ਪ੍ਰੈੱਸ ਰਿਵੀਊ: CBSE ਬੋਰਡ ਦੇ ਲੱਖਾਂ ਵਿਦਿਆਰਥੀਆਂ ਨੂੰ ਮੁੜ ਦੇਣੀ ਹੋਵੇਗੀ ਪ੍ਰੀਖਿਆ

ਵਿਦਿਆਰਥਣਾਂ Image copyright Getty Images

ਸੀਬੀਐੱਸਈ ਬੋਰਡ ਵੱਲੋਂ 12ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਦਾ ਇੱਕ ਪੇਪਰ ਮੁੜ ਤੋਂ ਲਿਆ ਜਾਵੇਗਾ।

ਦਿ ਇੰਡੀਅਨ ਐਕਪ੍ਰੈੱਸ ਵਿੱਚ ਛਪੀ ਖ਼ਬਰ ਮੁਤਾਬਕ ਬੋਰਡ ਨੇ 10ਵੀਂ ਦਾ ਗਣਿਤ ਅਤੇ 12ਵੀਂ ਦਾ ਇਕਨੌਮਿਕਸ ਦਾ ਪੇਪਰ ਰੱਦ ਕਰ ਦਿੱਤਾ ਹੈ।

ਬੋਰਡ ਨੇ ਬੁੱਧਵਾਰ ਨੂੰ ਨੋਟਿਸ ਜਾਰੀ ਕਰਕੇ ਦੋਵੇਂ ਪੇਪਰ ਮੁੜ ਲਏ ਜਾਣ ਦਾ ਐਲਾਨ ਕੀਤਾ। ਦੋਵਾਂ ਪੇਪਰਾਂ ਦੀ ਤਰੀਕ ਹਫ਼ਤੇ ਦੇ ਅੰਦਰ ਤੈਅ ਕੀਤੀ ਜਾਵੇਗੀ।

ਸੀਬੀਐਸਸੀ ਦਾ ਕਹਿਣਾ ਹੈ, ''ਪ੍ਰੀਖਿਆ ਦੇ ਦੌਰਾਨ ਕੁਝ ਗੜਬੜੀ ਦੀ ਜਾਣਕਾਰੀ 'ਤੇ ਬੋਰਡ ਨੇ ਇਹ ਰੁਖ਼ ਅਖਤਿਆਰ ਕੀਤਾ ਹੈ। ਬੋਰਡ ਦੇ ਭਰੋਸੇ ਨੂੰ ਕਾਇਮ ਰੱਖਣ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਪੇਪਰ ਮੁੜ ਲੈਣ ਦਾ ਫ਼ੈਸਲਾ ਲਿਆ ਗਿਆ ਹੈ।''

ਦੇਸ ਭਰ ਦੇ ਲੱਖਾਂ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਮੁੜ ਦੇਣੀ ਹੋਵੇਗੀ।

Image copyright Win McNamee/Getty Images

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕੈਨੇਡਾ ਦੇ ਓਟਵਾ ਵਿੱਚ ਦੋ 20 ਸਾਲਾ ਗੋਰਿਆਂ ਵੱਲੋਂ ਪਹਿਲਾਂ ਸਿੱਖ ਨੂੰ ਖਿੱਚਿਆ ਗਿਆ ਅਤੇ ਫਿਰ ਉਸ ਦੀ ਪੱਗ ਨੂੰ ਫਾੜ ਦਿੱਤਾ ਗਿਆ।

ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਗੋਰਿਆਂ ਵੱਲੋਂ ਸਿੱਖ ਨੂੰ ਚਾਕੂ ਦੀ ਨੋਕ 'ਤੇ ਧਮਕਾਇਆ ਗਿਆ ਅਤੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਵੀ ਕੀਤੀਆਂ।

ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ੁੱਕਵਾਰ ਦੀ ਰਾਤ ਨੂੰ ਵੈਸਗੇਟ ਸ਼ਾਪਿੰਗ ਸੈਂਟਰ ਦੇ ਨੇੜੇ ਹਮਲਾਵਰਾਂ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ।

ਪੰਜਾਬ ਵਿਧਾਨ ਸਭਾ ਵਿੱਚ ਬੀਤੇ ਦਿਨੀਂ ਸਮਾਜਿਕ ਸੁਰੱਖਿਆ ਬਿੱਲ ਪਾਸ ਕੀਤਾ ਗਿਆ। ਇਸਦੇ ਤਹਿਤ ਪੰਜਾਬ ਦੀ ਜਨਤਾ 'ਤੇ ਪੈਟਰੋਲ, ਡੀਜ਼ਲ ਤੇ ਬਿਜਲੀ ਦੇ ਬਿੱਲ 'ਤੇ ਸਰਚਾਰਜ ਲਗਾਇਆ ਜਾਵੇਗਾ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਬਿੱਲ ਦੀ ਮਨਜ਼ੂਰੀ ਦੇ ਨਾਲ ਹੀ ਪੰਜਾਬੀਆਂ 'ਤੇ 1500 ਕਰੋੜ ਦਾ ਸਲਾਨਾ ਭਾਰ ਪੈ ਗਿਆ ਹੈ।

ਸਮਾਜਕਿ ਬਿੱਲ ਦੇ ਕਾਨੂੰਨ ਬਣਨ ਮਗਰੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਦੋ ਰੁਪਏ ਪ੍ਰਤੀ ਲੀਟਰ ਵਧਾਈ ਜਾ ਸਕੇਗੀ। ਇਹ ਵਸੂਲੀ ਵੈਟ 'ਤੇ ਸਰਚਾਰਜ ਵਜੋਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸਰਕਾਰ ਪੰਜਾਬ ਮੋਟਰ ਐਕਟ ਦੇ ਤਹਿਤ ਗੱਡੀਆਂ ਦੀ ਰਜਿਸਟਰੇਸ਼ਨ 'ਤੇ 1 ਫ਼ੀਸਦ ਸਰਚਾਰਜ ਵਸੂਲਣ ਦੀ ਯੋਜਨਾ ਬਣਾ ਰਹੀ ਹੈ।

2019 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਮਾਤ ਦੇਣ ਲਈ ਵਿਰੋਧੀ ਪਾਰਟੀਆਂ ਇੱਕਸੁਰ ਹੋਣੀਆਂ ਸ਼ੁਰੂ ਹੋ ਗਈਆਂ ਹਨ।

Image copyright DESHAKALYAN CHOWDHURY/AFP/GETTY IMAGES

ਦਿ ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਕ ਬੁੱਧਵਾਰ ਦੇਰ ਸ਼ਾਮ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

ਸੋਨੀਆ ਗਾਂਧੀ ਦੇ ਜਨਪਥ ਸਥਿਤ ਨਿਵਾਸ 'ਤੇ ਇਹ ਬੈਠਕ ਕਰੀਬ 20 ਮਿੰਟ ਤੱਕ ਚੱਲੀ। ਇਸ ਦੌਰਾਨ ਉਨ੍ਹਾਂ ਨੇ ਬੀਜੇਪੀ ਖ਼ਿਲਾਫ਼ 'ਵਨ ਟੂ ਵਨ ਮੁਕਾਬਲਾ' ਲਈ ਕਾਂਗਰਸ ਦਾ ਹਰ ਸੂਬੇ ਵਿੱਚ ਸਮਰਥ ਦੇਣ ਦੀ ਗੱਲ ਕੀਤੀ।

ਮਮਤਾ ਬੈਨਰਜੀ ਨੇ ਕਿਹਾ, ''ਮੈਂ ਸੋਨੀਆ ਗਾਂਧੀ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਸੰਯੁਕਤ ਵਿਰੋਧੀ ਧਿਰ ਦਾ ਹਿੱਸਾ ਬਣੇ। ਦੇਸ ਚਾਹੁੰਦਾ ਹੈ ਕਿ ਬੀਜੇਪੀ ਨਾਲ ਮੁਕਾਬਲਾ ਸੂਬੇ ਅਨੁਸਾਰ ਅਤੇ ਆਹਮਣੇ-ਸਾਹਮਣੇ ਹੋਵੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)