ਜਦੋਂ ਸ਼ੇਰਵਾਨੀ ਪਾ ਕੇ ਵਿਆਂਦੜ ਚੜ੍ਹੀ ਘੋੜੀ

ਸ਼ੇਰਵਾਨੀ

ਜਿਸ ਦੁਕਾਨ ਉੱਤੇ ਮੁੰਡਿਆਂ ਦੀਆਂ ਸ਼ੇਰਵਾਨੀਆਂ ਟੰਗੀਆਂ ਹੋਣ, ਉਸ ਦੁਕਾਨ ਉੱਤੇ ਇੱਕ ਕੁੜੀ ਜਾ ਕੇ ਆਪਣੇ ਮੇਚ ਦੀ ਸ਼ੇਰਵਾਨੀ ਮੰਗੇ, ਤਾਂ ਤੁਸੀਂ ਕੀ ਕਹੋਗੇ?

ਸ਼ਾਇਦ ਤੁਸੀਂ ਥੋੜ੍ਹਾ ਹੈਰਾਨ ਹੋਵੋਗੇ...

ਸ਼ਾਇਦ ਥੋੜ੍ਹਾ ਪਰੇਸ਼ਾਨ ਵੀ...

ਰਾਜਸਥਾਨ 'ਚ ਸੀਕਰ ਦੇ ਬਾਜ਼ਾਰ ਵਿੱਚ ਠੀਕ ਅਜਿਹਾ ਹੀ ਹੋਇਆ।

ਨੇਹਾ ਦੇ ਵਿਆਹ ਦੀ ਤਾਰੀਖ਼ 25 ਮਾਰਚ ਲਈ ਤੈਅ ਸੀ। ਫਰਵਰੀ ਵਿੱਚ ਵਿਆਹ ਦੇ ਜੋੜੇ ਦੀ ਸ਼ਾਪਿੰਗ ਕਰਨ ਪੂਰਾ ਪਰਿਵਾਰ ਝੁੰਝਨੂ ਤੋਂ 60 ਕਿੱਲੋਮੀਟਰ ਦੂਰ ਸੀਕਰ ਗਿਆ।

ਸ਼ਾਪਿੰਗ

ਉੱਥੇ ਨੇਹਾ ਲਈ ਲਹਿੰਗੇ ਦੀ ਸ਼ਾਪਿੰਗ ਤਾਂ ਕੀਤੀ ਹੀ ਗਈ ਪਰ ਪਰਿਵਾਰ ਵਾਲਿਆਂ ਦੇ ਨਾਲ ਜਦੋਂ ਉਹ ਸ਼ੇਰਵਾਨੀ ਖ਼ਰੀਦਣ ਪਹੁੰਚੀ ਤਾਂ ਦੁਕਾਨਦਾਰ ਨੂੰ ਲੱਗਾ ਕਿ ਲਾੜੇ ਲਈ ਖ਼ਰੀਦਦਾਰੀ ਚੱਲ ਰਹੀ ਹੈ।

ਜਿਵੇਂ ਹੀ ਦੁਕਾਨਦਾਰ ਨੇ ਲਾੜੇ ਦਾ ਸਾਈਜ਼ ਪੁੱਛਿਆ ਤਾਂ ਨੇਹਾ ਤੁਰੰਤ ਖੜੀ ਹੋ ਕੇ ਸ਼ੇਰਵਾਨੀ ਨਾਪਣ ਲੱਗੀ।

Image copyright NEHA/BBC

ਇੱਕ ਪਲ ਲਈ ਦੁਕਾਨ ਉੱਤੇ ਮੌਜੂਦ ਸਾਰੇ ਗਾਹਕ ਅਤੇ ਦੁਕਾਨਦਾਰ ਇੱਕ ਦੂਜੇ ਦਾ ਮੂੰਹ ਵੇਖਦੇ ਰਹਿ ਗਏ।

ਨੇਹਾ ਦੇ ਪਿਤਾ ਨੇ ਮਾਹੌਲ ਸਮਝ ਲਿਆ। ਉਨ੍ਹਾਂ ਨੇ ਤੁਰੰਤ ਕਿਹਾ, "ਇਹ ਮੇਰੀ ਧੀ ਨਹੀਂ ਪੁੱਤਰ ਹੈ। ਆਪਣੀ ਧੀ ਲਈ ਅਸੀਂ ਬਿੰਦੌਰੀ (ਰਾਜਸਥਾਨੀ ਰਸਮ) ਕੱਢਾਂਗੇ ਅਤੇ ਉਸ ਵਿੱਚ ਨੇਹਾ ਸ਼ੇਰਵਾਨੀ ਪਾਵੇਗੀ।"

ਤਾਰੀਫ਼

ਫਿਰ ਕੀ ਸੀ, ਉੱਥੇ ਮੌਜੂਦ ਸਾਰੇ ਲੋਕਾਂ ਦੇ ਬਿਆਨ ਬਦਲ ਗਏ। ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਦੀ ਤਾਰੀਫ਼ ਕੀਤੀ।

ਰਾਜਸਥਾਨ ਵਿੱਚ ਹੋਣ ਵਾਲੀ ਵਿਆਹ ਵਿੱਚ ਬਿੰਦੌਰੀ ਇੱਕ ਰਸਮ ਹੁੰਦੀ ਹੈ, ਜਿਸ ਵਿੱਚ ਲਾੜਾ ਘੋੜੀ ਉੱਤੇ ਸਵਾਰ ਹੋਕੇ ਬਰਾਤ ਦੀ ਤਰ੍ਹਾਂ ਘਰੋਂ ਨਿਕਲ ਕੇ ਰਿਸ਼ਤੇਦਾਰਾਂ ਦੇ ਘਰ ਜਾਂਦਾ ਹੈ।

ਆਪਣੇ ਪਰਿਵਾਰ ਦੇ ਇਸ ਫ਼ੈਸਲੇ ਉੱਤੇ ਗੱਲ ਕਰਦੇ ਹੋਏ ਨੇਹਾ ਨੇ ਬੀਬੀਸੀ ਨੂੰ ਦੱਸਿਆ, "ਇਹ ਮੇਰਾ ਫ਼ੈਸਲਾ ਨਹੀਂ ਸੀ। ਮੇਰੇ ਮਾਤਾ-ਪਿਤਾ ਨੇ ਇਸ ਬਾਰੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ। ਜਦੋਂ ਉਨ੍ਹਾਂ ਨੇ ਮੇਰੇ ਨਾਲ ਇਹ ਸਾਂਝਾ ਕੀਤਾ ਤਾਂ ਮੈਨੂੰ ਵੀ ਉਨ੍ਹਾਂ ਦਾ ਇਹ ਆਈਡੀਆ ਪਸੰਦ ਆਇਆ ਅਤੇ ਮੈਂ ਵੀ ਹਾਮੀ ਭਰ ਦਿੱਤੀ।

Image copyright NEHA/BBC

ਨੇਹਾ ਆਪਣੇ ਪਿੰਡ ਦੀ ਪਹਿਲੀ ਆਈਆਈਟੀ ਗਰੈਜੂਏਟ ਹਨ।

ਉਨ੍ਹਾਂ ਦੀ ਪੂਰੀ ਪੜ੍ਹਾਈ ਸ਼ੁਰੂਆਤ ਤੋਂ ਹੀ ਅੰਗਰੇਜ਼ੀ ਮੀਡੀਅਮ ਵਿੱਚ ਹੋਈ ਹੈ। 12ਵੀ ਪਾਸ ਕਰਨ ਤੋਂ ਬਾਅਦ ਨੇਹਾ ਨੂੰ ਉਨ੍ਹਾਂ ਦੇ ਮਾਤਾ ਪਿਤਾ ਨੇ ਇੰਜੀਨੀਅਰਿੰਗ ਦੀ ਤਿਆਰੀ ਕਰਨ ਲਈ ਕੋਟਾ ਭੇਜ ਦਿੱਤਾ ਸੀ।

ਆਈਆਈਟੀ

ਇਸ ਤੋਂ ਬਾਅਦ ਪਹਿਲੀ ਵਾਰ ਵਿੱਚ ਹੀ ਉਨ੍ਹਾਂ ਦੀ ਸਿਲੈੱਕਸ਼ਨ ਆਈਆਈਟੀ ਬੀਐੱਚਯੂ ਵਿੱਚ ਹੋ ਗਿਆ।

ਨੇਹਾ ਨੇ ਇੰਜੀਨੀਅਰਿੰਗ ਵਿੱਚ ਵੀ ਕੈਮੀਕਲ ਇੰਜੀਨੀਅਰਿੰਗ ਨੂੰ ਚੁਣਿਆ। ਨੇਹਾ ਮੁਤਾਬਕ ਇੰਜੀਨੀਅਰਿੰਗ ਦੀ ਇਸ ਬਰਾਂਚ ਨੂੰ ਔਰਤਾਂ ਜ਼ਿਆਦਾ ਪਸੰਦ ਨਹੀਂ ਕਰਦੀਆਂ। ਇਸ ਲਈ ਉੱਥੇ ਵੀ ਉਹ ਮੁੰਡਿਆਂ ਨੂੰ ਚੁਨੌਤੀ ਦੇਣਾ ਚਾਹੁੰਦੀ ਸਨ।

ਫਿਰ ਮਥੁਰਾ ਰਿਫ਼ਾਈਨਰੀ ਵਿੱਚ ਉਨ੍ਹਾਂ ਦੀ ਨੌਕਰੀ ਲੱਗ ਗਈ।

ਨੇਹਾ ਦੇ ਬਚਪਨ ਦੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪਿਤਾ ਸੁਰੇਸ਼ ਚੌਧਰੀ ਕਹਿੰਦੇ ਹਨ, "ਬਚਪਨ ਵਿੱਚ ਵੀ ਉਹ ਹਮੇਸ਼ਾ ਜੀਂਨਸ ਟੀ-ਸ਼ਰਟ ਪਹਿਨਣ ਦੀ ਹੀ ਜ਼ਿੱਦ ਕਰਦੀ ਸੀ। ਅਸੀਂ ਉਸ ਨੂੰ ਹਮੇਸ਼ਾ ਪੁੱਤ ਵਾਂਗ ਪਾਲਿਆ ਹੈ। ਨਾਲ ਹੀ ਕੁੜੀਆਂ ਵਾਲੇ ਸਾਰੇ ਸੰਸਕਾਰ ਵੀ ਦਿੱਤੇ ਹਾਂ।"

Image copyright NEHA/BBC

ਨੇਹਾ ਨੇ ਵਿਆਹ ਵਿੱਚ ਹੋਣ ਵਾਲੀ ਇੱਕ ਰਸਮ ਬਿੰਦੌਰੀ ਲਈ ਸ਼ੇਰਵਾਨੀ ਪਾਈ, ਸਿਰ ਉੱਤੇ ਸਾਫ਼ਾ ਬੰਨ੍ਹ ਕੇ ਘੋੜੀ ਉੱਤੇ ਸਵਾਰ ਹੋ ਕੇ ਰਿਸ਼ਤੇਦਾਰਾਂ ਦੇ ਘਰ ਆਪਣੇ ਆਪ ਨੱਚਦੇ ਹੋਏ ਗਈ।

ਨੇਹਾ ਝੁੰਝਨੂ ਦੇ ਨਵਲਗੜ ਦੀ ਰਹਿਣ ਵਾਲੀ ਹੈ। ਇਹ ਅਜਿਹਾ ਪਿੰਡ ਹੈ ਜਿੱਥੇ ਔਰਤਾਂ ਦੇ ਸਿਰ ਤੋਂ ਚੁੰਨੀ ਅੱਜ ਵੀ ਨਹੀਂ ਡਿਗਦੀ।

ਅਜਿਹੇ ਪਿਛੜੇ ਪਿੰਡ ਤੋਂ ਆਉਣ ਦੇ ਬਾਵਜੂਦ ਕੀ ਗੁਆਂਢੀਆਂ ਨੇ ਨੇਹਾ ਦੇ ਪਰਿਵਾਰ ਦੇ ਇਸ ਫ਼ੈਸਲੇ ਦਾ ਵਿਰੋਧ ਨਹੀਂ ਕੀਤਾ?

ਇਸ ਸਵਾਲ ਦੇ ਜਵਾਬ ਵਿੱਚ ਸੁਰੇਸ਼ ਕਹਿੰਦੇ ਹਨ, "ਉਂਜ ਤਾਂ ਬਿੰਦੌਰੀ ਲਾੜੇ ਦੀ ਕੱਢੀ ਜਾਂਦੀ ਹੈ, ਪਰ ਅਸੀਂ ਨੇਹਾ ਦੀ ਬਿੰਦੌਰੀ ਕੀਤੀ। ਇਹ ਆਪਣੇ ਆਪ ਵਿੱਚ ਵਰ੍ਹਿਆਂ ਤੋਂ ਚੱਲੀ ਆ ਰਹੀ ਪਰੰਪਰਾ ਤੋੜਨ ਵਰਗਾ ਸੀ। ਇਸ ਦੇ ਨਾਲ ਹੀ ਕੁੜੀ ਲਈ ਸ਼ੇਰਵਾਨੀ ਅਤੇ ਘੋੜੀ ਉੱਤੇ ਚੜ੍ਹਨਾ - ਦੋਵੇਂ ਆਪਣੇ ਆਪ ਵਿੱਚ ਬਿਲਕੁਲ ਨਵੀਆਂ ਗੱਲਾਂ ਸਨ।"

ਸਵਾਲ

ਪਰ ਨੇਹਾ ਦੇ ਇਸ ਕਦਮ ਨਾਲ ਉਸ ਦੇ ਸਹੁਰਿਆਂ ਦੀ ਕੀ ਪ੍ਰਤੀਕ੍ਰਿਆ ਸੀ? ਕੀ ਨੇਹਾ ਦੀ ਲਵ ਮੈਰਿਜ ਹੋਈ ਹੈ?

Image copyright NEHA/BBC

ਜਿਵੇਂ ਹੀ ਇਹ ਸਵਾਲ ਉਨ੍ਹਾਂ ਨੂੰ ਪੁੱਛਿਆ, ਜਵਾਬ ਵਿੱਚ ਨੇਹਾ ਨੇ ਸਵਾਲ ਕੀਤਾ, "ਕਿਉਂ ਲਵ ਮੈਰਿਜ ਵਿੱਚ ਹੀ ਕੁੜੀਆਂ ਖ਼ੁਸ਼ ਹੁੰਦੀਆਂ ਹਨ, ਅਰੇਂਜ ਮੈਰਿਜ ਵਿੱਚ ਖ਼ੁਸ਼ ਨਹੀਂ ਹੋ ਸਕਦੀਆਂ ਹਨ?"

ਫਿਰ ਅਗਲੇ ਹੀ ਪਲ ਥੋੜ੍ਹਾ ਸ਼ਾਂਤ ਹੋ ਕੇ ਕਹਿੰਦੀ ਹੈ, "ਮੇਰੀ ਅਰੇਂਜ ਮੈਰਿਜ ਹੈ ਅਤੇ ਮੇਰੇ ਸਹੁਰਾ ਪਰਿਵਾਰ ਸਪੋਰਟਿਵ ਹੈ।" ਉਨ੍ਹਾਂ ਨੂੰ ਮੇਰੇ ਇਸ ਤਰ੍ਹਾਂ ਨਾਲ ਪਰੰਪਰਾ ਤੋੜਨ ਉੱਤੇ ਕੋਈ ਮੁਸ਼ਕਿਲ ਨਹੀਂ ਸੀ।

ਨੇਹਾ ਕਹਿੰਦੀ ਹੈ ਕਿ ਬਿਹਤਰੀ ਲਈ ਤੋੜੀ ਗਈ ਪਰੰਪਰਾ ਵਿੱਚ ਸਭ ਦੀ ਭਲਾਈ ਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)