ ਇਸ ਮੁਹਿੰਮ ਦੀ ਵਕਾਲਤ ਕਰਦੀ ਹੈ।

ਆਖ਼ਰ ਕੀ ਹੈ ਪਿੰਜਰਾ ਤੋੜ

ਇਹ ਮੁਹਿੰਮ,ਜਿਵੇਂ ਕਿ ਨਾਮ ਹੀ ਦੱਸਦਾ ਹੈ, ਵਿਦਿਆਰਥਣਾਂ ਨਾਲ ਕੀਤੇ ਜਾਂਦੇ ਪੱਖਪਾਤੀ ਅਭਿਮਾਨਾਂ ਦੇ ਖ਼ਿਲਾਫ਼ ਹੈ, ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਰਲਜ਼ ਹੋਸਟਲਾਂ ਵਿੱਚ ਵਰਤੇ ਜਾਂਦੇ ਹਨ।

ਪਿੰਜਰਾ ਤੋੜ ਸਾਰੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਸਾਰੇ ਪਿੰਜਰਿਆਂ ਨੂੰ ਤੋੜਨ ਦਾ ਸੁਨੇਹਾ ਦਿੰਦਾ ਹੈ, ਜੋ ਉਨ੍ਹਾਂ ਦੀ ਉੱਡਣ ਦੀ ਇੱਛਾ ਨੂੰ ਨੱਥ ਪਾਉਣਾ ਚਾਹੁੰਦੇ ਹਨ, ਭਾਵੇਂ ਉਹ ਹੋਸਟਲ ਦਾ ਸਮਾਂ ਹੀ ਕਿਉਂ ਨਾ ਹੋਵੇ।

ਇਸੇ ਮੁੱਦੇ ਨੂੰ ਲੈ ਕੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹੁਣ ਮੰਗ ਕਰ ਰਹੀਆਂ ਹਨ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨਾਲ ਹੋਸਟਲ ਟਾਈਮਿੰਗ ਸਬੰਧੀ ਹੁੰਦਾ ਪੱਖਪਾਤ ਤੁਰੰਤ ਬੰਦ ਕੀਤਾ ਜਾਵੇ।

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਸਕੱਤਰ ਵਾਨੀ ਸੂਦ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਹ ਮੁਹਿੰਮ ਕੁੜੀਆਂ ਨੂੰ ਹੋਸਟਲ ਟਾਇਮਿੰਗ ਤੋਂ ਮੁਕਤ ਕਰਨਾ ਅਤੇ ਜਿਨਸੀ ਸ਼ੋਸ਼ਣ ਖ਼ਿਲਾਫ਼ ਹੈ। ਉਨ੍ਹਾਂ ਦੱਸਿਆ ਪੂਰੀ ਮੁਹਿੰਮ ਸ਼ਾਂਤਮਈ ਹੈ ਅਤੇ ਇਸ ਤਹਿਤ ਮੰਗ ਪੱਤਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦਿੱਤੇ ਜਾਣਗੇ।

"ਰਾਤਾਂ ਚਾਨਣ ਮੰਗਦੀਆਂ ਜਿੰਦਰੇ ਨਹੀਂ"- ਇਸ ਮੁਹਿੰਮ ਤਹਿਤ ਪਟਿਆਲਾ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹੋਸਟਲਾਂ ਦੇ ਤੈਅ ਸ਼ੁਦਾ ਸਮੇਂ (ਸ਼ਾਮੀ ਛੇ ਵਜੇ) ਦੇ ਖ਼ਿਲਾਫ਼ ਸੰਘਰਸ਼ ਕਰ ਚੁੱਕੀਆਂ ਹਨ।

ਯੂਨੀਵਰਸਿਟੀ ਵਿਚ ਪੁਲਿਟੀਕਲ ਵਿਸ਼ੇ ਉੱਤੇ ਐਮ ਫਿਲ ਕਰ ਰਹੀ ਜਸਪ੍ਰੀਤ ਕੌਰ ਨੇ ਬੀਬੀ ਸੀ ਪੰਜਾਬੀ ਨੂੰ ਫ਼ੋਨ ਉੱਤੇ ਦੱਸਿਆ ਕਿ ਉਹ ਵੀ ਚਾਹੁੰਦੀ ਹੈ ਕਿ ਵਿਦਿਆਰਥਣਾਂ ਦੇ ਹੋਸਟਲ ਵਿਚ ਸਮੇਂ ਨੂੰ ਲੈ ਕੇ ਕੋਈ ਪਾਬੰਦੀ ਨਾ ਹੋਵੇ।

ਪਹਿਲਾਂ ਸ਼ਾਮੀ ਛੇ ਵਜੇ ਕੁੜੀਆਂ ਨੂੰ ਹੋਸਟਲ ਵਿਚ ਬੰਦ ਕਰ ਦਿੱਤਾ ਜਾਂਦਾ ਸੀ। ਜਿਸ ਦੇ ਖ਼ਿਲਾਫ਼ ਬਕਾਇਦਾ ਸੰਘਰਸ਼ ਕੀਤਾ ਗਿਆ ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ 24 ਘੰਟੇ ਲਈ ਤਾਂ ਨਹੀਂ ਪਰ ਰਾਤੀ ਅੱਠ ਵਜੇ ਤੱਕ ਦੀ ਮੁਹਲਤ ਦੇ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)