#BBCShe: ਮਸ਼ਹੂਰੀਆਂ 'ਚ ਗੋਰੇ ਰੰਗ ’ਤੇ ਔਰਤਾਂ ਕਿਉਂ ਹਨ ਪ੍ਰੇਸ਼ਾਨ?

ADVERTISEMENT BILLBOARDS

ਜਦੋਂ ਮੈਂ ਕੋਇੰਬਟੋਰ ਦੀਆਂ ਸੜਕਾਂ 'ਤੇ ਜਾ ਰਹੀ ਸੀ ਤਾਂ ਦੋ ਅਹਿਮ ਚੀਜ਼ਾਂ ਨੇ ਮੇਰਾ ਧਿਆਨ ਖਿੱਚਿਆ ਸੀ। ਕਣਕਵੰਨਾ ਜਾਂ ਕਾਲੇ ਰੰਗ ਦੀਆਂ ਔਰਤਾਂ ਦਾ ਸੜਕਾਂ 'ਤੇ ਚੱਲਣਾ ਅਤੇ ਖੰਭਿਆਂ 'ਤੇ ਲੱਗੀਆਂ ਮਸ਼ਹੂਰੀਆਂ ਜਾਂ ਇਸ਼ਤਿਹਾਰਾਂ ਵਿੱਚ ਗੋਰੇ ਰੰਗ ਦੀਆਂ ਔਰਤਾਂ ਦੀਆਂ ਤਸਵੀਰਾਂ।

ਇੱਕ ਸੂਬਾ ਜਿੱਥੇ ਕਾਲਾ ਰੰਗ ਆਮ ਗੱਲ ਹੈ ਉੱਥੇ ਲੱਗ ਰਿਹਾ ਸੀ ਕਿ ਇਹ ਇਸ਼ਤਿਹਾਰ ਕਿਤੇ ਅਸਮਾਨ ਤੋਂ ਆਏ ਹਨ।

ਸਿਰਫ਼ ਮੈਂ ਹੀ ਨਹੀਂ ਸੀ ਜਿਸ ਨੂੰ ਇਹ ਸਮਝ ਨਹੀਂ ਆ ਰਹੀ ਸੀ। ਜਦੋਂ ਅਸੀਂ BBCShe ਦੀ ਲੜੀ ਤਹਿਤ ਅਵੀਂਸ਼ਲਿੰਗਮ ਯੂਨੀਵਰਸਿਟੀ ਵਿੱਚ ਪਹੁੰਚੇ ਤਾਂ ਔਰਤਾਂ ਨੇ ਵੀ ਇਹੀ ਸਵਾਲ ਖੜ੍ਹਾ ਕੀਤਾ।

ਕਿਹੜਾ 'ਪਿੰਜਰਾ' ਤੋੜਨਾ ਚਾਹੁੰਦੀਆਂ ਨੇ ਇਹ ਕੁੜੀਆਂ

'ਹੈ ਕੋਈ ਇਸ ਤਰ੍ਹਾਂ ਦੀ ਕੁੜੀ...'

'ਮੈਂ ਅੱਜ ਵੀ ਲਾਈਟਾਂ ਬੁਝਾ ਕੇ ਨਹੀਂ ਸੌਂ ਸਕਦੀ'

"ਜੋ ਔਰਤਾਂ ਅਸੀਂ ਮਸ਼ਹੂਰੀਆਂ ਵਿੱਚ ਦੇਖਦੇ ਹਾਂ ਮੈਨੂੰ ਨਹੀਂ ਲਗਦਾ ਕਿ ਅਜਿਹੀਆਂ ਔਰਤਾਂ ਅਸਲ ਜ਼ਿੰਦਗੀ ਵਿੱਚ ਹੁੰਦੀਆਂ ਹਨ। ਅਸੀਂ ਅਜਿਹਾ ਸਮਾਜ ਨਹੀਂ ਸਿਰਜ ਸਕਦੇ ਜਿੱਥੇ ਹਰ ਔਰਤ ਹੀ ਗੋਰੇ ਰੰਗ ਦੀ ਹੋਵੇ, ਉਸ ਦੇ ਵਾਲ ਲੰਬੇ ਹੋਣ ਅਤੇ ਉਹ ਪਤਲੀ ਹੋਵੇ।"

ਇਸ ਤੋਂ ਬਾਅਦ ਉੱਥੇ ਮੌਜੂਦ ਔਰਤਾਂ ਨੇ ਤਾੜੀਆਂ ਮਾਰ ਕੇ ਇਸ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿੱਚੋਂ ਵਧੇਰੇ ਔਰਤਾਂ ਕਾਲੇ ਜਾਂ ਸਾਂਵਲੇ ਰੰਗ ਦੀਆਂ ਸਨ।

ਦੁਨੀਆਂ ਭਰ ਵਿੱਚ ਪਤਲੀਆਂ ਔਰਤਾਂ ਪਸੰਦ ਕੀਤੀਆਂ ਜਾਂਦੀਆਂ ਹਨ ਪਰ ਜਿੱਥੇ ਜ਼ਿਆਦਾਤਰ ਗਿਣਤੀ ਇੱਕ ਖਾਸ ਤਰ੍ਹਾਂ ਦੇ ਰੰਗ ਵਾਲੇ ਲੋਕਾਂ ਦੀ ਹੈ ਉੱਥੇ ਕਿਸੇ ਹੋਰ ਰੰਗ ਦੀਆਂ ਮਾਡਲਾਂ ਕਿਉਂ ਸਾਮਾਨ ਵੇਚਦੀਆਂ ਹਨ?

ਸਿਰਫ਼ ਖੰਭਿਆਂ 'ਤੇ ਲੱਗੇ ਇਸ਼ਤਿਹਾਰਾਂ ਦੀ ਗੱਲ ਨਹੀਂ ਹੈ ਸਗੋਂ ਟੀਵੀ 'ਤੇ ਆਉਣ ਵਾਲੀਆਂ ਮਸ਼ਹੂਰੀਆਂ ਵੀ ਇਸੇ ਤਰ੍ਹਾਂ ਦੀਆਂ ਹੀ ਹਨ।

ਕਲਿਆ ਦੀ ਸੋਨੇ ਦੇ ਗਹਿਣਿਆਂ ਦੀ ਇਸ ਮਸ਼ਹੂਰੀ ਵਿੱਚ ਵੀ ਗੋਰੇ ਰੰਗ ਦੀ ਹੀ ਇੱਕ ਮਾਡਲ ਹੈ।

ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਦੱਸਿਆ ਕਿ ਤਮਿਲ ਫ਼ਿਲਮ ਇੰਡਸਟਰੀ (ਕੋਲੀਵੁੱਡ) ਵਿੱਚ ਵੀ ਇਹੀ ਰੁਝਾਨ ਹੈ।

ਗੂਗਲ 'ਤੇ ਤਮਿਲ ਅਦਾਕਾਰ ਸਰਚ ਕਰਨ 'ਤੇ ਵੀ ਇਹੀ ਨਤੀਜੇ ਆਉਂਦੇ ਹਨ।

ਤੁਹਾਨੂੰ ਦੱਸ ਦਈਏ ਕਿ ਕਾਜਲ ਅਗਰਵਾਲ ਅਤੇ ਸਿਮਰਨ ਪੰਜਾਬੀ ਹਨ, ਤਮੰਨਾ ਅਤੇ ਹੰਸਿਕਾ ਮੋਟਵਾਨੀ ਮਹਾਂਰਾਸ਼ਟਰ ਦੀਆਂ ਹਨ, ਅਨੁਸ਼ਕਾ ਸ਼ੈੱਟੀ ਕਰਨਾਟਕ ਦੀ ਹੈ, ਸੁਨੇਹਾ ਦੀ ਮਾਂ ਬੋਲੀ ਤੇਲਗੂ ਹੈ ਅਤੇ ਅਸਿਨ ਕੇਰਲ ਦੀ ਰਹਿਣ ਵਾਲੀ ਹੈ।

10 ਵਿੱਚੋਂ ਸਿਰਫ਼ ਤਿੰਨ-ਤ੍ਰਿਸ਼ਾ, ਸਮੰਤਾ ਅਤੇ ਸ਼ਰੂਤੀ ਹਸਨ ਤਮਿਲ ਨਾਡੂ ਦੀਆਂ ਹਨ। ਇਨ੍ਹਾਂ ਸਾਰੀਆਂ ਵਿੱਚ ਇੱਕ ਚੀਜ਼ ਸਾਂਝੀ ਹੈ ਅਤੇ ਉਹ ਹੈ ਗੋਰਾ ਰੰਗ।

ਕਾਲੇ ਰੰਗ ਦੇ ਅਦਾਕਾਰ ਜਿਵੇਂ ਕਿ ਧਨੁਸ਼, ਵਿਸ਼ਾਲ, ਵਿਜੇ ਸੇਥੂਪਤੀ, ਵਿਜੇਕੰਥ ਅਤੇ ਸੁਪਰਸਟਾਰ ਰਜਨੀਕਾਂਤ ਵੱਲੋਂ ਇਨ੍ਹਾਂ ਗੋਰੇ ਰੰਗ ਦੀਆਂ ਅਦਾਕਾਰਾਂ ਨਾਲ ਪ੍ਰੇਮ ਪ੍ਰਸੰਗ ਸਾਰੇ ਤਮਿਲ ਦਰਸ਼ਕਾਂ ਨੂੰ ਮਨਜ਼ੂਰ ਹੈ।

ਕੁਝ ਫ਼ਿਲਮਾਂ ਵਿੱਚ ਤਾਂ ਇਹ ਦਿਖਾਇਆ ਜਾਂਦਾ ਹੈ ਕਿ ਗੋਰੇ ਰੰਗ ਦੀਆਂ ਹੀਰੋਇਨਾਂ ਕਾਲੇ ਰੰਗ ਦੇ ਹੀਰੋ ਦੀ ਚਾਹਤ ਰੱਖਦੀਆਂ ਹਨ।

ਕਈ ਲੋਕ ਇਸ ਚਰਚਾ ਨੂੰ ਇਹ ਕਹਿ ਕੇ ਬੇਕਾਰ ਸਮਝ ਸਕਦੇ ਹਨ ਕਿ ਫਿਲਮਾਂ ਅਤੇ ਮਸ਼ਹੂਰੀਆਂ ਵਿੱਚ ਜਾਅਲੀ ਉਮੰਗਾਂ ਭਰੀ ਜ਼ਿੰਦਗੀ ਦਿਖਾਈ ਜਾਂਦੀ ਹੈ ਅਤੇ ਲੋਕ ਉਸ ਨੂੰ ਉਸੇ ਤਰ੍ਹਾਂ ਹੀ ਦੇਖਦੇ ਹਨ।

ਪਰ ਕਾਲਜ ਦੀਆਂ ਇਨ੍ਹਾਂ ਔਰਤਾਂ ਨੇ ਗੋਰੇ ਰੰਗ ਦੀ ਚਾਹਤ ਦੇ ਅਸਲ ਜ਼ਿੰਦਗੀ 'ਤੇ ਪੈਣ ਵਾਲੇ ਅਸਰ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿੱਚ ਕਮੀ ਹੁੰਦੀ ਹੈ ਅਤੇ ਸਕੂਲਾਂ-ਕਾਲਜਾਂ ਵਿੱਚ ਅਧਿਆਕਾਂ ਵੱਲੋਂ ਤੇ ਪਰਿਵਾਰ ਵਿੱਚ ਵਿਤਕਰਾ ਕੀਤਾ ਜਾਂਦਾ ਹੈ।

'ਗੋਰਾ ਹੋਣਾ ਪਿਆਰਾ ਹੈ' ਇਹ ਰੂੜੀਵਾਦੀ ਸੋਚ ਹੋਰ ਵੀ ਮਾੜਾ ਰੂਪ ਧਾਰਨ ਕਰ ਜਾਂਦੀ ਹੈ ਜਦੋਂ ਇਹ ਮਸ਼ਹੂਰੀਆਂ ਵਿੱਚ ਦਿਖਾਈ ਜਾਂਦੀ ਹੈ। ਜਿਵੇਂ ਸ਼ਾਹਰੁਖ ਖਾਨ ਨੇ 2013 ਵਿੱਚ ਗੋਰਾ ਕਰਨ ਵਾਲੀ ਇੱਕ ਕਰੀਮ ਦੀ ਮਸ਼ਹੂਰੀ ਵਿੱਚ ਕੀਤਾ ਸੀ।

https://www.youtube.com/watch?time_continue=49&v=JHlcKO6hcFQ (ਇਹ ਮਸ਼ਹੂਰੀ ਮਰਦਾਂ 'ਤੇ ਆਧਾਰਿਤ ਸੀ)

ਇਸ ਮਸ਼ਹੂਰੀ ਵਿੱਚ ਦਿਖਾਇਆ ਗਿਆ ਹੈ ਕਿ ਸ਼ਾਹਰੁਖ ਖਾਨ ਇੱਕ ਫਿਲਮ ਦੀ ਲਾਂਚਿੰਗ ਵੇਲੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇੱਥੇ ਪਹੁੰਚਣ ਵਿੱਚ ਕਿੰਨੀ ਮਿਹਨਤ ਕਰਨੀ ਪਈ ਅਤੇ ਥੋੜ੍ਹੇ ਕਾਲੇ ਰੰਗ ਦੇ ਨੌਜਵਾਨ ਫੈਨ ਨੂੰ ਤਰੱਕੀ ਦਾ ਇੱਕ ਤਰੀਕਾ ਦੱਸ ਰਹੇ ਹਨ ਤੇ ਉਹ ਤਰੀਕਾ ਹੈ ਗੋਰਾ ਕਰਨ ਦੀ ਇੱਕ ਕਰੀਮ।

ਮੌਜੂਦਾ ਦਿਨਾਂ ਵਿੱਚ ਬਾਲੀਵੁੱਡ ਤੋਂ ਵਿਰੋਧੀ ਆਵਾਜ਼ਾਂ ਆਈਆਂ ਹਨ। ਨੰਦਿਤਾ ਦਾਸ ਜੋ ਕਿ 'ਕਾਲਾ ਖੂਬਸੂਰਤ ਹੈ' http://darkisbeautiful.in/ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਹੈ।

'ਮਿਸਜ਼ ਇੰਡੀਆ ਅਰਥ' ਮੁਕਾਬਲਾ 2017 ਦੀ ਰਨਰ- ਅਪ ਰਹੀ ਕੋਇੰਬਟੌਰ ਦੀ ਰਹਿਣ ਵਾਲੀ ਗਾਇਤਰੀ ਨਟਰਾਜਨ (https://www.youtube.com/watch?v=4I-gx91uP_c) ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਵੀ ਕਾਲੇ ਰੰਗ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ।

Image copyright Divya Arya

ਮਸ਼ਹੂਰੀ ਦੇਣ ਵਾਲੇ ਅਕਸਰ ਇਹ ਦਲੀਲ ਦਿੰਦੇ ਹਨ ਕਿ ਗੋਰੇ ਰੰਗ ਦੀਆਂ ਮਾਡਲਾਂ ਅਤੇ ਗੋਰਾ ਕਰਨ ਦੇ ਸਮਾਨ ਲਈ ਉਨ੍ਹਾਂ ਦੀ ਪੇਸ਼ਕਾਰੀ ਆਮ ਲੋਕਾਂ ਦੀ ਮੰਗ ਕਾਰਨ ਹੁੰਦੀ ਹੈ।

ਇਹ ਵੀ ਸੱਚ ਹੈ ਕਿ ਗੋਰੇ ਰੰਗ ਦੀਆਂ ਕਰੀਮਾਂ ਦੀ ਵਿਕਰੀ 50 ਫੀਸਦੀ ਫੇਸ਼ੀਅਲ ਮਾਰਕਿਟ ਦਾ ਹਿੱਸਾ ਹੈ।

ਹੋ ਸਕਦਾ ਹੈ ਕਿ ਬਰਾਡਕਾਸਟ ਇੰਡਸਟਰੀ ਇਨ੍ਹਾਂ ਕਾਲਜ ਦੀਆਂ ਕੁੜੀਆਂ ਦੀ ਵੀ ਗੱਲ ਸੁਣੇ ਤਾਂ ਕਿ ਉਨ੍ਹਾਂ ਨੂੰ ਇਹ ਪਤਾ ਲੱਗੇ ਕਿ ਔਰਤਾਂ ਅਸਲ ਵਿੱਚ ਕੀ ਚਾਹੁੰਦੀਆਂ ਹਨ ਸਗੋਂ ਇਹ ਸਮਝ ਸਕਣ ਕਿ ਮੀਡੀਆ ਵਿੱਚ ਦਿਖਾਏ ਜਾ ਰਹੇ ਇਸ ਰੂੜੀਵਾਦੀ ਸੁਨੇਹੇ ਦਾ ਕਿੰਨਾ ਅਸਰ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)