ਵੈੱਬਸਾਈਟ ਪੋਸਟ ਕਾਰਡ ਦੇ ਸੰਪਾਦਕ ਕਿਉਂ ਹੋਏ ਗ੍ਰਿਫ਼ਤਾਰ ?

ਪੋਸਟ ਕਾਰਡ Image copyright POSTCARD NEWS

ਇੱਕ ਨਿਊਜ਼ ਵੈੱਬਸਾਈਟ ਪੋਸਟ ਕਾਰਡ ਦੇ ਸੰਪਾਦਕ ਨੂੰ ਪੁਲਿਸ ਨੇ ਝੂਠੀ ਖ਼ਬਰ ਛਾਪਣ ਦੇ ਜੁਰਮ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

ਬੰਗਲੁਰੂ ਦੀ ਪੁਲਿਸ ਮੁਤਾਬਕ ਇਸ ਵੈੱਬਸਾਈਟ ਨੇ ਜੈਨ ਧਰਮ ਦੇ ਇੱਕ ਆਗੂ ਉੱਤੇ ਮੁਸਲਮਾਨਾਂ ਵੱਲੋਂ ਹਮਲੇ ਦੀ ਖ਼ਬਰ ਛਾਪੀ ਸੀ।

ਵਿਵਾਦਪੂਰਨ ਸੱਜੇ ਪੱਖੀ ਵੈੱਬਸਾਈਟ ਪੋਸਟ ਕਾਰਡ 'ਚ ਮਹੇਸ਼ ਹੇਗੜੇ ਦੀ ਰਿਪੋਰਟ ਵਿੱਚ ਇਸ ਆਗੂ ਨੂੰ ਉਸ ਦੇ ਸਿਰ ਅਤੇ ਮੋਢੇ 'ਤੇ ਜ਼ਖ਼ਮਾਂ ਨਾਲ ਦਿਖਾਇਆ ਗਿਆ ਸੀ।

ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਆਗੂ ਇੱਕ ਸੜਕ ਦੁਰਘਟਨਾ ਦੌਰਾਨ ਜ਼ਖ਼ਮੀ ਹੋਇਆ ਸੀ।

ਭਾਰਤ ਵਿੱਚ ਫੇਕ ਨਿਊਜ਼ (ਝੂਠੀਆਂ ਖ਼ਬਰਾਂ) ਦੇ ਖ਼ਿਲਾਫ਼ ਕੋਈ ਕਾਨੂੰਨ ਨਹੀਂ ਹੈ ਪਰ ਕੋਈ ਇਸ ਤਰ੍ਹਾਂ ਦੀ ਖ਼ਬਰ, ਜਿਸ ਨਾਲ ਧਾਰਮਿਕ ਹਿੰਸਾ ਪੈਦਾ ਹੋ ਸਕਦੀ ਹੋਵੇ, ਇੱਕ ਜੁਰਮ ਹੈ।

ਹੇਗੜੇ ਨੇ ਇਹ ਖ਼ਬਰ 18 ਮਾਰਚ ਨੂੰ ਛਾਪੀ ਸੀ ਪਰ ਲੋਕਾਂ ਵੱਲੋਂ ਇਸ ਖ਼ਬਰ 'ਤੇ ਸਵਾਲ ਚੁੱਕਣ ਤੋਂ ਕੁਝ ਦਿਨਾਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ।

ਉਸ ਨੇ ਇਸ ਖ਼ਬਰ ਨੂੰ ਛਾਪਣ ਅਤੇ ਡਿਲੀਟ ਕਰਨ ਦੇ ਫ਼ੈਸਲੇ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ।

ਕਰਨਾਟਕ ਦੀ ਸੱਤਾਧਾਰੀ ਕਾਂਗਰਸ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ, ਉਸ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਸੀਨੀਅਰ ਪੁਲਿਸ ਅਧਿਕਾਰੀ ਸਤੀਸ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਦੁਰਘਟਨਾ ਤੋਂ ਬਾਅਦ ਜਦੋਂ ਜੈਨ ਧਾਰਮਿਕ ਆਗੂ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਸੀ ਤਾਂ ਉਸ ਦੇ ਇੱਕ ਚੇਲੇ ਨੇ ਉਸ ਦੀ ਤਸਵੀਰ ਲੈ ਲਈ। ਹੇਗੜੇ ਨੇ ਉਸ ਤਸਵੀਰ ਨੂੰ ਵਰਤ ਕੇ ਇਸ ਨੂੰ ਮੁਸਲਮਾਨਾਂ ਵੱਲੋਂ ਹਮਲਾ ਦੱਸਿਆ।"

ਉਨ੍ਹਾਂ ਕਿਹਾ, "ਉਸ ਨੇ ਇਸ ਖ਼ਬਰ ਨੂੰ ਆਪਣੀ ਵੈੱਬਸਾਈਟ 'ਤੇ ਛਾਪਿਆ ਇਸ ਲਈ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"

ਕਾਂਗਰਸ ਪਾਰਟੀ ਨੇ ਹੇਗੜੇ 'ਤੇ ਭਾਜਪਾ ਦੇ ਹੱਕ ਵਿੱਚ ਖ਼ਬਰਾਂ ਲਿਖਣ ਦੇ ਦੋਸ਼ ਲਾਏ ਹਨ।

ਜਿਕਰਯੋਗ ਹੈ ਕਿ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਵਿੱਚ ਦੋਵੇਂ ਪਾਰਟੀਆਂ ਆਹਮੋ ਸਾਹਮਣੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)