ਕੰਮ-ਧੰਦਾ: ਅਮਰੀਕਾ-ਚੀਨ ਦੀ 'ਟਰੇਡ ਵਾਰ' ਭਾਰਤ ਲਈ ਖ਼ਤਰੇ ਦੀ ਘੰਟੀ?

ਕੰਮ ਧੰਦਾ Image copyright Getty Images

ਹਾਲ ਹੀ 'ਚ ਜਦੋਂ ਗੱਲ ਦਰਾਮਦਗੀ ਤੇ ਬਰਾਮਦਗੀ ਦੀ ਆਈ ਤਾਂ ਅਮਰੀਕਾ ਅਤੇ ਚੀਨ ਆਹਮੋ-ਸਾਹਮਣੇ ਸਨ।ਲੋਕ ਕਿਆਸ ਲਗਾਉਣ ਲੱਗੇ ਕਿ ਕਿਤੇ ਇਹ ਕਾਰੋਬਾਰੀ ਲੜਾਈ ਤਾਂ ਨਹੀਂ?

ਹਰ ਮੀਡੀਆ ਅਦਾਰੇ 'ਚ ਇਸ ਦੀ ਖ਼ਬਰ ਅਤੇ ਸ਼ੇਅਰ ਬਾਜ਼ਾਰ 'ਤੇ ਇਸ ਦਾ ਅਸਰ ਵੀ ਦੇਖਣ ਨੂੰ ਮਿਲਿਆ।

ਇਹ ਕਾਰੋਬਾਰੀ ਜੰਗ (Trade War) ਹੈ ਕੀ ਅਤੇ ਭਾਰਤ 'ਤੇ ਇਸਦਾ ਕੀ ਅਸਰ ਹੋ ਸਕਦਾ ਹੈ? ਆਓ ਜਾਣਦੇ ਹਾਂ ਕੰਮ-ਧੰਦਾ 'ਚ

Image copyright EPA

ਕਾਰੋਬਾਰੀ ਲੜਾਈ ਅਤੇ ਭਾਰਤ 'ਤੇ ਇਸ ਦਾ ਅਸਰ

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਪਿਛਲੇ ਦਿਨੀਂ ਇੱਕ ਅਜਿਹਾ ਆਦੇਸ਼ ਦਿੱਤਾ ਕਿ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਹਲਚਲ ਪੈਦਾ ਹੋ ਗਈ।

ਟਰੰਪ ਨੇ ਆਦੇਸ਼ ਦਿੱਤਾ ਕਿ ਚੀਨ ਤੋਂ ਖ਼ਰੀਦੇ ਜਾਣ ਵਾਲੇ ਤਕਰੀਬਨ 60 ਅਰਬ ਡਾਲਰ ਦੇ ਸਾਮਾਨ 'ਤੇ ਹੁਣ ਵਾਧੂ ਡਿਯੂਟੀ ਯਾਨਿ ਟੈਕਸ ਲੱਗੇਗਾ।

ਇਸ ਖ਼ਬਰ ਤੋਂ ਬਾਅਦ ਯੂਰਪ, ਚੀਨ, ਹਾਂਗਕਾਂਗ, ਜਾਪਾਨ, ਕੋਰੀਆ ਤੋਂ ਲੈ ਕੇ ਭਾਰਤ ਤੱਕ ਦੇ ਸ਼ੇਅਰ ਬਾਜ਼ਾਰ ਨੂੰ ਝਟਕਾ ਲੱਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VIDEO: ਅਮਰੀਕਾ-ਚੀਨ ਦੀ ਟਰੇਡ ਵਾਰ ਤੇ ਭਾਰਤ

ਅਰਥਸ਼ਾਸਤਰੀ ਚਿਤਾਵਨੀ ਦੇ ਰਹੇ ਹਨ ਕਿ ਦੁਨੀਆਂ ਟਰੇਡ ਵਾਰ ਦੀ ਕਗਾਰ 'ਤੇ ਖੜੀ ਹੈ।

ਵਰਲਡ ਟ੍ਰੇਡ ਆਰਗਨਾਈਜ਼ੇਸ਼ਨ (WTO) ਅਪੀਲ 'ਤੇ ਅਪੀਲ ਕਰ ਰਿਹਾ ਹੈ ਅਤੇ ਚੀਨ ਸਣੇ ਦੂਜੇ ਮੁਲਕ ਵੀ ਅਮਰੀਕਾ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀਆਂ ਗੱਲਾਂ ਕਰ ਰਹੇ ਹਨ।

ਟਰੇਡ ਵਾਰ ਹੈ ਕੀ?

ਡਿਕਸ਼ਨਰੀ ਕਹਿੰਦੀ ਹੈ ਕਿ ਇਹ ਇੱਕ ਤਰ੍ਹਾਂ ਦੀ ਆਰਥਿਕ ਲੜਾਈ ਹੈ, ਜਿਸ 'ਚ ਇੱਕ-ਦੂਜੇ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਲਈ ਦਰਾਮਦਗੀ 'ਤੇ ਪਾਬੰਦੀ ਲਗਾਈ ਜਾਂਦੀ ਹੈ।

ਸਿਰਫ਼ ਇਹੀ ਨਹੀਂ ਕਿਸੇ ਮੁਲਕ ਤੋਂ ਹੋਣ ਵਾਲੇ ਨਿਵੇਸ਼ 'ਤੇ ਪਾਬੰਦੀ ਲਗਾਉਣਾ ਵੀ 'ਟਰੇਡ ਵਾਰ' ਹੀ ਹੈ।

ਟਰੇਡ ਵਾਰ ਜਾਂ ਵਪਾਰ ਦੀ ਲੜਾਈ ਆਪਣੇ ਹਿੱਤ ਅੱਗੇ ਰੱਖਣ ਦਾ ਨਤੀਜਾ ਹੈ।

ਸ਼ੁਰੂਆਤ 'ਚ ਪਾਬੰਦੀਆਂ ਅਮਰੀਕੀ ਕਿਸਾਨਾਂ ਨੂੰ ਬਚਾਉਣ ਦੇ ਮਕਸਦ ਨਾਲ ਲਗਾਈਆਂ ਗਈਆਂ ਸਨ, ਪਰ ਬਾਅਦ ਵਿੱਚ ਦੂਜੇ ਉਦਯੋਗਾਂ ਨੇ ਵੀ ਦਰਾਮਦਗੀ 'ਤੇ ਪਾਬੰਦੀਆਂ ਲਗਾਉਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ।

ਇਸ ਲੜਾਈ ਦਾ ਕੀ ਹੈ ਮਕਸਦ?

ਅਮਰੀਕਾ ਨੇ ਸਟੀਲ ਦੀ ਦਰਾਮਦਗੀ 'ਤੇ 25 ਫੀਸਦੀ ਅਤੇ ਅਲੂਮੀਨੀਅਮ ਦਰਾਮਦਗੀ 'ਤੇ 10 ਫੀਸਦੀ ਟੈਰਿਫ਼ ਲਗਾਇਆ ਹੈ।

ਅਮਰੀਕਾ ਦੁਨੀਆਂ ਦਾ ਸਭ ਤੋਂ ਵੱਡਾ ਸਟੀਲ ਦਰਾਮਦਕਾਰ ਹੈ ਅਤੇ ਸਭ ਤੋਂ ਵੱਧ ਸਟੀਲ ਚੀਨ ਤੋਂ ਖ਼ਰੀਦਦਾ ਹੈ।

ਟਰੰਪ ਦਾ ਮਕਸਦ ਦੇਸੀ ਸਟੀਲ ਅਤੇ ਅਲੂਮੀਨੀਅਮ ਇੰਡਸਟਰੀ ਨੂੰ ਬਚਾਉਣਾ ਹੈ।

ਹੁਣ ਚੀਨ ਤੋਂ ਖਰੀਦਿਆ ਜਾਣ ਵਾਲਾ ਸਟੀਲ ਤੇ ਅਲੂਮੀਨੀਅਮ ਮਹਿੰਗਾ ਹੋ ਜਾਵੇਗਾ, ਇਸ ਲਈ ਇੱਕ ਤਾਂ ਅਮਰੀਕੀ ਲੋਕ ਅਤੇ ਕੰਪਨੀਆਂ ਸਸਤੇ ਦੇਸੀ ਧਾਤਾਂ ਨੂੰ ਖਰੀਦਣਾ ਸ਼ੁਰੂ ਕਰ ਦੇਣਗੀਆਂ।

ਦੂਜਾ, ਅਮਰੀਕਾ ਤੇ ਚੀਨ ਵਿਚਾਲੇ ਵੱਡਾ ਵਪਾਰਕ ਘਾਟਾ ਹੈ। ਇਸ ਦਾ ਮਤਲਬ ਇਹ ਹੈ ਕਿ ਚੀਨ ਅਮਰੀਕਾ ਨੂੰ ਵੱਡੀ ਤਾਦਾਦ 'ਚ ਆਪਣਾ ਸਾਮਾਨ ਵੇਚਦਾ ਹੈ, ਪਰ ਅਮਰੀਕਾ ਤੋਂ ਕਾਫ਼ੀ ਘੱਟ ਤਾਦਾਦ 'ਚ ਸਾਮਾਨ ਖਰੀਦਦਾ ਹੈ।

Image copyright Getty Images

ਭਾਰਤ 'ਤੇ ਕਿੰਨਾ ਅਸਰ ਪਵੇਗਾ?

ਭਾਰਤ, ਅਮਰੀਕਾ ਦੇ ਚੋਟੀ ਦੇ ਪੰਜ ਵਪਾਰਿਕ ਦੇਸ਼ਾਂ 'ਚ ਸ਼ਾਮਿਲ ਨਹੀਂ ਹੈ। ਭਾਰਤ ਦਾ ਅਮਰੀਕਾ ਦੇ ਕੁੱਲ ਵਪਾਰ 'ਚ ਹਿੱਸਾ ਸਿਰਫ਼ 1.9 ਫੀਸਦੀ ਹੈ ਅਤੇ ਇਸ ਤਰ੍ਹਾਂ ਉਹ ਅਮਰੀਕਾ ਦਾ 9ਵਾਂ ਵੱਡਾ ਵਪਾਰਕ ਭਾਈਵਾਲ ਹੈ।

ਚੀਨ ਜਿੱਥੇ ਅਮਰੀਕਾ ਤੋਂ 130 ਅਰਬ ਡਾਲਰ ਦਾ ਸਾਮਾਨ ਖ਼ਰੀਦਦਾ ਹੈ, ਉੱਥੇ ਉਹ ਅਮਰੀਕਾ ਨੂੰ 505 ਅਰਬ ਡਾਲਰ ਦਾ ਸਾਮਾਨ ਵੇਚਦਾ ਹੈ।

ਯਾਨਿ ਕੇ ਅਮਰੀਕਾ ਦਾ ਚੀਨ ਨਾਲ ਵਪਾਰਕ ਘਾਟਾ ਤਕਰੀਬਨ 375 ਅਰਬ ਡਾਲਰ ਦਾ ਹੈ, ਜਦੋਂ ਕਿ ਭਾਰਤ ਨਾਲ ਵਪਾਰ ਕਰਕੇ ਇਹ ਘਾਟਾ ਲਗਭਗ 23 ਅਰਬ ਡਾਲਰ ਦਾ ਹੈ।

ਵਪਾਰ 'ਚ ਘਾਟਾ ਤਾਂ ਅਮਰੀਕਾ ਨੂੰ ਭਾਰਤ ਤੋਂ ਵੀ ਹੈ

ਅਮਰੀਕੀ ਮਰਦਮਸ਼ੁਮਾਰੀ ਬਿਊਰੋ ਦੇ ਅੰਕੜਿਆ ਅਨੁਸਾਰ ਅਮਰੀਕਾ ਦਾ ਭਾਰਤ ਦੇ ਨਾਲ ਵਪਾਰਿਕ ਘਾਟਾ ਇਸ ਤਰ੍ਹਾਂ ਹੈ -

 • ਜਨਵਰੀ 2017 'ਚ 209 ਕਰੋੜ ਡਾਲਰ
 • ਫਰਵਰੀ 2017 'ਚ 153 ਕਰੋੜ ਡਾਲਰ
 • ਮਾਰਚ 2017 'ਚ 202 ਕਰੋੜ ਡਾਲਰ
 • ਅਪ੍ਰੈਲ 2017 'ਚ 179 ਕਰੋੜ ਡਾਲਰ
 • ਮਈ 2017 'ਚ 247 ਕਰੋੜ ਡਾਲਰ
 • ਜੂਨ 2017 'ਚ 158 ਕਰੋੜ ਡਾਲਰ
 • ਜੁਲਾਈ 2017 'ਚ 206 ਕਰੋੜ ਡਾਲਰ
 • ਅਗਸਤ 2017 'ਚ 168 ਕਰੋੜ ਡਾਲਰ
 • ਸਤੰਬਰ 2017 'ਚ 205 ਕਰੋੜ ਡਾਲਰ
 • ਅਕਤੂਬਰ 2017 'ਚ 242 ਕਰੋੜ ਡਾਲਰ
 • ਨਵੰਬਰ 2017 'ਚ 194 ਕਰੋੜ ਡਾਲਰ
 • ਦਸੰਬਰ 2017 'ਚ 126 ਕਰੋੜ ਡਾਲਰ
 • ਜਨਵਰੀ 2018 'ਚ 221 ਕਰੋੜ ਡਾਲਰ

ਤਾਂ ਅਮਰੀਕਾ ਦੀ ਠੰਢ ਨਾਲ ਕੰਬਣੀ ਜਦੋਂ ਚੀਨ ਸਣੇ ਦੁਨੀਆਂ ਦੇ ਤਮਾਮ ਮੁਲਕਾਂ ਨੂੰ ਛਿੜ ਰਹੀ ਹੈ ਤਾਂ ਜ਼ੁਕਾਮ ਤਾਂ ਭਾਰਤ ਨੂੰ ਵੀ ਹੋਵੇਗਾ।

Associated Chambers of Commerce and Industry of India (ASSOCHAM) ਨੇ ਵੀ ਕਿਹਾ ਹੈ ਜੇਕਰ ਆਲਮੀ ਕਾਰੋਬਾਰੀ ਲੜਾਈ ਵੱਡੇ ਪੱਧਰ ਤੇ ਫੈਲਦੀ ਹੈ ਤਾਂ ਇਸ ਦਾ ਭਾਰਤੀ ਅਰਥ ਵਿਵਸਥਾ ਤੇ ਵੀ ਅਸਰ ਪਵੇਗਾ।

ਦੇਸ਼ ਦੀ ਦਰਾਮਦਗੀ ਘਟੇਗੀ ਤਾਂ ਵਿੱਤੀ ਘਾਟਾ ਵੱਧ ਸਕਦਾ ਹੈ ਅਤੇ ਜੀਡੀਪੀ ਦੀ ਰਫ਼ਤਾਰ ਵੀ ਘੱਟ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)