ਪ੍ਰੈੱਸ ਰਿਵੀਊ: ਸੀਬੀਐੱਸਈ ਦੇ ਲੀਕ ਹੋਏ ਪੇਪਰਾਂ ਦੀ ਮੁੜ ਪ੍ਰੀਖਿਆ ਦੀ ਮਿਤੀ ਦਾ ਐਲਾਨ

Image copyright Getty Images

ਪੇਪਰ ਲੀਕ ਮਾਮਲੇ ਤੋਂ ਬਾਅਦ ਸੀਬੀਐੱਸਈ ਨੇ ਹੁਣ 10ਵੀਂ ਅਤੇ 12ਵੀਂ ਦੇ ਇੱਕ-ਇੱਕ ਵਿਸ਼ੇ ਦੇ ਇਮਤਿਹਾਨ ਦੋਬਾਰਾ ਲੈਣ ਦਾ ਫ਼ੈਸਲਾ ਲਿਆ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ 12ਵੀਂ ਦੇ ਅਰਥਸ਼ਾਸਤਰ (ਇਕਨਾਮਿਕਸ) ਵਿਸ਼ੇ ਇਮਤਿਹਾਨ 25 ਮਾਰਚ ਨੂੰ ਹੋਵੇਗਾ। 10ਵੀਂ ਦਾ ਹਿਸਾਬ (ਮੈਥ) ਜੇ ਲੋੜ ਮਹਿਸੂਸ ਕੀਤੀ ਗਈ, ਤਾਂ ਹਰਿਆਣਾ ਅਤੇ ਦਿੱਲੀ ਅਤੇ ਐੱਨਸੀਆਰ ਵਿੱਚ ਜੁਲਾਈ ਮਹੀਨੇ ਵਿੱਚ ਹੋਵੇਗਾ।

ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਕਿਹਾ ਕਿ ਉਨ੍ਹਾਂ ਕੋਲ ਜਾਣਕਾਰੀ ਹੈ ਕਿ 10ਵੀਂ ਦਾ ਮੈਥ ਦਾ ਪੇਪਰ ਸਿਰਫ਼ ਹਰਿਆਣਾ ਅਤੇ ਦਿੱਲੀ ਅਤੇ ਐੱਨਸੀਆਰ ਵਿੱਚ ਹੀ ਲੀਕ ਹੋਇਆ ਹੈ।

ਉਨ੍ਹਾਂ ਕਿਹਾ ਇਸ 'ਤੇ ਆਖ਼ਰੀ ਫ਼ੈਸਲਾ ਦੋ ਹਫ਼ਤੇ ਬਾਅਦ ਇੱਕ ਜਾਂਚ ਤੋਂ ਬਾਅਦ ਲਿਆ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2018-19 ਲਈ ਲਗਭਗ 1159 ਕਰੋੜ 67 ਲੱਖ ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਜਟ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਖ਼ਤਿਆਰੀ ਫ਼ੰਡਾਂ ਵਿੱਚ ਦੋ ਲੱਖ ਰੁਪਏ ਦਾ ਸਾਲਾਨਾ ਵਾਧਾ ਕਰ ਦਿੱਤਾ ਗਿਆ ਹੈ।

ਸ੍ਰੀ ਹਰਿਮੰਦਰ ਸਾਹਿਬ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਹਾਊਸ ਦੀ ਮੀਟਿੰਗ ਵਿੱਚ ਬਜਟ ਪਾਸ ਕੀਤਾ ਗਿਆ।

ਬਜਟ ਦੀ ਸ਼ੁਰੂਆਤ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲ ਨੇ ਬਜਟ ਪੇਸ਼ ਕੀਤਾ।

Image copyright NARINDER NANU/AFP/Getty Images

2018-19 ਵਰ੍ਹੇ ਦਾ ਇਹ ਬਜਟ 1159 ਕਰੋੜ 67 ਲੱਖ ਰੁਪਏ ਦਾ ਹੈ, ਜੋ ਕਿ ਪਿਛਲੇ ਵਰ੍ਹੇ 2017-18 ਦੇ ਬਜਟ 1106.59 ਕਰੋੜ ਨਾਲੋਂ ਲਗਭਗ 53 ਕਰੋੜ ਰੁਪਏ ਵੱਧ ਹੈ।

ਇਕਾਕ ਵਿੱਚ ਆਈਐੱਸ ਹੱਥੋਂ ਮਾਰੇ ਗਏ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਦੇ ਅੰਸ਼ ਸੋਮਵਾਰ ਨੂੰ ਵਾਪਸ ਲਿਆਂਦੇ ਜਾਣਗੇ।

Image copyright PAl Singh Nauli/BBC

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਐਤਵਾਰ ਨੂੰ ਬਗ਼ਦਾਦ ਲਈ ਰਵਾਨਾ ਹੋਣਗੇ ਅਤੇ ਮਾਰੇ ਗਏ 38 ਭਾਰਤੀਆਂ ਦੇ ਬਚੇ ਹੋਏ ਅੰਸ਼ ਲੈ ਕੇ ਸੋਮਵਾਰ ਨੂੰ ਵਾਪਸ ਆਉਣਗੇ। ਉਹ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਆਉਣਗੇ।

ਫ਼ਿਲਹਾਲ ਇਸ ਕਾਰਵਾਈ ਲਈ ਲੋੜੀਂਦੀ ਕਾਗ਼ਜ਼ੀ ਕਾਰਵਾਈ ਇਰਾਕ ਸਥਿਤ ਭਾਰਤੀ ਸਫ਼ਾਰਤਖਾਨੇ ਵੱਲੋਂ ਪੂਰੀ ਕੀਤੀ ਜਾ ਰਹੀ ਹੈ।

Image copyright GABRIEL BOUYS/AFP/Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਕੁਰੂਕਸ਼ੇਤਰ ਦੇ ਇੱਕ ਸ਼ਖਸ ਨੂੰ ਬੁੱਧਵਾਰ ਨੂੰ ਆਸਟ੍ਰੇਲੀਆ ਵਿੱਚ ਖੁਦ ਨੂੰ ਪੱਤਰਕਾਰ ਦੱਸ ਕੇ ਇੱਕ ਵਫ਼ਦ ਲਿਜਾਣ ਦੇ ਜੁਰਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਹਿੰਦੁਸਤਾਨ ਟਾਇਮਸ ਦੀ ਖ਼ਬਰ ਮੁਤਾਬਕ ਇਸ ਪੱਤਰਕਾਰ 'ਤੇ ਆਸਟ੍ਰੇਲੀਆ ਵਿੱਚ ਮਨੁੱਖੀ ਤਸਕਰੀ ਦੇ ਇਲਜ਼ਾਮ ਲੱਗੇ ਹਨ।

ਆਸਟ੍ਰੇਲੀਆ ਬਾਰਡਰ ਫੋਰਸ ਨੇ ਪੱਤਰਕਾਰ ਰਾਕੇਸ਼ ਸ਼ਰਮਾ (46) ਅਤੇ ਅੱਠ ਹੋਰ ਲੋਕਾਂ ਨੂੰ ਬ੍ਰਿਸਬੇਨ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਝੂਠੀ ਕਾਗ਼ਜ਼ੀ ਕਾਰਵਾਈ ਪੇਸ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਵਫ਼ਦ ਨੂੰ ਕਥਿਤ ਤੌਰ 'ਤੇ ਆਸਟ੍ਰੇਲੀਆ ਵਿੱਚ 4 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ ਨੂੰ ਕਵਰ ਕਰਨ ਲਈ ਗਏ ਹੋਏ ਵਿਖਾਇਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)