ਪੀਰੀਅਡਸ ਦੌਰਾਨ ਔਰਤਾਂ ਨੂੰ ਕੱਢ ਦਿੱਤਾ ਜਾਂਦਾ ਹੈ ਇਸ ਪਿੰਡ ਤੋਂ ਬਾਹਰ

ਸ਼ਸ਼ੀਕਲਾ Image copyright Prathima/bbc

ਆਂਧਰਾ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਔਰਤਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਦੇ ਲਈ ਅਤੇ ਮਾਹਵਾਰੀ ਦੇ ਦਿਨਾਂ ਵਿੱਚ ਘਰਾਂ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।

ਆਂਧਰ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਰੋਲਾ ਮੰਡਲ ਦੇ ਗੰਤਾਹੱਲਾਗੋਟੀ ਪਿੰਡ ਵਿੱਚ ਇਹ ਰਵਾਇਤ ਅੱਜ ਵੀ ਲਗਾਤਾਰ ਜਾਰੀ ਹੈ।

ਪਿੰਡ ਵਿੱਚ 120 ਘਰ ਹਨ ਜੋ ਓਰੂਗੋਲਾ ਅਤੇ ਕਾਦੁਗੋਲਾ ਭਾਈਚਾਰਿਆਂ ਨਾਲ ਸੰਬੰਧ ਰੱਖਦੇ ਹਨ। ਇਹ ਭਾਈਚਾਰੇ ਅਲੱਗ-ਥਲੱਗ ਰੱਖਣ ਵਰਗੀਆਂ ਰਵਾਇਤਾਂ ਨੂੰ ਮੰਨਦਾ ਹੈ।

ਜਨਮ ਤੋਂ ਬਾਅਦ ਤਿੰਨ ਮਹੀਨੇ ਪਿੰਡ 'ਚੋਂ ਕੱਢਿਆ

Image copyright Prathima/bbc

ਮਾਹਵਾਰੀ ਦੇ ਪੰਜ ਦਿਨਾਂ ਵਿੱਚ ਅਤੇ ਜਨਮ ਦੇਣ ਦੇ ਤਿੰਨ ਮਹੀਨਿਆਂ ਤੋਂ ਬਾਅਦ ਤੱਕ ਔਰਤਾਂ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੈ।

ਇੱਥੋਂ ਤੱਕ ਕਿ ਸਕੂਲ ਜਾਣ ਵਾਲੀਆਂ ਕੁੜੀਆਂ ਵੀ ਇਸ ਨਿਯਮ ਤੋਂ ਬਚ ਨਹੀਂ ਸਕਦੀਆਂ ਅਤੇ ਉਨ੍ਹਾਂ ਨੂੰ ਪਿੰਡ ਤੋਂ ਦੂਰ ਤਾੜ ਦੇ ਪੱਤਿਆਂ ਨਾਲ ਬਣੀ ਝੁੱਗੀ ਵਿੱਚ ਰਹਿਣਾ ਅਤੇ ਇਸੇ ਦੌਰਾਨ ਉੱਥੇ ਆਪਣਾ ਖਾਣਾ ਬਣਾਉਣਾ ਪੈਂਦਾ ਹੈ।

ਮਾਨਤਾ ਹੈ ਕਿ ਮਾਹਵਾਰੀ ਦੌਰਾਨ ਪੇਂਡੂ ਲੋਕਾਂ ਨੂੰ ਇਨ੍ਹਾਂ ਕੁੜੀਆਂ ਨਾਲ ਬੋਲਣਾ ਜਾਂ ਉਨ੍ਹਾਂ ਨੂੰ ਛੂਹਣਾ ਨਹੀਂ ਚਾਹੀਦਾ। ਜੇ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਪਿੰਡ ਵਿੱਚ ਉਸ ਦੇ ਵੜਨ 'ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ।

ਇਸ ਦੌਰਾਨ ਔਰਤਾਂ ਤੇ ਕੁੜੀਆਂ ਨੂੰ ਕਿਸੇ ਵੀ ਮੰਦਿਰ ਵਿੱਚ ਦਾਖਿਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਸਿਰਫ਼ ਮਰਦ ਹੀ ਪੂਜਾ ਕਰਦੇ ਹਨ।

ਪਿੰਡ ਦੇ ਬਾਹਰ ਝੁੱਗੀ ਵਿੱਚ ਕੀਤਾ ਜਾਂਦਾ ਹੈ ਸ਼ਿਫਟ

ਜਦੋਂ ਕੋਈ ਮਹਿਲਾ ਆਪਣੇ ਗਰਭ ਧਾਰਨ ਕਰਨ ਦੇ ਨੌਵੇਂ ਮਹੀਨੇ ਵਿੱਚ ਰਹਿੰਦੀ ਹੈ ਤਾਂ ਤਾੜ ਦੇ ਪੱਤਿਆਂ ਜਾਂ ਬਾਂਸ ਦੀ ਬਣੀ ਇੱਕ ਝੁੱਗੀ ਦੇ ਬਾਹਰ ਬਣਾਈ ਜਾਂਦੀ ਹੈ ਤਾਂ ਜੋ ਡਿਲੀਵਰੀ ਦਾ ਦਿਨ ਨਜ਼ਦੀਕ ਪਹੁੰਚਣ ਦੇ ਨਾਲ ਹੀ ਉਸ ਮਹਿਲਾ ਨੂੰ ਉੱਥੇ ਸ਼ਿਫਟ ਕਰ ਦਿੱਤਾ ਜਾਏ।

Image copyright Prathima/bbc

ਡਿਲੀਵਰੀ ਤੋਂ ਬਾਅਦ ਮਾਂ ਅਤੇ ਨਵੇਂ ਜਨਮੇਂ ਬੱਚੇ ਨੂੰ ਬਿਨਾਂ ਕਿਸੇ ਮਦਦ ਅਤੇ ਮੁੱਢਲੀਆਂ ਜ਼ਰੂਰਤਾਂ ਜਿਵੇਂ ਬਿਜਲੀ ਅਤੇ ਪਾਣੀ ਦੇ ਹਨੇਰੀ ਝੁੱਗੀ ਵਿੱਚ ਛੱਡ ਦਿੱਤਾ ਜਾਂਦਾ ਹੈ।

ਉੱਥੇ ਮਾਂ ਨੂੰ ਆਪਣੇ ਬੱਚੇ ਦੇ ਨਾਲ ਤਿੰਨ ਮਹੀਨਿਆਂ ਤੱਕ ਰਹਿਣਾ ਪੈਂਦਾ ਹੈ।

ਤਿੰਨ ਮਹੀਨਿਆਂ ਬਾਅਦ ਪਿੰਡ ਵਿੱਚ ਵਾਪਸ ਆਉਣ ਦੇ ਲਈ ਉਸ ਨੂੰ ਇੱਕ ਮੰਦਿਰ ਵਿੱਚ ਜਾਣਾ ਹੁੰਦਾ ਹੈ ਅਤੇ ਦੇਵਤੇ ਦੀ ਪੂਜਾ ਕਰਨੀ ਹੁੰਦੀ ਹੈ।

ਕੁਝ ਪਿੰਡ ਵਾਲਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲਾਂ ਇਹ ਪਾਬੰਦੀ ਪੰਜ ਮਹੀਨਿਆਂ ਦੇ ਲਈ ਹੁੰਦੀ ਸੀ।

ਇਸ ਬਾਰੇ ਮੈਂ ਤਸਦੀਕ ਕਰਨ ਦੇ ਲਈ ਪਿੰਡ ਪਹੁੰਚੀ ਤਾਂ ਮੈਂ ਇੱਕ ਛੋਟੇ ਜਿਹੇ ਬਿਨਾਂ ਰੋਸ਼ਨੀ ਵਾਲੇ ਕਮਰੇ ਦੇ ਸਾਹਮਣੇ ਚਾਰ ਔਰਤਾਂ ਨੂੰ ਬੈਠੀਆਂ ਦੇਖੀਆਂ।

ਇੱਕ ਹੋਰ ਝੁੱਗੀ ਵਿੱਚ ਇੱਕ ਮਾਂ ਆਪਣੇ ਨਵੇਂ ਜਨਮੇ ਬੱਚੇ ਦੇ ਨਾਲ ਬਹੁਤ ਹੀ ਬੁਰੀ ਹਾਲਤ ਵਿੱਚ ਰਹਿ ਰਹੀ ਸੀ।

ਇੱਕ ਔਰਤ ਸ਼ਸ਼ੀਕਲਾ ਨੇ ਕਿਹਾ, "ਇਸ ਨੂੰ ਭਗਵਾਨ ਦਾ ਹੁਕਮ ਮੰਨਦੇ ਹੋਏ ਸਾਨੂੰ ਇਨ੍ਹਾਂ ਰਵਾਇਤਾਂ ਨੂੰ ਮੰਨਣਾ ਹੁੰਦਾ ਹੈ ਅਤੇ ਅਸੀਂ ਇਨ੍ਹਾਂ ਦਾ ਵਿਰੋਧ ਕਰਨ ਦੀ ਹਾਲਤ ਵਿੱਚ ਨਹੀਂ ਹਾਂ।''

ਪਿੰਡ ਵਿੱਚ ਰਹਿਣ ਵਾਲੇ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਉਹ ਕਮਰੇ ਦਾ ਨਿਰਮਾਣ ਕਰਨ ਜਿਸ ਵਿੱਚ ਇਸ ਦੌਰਾਨ ਜੀਉਂਦੇ ਰਹਿਣ ਦੇ ਲਈ ਮੁੱਢਲੀਆਂ ਸਹੂਲਤਾਂ ਜਿਵੇਂ ਪਾਣੀ ਅਤੇ ਬਿਜਲੀ ਦੀਆਂ ਸਹੂਲਤਾਂ ਹੋਣ ਕਿਉਂਕਿ ਉਹ ਪਿੰਡ ਦੇ ਬਜ਼ੁਰਗਾਂ ਵੱਲੋਂ ਤੈਅ ਕੀਤੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗੌਰੀ ਸ਼ਿੰਦੇ

ਸ਼ਸ਼ੀਕਲਾ ਕਹਿੰਦੀ ਹੈ, "ਇਸ ਝੁੱਗੀ ਵਿੱਚ ਬਿਜਲੀ ਨਾ ਹੋਣ ਅਤੇ ਗਰਮੀ ਕਾਰਨ ਮੇਰਾ ਬੱਚਾ ਰੋਣਾ ਬੰਦ ਨਹੀਂ ਕਰਦਾ।''

ਇੱਕ ਹੋਰ ਪਿੰਡ ਵਾਲੇ ਵੀਰੰਨਾ ਨੇ ਦੱਸਿਆ, "ਭਾਵੇਂ ਔਰਤਾਂ ਇਨ੍ਹਾਂ ਰਵਾਇਤਾਂ ਤੋਂ ਪੀੜਤ ਹਨ ਪਰ ਫਿਰ ਵੀ ਸਾਨੂੰ ਸੱਭਿਆਚਾਰ ਦੇ ਨਾਂ 'ਤੇ ਇਨ੍ਹਾਂ ਰਵਾਇਤਾਂ ਦਾ ਪਾਲਣ ਕਰਨਾ ਪੈਂਦਾ ਹੈ।''

ਸਰਕਾਰੀ ਮੁਹਿੰਮ

ਅਨੰਤਪੁਰ ਜ਼ਿਲ੍ਹੇ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਨਿਲ ਕੁਮਾਰ ਨੇ ਕਿਹਾ, "ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਦੀਆਂ ਰਵਾਇਤਾਂ ਨੂੰ ਖ਼ਤਮ ਕਰਨ ਲਈ ਜਾਗਰੂਕ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਇਸ ਰਵਾਇਤ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕੇ ਹਾਂ।''

ਉਨ੍ਹਾਂ ਕਿਹਾ ਇੱਕ ਚੰਗਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹਾਲ ਦੇ ਦਿਨਾਂ ਵਿੱਚ ਆਪਣੇ ਬੱਚਿਆਂ ਨੂੰ ਜਨਮ ਦੇਣ ਵੇਲੇ ਕੁਝ ਔਰਤਾਂ ਹਸਪਤਾਲ ਆਈਆਂ ਹਨ।

ਕਾਦੂਗੋਲਾ ਭਾਈਚਾਰਾ

ਕਾਦੂਗੋਲਾ ਭਾਈਚਾਰਾ ਦੇ ਮੈਂਬਰ ਹਿੰਦੂ ਧਰਮ ਦਾ ਪਾਲਣ ਕਰਦੇ ਹਨ। ਉਹ ਏਟੱਪਾ ਅਥੇ ਚਿਕੱਨਾ ਦੇਵਤਾ ਦੀ ਪੂਜਾ ਕਰਦੇ ਹਨ।

ਗੁੰਡੂਮਾਲਾ ਪਿੰਡ ਦੇ ਸਰਪੰਚ ਚੰਦਰੱਪਾ ਨੇ ਦੱਸਿਆ, "ਉਹ ਇਸ ਖੇਤਰ ਦੇ ਪਿਛੜੇ ਭਾਈਚਾਰੇ ਨਾਲ ਜੁੜੇ ਹਨ ਅਤੇ ਰੋੱਲਾ, ਮਦਕਾਸੀਰਾ, ਗੁੜਿਬਾਂਦਾ, ਅਮਰਾਪੁਰਮ ਅਤੇ ਅਨੰਤਪੁਰ ਜ਼ਿਲ੍ਹੇ ਦੇ ਅਗਾਲੀ ਮੰਡਲਾਂ ਵਿੱਚ ਫੈਲੇ ਇਸ ਭਾਈਚਾਰੇ ਦੇ ਕੁੱਲ 40 ਹਜ਼ਾਰ ਮੈਂਬਰ ਹਨ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
#BBCShe: ਜੇ ਮਾਹਵਾਰੀ 'ਭਿੱਟ' ਹੈ ਤਾਂ ਇਸਦਾ 'ਜਸ਼ਨ' ਕਿਉਂ?

ਮਾਹਵਾਰੀ ਅਤੇ ਡਿਲੀਵਰੀ ਦੇ ਦੌਰਾਨ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਇਨ੍ਹਾਂ ਭਾਈਚਾਰਿਆਂ ਦੇ ਲੋਕਾਂ ਵਿੱਚ ਪ੍ਰਚਲਿਤ ਹਨ।

ਉਨ੍ਹਾਂ ਦਾ ਮੁੱਖ ਪੇਸ਼ਾ ਭੇਡਾਂ ਪਾਲਣਾ ਹੈ। ਇਸ ਭਾਈਚਾਰੇ ਦੇ ਮਰਦ ਸਾਲ ਦੇ ਕੇਵਲ ਪੰਜ ਮਹੀਨੇ ਦੇ ਲਈ ਪਿੰਡ ਵਿੱਚ ਰਹਿੰਦੇ ਹਨ ਬਾਕੀ ਦੇ ਵਕਤ ਉਹ ਕੰਮ ਦੀ ਤਲਾਸ਼ ਵਿੱਚ ਕਰਨਾਟਕ ਵਿੱਚ ਰਹਿੰਦੇ ਹਨ।

ਪਿੰਡ ਵਾਲਿਆਂ ਨੇ ਦੱਸਿਆ ਕਿ ਗੰਟਾਹੱਲਾਗੋੱਟੀ ਪਿੰਡ ਦੇ ਬੱਚੇ ਪਿਛਲੇ ਪੰਜ ਸਾਲਾਂ ਤੋਂ ਸਕੂਲ ਜਾਣ ਲੱਗੇ ਹਨ।

ਗੰਟਾਹੱਲਾਗੋੱਟੀ ਪਿੰਡ ਵਿੱਚ ਇੱਕ ਮੰਦਿਰ ਹੈ। ਇਸ ਮੰਦਿਰ ਦੇ ਪੁਜਾਰੀ ਨੰਗੇ ਪੈਰ ਦੂਰ ਤੱਕ ਚਲੇ ਜਾਂਦੇ ਹਨ ਅਤੇ ਬੱਸ, ਬਾਈਕ ਅਤੇ ਇੱਥੋਂ ਤੱਕ ਕਿ ਕਾਰ ਦਾ ਵੀ ਸਫ਼ਰ ਉਹ ਇਸੇ ਤਰੀਕੇ ਨਾਲ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)