ਭਾਜਪਾ ਨੇ ਅੰਬੇਡਕਰ ਦੇ ਨਾਂ ਨਾਲ 'ਰਾਮ ਜੀ' ਕਿਉਂ ਲਾਇਆ?

  • ਸੀਤਾ ਰਾਮ ਜੀ ਮਿਸ਼ਰ
  • ਲਖਨਊ ਤੋਂ ਬੀਬੀਸੀ ਲਈ
ਬੀਆਰ ਅੰਬੇਡਕਰ

ਉੱਤਰ ਪ੍ਰਦੇਸ਼ ਸਰਕਾਰ ਨੇ ਰਾਜਪਾਲ ਰਾਮ ਨਾਇਕ ਦੀ ਸਲਾਹ ਮੰਨ ਕੇ ਪੂਰੇ ਨਾਮ ਲਿਖਣੇ ਸ਼ੁਰੂ ਕਰ ਦਿੱਤੇ ਹਨ।

ਹੁਣ ਉਨ੍ਹਾਂ ਨੇ ਜੋ ਭੀਮ ਰਾਓ ਅੰਬੇਦਕਰ ਦਾ ਪੂਰਾ ਨਾਮ ਲੱਭਿਆ ਹੈ ਉਹ ਸਰਕਾਰ 'ਤੇ ਭਾਰੀ ਪੈਂਦਾ ਦਿਖ ਰਿਹਾ ਹੈ।

ਰਾਜਪਾਲ ਨੇ ਬਾਬਾ ਸਾਹਿਬ ਦੇ ਨਾਮ ਦਾ ਉਚਾਰਣ ਸਹੀ ਕਰਨ ਦੀ ਸਲਾਹ ਦਿੱਤੀ ਸੀ। ਇਸ 'ਤੇ ਸਰਕਾਰ ਸੰਵਿਧਾਨ ਦੀ ਅੱਠਵੀਂ ਸੂਚੀ ਵਿੱਚੋਂ ਉਨ੍ਹਾਂ ਦੇ ਦਸਤਖ਼ਤਾਂ ਚੋਂ ਉਨ੍ਹਾਂ ਦਾ ਪੂਰਾ ਨਾਮ ਭੀਮ ਰਾਓ ਰਾਮਜੀ ਅੰਬੇਦਕਰ ਲੱਭ ਲਿਆਂਦਾ ਤੇ ਇਹੀ ਵਰਤਣ ਦੇ ਹੁਕਮ ਚਾੜ੍ਹ ਦਿੱਤੇ। ਇਹ ਸਰਕਾਰ ਵੀ ਜਾਣਦੀ ਸੀ ਕਿ ਇਸ ਫੈਸਲੇ ਦੀ ਸਿਆਸੀ ਵਿਆਖਿਆ ਹੋਣੀ ਤੈਅ ਹੈ ਤੇ ਅਜਿਹਾ ਹੋ ਵੀ ਗਿਆ।

ਸਭ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਕੌਮੀ ਮੁਖੀ ਅਖਿਲੇਸ਼ ਯਾਦਵ ਨੇ ਇਸ ਬਾਰੇ ਟਿੱਪਣੀ ਕੀਤੀ। ਲਗਦੇ ਹੱਥ ਉਨ੍ਹਾਂ ਨੇ ਮੁੱਖ ਮੰਤਰੀ ਆਦਿਤਿਆਨਾਥ ਨੂੰ ਪੂਰਾ ਸੰਵਿਧਾਨ ਪੜ੍ਹਨ ਦੀ ਸਲਾਹ ਦੇ ਦਿੱਤੀ।

ਵੀਰਵਾਰ ਦੀ ਸ਼ਾਮ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਪ੍ਰੈਸ ਦੇ ਰੂਬਰੂ ਹੋਏ।

ਹੁਕਮਾਂ 'ਤੇ ਸਵਾਲ

ਮਾਇਆਵਤੀ ਨੇ ਪ੍ਰਤੀਕਿਰਿਆ ਦੇਣ ਵਿੱਚ ਪੂਰਾ ਦਿਨ ਭਾਵੇਂ ਲਾ ਦਿੱਤਾ ਪਰ ਇਹ ਪੂਰੇ ਗੁੱਸੇ ਵਾਲੀ ਸੀ।

ਉਨ੍ਹਾਂ ਦਾ ਕਹਿਣਾ ਸੀ, "ਭੀਮ ਰਾਓ ਅੰਬੇਦਕਰ ਨੂੰ ਲੋਕ ਸਤਿਕਾਰ ਨਾਲ ਬਾਬਾ ਸਾਹਿਬ ਬੁਲਾਉਂਦੇ ਹਨ ਤੇ ਸਰਕਾਰੀ ਕਾਗਜ਼ਾਂ ਵਿੱਚ ਉਨ੍ਹਾਂ ਦਾ ਨਾਮ ਭੀਮ ਰਾਓ ਅੰਬੇਦਕਰ ਹੀ ਹੈ। ਜੇ ਪੂਰਾ ਨਾਮ ਲਿਖਣ ਦੀ ਰਵਾਇਤ ਦੀ ਗੱਲ ਹੈ ਤਾਂ ਪਹਿਲਾਂ ਮਹਾਤਮਾਂ ਗਾਂਧੀ ਦਾ ਨਾਮ ਮੋਹਨਦਾਸ ਕਰਮ ਚੰਦ ਗਾਂਧੀ ਲਿਖਿਆ ਜਾਵੇ ਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੀ ਸਾਰੇ ਸਰਕਾਰੀ ਕਾਗਜ਼ਾਂ ਵਿੱਚ ਪ੍ਰਧਾਨ ਮੰਤਰੀ ਦਾ ਨਾਮ ਨਰੇਂਦਰ ਦਾਮੋਦਰਦਾਸ ਮੋਦੀ ਹੀ ਲਿਖਿਆ ਜਾ ਰਿਹਾ ਹੈ?"

ਅਸਲ ਵਿੱਚ ਮਹਾਰਾਸ਼ਟਰ ਵਿੱਚ ਨਾਮ ਦੇ ਨਾਲ ਪਿਤਾ ਦਾ ਨਾਮ ਜੋੜਿਆ ਜਾਂਦਾ ਹੈ ਇਸੇ ਕਰਕੇ ਕਈ ਥਾਵਾਂ 'ਤੇ ਭੀਮ ਰਾਓ ਅੰਬੇਦਕਰ ਦੇ ਨਾਮ ਨਾਲ ਉਨ੍ਹਾਂ ਦੇ ਪਿਤਾ ਦਾ ਨਾਮ ਜੁੜਿਆ ਹੋਇਆ ਹੈ ਪਰ ਇਹ ਰਵਾਇਤ ਹੀ ਹੈ ਲਾਜਮੀ ਨਹੀਂ ਹੈ।

ਮਾਇਆਵਤੀ ਹੀ ਨਹੀਂ ਸਗੋਂ ਭੀਮ ਰਾਓ ਅੰਬੇਦਕਰ ਦੇ ਪੋਤਿਆਂ ਨੇ ਵੀ ਸਰਕਾਰ ਦੇ ਇਸ ਫੈਸਲੇ ਤੇ ਹੈਰਾਨੀ ਅਤੇ ਇਤਰਾਜ ਜਤਾਇਆ ਹੈ।

ਭਾਜਪਾ ਵਿੱਚ ਵਿਰੋਧੀ ਸੁਰ

ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਇਸ ਰਾਹੀਂ ਦਲਿਤਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਨਮਾਨਿਤ ਬਾਬਾ ਸਾਹਿਬ ਦੇ ਪਿਤਾ ਦਾ ਨਾਮ ਵੀ ਹਿੰਦੂਵਾਦੀ ਰਵਾਇਤਾਂ ਨਾਲ ਜੁੜਿਆ ਹੋਇਆ ਹੈ।

ਲਖਨਊ ਵਿੱਚ ਹਿੰਦੁਸਤਾਨ ਟਾਈਮਜ਼ ਦੀ ਸੰਪਾਦਕ ਏਰਨ ਕਹਿੰਦੀ ਹਨ, "ਯਕੀਨੀ ਤੌਰ 'ਤੇ ਇਸ ਫੈਸਲੇ ਦੇ ਸਿਆਸੀ ਅਰਥ ਹਨ। ਭਾਜਪਾ ਦਲਿਤਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਖੁਦ ਬਾਬਾ ਸਾਹਿਬ ਦੇ ਪਿਤਾ ਦੀਆਂ ਜੜ੍ਹਾਂ ਹਿੰਦੁਤਵ ਨਾਲ ਕਿੰਨੀਆਂ ਡੂੰਘੀਆਂ ਜੁੜੀਆਂ ਸਨ। ਦਲਿਤਾਂ ਦੀ ਇੱਕ ਵੱਡੀ ਆਬਾਦੀ ਹਾਲੇ ਚੰਗੀ ਤਰ੍ਹਾਂ ਸਿੱਖਿਅਤ ਨਹੀਂ ਹੈ, ਤੇ ਇਹ ਸੰਦੇਸ਼ ਉਸ ਨੂੰ ਆਸਾਨੀ ਨਾਲ ਦਿੱਤਾ ਜਾ ਸਕਦਾ ਹੈ।"

ਵਿਰੋਧੀ ਧਿਰਾਂ ਨੇ ਸਰਕਾਰ ਦੇ ਇਸ ਕਦਮ ਨੂੰ ਜਿੱਥੇ ਬੇਤੁਕਾ ਅਤੇ ਸਿਆਸੀ ਲਾਹਾ ਲੈਣ ਵਾਲਾ ਦੱਸਿਆ ਹੈ। ਭਾਜਪਾ ਦੇ ਅੰਦਰ ਵੀ ਵਿਰੋਧੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਦੇ ਸੰਸਦ ਮੈਂਬਰ ਉਦਿਤ ਰਾਜ ਤਾਂ ਇਸ ਨੂੰ ਸਿੱਧਾ ਹੀ ਬੇਮਤਲਬ ਦਾ ਫੈਸਲਾ ਕਰਾਰ ਦਿੰਦੇ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਉਦਿਤਰਾਜ ਕਹਿੰਦੇ ਹਨ, "ਮਾਹਾਰਾਸ਼ਟਰ ਦੀ ਰਵਾਇਤ ਦੀ ਜੇ ਗੱਲ ਕਰੀਏ ਤਾਂ ਸ਼ਰਦ ਪਵਾਰ, ਦਵਿੰਦਰ ਫੜਨਵੀਸ ਵਰਗੇ ਲੋਕ ਆਪਣੇ ਨਾਮ ਵਿੱਚ ਪਿਤਾ ਦਾ ਨਾਮ ਕਿਉਂ ਨਹੀਂ ਲਾਉਂਦੇ?"

ਸੋਸ਼ਲ ਮੀਡੀਆ 'ਤੇ ਚਰਚਾ

ਸੁਨੀਤਾ ਏਰਨ ਕਹਿੰਦੇ ਹਨ ਕਿ ਭਾਜਪਾ ਦੀਆਂ ਸਰਕਾਰਾਂ ਹਰ ਚੀਜ਼ ਨੂੰ ਬਦਲਣ ਵਿੱਚ ਯਕੀਨ ਰੱਖਦੀਆਂ ਹਨ। ਭਾਵੇਂ ਉਹ ਕਿਸੇ ਥਾਂ ਜਾਂ ਸੜਕ ਜਾਂ ਇਮਾਰਤ ਦਾ ਨਾਮ ਹੋਵੇ ਜਾਂ ਫੇਰ ਇਤਿਹਾਸ। ਉਨ੍ਹਾਂ ਮੁਤਾਬਕ ਇਹ ਫੈਸਲਾ ਵੀ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ।

ਉੱਥੇ ਹੀ ਬੀਐਸਪੀ ਆਗੂ ਮਾਇਆਵਤੀ ਸੂਬੇ ਦੀ ਭਾਜਪਾ ਸਰਕਾਰ ਦੇ ਇਸ ਫੈਸਲੇ ਪਿੱਛੇ ਇਹ ਕਾਰਨ ਦੱਸਦੇ ਹਨ, "ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਭਾਜਪਾ ਅਤੇ ਆਰਐੱਸਐੱਸ ਦੇ ਲੋਕ ਇਸ ਪੱਧਰ ਦਾ ਕੋਈ ਆਗੂ ਪੈਦਾ ਨਹੀਂ ਕਰ ਸਕੇ ਤਾਂ ਹੁਣ ਇਹ ਲੋਕ ਬਾਬਾ ਸਾਹਿਬ 'ਤੇ ਆਪਣਾ ਕਬਜ਼ਾ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ।"

ਉੱਤਰ ਪ੍ਰਦੇਸ਼ ਸਰਕਾਰ ਦੇ ਆਮ ਪ੍ਰਸ਼ਾਸ਼ਨ ਵਿਭਾਗ ਦੇ ਮੁੱਖ ਸਕੱਤਰ ਜਿਤੇਂਦਰ ਕੁਮਾਰ ਵੱਲੋਂ ਜਾਰੀ ਇਸ ਦਫ਼ਤਰੀ ਹੁਕਮ ਦੀ ਕਾਪੀ ਹਾਈ ਕੋਰਟ ਦੇ ਰੀਡਰ ਨੂੰ ਵੀ ਭੇਜੀ ਗਈ ਹੈ। ਜਾਣਕਾਰਾਂ ਦੀ ਮੰਨੀਏ ਤਾਂ ਹਰ ਸਰਕਾਰੀ ਦਫ਼ਤਰ ਇੱਕ ਅਪ੍ਰੈਲ ਤੋਂ ਅੰਬੇਦਕਰ ਦੀ ਤਸਵੀਰ ਲਾਉਣ ਤੇ ਉਨ੍ਹਾਂ ਦਾ ਨਾਮ ਸਹੀ ਕਰਨ ਦਾ ਕੰਮ 14 ਅਪ੍ਰੈਲ ਭਾਵ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੱਕ ਪੂਰਾ ਕਰਨ ਦੀ ਕੋਸ਼ਿਸ਼ ਹੋਵੇਗੀ। ਵੱਡਾ ਸਵਾਲ ਤਾਂ ਇਹ ਹੈ ਕਿ ਜੇ ਇਸ ਪਿੱਛੇ ਕੋਈ ਸਿਆਸੀ ਮਕਸਦ ਹੈ ਤਾਂ ਉਹ ਅੱਗੇ ਜਾ ਕੇ ਕੀ ਗੁੱਲ ਖਿਲਾਵੇਗਾ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)